ਉਹ ਛਿਪਦਾ ਹੋਇਆ ਸੂਰਜ ਨਹੀਂ, ਜਿਹਨੂੰ ਦੇਖਣ ਦੀ ਉਹ ਉਡੀਕ ਕਰ ਰਹੀ ਹਨ। ਆਪਣੇ ਇੱਕ ਕਮਰੇ ਦੀ ਰਸੋਈ ਦੇ ਬਾਹਰ ਬੈਠੀ ਰੰਦਾਵਾਨੀ ਸੁਰਵਸੇ, ਸਟ੍ਰੀਟਲਾਈਟਾਂ ਜਗਣ ਤੋਂ ਪਹਿਲਾਂ ਬੜੀ ਦੇਰ ਤੱਕ ਹਨ੍ਹੇਰੇ ਨੂੰ ਘੂਰਦੀ ਰਹੀ। ਆਪਣੇ ਚਿਹਰੇ 'ਤੇ ਉਦਾਸ ਮੁਸਕਰਾਹਟ ਨਾਲ, ਉਹ ਕਹਿੰਦੀ ਹਨ, "ਇਹੀ ਉਹ ਥਾਂ ਹੈ ਜਿੱਥੇ ਮੇਰਾ ਘਰਵਾਲਾ ਬੈਠ ਕੇ ਆਪਣਾ ਮਨਪਸੰਦ ਅਭੰਗ ਗਾਉਂਦਾ ਸੀ।"
ਹਿੰਦੂ ਦੇਵਤਾ ਵਿੱਠਲ ਦੀ ਉਸਤਤ ਕਰਦੇ ਹੋਏ ਭਜਨ ਗਾਉਣਾ ਉਨ੍ਹਾਂ ਦੇ ਘਰਵਾਲੇ ਪ੍ਰਭਾਕਰ ਸੁਰਵਸੇ ਦਾ ਪਸੰਦੀਦਾ ਸ਼ੁਗਲ ਸੀ। ਉਹ ਦੋ ਸਾਲ ਪਹਿਲਾਂ 60 ਸਾਲ ਦੇ ਹੋਣ 'ਤੇ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਤੋਂ ਬਤੌਰ ਕਲਰਕ ਸੇਵਾਮੁਕਤ ਹੋਏ ਸਨ। ਉਦੋਂ ਤੋਂ, ਪ੍ਰਭਾਕਰ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਪਰਲੀ ਕਸਬੇ ਵਿਖੇ ਪੈਂਦੇ ਆਪਣੇ ਘਰੇ ਹਰ ਆਥਣੇ ਭਜਨ ਗਾਉਂਦੇ ਅਤੇ ਆਪਣੇ ਗੁਆਂਢੀਆਂ ਨੂੰ ਖੁਸ਼ ਕਰਦੇ।
ਗਾਉਣ ਦਾ ਇਹ ਸਿਲਸਿਲਾ 9 ਅਪ੍ਰੈਲ, 2021 ਤੱਕ ਜਾਰੀ ਰਿਹਾ ਜਦੋਂ ਤੱਕ ਕਿ ਉਨ੍ਹਾਂ ਨੂੰ ਕੋਵਿਡ -19 ਦੇ ਲੱਛਣ ਨਹੀਂ ਦਿੱਸਣ ਲੱਗੇ।
ਦੋ ਦਿਨਾਂ ਬਾਅਦ, ਪ੍ਰਭਾਕਰ ਨੂੰ ਪਾਰਲੀ ਤੋਂ 25 ਕਿਲੋਮੀਟਰ ਦੂਰ ਸਵਾਮੀ ਰਾਮਾਨੰਦ ਤੀਰਥ ਗ੍ਰਾਮੀਣ ਸਰਕਾਰੀ ਮੈਡੀਕਲ ਕਾਲਜ, ਅੰਬੇਜੋਗਈ (SRTRMCA) ਵਿੱਚ ਦਾਖਲ ਕਰਵਾਇਆ ਗਿਆ। ਉਸ ਤੋਂ 10 ਦਿਨਾਂ ਬਾਅਦ, ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਉਹ ਅਲਵਿਦਾ ਆਖ ਗਏ।
ਉਨ੍ਹਾਂ ਦੀ ਮੌਤ ਬਹੁਤ ਅਚਾਨਕ ਹੋਈ। “ਸਵੇਰੇ 11:30 ਵਜੇ, ਮੈਂ ਉਨ੍ਹਾਂ ਨੂੰ ਬਿਸਕੁਟ ਖੁਆਏ,” ਵੈਦਿਆਨਾਥ ਸੁਰਵਸੇ, ਉਨ੍ਹਾਂ ਦੇ 36 ਸਾਲਾ ਭਤੀਜੇ , ਜੋ ਪਾਰਲੀ ਵਿੱਚ ਚੀਨੀ ਫਾਸਟ ਫੂਡ ਸਟਾਲ ਚਲਾਉਂਦੇ ਹਨ, ਦਾ ਕਹਿਣਾ ਹੈ। “ਉਨ੍ਹਾਂ ਨੇ ਜੂਸ ਵੀ ਮੰਗਿਆ। ਅਸੀਂ ਗੱਲਾਂ ਕੀਤੀਆਂ। ਉਹ ਠੀਕ ਲੱਗ ਰਹੇ ਸਨ। ਦੁਪਹਿਰ 1:30 ਵਜੇ ਉਨ੍ਹਾਂ ਨੂੰ ਮੁਰਦਾ ਕਰਾਰ ਦੇ ਦਿੱਤਾ ਗਿਆ।
ਵਿਚਕਾਰਲੇ ਘੰਟਿਆਂ ਵਿੱਚ, ਵੈਦਿਆਨਾਥ ਹਸਪਤਾਲ ਦੇ ਵਾਰਡ ਵਿੱਚ ਮੌਜੂਦ ਸਨ। ਉਹ ਕਹਿੰਦੇ ਹਨ ਕਿ ਦੁਪਹਿਰ ਵੇਲੇ ਅਚਾਨਕ ਆਕਸੀਜਨ ਸਪਲਾਈ ਦਾ ਦਬਾਅ ਘਟਣਾ ਸ਼ੁਰੂ ਹੋ ਗਿਆ। ਪ੍ਰਭਾਕਰ, ਜੋ ਕਿ ਉਦੋਂ ਤੱਕ ਉਤਸਾਹਤ ਸਨ ਅਤੇ ਗੱਲਾਂ ਕਰ ਰਹੇ ਸਨ, ਸਾਹ ਲੈਣ ਲਈ ਜੱਦੋ-ਜਹਿਦ ਕਰਨ ਲੱਗੇ।“ਮੈਂ ਬੇਚੈਨੀ ਨਾਲ ਡਾਕਟਰਾਂ ਨੂੰ ਬੁਲਾਇਆ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।”ਵੈਦਿਆਨਾਥ ਅੱਗੇ ਕਹਿੰਦੇ ਹਨ, “ਉਨ੍ਹਾਂ ਥੋੜਾ ਚਿਰ ਸਾਹ ਲੈਣ ਲਈ ਤਾਣ ਲਾਈ ਅਤੇ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮੈਂ ਉਨ੍ਹਾਂ ਦੀ ਛਾਤੀ ਨੂੰ ਦੱਬਿਆ, ਉਨ੍ਹਾਂ ਦੇ ਪੈਰਾਂ ਨੂੰ ਮਸਲਿਆ, ਪਰ ਕਾਸੇ ਨੇ ਕੰਮ ਨਹੀਂ ਕੀਤਾ।”
ਪ੍ਰਭਾਕਰ ਦੇ ਪਰਿਵਾਰ ਦਾ ਮੰਨਣਾ ਹੈ ਕਿ ਹਸਪਤਾਲ 'ਚ ਆਕਸੀਜਨ ਖਤਮ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ। “ਦਾਖਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਨਹੀਂ ਹੋਈ ਸੀ। ਉਹ ਠੀਕ ਹੋ ਰਹੇ ਸਨ। ਮੈਂ ਇੱਕ ਦਿਨ ਲਈ ਵੀ ਹਸਪਤਾਲ ਨਹੀਂ ਛੱਡਿਆ ਸੀ,” 55 ਸਾਲਾ ਰੰਦਾਵਾਨੀ ਕਹਿੰਦੀ ਹਨ। “ਉਨ੍ਹਾਂ ਦੀ ਮੌਤ ਤੋਂ ਇੱਕ-ਦੋ ਦਿਨ ਪਹਿਲਾਂ, ਉਨ੍ਹਾਂ ਹਸਪਤਾਲ ਦੇ ਵਾਰਡ ਵਿੱਚ ਗਾਉਣ ਬਾਰੇ ਮਜ਼ਾਕ ਵੀ ਕੀਤਾ ਸੀ।”
ਹਸਪਤਾਲ ਵਿੱਚ 21 ਅਪ੍ਰੈਲ ਨੂੰ ਹੋਰ ਵੀ ਮੌਤਾਂ ਹੋਈਆਂ ਸਨ। ਦੁਪਹਿਰ 12:45 ਤੋਂ 2:15 ਵਜੇ ਵਿਚਕਾਰ ਇੰਨੇ ਥੋੜ੍ਹੇ ਸਮੇਂ ਵਿੱਚ, SRTRMCA ਵਿੱਚ ਛੇ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਸੀ।
ਹਸਪਤਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੌਤਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਹਨ। ਮੈਡੀਕਲ ਕਾਲਜ ਦੇ ਡੀਨ ਡਾ. ਸ਼ਿਵਾਜੀ ਸੁਕਰੇ ਨੇ ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕਿਹਾ, “ਉਹ ਮਰੀਜ਼ ਪਹਿਲਾਂ ਹੀ ਗੰਭੀਰ ਹਾਲਤ ਵਿੱਚ ਸਨ ਅਤੇ ਉਨ੍ਹਾਂ ਵਿੱਚੋਂ ਬਹੁਤੇ 60 ਸਾਲ ਤੋਂ ਉੱਪਰ ਸਨ।”
“ਹਸਪਤਾਲ ਤਾਂ ਸਪੱਸ਼ਟ ਤੌਰ 'ਤੇ ਇਸ ਤੋਂ ਇਨਕਾਰ ਕਰੇਗਾ ਹੀ, ਪਰ ਮੌਤਾਂ ਆਕਸੀਜਨ ਦੀ ਘਾਟ ਕਾਰਨ ਹੋਈਆਂ ਹਨ,” ਇਹ ਕਹਿਣਾ ਹੈ ਅੰਬੇਜੋਗਈ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਰੋਜ਼ਾਨਾ ਮਰਾਠੀ ਅਖਬਾਰ ਵਿਵੇਕ ਸਿੰਧੂ ਵਿੱਚ 23 ਅਪ੍ਰੈਲ ਨੂੰ ਕਹਾਣੀ ਦਾ ਖੁਲਾਸਾ ਕਰਨ ਵਾਲੇ ਸੀਨੀਅਰ ਪੱਤਰਕਾਰ ਅਭਿਜੀਤ ਗਠਾਲ ਦਾ। “ਰਿਸ਼ਤੇਦਾਰ ਉਸ ਦਿਨ ਹਸਪਤਾਲ ਪ੍ਰਬੰਧਕਾਂ ’ਤੇ ਗੁੱਸੇ ਸਨ। ਸਾਡੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਰਿਸ਼ਤੇਦਾਰਾਂ ਨੇ ਕੀ ਕੀ ਕਿਹਾ ਸੀ।”
ਪਿਛਲੇ ਕੁਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ 'ਤੇ ਆਕਸੀਜਨ ਸਿਲੰਡਰ ਅਤੇ ਹਸਪਤਾਲ ਦੇ ਬੈਡ ਭਾਲਣ ਦੀ ਮਦਦ ਲਈ ਅਪੀਲ (ਪੁਕਾਰ) ਕੀਤੀ ਜਾ ਰਹੀ ਹੈ, ਭਾਰਤ ਦੇ ਸਾਰੇ ਸ਼ਹਿਰਾਂ ਦੇ ਲੋਕ ਨਿਰਾਸ਼ਾ ਵਿੱਚ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਵੱਲ ਮੁੜ ਰਹੇ ਹਨ। ਪਰ ਜਿਨ੍ਹਾਂ ਇਲਾਕਿਆਂ ਵਿੱਚ ਸ਼ੋਸ਼ਲ ਮੀਡਿਆ 'ਤੇ ਅਜਿਹੀ ਕੋਈ ਗਤੀਵਿਧੀ ਸ਼ਾਇਦ ਹੀ ਦੇਖਣ ਨੂੰ ਮਿਲ਼ੀ ਉੱਥੇ ਵੀ ਆਕਸੀਜਨ ਦੀ ਘਾਟ ਓਨੀ ਹੀ ਭਿਅੰਕਰ ਹ।
ਅੰਬੇਜੋਗਈ ਹਸਪਤਾਲ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਰੋਜ਼ਾਨਾ ਜੱਦੋ-ਜਹਿਦ ਕਰਨੀ ਪੈਂਦੀ ਹੈ। “ਸਾਨੂੰ ਰੋਜ਼ਾਨਾ ਲਗਭਗ 12 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਪਰ ਸਾਨੂੰ [ਪ੍ਰਸ਼ਾਸਨ ਤੋਂ] ਮਹਿਜ਼ 7 ਹੀ ਮਿਲਦੀ ਹੈ, ”ਉਹ ਕਹਿੰਦੇ ਹਨ। “ਇਸ ਘਾਟ ਨੂੰ ਪੂਰਾ ਕਰਨਾ ਰੋਜ਼ ਦੀ ਲੜਾਈ ਹੈ। ਇਸ ਲਈ ਅਸੀਂ ਜੰਬੋ (ਵੱਡੇ) ਸਿਲੰਡਰ ਇਧਰੋਂ-ਉਧਰੋਂ ਮੰਗਵਾਉਂਦੇ ਹਾਂ।” ਅਧਿਕਾਰੀ ਦਾ ਕਹਿਣਾ ਹੈ ਕਿ ਬੀਡ ਵਿੱਚ ਸਪਲਾਇਰਾਂ ਤੋਂ ਇਲਾਵਾ, ਔਰੰਗਾਬਾਦ ਅਤੇ ਲਾਤੂਰ ਦੇ ਨੇੜਲੇ ਸ਼ਹਿਰਾਂ ਤੋਂ ਆਕਸੀਜਨ ਸਿਲੰਡਰ ਮੰਗੇ ਜਾਂਦੇ ਹਨ।
SRTRMCA ਨੂੰ ਸੂਬਾ ਸਰਕਾਰ ਵੱਲੋਂ ਇੱਕ ਸਮਰਪਿਤ ਕੋਵਿਡ ਹਸਪਤਾਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਵਿੱਚ ਕੁੱਲ 402 ਬੈਡ ਹਨ, ਜਿਨ੍ਹਾਂ ਵਿੱਚੋਂ 265 ਆਕਸੀਜਨ ਵਾਲੇ ਹਨ। ਅਪ੍ਰੈਲ ਦੇ ਅਖੀਰ ਵਿੱਚ, ਪਾਰਲੀ ਦੇ ਤਾਪ ਬਿਜਲੀ ਘਰ ਤੋਂ ਇੱਕ ਆਕਸੀਜਨ ਪਲਾਂਟ ਨੂੰ ਆਕਸੀਜਨ ਦੀ ਸਪਲਾਈ ਵਿੱਚ ਸੁਧਾਰ ਕਰਨ ਲਈ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਵਿੱਚ ਹੁਣ 96 ਵੈਂਟੀਲੇਟਰ ਹਨ, ਜਿਨ੍ਹਾਂ ਵਿੱਚੋਂ 25 ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚੋਂ ਹਨ, ਜੋ ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਮਿਲੇ ਸਨ।
25 ਵੈਂਟੀਲੇਟਰ ਖਰਾਬ ਨਿਕਲੇ। ਮਈ ਦੇ ਪਹਿਲੇ ਹਫ਼ਤੇ, ਮੁੰਬਈ ਦੇ ਦੋ ਟੈਕਨੀਸ਼ੀਅਨ ਉਨ੍ਹਾਂ ਨੂੰ ਠੀਕ ਕਰਨ ਲਈ 460 ਕਿਲੋਮੀਟਰ ਦੂਰ ਅੰਬੇਜੋਗਈ ਤਕ ਸਫ਼ਰ ਕਰਕੇ ਵਾਲੰਟੀਅਰ ਤੌਰ ’ਤੇ ਕੰਮ ਕਰਨ ਆਏ। ਉਹ 11 ਨੂੰ ਠੀਕ ਕਰਨ ਵਿੱਚ ਕਾਮਯਾਬ ਰਹੇ ਜਿਨ੍ਹਾਂ ਵਿੱਚ ਮਾਮੂਲੀ ਦਿੱਕਤਾਂ ਸਨ।
ਅੰਬੇਜੋਗਈ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰ ਜਾਣਦੇ ਹਨ ਕਿ ਹਸਪਤਾਲ ਦੀ ਹਾਲਤ ਬਹੁਤ ਪਤਲੀ ਹੈ। “ਜਦੋਂ ਹਸਪਤਾਲ ਹਰ ਰੋਜ਼ ਤੁਹਾਡੇ ਸਾਹਮਣੇ ਆਕਸੀਜਨ ਲਈ ਤਰਲੋ-ਮੱਛੀ ਹੁੰਦਾ ਹੈ, ਤਾਂ ਘਬਰਾਹਟ ਹੋਣਾ ਸੁਭਾਵਿਕ ਹੈ,” ਵੈਦਿਆਨਾਥ ਕਹਿੰਦੇ ਹਨ।“ਆਕਸੀਜਨ ਦੀ ਕਮੀ ਪੂਰੇ ਭਾਰਤ ਦੀ ਕਹਾਣੀ ਹੈ। ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਹਾਂ ਅਤੇ ਦੇਖ ਰਿਹਾ ਹਾਂ ਕਿ ਲੋਕ ਕਿਵੇਂ ਇੱਕ ਦੂਜੇ ਤੱਕ ਪਹੁੰਚ ਕਰ ਰਹੇ ਹਨ। ਸਾਡੇ ਕੋਲ ਪੇਂਡੂ ਇਲਾਕਿਆਂ ਵਿੱਚ ਇਹ ਆਪਸ਼ਨ ਨਹੀਂ ਹੈ। ਜੇਕਰ ਮੈਂ ਕੁਝ ਪੋਸਟ ਕਰਦਾ ਹਾਂ ਤਾਂ ਕੌਣ ਗੌਰ ਕਰੇਗਾ? ਅਸੀਂ ਹਸਪਤਾਲ ਦੇ ਰਹਿਮੋ-ਕਰਮ 'ਤੇ ਹਾਂ ਅਤੇ ਸਾਡੇ ਮਾਮਲੇ ਵਿੱਚ, ਸਾਡਾ ਸਭ ਤੋਂ ਭੈੜਾ ਡਰ ਸੱਚ ਹੋ ਗਿਆ। ”
ਰੰਦਾਵਾਨੀ, ਉਨ੍ਹਾਂ ਦਾ ਪੁੱਤ, ਨੂੰਹ ਅਤੇ 10, 6 ਅਤੇ 4 ਸਾਲ ਦੀਆਂ ਤਿੰਨ ਪੋਤੀਆਂ ਪ੍ਰਭਾਕਰ ਦੀ ਗੈਰਹਾਜ਼ਰੀ ਨੂੰ ਦਿਲੋਂ ਮਹਿਸੂਸ ਕਰਦੀਆਂ ਹਨ। "ਬੱਚੇ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਨੇ, ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਦੱਸਾਂ,"ਰੰਦਾਵਾਨੀ ਕਹਿੰਦੀ ਹਨ। “ਉਹ ਹਸਪਤਾਲ ਵਿੱਚ ਬਾਕਾਇਦਾ ਮੇਰੇ ਤੋਂ ਉਨ੍ਹਾਂ ਬਾਰੇ ਪੁੱਛਦੇ ਸਨ। ਉਹ ਘਰ ਜਾਣ ਦੀ ਉਡੀਕ ਕਰ ਰਹੇ ਸਨ। ਮੈਂ ਸੋਚਿਆ ਨਹੀਂ ਸੀ ਕਿ ਉਹ ਸਾਨੂੰ ਛੱਡ ਜਾਣਗੇ।”
ਰੰਦਵਾਨੀ, ਜੋ ਘਰਾਂ ਵਿੱਚ ਕੰਮ ਕਰਕੇ 2,500 ਪ੍ਰਤੀ ਮਹੀਨਾ ਰੁਪਏ ਕਮਾਉਂਦੀ ਹਨ। ਜਲਦੀ ਹੀ ਕੰਮ 'ਤੇ ਵਾਪਸ ਜਾਣਾ ਚਾਹੁੰਦੀ ਹਨ। "ਮੇਰੇ ਮਾਲਕਾਂ ਨੇ ਬੜੀ ਕਿਰਪਾ ਕੀਤੀ ਹੈ ਜੋ ਮੈਨੂੰ ਕੰਮ 'ਤੇ ਵਾਪਸ ਜਾਣ ਲਈ ਮਜ਼ਬੂਰ ਨਹੀਂ ਕੀਤਾ ," ਉਹ ਕਹਿੰਦੀ ਹਨ। “ਪਰ ਮੈਂ ਜਲਦੀ ਸ਼ੁਰੂ ਕਰਾਂਗੀ। ਇਹ ਮੈਨੂੰ ਆਹਰੇ ਲਾਈ ਰੱਖੇਗਾ। ”
16 ਮਈ ਤੱਕ, ਬੀਡ ਜ਼ਿਲ੍ਹੇ ਵਿੱਚ ਕੋਵਿਡ ਦੇ 75,500 ਤੋਂ ਵੱਧ ਕੇਸ ਦਰਜ ਹੋਏ ਅਤੇ ਲਾਗ ਨਾਲ ਲਗਭਗ 1,400 ਮੌਤਾਂ ਹੋਈਆਂ। ਗੁਆਂਢੀ ਜ਼ਿਲ੍ਹੇ ਉਸਮਾਨਾਬਾਦ ਵਿੱਚ 49,700 ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ ਲਗਭਗ 1,200 ਮੌਤਾਂ ਹੋਈਆਂ ਹਨ।
ਬੀਡ ਅਤੇ ਉਸਮਾਨਾਬਾਦ ਦੋਵੇਂ ਹੀ ਮਰਾਠਵਾੜਾ ਦੇ ਖੇਤੀ ਪ੍ਰਧਾਨ ਇਲਾਕੇ ਹਨ, ਇਹੀ ਉਹ ਇਲਾਕੇ ਹਨ ਜਿੱਥੇ ਮਹਾਰਾਸ਼ਟਰ ਦੇ ਕਿਸਾਨ-ਖੁਦਕੁਸ਼ੀਆਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਕੰਮ ਦੀ ਭਾਲ ਵਿੱਚ ਪਰਵਾਸ ਕਰ ਗਏ ਹਨ। ਪਾਣੀ ਦੇ ਸੰਕਟ ਅਤੇ ਕਰਜ਼ੇ ਨਾਲ ਜੂਝ ਰਹੇ, ਇਲਾਕੇ ਦੇ ਲੋਕ ਸੀਮਤ ਸਰੋਤਾਂ ਵਾਲ਼ੇ ਨਾਕਾਫ਼ੀ ਅਤੇ ਖ਼ਸਤਾ ਹਾਲਤ ਸਿਹਤ ਢਾਂਚੇ ਦੇ ਨਾਲ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ।
ਉਸਮਾਨਾਬਾਦ ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਵੀ ਸਥਿਤੀ 90 ਕਿਲੋਮੀਟਰ ਦੂਰ ਅੰਬੇਜੋਗਈ ਤੋਂ ਬਹੁਤੀ ਵੱਖਰੀ ਨਹੀਂ ਹੈ। ਕੋਵਿਡ ਦੇ ਮਰੀਜ਼ਾਂ ਦੇ ਰਿਸ਼ਤੇਦਾਰ ਤਪਦੀ ਧੁੱਪ ਵਿੱਚ ਇੱਕ-ਦੂਜੇ ਨਾਲ ਆਪਣੇ ਤੌਖਲਿਆਂ ਦੀ ਚਰਚਾ ਕਰਦਿਆਂ ਉਡੀਕ ਕਰਦੇ ਹਨ। ਘਬਰਾਏ ਹੋਏ ਅਜਨਬੀ ਲੋਕ ਇੱਕ ਦੂਜੇ ਦਾ ਸਾਥ ਦਿੰਦੇ ਹਨ, ਉਸ ਵੇਲ਼ੇ ਜਦੋਂਕਿ ਪ੍ਰਸ਼ਾਸਨ ਜ਼ਿਲ੍ਹੇ ਦੀ 14 ਮੀਟ੍ਰਿਕ ਟਨ ਪ੍ਰਤੀ ਦਿਨ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
2020 ਵਿੱਚ ਉਸਮਾਨਾਬਾਦ ਜ਼ਿਲ੍ਹੇ ਵਿੱਚ, ਜਦੋਂ ਕੋਵਿਡ -19 ਦੀ ਪਹਿਲੀ ਲਹਿਰ ਆਪਣੇ ਸਿਖਰ 'ਤੇ ਸੀ, ਲਗਭਗ 550 ਆਕਸੀਜਨ ਬੈੱਡਾਂ ਦੀ ਲੋੜ ਸੀ, ਜ਼ਿਲ੍ਹੇ ਦੇ ਕੁਲੈਕਟਰ ਅਤੇ ਮੈਜਿਸਟ੍ਰੇਟ ਕੌਸਤੁਭ ਦਿਵੇਗਾਂਵਕਰ ਨੇ ਕਿਹਾ। ਜਦੋਂ ਦੂਜੀ ਲਹਿਰ ਨੇੜੇ ਆਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਗਿਣਤੀ ਦੁੱਗਣੀ ਕਰਨ ਦੀ ਤਿਆਰੀ ਕਰ ਲਈ ਸੀ।
ਦੂਜੀ ਲਹਿਰ, ਫਰਵਰੀ 2021 ਵਿੱਚ ਸ਼ੁਰੂ ਹੋਈ, ਨੇ ਹੋਰ ਵੀ ਜ਼ੋਰ ਨਾਲ ਸੱਟ ਮਾਰੀ। ਜ਼ਿਲ੍ਹੇ ਨੂੰ ਪਹਿਲੀ ਲਹਿਰ ਦੇ ਮੁਕਾਬਲੇ ਤਿੰਨ ਗੁਣਾ ਆਕਸੀਜਨ-ਸਪੋਰਟਡ ਬੈੱਡਾਂ ਦੀ ਲੋੜ ਸੀ। ਹੁਣ, ਉਸਮਾਨਾਬਾਦ ਵਿੱਚ 944 ਆਕਸੀਜਨ-ਸਪੋਰਟਡ ਬੈੱਡ, 254 ਆਈ.ਸੀ.ਯੂ. ਬੈੱਡ ਅਤੇ 142 ਵੈਂਟੀਲੇਟਰ ਹਨ ।
ਇਹ ਜ਼ਿਲ੍ਹਾ ਲਾਤੂਰ, ਬੀਡ ਅਤੇ ਜਾਲਨਾ ਤੋਂ ਮੈਡੀਕਲ ਆਕਸੀਜਨ ਮੰਗ ਰਿਹਾ ਹੈ। ਕਰਨਾਟਕ ਦੇ ਬਲਾਰੀ ਅਤੇ ਤੇਲੰਗਾਨਾ ਦੇ ਹੈਦਰਾਬਾਦ ਤੋਂ ਵੀ ਆਕਸੀਜਨ ਲਈ ਜਾ ਰਹੀ ਹੈ। ਮਈ ਦੇ ਦੂਜੇ ਹਫ਼ਤੇ ਗੁਜਰਾਤ ਦੇ ਜਾਮਨਗਰ ਤੋਂ ਉਸਮਾਨਾਬਾਦ ਲਈ ਆਕਸੀਜਨ ਏਅਰਲਿਫਟ ਕੀਤੀ ਗਈ ਸੀ। 14 ਮਈ ਨੂੰ, ਉਸਮਾਨਾਬਾਦ ਦੇ ਕਲੰਬ ਤਾਲੁਕਾ ਦੇ ਚੋਰਾਖਲੀ ਵਿੱਚ ਧਾਰਾਸ਼ਿਵ ਸ਼ੂਗਰ ਫੈਕਟਰੀ ਵਿਖੇਈਥਾਨੌਲ ਤੋਂ ਮੈਡੀਕਲ ਗ੍ਰੇਡ ਆਕਸੀਜਨ ਪੈਦਾ ਕਰਨ ਵਾਲੀ ਦੇਸ਼ ਦੀ ਪਹਿਲੀ ਫਰਮ ਬਣ ਗਈ । ਇਸ ਤੋਂ ਹਰ ਰੋਜ਼ 20 ਮੀਟ੍ਰਿਕ ਟਨ ਆਕਸੀਜਨ ਪੈਦਾ ਹੋਣ ਦੀ ਉਮੀਦ ਹੈ।
ਸਿਵਲ ਹਸਪਤਾਲ ਵਿੱਚ403 ਬੈਡਾਂ ਦੀ ਦੇਖ-ਰੇਖ ਲਈ 48 ਡਾਕਟਰ ਅਤੇ 120 ਹਸਪਤਾਲ ਸਟਾਫ ਕਰਮੀ ਹਨ ਜਿਨ੍ਹਾਂ ਵਿੱਚ ਨਰਸਾਂ ਅਤੇ ਵਾਰਡ ਸਹਾਇਕ ਤਿੰਨ ਸ਼ਿਫਟਾਂ ਵਿੱਚ ਕੰਮ ਕਰਦੇ ਹਨ। ਹਸਪਤਾਲ ਦੇ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਮਰੀਜ਼ਾਂ ਦੇ ਉਨ੍ਹਾਂ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਦੇਖੇ ਜਾ ਸਕਦੇ ਹਨ ਜੋ ਮਰੀਜ਼ਾਂ ਦੇ ਬਿਸਤਰੇ 'ਤੇ ਬੈਠਣ ਦੀ ਜਿੱਦ ਕਰਦੇ ਹਨ ਅਤੇ ਜਿਨ੍ਹਾਂ ਦੇ ਸੰਕਰਮਿਤ ਹੋਣ ਦਾ ਖਤਰਾ ਹੁੰਦਾ ਹੈ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅਕਸਰ ਹਸਪਤਾਲ ਵਿੱਚ ਖਾਲੀ ਬੈੱਡ ਲੱਭਦੇ ਹਨ।
ਜਦੋਂ ਰਸ਼ੀਕੇਸ਼ ਕਾਟੇ ਦੀ 68 ਸਾਲਾ ਮਾਂ ਜਨਾਬਾਈ ਆਪਣੇ ਆਖਰੀ ਸਾਹ ਲੈ ਰਹੀ ਸੀ, ਬਾਹਰ ਲਾਂਘੇ ਵਿੱਚ ਕੋਈ ਉਸ ਦੇ ਗੁਜ਼ਰਨ ਉਡੀਕ ਕਰ ਰਿਹਾ ਸੀ। ਉਸ ਦੇ ਬਿਮਾਰ ਰਿਸ਼ਤੇਦਾਰ ਨੂੰ ਬੈਡ ਦੀ ਲੋੜ ਸੀ। “ਜਦੋਂ ਉਹ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੀ ਸੀ ਅਤੇ ਮਰਨ ਕਿਨਾਰੇ ਸੀ ਤਾਂ ਇੱਕ ਬੰਦੇ ਨੇ ਕਿਸੇ ਨੂੰ ਫ਼ੋਨ ਕਰਕੇ ਦੱਸਿਆ ਕਿ ਇੱਥੇ ਜਲਦੀ ਹੀ ਇੱਕ ਬੈਡ ਖਾਲੀ ਹੋ ਜਾਵੇਗਾ,” 40 ਸਾਲਾ ਰਸ਼ੀਕੇਸ਼ ਕਹਿੰਦੇ ਹਨ। ਇਹ ਸੁਣਨ ਵਿੱਚ ਅਸੰਵੇਦਨਸ਼ੀਲ ਲੱਗਦਾ ਹੈ, ਪਰ ਮੈਂ ਉਹਨੂੰ ਦੋਸ਼ ਨਹੀਂ ਦਿੰਦਾ। ਇਹ ਔਖੀ ਘੜੀ ਹੈ। ਜੇ ਮੈਂ ਉਸਦੀ ਥਾਵੇਂ ਹੁੰਦਾ, ਮੈਂ ਵੀ ਸ਼ਾਇਦ ਇਹੀ ਕੀਤਾ ਹੁੰਦਾ।
ਰਸ਼ੀਕੇਸ਼ ਦੇ ਪਿਤਾ ਪਹਿਲਾਂ ਕਿਸੇ ਨਿੱਜੀ ਹਸਪਤਾਲ ਵਿੱਚ ਭਰਤੀ ਸਨ, ਪਰ ਉੱਥੇ ਆਕਸੀਜਨ ਦੀ ਕਿੱਲਤ ਕਾਰਨ ਉਨ੍ਹਾਂ ਨੂੰ ਸਿਵਿਲ ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਉਹਦੇ ਠੀਕ ਇੱਕ ਦਿਨ ਬਾਅਦ ਹੀ ਜਨਾਬਾਈ ਨੂੰ ਵੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। "ਸਾਡੇ ਕੋਲ ਇਹ ਇਕਲੌਤਾ ਵਿਕਲਪ ਸੀ," ਰਸ਼ੀਕੇਸ਼ ਕਹਿੰਦੇ ਹਨ ।
ਰਸ਼ੀਕੇਸ਼ ਦੇ ਪਿਤਾ, ਸ਼ਿਵਾਜੀ (70) 6 ਅਪ੍ਰੈਲ ਨੂੰ ਕੋਵਿਡ -19 ਨਾਲ ਬਿਮਾਰ ਹੋ ਗਏ ਸਨ ਅਤੇ ਅਗਲੇ ਦਿਨ ਜਨਾਬਾਈ ਨੂੰ ਵੀ ਲੱਛਣ ਉੱਭਰਨ ਲੱਗੇ ਸਨ। “ਮੇਰੇ ਪਿਤਾ ਥੋੜੇ ਗੰਭੀਰ ਸਨ ਇਸ ਲਈ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਸਹਿਯਾਦਰੀ ਹਸਪਤਾਲ ਵਿੱਚ ਦਾਖਲ ਕਰਵਾਇਆ,” ਰਸ਼ੀਕੇਸ਼ ਕਹਿੰਦੇ ਹਨ। “ਪਰ ਸਾਡੇ ਪਰਿਵਾਰਕ ਡਾਕਟਰ ਨੇ ਕਿਹਾ ਕਿ ਮੇਰੀ ਮਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰਕੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੀ ਆਕਸੀਜਨ ਤਰਾਵਤ ਠੀਕ ਸੀ। ”
11 ਅਪ੍ਰੈਲ ਦੀ ਸਵੇਰ ਨੂੰ ਸਹਿਯਾਦਰੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਰਸ਼ੀਕੇਸ਼ ਨੂੰ ਫੋਨ ਕਰਕੇ ਦੱਸਿਆ ਕਿ ਸ਼ਿਵਾਜੀ ਨੂੰ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। "ਉਹ ਵੈਂਟੀਲੇਟਰ 'ਤੇ ਸਨ," ਰਸ਼ੀਕੇਸ਼ ਕਹਿੰਦੇ ਹਨ । “ਉਨ੍ਹਾਂ ਦੇ ਸਾਹ ਲੈਣ ਵਿੱਚ ਮੁਸ਼ਕਲ ਉਸ ਪਲ ਵੱਧ ਗਈ ਜਦੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ । ਤਬਾਦਲੇ ਕਾਰਨ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ,” ਉਹ ਅੱਗੇ ਕਹਿੰਦੇ ਹਨ “ਉਹ ਮੈਨੂੰ ਕਹਿੰਦੇ ਰਹੇ ਕਿ ਉਹ ਵਾਪਸ ਜਾਣਾ ਚਾਹੁੰਦੇ ਹਨ। ਨਿੱਜੀ ਹਸਪਤਾਲ ਵਿੱਚ ਮਾਹੌਲ ਬਿਹਤਰ ਹੈ।”
ਸਿਵਲ ਹਸਪਤਾਲ ਦਾ ਵੈਂਟੀਲੇਟਰ ਲੋੜੀਂਦਾ ਪ੍ਰੈਸ਼ਰ ਬਰਕਰਾਰ ਨਹੀਂ ਰੱਖ ਸਕਿਆ। “ਮੈਂ 12 ਅਪ੍ਰੈਲ ਨੂੰ ਸਾਰੀ ਰਾਤ ਉਨ੍ਹਾਂ ਦਾ ਮਾਸਕ ਫੜੀ ਬੈਠਾ ਰਿਹਾ ਕਿਉਂਕਿ ਇਹ ਡਿੱਗ ਰਿਹਾ ਸੀ। ਪਰ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ,” ਰਸ਼ੀਕੇਸ਼ ਕਹਿੰਦੇ ਹਨ । ਸ਼ਿਵਾਜੀ ਦੇ ਨਾਲ ਪ੍ਰਾਈਵੇਟ ਹਸਪਤਾਲ ਤੋਂ ਲਿਆਂਦੇ ਗਏ ਚਾਰ ਹੋਰ ਮਰੀਜ਼ਾਂ ਦੀ ਵੀ ਮੌਤ ਹੋ ਗਈ।
ਜਨਾਬਾਈ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ 12 ਅਪ੍ਰੈਲ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। 15 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ। ਰਸ਼ੀਕੇਸ਼ ਨੇ ਸਿਰਫ 48 ਘੰਟਿਆਂ ਵਿੱਚ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਲਿਆ । "ਉਹ ਫਿੱਟ ਸਨ," ਉਹ ਕਹਿੰਦੇ ਹਨ , ਉਨ੍ਹਾਂ ਦੀ ਆਵਾਜ਼ ਲਰਜ਼ ਗਈ। "ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਸਾਨੂੰ ਪਾਲਿਆ।"
ਉਸਮਾਨਾਬਾਦ ਸ਼ਹਿਰ ਵਿੱਚ ਉਨ੍ਹਾਂ ਦੇ ਘਰ ਦੇ ਲਿਵਿੰਗ ਰੂਮ ਵਿੱਚ ਇੱਕ ਵੱਡੀ ਪਰਿਵਾਰਕ ਤਸਵੀਰ ਇੱਕ ਕੰਧ ਉੱਤੇ ਟੰਗੀ ਹੋਈ ਹੈ। ਰਸ਼ੀਕੇਸ਼, ਉਨ੍ਹਾਂ ਦਾ ਵੱਡਾ ਭਰਾ ਮਹੇਸ਼ (42)ਅਤੇ ਉਹਨਾਂ ਦੀਆਂ ਪਤਨੀਆਂ ਅਤੇ ਬੱਚੇ, ਸ਼ਿਵਾਜੀ ਅਤੇ ਜਨਾਬਾਈ ਦੇ ਨਾਲ ਇਕੱਠੇ ਰਹਿੰਦੇ ਸਨ। ਸਾਂਝੇ ਪਰਿਵਾਰ ਕੋਲ ਸ਼ਹਿਰ ਦੇ ਬਾਹਰਵਾਰ ਪੰਜ ਏਕੜ ਵਾਹੀਯੋਗ ਜ਼ਮੀਨ ਹੈ। “ਉਨ੍ਹਾਂ ਦੀ ਬੇਵਕਤੀ ਮੌਤ ਹੋਈ ਸੀ,” ਰਸ਼ੀਕੇਸ਼ ਕਹਿੰਦੇ ਹਨ । "ਜਦੋਂ ਕੋਈ ਸਿਹਤਮੰਦ ਹੋਵੇ ਅਤੇ ਤੁਹਾਡੇ ਸਾਹਮਣੇ ਰੋਜ਼ਾਨਾ ਕਸਰਤ ਕਰੇ ਤੇ ਉਸਦੀ ਅਚਾਨਕ ਇੰਝ ਮੌਤ ਹੋ ਜਾਣ 'ਤੇ ਉਸਦੀ ਗੈਰਹਾਜ਼ਰੀ ਨਾਲ ਸਮਝੌਤਾ ਕਰਨਾ ਮੁਸ਼ਕਲ ਹੁੰਦਾ ਹੈ।”
ਪਾਰਲੀ ਵਿੱਚ ਆਪਣੇ ਘਰ ਦੇ ਬਾਹਰ, ਰੰਦਾਵਾਨੀ ਵੀ ਆਪਣੇ ਪਤੀ ਦੇ ਚਲੇ ਜਾਣ ਤੋਂ ਬਾਅਦ ਬਣੇ ਹਾਲਾਤਾਂ ਨਾਲ਼ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹਨ। ਰੋਜ਼ ਆਥਣੇ, ਉਸੇ ਥਾਂ 'ਤੇ ਜਿੱਥੇ ਪ੍ਰਭਾਕਰ ਨੇ ਆਪਣੇ ਗੀਤ ਗਾਏ, ਉਹ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਮੰਨਣ ਦੀ ਕੋਸ਼ਿਸ਼ ਕਰਦੀ ਹਨ।"ਮੈਂ ਉਨ੍ਹਾਂ ਵਾਂਗ ਗਾ ਨਹੀਂ ਸਕਦੀ," ਉਹ ਇੱਕ ਅਜੀਬ ਮੁਸਕਰਾਹਟ ਨਾਲ ਕਹਿੰਦੀ ਹਨ।"ਕਾਸ਼ ਮੈਂ ਗਾ ਸਕਦੀ।"
ਤਰਜਮਾ: ਅਰਸ਼