ਮੈਂ ਜਾਮਨਗਰ ਜ਼ਿਲ੍ਹੇ ਦੇ ਲਾਲਪੁਰ ਤਾਲੁਕਾ ਦੇ ਸਿੰਗਾਚ ਪਿੰਡ ਦੇ ਇੱਕ ਰਬਾੜੀ ਪਰਿਵਾਰ ਵਿੱਚੋਂ ਹਾਂ। ਲਿਖਣਾ ਮੇਰੇ ਲਈ ਨਵਾਂ ਹੈ, ਜੋ ਮੈਂ ਕੋਰੋਨਾ ਕਾਲ ਦੌਰਾਨ ਸ਼ੁਰੂ ਕੀਤਾ ਸੀ। ਮੈਂ ਆਜੜੀ ਭਾਈਚਾਰਿਆਂ ਵਿੱਚ ਕੰਮ ਕਰਨ ਵਾਲੀ ਇੱਕ ਗੈਰ-ਸਰਕਾਰੀ ਸੰਸਥਾ ਦੇ ਨਾਲ ਇੱਕ ਭਾਈਚਾਰਕ ਸੰਚਾਲਕ (ਕਮਿਊਨਟੀ ਮੋਬਲਾਈਜ਼ਰ) ਵਜੋਂ ਕੰਮ ਕਰਦੀ ਹਾਂ। ਮੈਂ ਫਿਲਹਾਲ ਇੱਕ ਬਾਹਰੀ ਵਿਦਿਆਰਥੀ (ਯੂਨੀਵਰਸਿਟੀ ਤੋਂ ਬਾਹਰ) ਹਾਂ ਜੋ ਆਰਸਟ ਵਿੱਚ ਅੰਡਰ-ਗ੍ਰੈਜੁਏਸ਼ਨ ਪ੍ਰੋਗਰਾਮ ਦੀ ਪੜ੍ਹਾਈ ਕਰ ਰਹੀ ਹਾਂ, ਮੇਰਾ ਮੁੱਖ ਵਿਸ਼ਾ ਗੁਜਰਾਤੀ ਹੈ। ਮੈਂ ਪਿਛਲੇ 9 ਮਹੀਨਿਆਂ ਤੋਂ ਆਪਣੇ ਭਾਈਚਾਰੇ ਦੇ ਲੋਕਾਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਅਤੇ ਰੁਚੀ ਪੈਦਾ ਕਰਨ ਲਈ ਕੰਮ ਕਰ ਰਹੀ ਹਾਂ। ਮੇਰੇ ਭਾਈਚਾਰੇ ਵਿੱਚ ਔਰਤਾਂ ਵਿੱਚ ਸਿੱਖਿਆ ਦਾ ਪੱਧਰ ਚਿੰਤਾਜਨਕ ਹੱਦ ਤੱਕ ਨੀਵਾਂ ਹੈ। ਇੱਥੇ ਤੁਹਾਨੂੰ ਬਹੁਤ ਹੀ ਥੋੜੀਆਂ ਪੜ੍ਹੀਆਂ-ਲਿਖੀਆਂ ਔਰਤਾਂ ਮਿਲਣਗੀਆਂ।
ਮੂਲ ਰੂਪ ਵਿੱਚ ਅਸੀਂ ਉਹ ਆਜੜੀ ਭਾਈਚਾਰੇ ਸਾਂ ਜੋ ਚਾਰਨ, ਭਰਵਾੜ, ਅਹੀਰਾਂ ਵਰਗੇ ਹੋਰ ਭਾਈਚਾਰਿਆਂ ਦੇ ਨਾਲ ਭੇਡਾਂ ਦੇ ਪਾਲਣ ਵਿੱਚ ਲੱਗੇ ਹੋਏ ਸਾਂ। ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਹੁਣ ਆਪਣੇ ਰਵਾਇਤੀ ਕਿੱਤਿਆਂ ਨੂੰ ਛੱਡ ਦਿੱਤਾ ਹੈ ਅਤੇ ਵੱਡੀਆਂ ਕੰਪਨੀਆਂ ਜਾਂ ਖੇਤਾਂ ਵਿੱਚ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਇੱਥੋਂ ਦੀਆਂ ਔਰਤਾਂ ਫੈਕਟਰੀਆਂ ਅਤੇ ਖੇਤਾਂ ਵਿੱਚ ਬਤੌਰ ਮਜ਼ਦੂਰ ਕੰਮ ਕਰਦੀਆਂ ਹਨ। ਸਮਾਜ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੇ ਕੰਮ ਨੂੰ ਸਵੀਕਾਰ ਕਰਦਾ ਹੈ, ਪਰ ਜੋ ਇਕੱਲਿਆਂ ਕੰਮ ਕਰਦੀਆਂ ਹਨ, ਜਿਵੇਂ ਮੈਂ, ਉਨ੍ਹਾਂ ਨੂੰ ਸਮਾਜਿਕ ਪ੍ਰਵਾਨਗੀ ਮਿਲਣੀ ਔਖੀ ਹੁੰਦੀ ਹੈ।
ਜਦੋਂ ਕਵਿਤਰੀ ਆਪਣੀ ਕਵਿਤਾ ਲਿਖਣ ਬੈਠਦੀ ਹੈ ਤਾਂ ਇੱਕ ਜੋੜੇ (ਪ੍ਰੇਮੀ) ਦੀ ਕਲਪਨਾਮਈ ਵਾਰਤਾਲਾਪ ਉਹਦੇ ਜ਼ਿਹਨ ਵਿੱਚ ਗੂੰਜਣ ਲੱਗਦੀ ਹੈ:
ਭਰਤ : ਸੁਣ, ਤੇਰੀ ਨੌਕਰੀ ਜਾਂ ਕਰੀਅਰ ਅੱਡ ਚੀਜ਼ ਹੈ, ਪਰ ਮੇਰੇ ਮਾਪੇ... ਉਨ੍ਹਾਂ ਦੀ ਲਾਜ਼ਮੀ ਹੀ ਸੇਵਾ ਹੋਣੀ ਚਾਹੀਦੀ ਹੈ। ਤੈਨੂੰ ਪਤਾ ਨਹੀਂ ਕਿ ਮੈਨੂੰ ਅੱਜ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਉਨ੍ਹਾਂ ਮੇਰੀ ਕਿੰਨੀ ਮਦਦ ਕੀਤੀ ਤੇ ਕਿੰਨਾ ਦੁੱਖ ਝੱਲਿਐ।
ਜਸਮਿਤਾ : ਓ ਹਾਂ, ਮੈਨੂੰ ਕਿਵੇਂ ਪਤਾ ਹੋਵੇਗਾ ਭਲਾਂ। ਮੇਰੇ ਮਾਪਿਆਂ ਨੇ ਤਾਂ ਮੈਨੂੰ ਕਿਤੋਂ ਚੁੱਕਿਆ ਸੀ ਉਦੋਂ ਜਦੋਂ ਮੈਂ ਪੂਰੀ-ਸੂਰੀ ਪਲ਼ ਗਈ ਸਾਂ ਤੇ ਘੜ੍ਹੀ ਗਈ ਸਾਂ।
ਭਰਤ : ਮੈਨੂੰ ਤਾਅਨੇ ਕਿਉਂ ਮਾਰਦੀ ਏਂ? ਮੈਂ ਸਿਰਫ ਇੰਨਾ ਹੀ ਕਹਿ ਰਿਹਾਂ ਕਿ ਕਮਾਈ ਕਰਨ ਨੂੰ ਮੈਂ ਹੈਗਾਂ। ਮੈਂ ਚਾਹੁੰਨਾ ਕਿ ਤੂੰ ਘਰ ਸੰਭਾਲੇਂ ਅਤੇ ਆਰਾਮਦਾਇਕ ਜ਼ਿੰਦਗੀ ਦਾ ਆਨੰਦ ਮਾਣੇ। ਤੂੰ ਹੋਰ ਕੀ ਚਾਹੁੰਨੀ ਏਂ?
ਜਸਮਿਤਾ : ਬਿਲਕੁਲ, ਮੈਂ ਹੋਰ ਕੀ ਚਾਹਾਂਗੀ। ਮੈਂ - ਇੱਕ ਨਿਰਜੀਵ ਵਸਤੂ। ਕਿਸੇ ਵਸਤੂ ਦੀਆਂ ਇੱਛਾਂਵਾਂ ਕਿਵੇਂ ਹੋ ਸਕਦੀਆਂ ਨੇ? ਮੈਂ ਘਰ ਦੇ ਕੰਮ ਕਰਾਂ ਅਤੇ ਆਨੰਦ ਲਵਾਂ, ਮਹੀਨੇ ਦੇ ਅਖੀਰ ਵਿੱਚ ਤੁਹਾਡੇ ਸਾਹਮਣੇ ਹੱਥ ਅੱਡਾਂ ਅਤੇ ਤੁਹਾਡੇ ਤੋਂ ਪੈਸੇ ਮੰਗਾਂ ਅਤੇ ਜੇ ਤੁਸੀਂ ਗੁੱਸੇ ਹੋ ਜਾਵੋਂ ਤਾਂ ਮੈਂ ਉਹ ਵੀ ਝੱਲ ਲਵਾਂ। ਕਿਉਂਕਿ ਤੁਸੀਂ ਕੰਮ ਕਰ ਰਹੇ ਹੋਵੋਂਗੇ ਅਤੇ ਮੈਂ ਬੱਸ ਘਰੇ ਬੈਠੀ ਹੋਵਾਂਗੀ।
ਭਰਤ : ਤੂੰ ਬੇਵਕੂਫ਼ ਏਂ। ਤੂੰ ਇਸ ਪਰਿਵਾਰ ਦੀ ਇੱਜ਼ਤ ਏਂ। ਮੈਂ ਤੈਨੂੰ ਘਰੋਂ ਬਾਹਰ ਮਸ਼ੱਕਤ ਕਰਨ ਨਹੀਂ ਦੇ ਸਕਦਾ।
ਜਸਮਿਤਾ : ਹਾਂ, ਹਾਂ, ਤੁਸੀਂ ਸਹੀ ਹੋ। ਮੈਂ ਭੁੱਲ ਗਈ ਸਾਂ ਕਿ ਤੁਹਾਡੇ ਲਈ ਉਹ ਸਾਰੀਆਂ ਔਰਤਾਂ ਜੋ ਬਾਹਰ ਕੰਮ ਕਰਦੀਆਂ ਨੇ, ਬੇਸ਼ਰਮ, ਚਰਿੱਤਰਹੀਣ ਨੇ।
ਇਹ ਹਕੀਕਤ ਹੈ। ਹਰ ਕੋਈ ਸਾਨੂੰ ਸਾਡੇ ਫਰਜ਼ ਯਾਦ ਦਿਵਾਉਣ ਲਈ ਤਿਆਰ ਹੈ। ਉਹ ਉਸਨੂੰ ਇਹ ਦੱਸਣ ਲਈ ਉਤਾਵਲੇ ਹਨ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਪਰ ਉਹਨੂੰ ਕੀ ਚਾਹੀਦਾ ਹੈ ਕੋਈ ਨਹੀਂ ਪੁੱਛਦਾ…
ਹੱਕ
ਮੈਂ ਗੁਆ ਲਈ ਐ ਉਹ ਕਾਪੀ
ਜੀਹਦੇ ’ਤੇ ਲਿਖੇ ਸੀ ਮੈਂ ਹੱਕ ਆਪਣੇ।
ਮੇਰੇ ਫ਼ਰਜ਼ ਨੇ ਭਟਕਦੇ ਫਿਰਦੇ
ਮੇਰੀਆਂ ਅੱਖਾਂ ਸਾਹਵੇਂ।
ਗੁਆਚ ਗਏ ਨੇ ਹੱਕ ਮੇਰੇ, ਭਾਲ਼ੋ
ਜ਼ਰਾ।
ਮੈਂ ਹਾਂ ਇਮਾਨਦਾਰ ਆਪਣੇ ਫ਼ਰਜ਼ ਪ੍ਰਤੀ
ਮੈਨੂੰ ਆਪਣੇ ਹੱਕਾਂ ਦਾ ਵੀ ਦਾਅਵਾ ਕਰਨ ਦਿਓ
ਤੂੰ ਇਹ ਕਰ, ਇਹਨੂੰ ਏਦਾਂ ਕਰ
ਕਦੇ-ਕਦੇ ਇਹ ਵੀ ਤਾਂ ਪੁੱਛੋ
ਮੈਂ ਕੀ ਚਾਹੁੰਦੀ ਹਾਂ।
ਤੂੰ ਇਹ ਨਹੀਂ ਕਰ ਸਕਦੀ।
ਤੈਨੂੰ ਆਹ ਨਹੀਂ ਕਰਨਾ ਚਾਹੀਦਾ।
ਕਦੇ-ਕਦੇ ਇਹ ਵੀ ਤਾਂ ਆਖੋ ਕਿ
ਤੂੰ ਕਰ ਸਕਦੀ ਏਂ ਜੋ ਤੂੰ ਚਾਹੇਂ।
ਮੇਰੀ ਸਮਝ ਬੇਅੰਤ ਹੈ।
ਮੇਰੀ ਲੋਚਾ ਸਦੀਵੀ।
ਪਰ ਕਦੇ-ਕਦੇ ਸੰਜੋਵੋ
ਮੇਰੇ ਸੁਫ਼ਨੇ ਆਪਣੀਆਂ ਤਲ਼ੀਆਂ ਵਿੱਚ।
ਮੈਂ ਜਾਣਦੀ ਹਾਂ ਇਸ ਚਾਰਦਿਵਾਰੀ ਨੂੰ
ਤੁਹਾਡੇ ਨਾਲੋਂ ਬਿਹਤਰ।
ਕਦੇ ਕਦੇ ਤਾਂ ਮੈਨੂੰ ਉੱਡਣ ਦਿਓ
ਡੂੰਘੇ ਨੀਲੇ, ਅਸਮਾਨੀਂ।
ਚਿਰਾਂ ਤੋਂ ਔਰਤਾਂ ਨੇ ਦੱਬੀਆਂ-ਘੁੱਟੀਆਂ।
ਘੱਟੋ-ਘੱਟ ਮੈਨੂੰ ਖੁੱਲ੍ਹ ਕੇ ਸਾਹ ਹੀ ਲੈ ਲੈਣ ਦਿਓ।
ਨਹੀਂ...
ਪਹਿਨਣ ਜਾਂ ਘੁੰਮਣ-ਫਿਰਨ
ਦੀ ਅਜਾਦੀ ਤਾਂ ਨਹੀਂ।
ਘੱਟੋਘੱਟ ਇਹ ਵੀ ਪੁੱਛੋ
ਕੀ ਹੈ ਜੋ ਮੈਂ ਚਾਹਾਂ ਜਿੰਦਗੀ ਤੋਂ।
ਤਰਜਮਾ : ਅਰਸ਼