ਕੁਝ ਕੁ ਪਲਾਂ ਵਿੱਚ ਮਨੋਜ ਚੌਧਰੀ ਦੀ ਪੂਰੀ ਦੁਨੀਆ ਉੱਜੜ ਗਈ।
''ਮੇਰੀ ਮਾਂ ਤੇ ਮੇਰੀ ਪਤਨੀ ਮੇਰੀ ਦੁਨੀਆ ਸਨ ਤੇ ਹੁਣ ਮੇਰੇ ਦੋ ਬੱਚੇ ਹੀ ਮੇਰਾ ਸਭ ਕੁਝ ਰਹਿ ਗਏ ਨੇ,'' ਚੰਦਰਾਪੁਰ ਦੇ ਪੇਂਡੂ ਇਲਾਕੇ ਦੇ ਵਾਸੀ, 35 ਸਾਲਾ ਮਨੋਜ ਕਹਿੰਦੇ ਹਨ।
''ਬੱਚੇ ਤੇ ਮੈਂ ਤਾਂ ਹਾਲੇ ਸੌਂ ਹੀ ਰਹੇ ਸਾਂ ਜਦੋਂ ਮੇਰੀ ਮਾਂ ਤੇ ਮੇਰੀ ਪਤਨੀ ਜੰਗਲ ਲਈ ਨਿਕਲ਼ ਪਈਆਂ।''
ਇਹ ਗੱਲ 10 ਮਈ 2025 ਦੀ ਹੈ ਜਦੋਂ 60 ਸਾਲਾ ਕਾਂਤਾ ਬੁਧਾਜੀ ਚੌਧਰੀ ਤੇ 30 ਸਾਲਾ ਸੁਭਾਂਗੀ ਘਰੋਂ ਨਿਕਲ਼ਣ ਦੇ ਕੁਝ ਘੰਟਿਆਂ ਬਾਅਦ ਹੀ ਬਾਘ ਦੇ ਹਮਲੇ ਦਾ ਸ਼ਿਕਾਰ ਹੋ ਗਈਆਂ, ਹਮਲੇ ਦੀ ਥਾਂ ਉਨ੍ਹਾਂ ਦੇ ਪਿੰਡ ਤੋਂ ਕੋਈ ਦੋ ਕਿਲੋਮੀਟਰ ਜੰਗਲ ਦੇ ਅੰਦਰ ਸੀ।
ਉਨ੍ਹਾਂ ਦੀ ਗੁਆਂਢਣ 50 ਕੁ ਸਾਲਾ ਸਾਰਿਕਾ ਸ਼ਾਲਿਕ ਸ਼ੇਂਦੇ ਵੀ ਬਾਘ ਦਾ ਸ਼ਿਕਾਰ ਬਣ ਗਈ।
ਇਹ ਤਿੰਨ ਔਰਤਾਂ ਪਿੰਡ ਦੀਆਂ ਬਾਕੀ ਔਰਤਾਂ ਦੇ ਨਾਲ਼ ਜੰਗਲ ਵਿੱਚੋਂ ਤੇਂਦੂ ਦੇ ਪੱਤੇ ਤੋੜਨ ਗਈਆਂ ਸਨ।
ਮਹਾਰਾਸ਼ਟਰ ਦੇ ਚੰਦਰਾਪੁਰ ਜ਼ਿਲ੍ਹੇ ਦੇ ਪਿੰਡ ਮੇਂਢਾ (ਮਾਲ) ਦੇ ਹਜ਼ਾਰਾਂ-ਹਜ਼ਾਰ ਬਾਸ਼ਿੰਦੇ ਸ਼ੌਕ ਵਿੱਚ ਡੁੱਬ ਗਏ। ਪਿੰਡ ਦੇ ਬਹੁਤੇਰੇ ਲੋਕੀਂ ਛੋਟੇ ਕਿਸਾਨ ਹਨ ਜਾਂ ਫਿਰ ਅਜਿਹੇ ਬੇਜ਼ਮੀਨੇ ਮਜ਼ਦੂਰ ਜੋ ਸੀਜ਼ਨ ਤੇ ਕੰਮ ਦੇ ਹਿਸਾਬ ਨਾਲ਼ ਸੂਬੇ ਦੇ ਨੇੜਲੇ ਸ਼ਹਿਰਾਂ ਨੂੰ ਜਾਂ ਫਿਰ ਦੂਜੇ ਸੂਬਿਆਂ ਨੂੰ ਪ੍ਰਵਾਸ ਕਰ ਜਾਂਦੇ ਹਨ। ਮਨੋਜ ਵੀ ਇਨ੍ਹਾਂ ਪ੍ਰਵਾਸੀਆਂ ਵਿੱਚੋਂ ਹੀ ਇੱਕ ਹਨ। ਹਰ ਸਾਲ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਉਹ ਤੇਂਦੂ ਪੱਤੇ ਦੇ ਮਹੂਏ ਦੇ ਫੁੱਲ ਤੋੜ ਕੇ ਵਾਧੂ ਕਮਾਈ ਕਰਦੇ ਰਹੇ ਹਨ।
ਸਿੰਦੇਵਾਹੀ ਤਹਿਸੀਲ ਅੰਦਰ ਪੈਂਦੇ ਇਸ ਪਿੰਡ ਨੂੰ ਸਰਕਾਰੀ ਰਿਕਾਰਡਾਂ ਵਿੱਚ ਮੇਂਢਾਮਾਲ ਗੁਜਰੀ ਕਿਹਾ ਗਿਆ ਹੈ ਪਰ ਪਿੰਡ ਦੇ ਬਾਹਰ ਲੱਗੇ ਇੱਕ ਬੋਰਡ 'ਤੇ 'ਮੇਂਢਾ (ਮਾਲ)' ਲਿਖਿਆ ਮਿਲ਼ਦਾ ਹੈ। ਇਹ ਤਾਡੋਬਾ ਅੰਧਾਰੀ ਟਾਈਗਰ ਰਿਜ਼ਰਵ (ਟੀਏਟੀਆਰ) ਦੇ ਕੋਲ਼ ਵੱਸਿਆ ਹੈ, ਜਿਹਦਾ ਮੁੱਖ ਇਲਾਕਾ 625 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਤੇ ਇਹਦੇ ਆਸਪਾਸ ਕਰੀਬ 1,102 ਵਰਗ ਕਿਲੋਮੀਟਰ ਦਾ ਬਫ਼ਰ ਇਲਾਕਾ ਹੈ ਜਿੱਥੇ ਇਨਸਾਨੀ ਅਬਾਦੀ ਵੀ ਰਹਿੰਦੀ ਹੈ।
ਜੰਗਲਾਤ ਵਿਭਾਗ ਦੇ ਹਾਲੀਆ ਡਾਟਾ ਮੁਤਾਬਕ ਚੰਦਰਾਪੁਰ ਜ਼ਿਲ੍ਹੇ ਅੰਦਰ 223 ਬਾਘ ਹਨ ਜਿਨ੍ਹਾਂ ਵਿੱਚੋਂ 120-125 ਤਾਂ ਟੀਏਟੀਆਰ ਦੇ ਅੰਦਰ ਹੀ ਹਨ। ਬਾਕੀ ਹੋਰ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਇਹ ਪਹਿਲੀ ਵਾਰੀਂ ਹੈ ਕਿ ਮੇਂਢਾ (ਮਾਲ) ਪਿੰਡ ਦਾ ਕੋਈ ਵਾਸੀ ਬਾਘ ਦਾ ਸ਼ਿਕਾਰ ਬਣਿਆ।
ਪੁਲਿਸ ਤੇ ਜੰਗਲਾਤ ਅਧਿਕਾਰੀਆਂ ਦੇ ਖ਼ਦਸ਼ੇ ਨੂੰ ਅੱਗੇ ਵਧਾਉਂਦਿਆਂ ਪਿੰਡ ਵਾਲ਼ਿਆਂ ਦਾ ਕਹਿਣਾ ਹੈ ਕਿ ਇਹ ਤਿੰਨ ਔਰਤਾਂ ਅਜਿਹੇ ਮਾਦਾ ਬਾਘ ਦਾ ਸ਼ਿਕਾਰ ਬਣੀਆਂ ਜੋ ਆਪਣੇ ਬੱਚਿਆਂ ਨਾਲ਼ ਘੁੰਮ ਰਹੀ ਸੀ।
ਇਨ੍ਹਾਂ ਮੌਤਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ, ਵਿਰੋਧ-ਪ੍ਰਦਰਸ਼ਨ 'ਤੇ ਉਤਾਰੂ ਲੋਕਾਂ ਨੂੰ ਰੋਕਣ ਲਈ ਸਥਾਨਕ ਵਿਧਾਇਕ ਤੇ ਜ਼ਿਲ੍ਹਾ ਪੱਧਰੀ ਨੇਤਾਵਾਂ ਨੂੰ ਵੀ ਅੱਗੇ ਆਉਣਾ ਪਿਆ ਤੇ ਪਰਿਵਾਰਾਂ ਦੇ ਦੁਖੀ ਮੈਂਬਰਾਂ ਨੂੰ ਹੌਂਸਲਾ ਦੇਣ ਲਈ ਮਜ਼ਬੂਰ ਹੋਣਾ ਪਿਆ।
























