ਨਰਾਇਣ ਗਾਇਕਵਾੜ ਦੀ ਟੁੱਟੀ ਬਾਂਹ ਵਿੱਚ ਬੱਝੀ ਪੱਟੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਉਨ੍ਹਾਂ ਨੂੰ ਇਹਨੂੰ ਲਾਹ ਸੁੱਟਿਆ, ਆਪਣੀ ਟੋਪੀ ਠੀਕ ਕੀਤੀ ਅਤੇ ਆਪਣੀ ਨੀਲੀ ਡਾਇਰੀ ਅਤੇ ਪੈੱਨ ਖੋਜਣ ਲੱਗੇ। ਉਹ ਕਾਹਲੀ ਵਿੱਚ ਸਨ।
" ਮਾਝਾ ਨਾਵ ਨਰਾਇਣ ਗਾਇਕਵਾੜ। ਮੀ ਕੋਲ੍ਹਾਪੁਰਤਨ ਆਲੋਯ। ਤੁਮਹੀ ਕੁਠੂਨ ਆਲੇ ? (ਮੇਰਾ ਨਾਂਅ ਨਰਾਇਣ ਗਾਇਕਵਾੜ ਹੈ। ਮੈਂ ਕੋਲ੍ਹਾਪੁਰ ਤੋਂ ਆਇਆ ਹਾਂ। ਤੁਸੀਂ ਕਿੱਥੋਂ ਆਏ ਹੋ?), " ਕੋਲ੍ਹਾਪੁਰ ਦੇ ਜੰਭਾਲੀ ਪਿੰਡ ਦੇ 73 ਸਾਲਾ ਕਿਸਾਨ ਨੇ ਪੁੱਛਿਆ।
ਉਨ੍ਹਾਂ ਨੇ ਅਹਿਮਦਨਗਰ ਜਿਲ੍ਹੇ ਦੇ ਆਦਿਵਾਸੀ ਕਾਸ਼ਤਕਾਰਾਂ ਦੇ ਇੱਕ ਸਮੂਹ ਦੇ ਸਾਹਮਣੇ ਆਪਣਾ ਸਵਾਲ ਰੱਖਿਆ, ਜੋ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਧੁੱਪ ਤੋਂ ਬਚਣ ਲਈ ਇੱਕ ਤੰਬੂ ਵਿੱਚ ਬੈਠੇ ਹੋਏ ਸਨ। ਉਹ ਸਾਰੇ ਮਹਾਰਾਸ਼ਟਰ ਦੇ 21 ਜਿਲ੍ਹਿਆਂ ਦੇ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਸਨ, ਜੋ ਨਵੇਂ ਖੇਤੀ ਕਨੂੰਨਾਂ ਦੇ ਬਰਖਿਲਾਫ਼ ਪ੍ਰਦਰਸ਼ਨ ਕਰਨ ਲਈ 24-26 ਜਨਵਰੀ ਨੂੰ ਇਕੱਠੇ ਹੋਏ ਸਨ। ਨਰਾਇਣ ਆਪਣੀ ਜਖ਼ਮੀ ਬਾਂਹ ਨਾਲ਼ ਕਰੀਬ 400 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ, ਸ਼ਿਰੋਲ ਤਾਲੁਕਾ ਦੇ ਆਪਣੇ ਪਿੰਡ ਤੋਂ ਆਏ ਸਨ, ਜਿੱਥੇ ਉਨ੍ਹਾਂ ਕੋਲ਼ ਤਿੰਨ ਏਕੜ ਜ਼ਮੀਨ ਹੈ।
ਆਪਣੀ ਪਛਾਣ ਦੇਣ ਤੋਂ ਬਾਅਦ, ਨਰਾਇਣ ਨੇ ਉਨ੍ਹਾਂ ਸਮੱਸਿਆਵਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦਾ ਸਾਹਮਣਾ ਉਹ ਅਤੇ ਹੋਰ ਲੋਕ ਆਪਣੇ ਪਿੰਡ ਵਿੱਚ ਕਰਦੇ ਹਨ। "ਮੈਂ ਇੱਕ ਕਿਸਾਨ ਹਾਂ, ਇਸੇ ਲਈ ਖੁਦ ਨੂੰ ਇਨ੍ਹਾਂ ਮੁੱਦਿਆਂ ਨਾਲ਼ ਜੋੜ ਸਕਦਾ ਹਾਂ," ਉਨ੍ਹਾਂ ਨੇ 25 ਜਨਵਰੀ ਨੂੰ ਸਾਡੀ ਹੋਈ ਮੁਲਾਕਾਤ ਵਿੱਚ ਮੈਨੂੰ ਦੱਸਿਆ। ਉਹ ਆਪਣੀ ਟੁੱਟੀ ਹੋਈ ਸੱਜੀ ਬਾਂਹ ਨਾਲ਼ ਨੋਟਸ ਲਿਖ ਰਹੇ ਸਨ। ਤੁਰਨ-ਫਿਰਨ ਨਾਲ਼ ਉਨ੍ਹਾਂ ਨੂੰ ਦਰਦ ਹੋ ਰਿਹਾ ਸੀ, ਪਰ ਉਨ੍ਹਾਂ ਨੇ ਕਿਹਾ,"ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਸਮਝਣਾ ਲਾਜ਼ਮੀ ਹੈ, ਇਸਲਈ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹਾਂ।"
ਬਾਅਦ ਵਿੱਚ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਜ਼ਾਦ ਮੈਦਾਨ ਵਿੱਚ ਉਨ੍ਹਾਂ ਨੇ 10 ਜਿਲ੍ਹਿਆਂ ਦੇ 20 ਤੋਂ ਵੱਧ ਕਿਸਾਨਾਂ ਨਾਲ਼ ਗੱਲ ਕੀਤੀ ਸੀ।
ਨਰਾਇਣ ਦਾ ਹੱਥ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਖ਼ਮੀ ਹੋ ਗਿਆ ਸੀ, ਜਦੋਂ ਆਪਣੇ ਖੇਤ ਵਿੱਚ ਕੰਮ ਕਦੇ ਸਮੇਂ ਨਾਰੀਅਲ ਦੀ ਇੱਕ ਟਹਿਣੀ ਉਨ੍ਹਾਂ ਦੇ ਉੱਪਰ ਆਣ ਡਿੱਗੀ। ਉਹ ਕਮਾਦ ਅਤੇ ਜਵਾਰ ਦੀ ਕਾਸ਼ਤ ਕਰਦੇ ਹਨ। ਉਹ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਗੈਰ ਸਬਜੀਆਂ ਵੀ ਉਗਾਉਂਦੇ ਹਨ। ਪਹਿਲਾਂ ਤਾਂ ਉਨ੍ਹਾਂ ਨੇ ਆਪਣੀ ਸੱਟ ਦੀ ਅਣਦੇਖੀ ਕੀਤੀ, ਪਰ ਜਦੋਂ ਇੱਕ ਹਫ਼ਤੇ ਬਾਦ ਵੀ ਪੀੜ੍ਹ ਘੱਟ ਨਾ ਹੋਈ, ਤਾਂ ਉਹ ਜੰਭਾਲੀ ਦੇ ਇੱਕ ਨਿੱਜੀ ਡਾਕਟਰ ਦੇ ਕੋਲ਼ ਗਏ। "ਡਾਕਟਰ ਨੇ ਇਹਦੀ ਜਾਂਚ ਕੀਤੀ ਅਤੇ ਕਿਹਾ ਕਿ ਮੋਚ ਆ ਗਈ ਹੈ। ਉਨ੍ਹਾਂ ਨੇ ਮੈਨੂੰ ਪੱਟੀ ਬੰਨ੍ਹਣ ਲਈ ਕਿਹਾ," ਉਨ੍ਹਾਂ ਨੇ ਦੱਸਿਆ।
ਪੀੜ੍ਹ ਘੱਟ ਨਾ ਹੋਈ, ਇਸੇ ਲਈ ਨਰਾਇਣ ਸੱਤ ਦਿਨਾਂ ਬਾਅਦ ਕਰੀਬ 12 ਕਿਲੋਮੀਟਰ ਦੂਰ, ਸ਼ਿਰੋਲ ਦੇ ਮੁੱਢਲੇ ਸਹਾਇਤਾ ਕੇਂਦਰ (ਪੀਐੱਚਸੀ) ਗਏ। ਉੱਥੇ, ਉਨ੍ਹਾਂ ਨੇ ਐਕਸ-ਰੇ ਕਰਵਾਇਆ। "ਡਾਕਟਰ ਨੇ ਮੈਨੂੰ ਕਿਹਾ, 'ਤੁਸੀਂ ਕਿਹੋ-ਜਿਹੇ ਵਿਅਕਤੀ ਹੋ? ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਤੁਹਾਡੀ ਬਾਂਹ ਟੁੱਟੀ ਹੋਈ ਹੈ ਅਤੇ ਤੁਸੀਂ ਲਾਪਰਵਾਹ ਹੋ ਕੇ ਘੁੰਮ ਰਹੇ ਹੋ'," ਨਰਾਇਣ ਨੇ ਮੈਨੂੰ ਦੱਸਿਆ। ਪੀਐੱਚਸੀ ਵਿੱਚ ਪਲਸਤਰ ਲਾਉਣ ਦੀ ਸਮੱਗਰੀ ਨਹੀਂ ਸੀ, ਇਸਲਈ ਡਾਕਟਰ ਨੇ ਉਨ੍ਹਾਂ ਨੂੰ ਸ਼ਿਰੋਲ ਤੋਂ 15 ਕਿਲੋਮੀਟਰ ਦੂਰ, ਸਾਂਗਲੀ ਦੇ ਸਿਵਿਲ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ, ਜਿੱਥੇ ਉਸੇ ਸ਼ਾਮ ਨੂੰ ਨਰਾਇਣ ਦੀ ਬਾਂਹ 'ਤੇ ਪਲਸਤਰ ਕੀਤਾ ਗਿਆ।
ਜਦੋਂ ਉਹ 24 ਜਨਵਰੀ ਨੂੰ ਅਜ਼ਾਦ ਮੈਦਾਨ ਲਈ ਘਰੋਂ ਨਿਕਲ਼ ਰਹੇ ਸਨ, ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਜਜ਼ਬੇ ਵਿੱਚ ਕੋਈ ਘਾਟ ਨਾ ਆਈ। "ਮੈਂ ਉਨ੍ਹਾਂ ਨੂੰ ਕਿਹਾ, ਜੇਕਰ ਤੁਸੀਂ ਮੈਨੂੰ ਰੋਕਦੇ ਹੋ, ਤਾਂ ਮੈਂ ਨਾ ਸਿਰਫ਼ ਮੁੰਬਈ ਜਾਊਂਗਾ, ਸਗੋਂ ਉੱਥੋਂ ਕਦੇ ਵਾਪਸ ਵੀ ਨਹੀਂ ਆਉਂਗਾ।" ਉਨ੍ਹਾਂ ਆਪਣੀ ਬਾਂਹ ਨੂੰ ਟਿਕਾਈ ਰੱਖਣ ਲਈ ਗਲ਼ ਦੁਆਲੇ ਪੱਟੀ ਲਮਕਾ ਕੇ ਯਾਤਰਾ ਕੀਤੀ।
ਉਨ੍ਹਾਂ ਦੀ 66 ਸਾਲਾ ਪਤਨੀ, ਕੁਸੁਮ, ਜੋ ਉਨ੍ਹਾਂ ਦੇ ਨਾਲ਼ ਆਪਣੀ ਜ਼ਮੀਨ 'ਤੇ ਖੇਤੀ ਕਰਦੀ ਹਨ, ਨੇ ਨਰਾਇਣ ਦੀ ਯਾਤਰਾ ਲਈ 13 ਭਾਖਰੀਆਂ (ਰੋਟੀਆਂ) ਅਤੇ ਲਾਲ ਚਟਣੀ (ਲਾਲ ਮਿਰਚ ਨਾਲ਼ ਬਣੀ) ਅਤੇ ਉਨ੍ਹਾਂ ਦੇ ਪੱਲੇ ਖੰਡ ਅਤੇ ਘਿਓ ਵੀ ਬੰਨ੍ਹ ਦਿੱਤਾ ਸੀ। ਉਹ ਜਾਣਦੀ ਸਨ ਕਿ ਉਹ ਇਸ ਵਿੱਚੋਂ ਅੱਧਾ ਵੀ ਨਹੀਂ ਖਾਣਗੇ। "ਉਹ ਹਮੇਸ਼ਾ ਆਪਣਾ ਭੋਜਨ ਪ੍ਰਦਰਸ਼ਨਕਾਰੀਆਂ ਨੂੰ ਵੰਡ ਦਿੰਦੇ ਹਨ," ਉਨ੍ਹਾਂ ਨੇ ਮੈਨੂੰ ਦੱਸਿਆ ਜਦੋਂ ਮੈਂ ਮੁੰਬਈ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜੰਭਾਲੀ ਦਾ ਦੌਰਾ ਕੀਤਾ ਸੀ। ਦੋ ਦਿਨਾਂ ਵਿੱਚ, ਉਨ੍ਹਾਂ ਨੇ ਸਿਰਫ਼ ਦੋ ਭਾਖਰੀਆਂ ਖਾਂਦੀਆਂ ਅਤੇ ਬਾਕੀ ਚਾਰ ਆਦਿਵਾਸੀ ਔਰਤ ਕਿਸਾਨਾਂ ਨੂੰ ਦੇ ਦਿੱਤੀਆਂ। "ਅਸੀਂ ਬੁਰਜੂਆ ਨਹੀਂ ਹਾਂ। ਕਿਸਾਨਾਂ ਨੇ ਦੂਰ-ਦੁਰੇਡੇ ਦੇ ਕਈ ਪਿੰਡਾਂ ਤੋਂ ਮਾਰਚ ਕੀਤਾ ਹੈ ਅਤੇ ਮੈਂ ਘੱਟੋ-ਘੱਟ ਭੋਜਨ ਦੇ ਕੇ ਹੀ ਸਹੀ ਉਨ੍ਹਾਂ ਦੀ ਮਦਦ ਤਾਂ ਕਰ ਹੀ ਸਕਦਾ ਹਾਂ," ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ਼ ਐਫੀਲੀਏਟਡ ਕੁੱਲ ਭਾਰਤੀ ਕਿਸਾਨ ਸਭਾ ਦੇ ਮੈਂਬਰ, ਨਰਾਇਣ ਨੇ ਕਿਹਾ।
ਮੁੰਬਈ ਵਿੱਚ 24 ਤੋਂ 26 ਜਨਵਰੀ ਤੱਕ ਦੇ ਧਰਨੇ ਦਾ ਅਯੋਜਨ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਨੇ ਕੀਤਾ ਸੀ, ਤਾਂਕਿ ਮਹਾਂਰਾਸ਼ਟਰ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਦੇ ਨਾਲ਼ ਆਪਣੀ ਇਕਜੁੱਟਤਾ ਪ੍ਰਗਟ ਕਰ ਸਕਣ।
ਜਿਨ੍ਹਾਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਨੂੰ ਹੀ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਅਜ਼ਾਦ ਮੈਦਾਨ ਵਿੱਚ, ਇਹ ਪਹਿਲੀ ਵਾਰ ਨਹੀਂ ਸੀ ਕਿ ਨਰਾਇਣ ਹੋਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਉਨ੍ਹਾਂ ਦੇ ਨਾਲ਼ ਬੈਠੇ ਹੋਣ। "ਮੈਂ ਸਾਥੀ ਪ੍ਰਦਰਸ਼ਨਕਾਰੀਆਂ ਦੇ ਜੀਵਨ ਬਾਰੇ ਵਿਸਤਾਰ ਨਾਲ਼ ਜਾਣਨ ਲਈ ਸਦਾ ਉਨ੍ਹਾਂ ਨਾਲ਼ ਗੱਲ ਕਰਦਾ ਹਾਂ," ਉਨ੍ਹਾਂ ਨੇ ਕਿਹਾ। ਇਨ੍ਹਾਂ ਸਾਲਾਂ ਵਿੱਚ, ਉਨ੍ਹਾਂ ਨੇ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਬੈਠਕਾਂ ਵਿੱਚ ਸੈਂਕੜੇ ਕਿਸਾਨਾਂ ਨਾਲ਼ ਮੁਲਾਕਾਤ ਕੀਤੀ ਹੈ, ਜਿਨ੍ਹਾਂ ਵਿੱਚੋਂ ਕਈ ਉਨ੍ਹਾਂ ਦੇ ਦੋਸਤ ਬਣ ਗਏ ਹਨ। ਉਹ ਮਹਾਰਾਸ਼ਟਰ ਦੇ ਮੁੰਬਈ, ਨਾਗਪੁਰ, ਬੀਡ ਅਤੇ ਔਰੰਗਾਬਾਦ ਤੋਂ ਇਲਾਵਾ ਦਿੱਲੀ, ਬਿਹਾਰ ਦੇ ਸਮਸਤੀਪੁਰ, ਤੇਲੰਗਾਨਾ ਦੇ ਖੰਮਮ ਅਤੇ ਤਮਿਲਨਾਡੂ ਦੇ ਕਨਿਆਕੁਮਾਰੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕੇ ਹਨ।
ਉਹ ਦੱਸਦੇ ਹਨ ਕਿ ਸਤੰਬਰ 2020 ਵਿੱਚ ਨਵੇਂ ਕਨੂੰਨ ਪਾਸ ਹੋਣ ਤੋਂ ਬਾਅਦ, ਉਨ੍ਹਾਂ ਨੇ ਕੋਲ੍ਹਾਪੁਰ ਜਿਲ੍ਹੇ ਵਿੱਚ 10 ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਪਿਛਲੇ ਚਾਰ ਮਹੀਨਿਆਂ ਵਿੱਚ, ਨਰਾਇਣ ਨੇ ਕੋਲ੍ਹਾਪੁਰ ਦੇ ਵੱਖੋ-ਵੱਖ ਪਿੰਡਾਂ ਦੇ ਕਿਸਾਨਾਂ ਨਾਲ਼ ਗੱਲ ਕੀਤੀ, ਜਿਵੇਂ ਕਿ ਜੰਭਾਲੀ, ਨੰਦਨੀ, ਹਰੋਲੀ, ਅਰਜੁਨਵਾੜ, ਧਰਣਗੁੱਟੀ, ਸ਼ਿਰਧੋਨ ਅਤੇ ਤਕਵਾੜੇ। "ਮੈਂ ਸੈਂਕੜੇ ਕਿਸਾਨਆਂ ਨਾਲ਼ ਗੱਲ ਕੀਤੀ ਹੈ, ਪਰ ਉਨ੍ਹਾਂ ਵਿੱਚੋਂ ਕੋਈ ਵੀ ਇਸ ਕਨੂੰਨ ਦੇ ਪੱਖ ਵਿੱਚ ਨਹੀਂ ਹੈ। ਇਨ੍ਹਾਂ ਕਨੂੰਨਾਂ ਨੂੰ ਬਣਾਉਣ ਦੀ ਲੋੜ ਹੀ ਕੀ ਸੀ?" ਉਨ੍ਹਾਂ ਨੇ ਗੁੱਸੇ ਵਿੱਚ ਪੁੱਛਿਆ।
8 ਦਸੰਬਰ, 2020 ਨੂੰ, ਜਦੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਪੂਰੇ ਭਾਰਤ ਵਿੱਚ ਇੱਕ ਦਿਨ ਦਾ ਬੰਦ ਰੱਖਿਆ, ਤਾਂ ਉਹ ਸ਼ਿਰੋਲ ਤਾਲੁਕਾ ਦੇ ਕੁਰੂੰਦਵਾੜ ਸ਼ਹਿਰ ਵਿੱਚ ਸਨ। "ਸਾਨੂੰ ਰੈਲੀ ਕੱਢਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ, ਪਰ ਸ਼ਹਿਰ ਦੇ ਲੋਕਾਂ ਨੇ ਕਿਸਾਨਾਂ ਦਾ ਸਹਿਯੋਗ ਕੀਤਾ ਅਤੇ ਉਨ੍ਹਾਂ ਨੂੰ ਸਮਰਥਨ ਦਿੱਤਾ। ਨਹੀਂ ਤਾਂ ਤੁਸਾਂ ਕਦੇ ਵੀ ਕੁਰੂੰਦਵਾੜ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਦੇਖਿਆ ਹੋਣਾ-ਕਦੇ ਵੀ ਨਹੀਂ," ਉਨ੍ਹਾਂ ਨੇ ਕਿਹਾ।
ਨੇੜੇ-ਤੇੜੇ ਦੇ ਪਿੰਡਾਂ ਦੇ ਕਿਸਾਨਾਂ ਨਾਲ਼ ਮਿਲ਼ਣ ਅਤੇ ਵਿਰੋਧ ਪ੍ਰਦਸ਼ਨ ਵਿੱਚ ਸ਼ਿਰਕਤ ਕਰਨ ਲਈ, ਨਰਾਇਣ ਸਵੇਰੇ 4 ਵਜੇ ਉੱਠਦੇ ਅਤੇ 10 ਵਜੇ ਤੱਕ ਆਪਣਾ ਕੰਮ ਪੂਰਾ ਕਰ ਲੈਣ ਤੋਂ ਬਾਅਦ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡਾਂ ਵੱਲ ਨਿਕਲ਼ ਜਾਂਦੇ ਸਨ। ਉਹ ਸਾਮ ਨੂੰ 5 ਵਜੇ ਪਰਤ ਆਉਂਦੇ ਅਤੇ ਆਪਣੀਆਂ ਫ਼ਸਲਾਂ ਨੂੰ ਚੁਗਣ ਦੀ ਕੋਸ਼ਿਸ਼ ਕਰ ਰਹੇ ਪੰਛੀਆਂ ਨੂੰ ਭਜਾਉਂਦੇ ਸਨ, ਉਨ੍ਹਾਂ ਨੇ ਦੱਸਿਆ।
20 ਦਸੰਬਰ ਨੂੰ, ਉਹ ਜੰਭਾਲੀ ਤੋਂ ਕਰੀਬ 500 ਕਿਲੋਮੀਟਰ ਦੂਰ, ਨਾਸਿਕ ਗਏ ਤਾਂਕਿ ਉੱਥੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 2,000 ਕਿਸਾਨਾਂ ਦੀ ਉਸ ਮਜ਼ਬੂਤ ਟੁਕੜੀ ਵਿੱਚ ਸ਼ਾਮਲ ਹੋ ਸਕਣ, ਜੋ ਅਗਲੇ ਦਿਨ ਗੱਡੀਆਂ ਦੇ ਜੱਥੇ ਨਾਲ਼ ਦਿੱਲੀ ਵੱਲ ਨਿਕਲ਼ਣ ਵਾਲੀ ਸੀ। ਨਰਾਇਣ ਉਨ੍ਹਾਂ ਦੇ ਨਾਲ਼ ਮੱਧ ਪ੍ਰਦੇਸ਼ ਦੀ ਸਰਹੱਦ ਤੱਕ ਗਏ ਅਤੇ ਉੱਥੋਂ ਉਨ੍ਹਾਂ ਕਿਸਾਨਾਂ ਦੇ ਨਾਲ਼ ਪਰਤ ਆਏ, ਜੋ ਠੰਡ ਨੰ ਸਹਿਣ ਨਹੀਂ ਕਰ ਸਕਦੇ ਸਨ ਜਾਂ ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਮੁੜਨਾ ਸੀ। "ਦਿੱਲੀ ਵਿੱਚ ਬੈਠੇ ਕਿਸਾਨ ਪ੍ਰੇਰਣਾ ਦਾ ਵੱਡਾ ਸ੍ਰੋਤ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਇਕਜੁਟ ਕਰ ਦਿੱਤਾ ਹੈ। ਮੈਂ ਦਿੱਲੀ ਜਾਣਾ ਲੋਚਦਾ ਸਾਂ, ਪਰ ਸਰਦੀ ਅਤੇ ਪਿੱਠ ਵਿੱਚ ਸ਼ਦੀਦ ਦਰਦ ਕਰਕੇ ਨਾ ਜਾ ਸਕਿਆ," ਉਨ੍ਹਾਂ ਨੇ ਕਿਹਾ।
ਨਰਾਇਣ ਹੋਰਨਾਂ ਤਰੀਕਿਆਂ ਨਾਲ਼ ਵੀ ਵਿਰੋਧ ਕਰਦੇ ਰਹੇ ਹਨ। ਸਤੰਬਰ ਤੋਂ ਅਕਤੂਬਰ 2020 ਦਰਮਿਆਨ, ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦਿਆਂ 250 ਪੋਸਟਕਾਰਡ ਲਿਖੇ। ਉਨ੍ਹਾਂ ਨੇ ਤਿੰਨ "ਕਾਲੇ ਕਨੂੰਨਾਂ" ਨੂੰ ਰੱਦ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਸਿਫਾਰਸ਼ ਦੇ ਅਨੁਸਾਰ ਐੱਮਐੱਸਪੀ ਲਾਗੂ ਕਰਨ ਅਤੇ ਬਿਜਲੀ ਸੋਧ ਬਿੱਲ, 2020 ਨੂੰ ਵਾਪਸ ਲੈਣ ਦੀ ਮੰਗ ਕੀਤੀ। ਐੱਮਐੱਸਪੀ ਲਈ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਵਿੱਚ ਕੇਂਦਰ ਸਰਕਾਰ ਦੀ ਅਸਫ਼ਲਤਾ ਤੋਂ ਬਾਅਦ ਉਹ ਚੌਕਸ ਹਨ। "2015 ਵਿੱਚ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਸਵਾਮੀਨਾਥਨ ਅਯੋਗ ਦੀ ਰਿਪੋਰਟ ਅਨੁਸਾਰ ਐੱਮਐੱਸਪੀ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਹੁਣ ਉਹ ਕਹਿ ਰਹੇ ਹਨ ਕਿ ਇਨ੍ਹਾਂ ਕਨੂੰਨਾਂ ਨਾਲ਼ ਐੱਮਐੱਸਪੀ ਖ਼ਤਮ ਨਹੀਂ ਹੋਵੇਗੀ। ਅਸੀਂ ਉਨ੍ਹਾਂ 'ਤੇ ਭਰੋਸਾ ਕਿਵੇਂ ਕਰ ਸਕਦੇ ਹਾਂ?"
ਉਨ੍ਹਾਂ ਤੋਂ ਬਾਅਦ, ਉਨ੍ਹਾਂ ਦੀ ਤਾਲੁਕਾ ਦੇ ਵੱਖੋ-ਵੱਖ ਪਿੰਡਾਂ ਦੇ ਕਈ ਕਿਸਾਨਾਂ ਨੇ ਪ੍ਰਧਾਨਮੰਤਰੀ ਨੂੰ ਪੋਸਟਕਾਰਡ ਲਿਖਣੇ ਸ਼ੁਰੂ ਕੀਤੇ, ਉਨ੍ਹਾਂ ਨੇ ਮੈਨੂੰ ਦੱਸਾ। "ਲੋਕ ਕਹਿੰਦੇ ਹਨ ਕਿ ਕਿਸਾਨ ਇਨ੍ਹਾਂ ਕਨੂੰਨਾਂ ਨੂੰ ਸਮਝ ਨਹੀਂ ਰਹੇ ਹਨ। ਅਸੀਂ ਖੇਤਾਂ ਵਿੱਚ ਹਰ ਦਿਨ ਕੰਮ ਕਰਦੇ ਹਾਂ, ਅਸੀਂ ਕਿਵੇਂ ਨਹੀਂ ਸਮਝਾਂਗੇ?" ਉਨ੍ਹਾਂ ਨੇ ਹੈਰਾਨੀ ਨਾਲ਼ ਪੁੱਛਿਆ।
ਨਰਾਇਣ ਨਵੇਂ ਕਨੂੰਨਾਂ ਅਤੇ ਉਨ੍ਹਾਂ ਦੇ ਅਸਰਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਕਾਰਕੁੰਨਾਂ ਅਤੇ ਕਨੂੰਨੀ ਮਾਹਰਾਂ ਨਾਲ਼ ਚਰਚਾ ਵੀ ਕਰ ਰਹੇ ਹਨ। "ਇਹ ਕਨੂੰਨ ਸਾਰਿਆਂ ਲਈ ਖ਼ਤਰਨਾਕ ਹਨ। ਵਿਵਾਦ ਹੋਣ 'ਤੇ, ਅਸੀਂ ਹੁਣ ਅਦਾਲਤਾਂ ਵਿੱਚ ਵੀ ਨਹੀਂ ਜਾ ਸਕਦੇ," ਉਨ੍ਹਾਂ ਨੇ ਕਿਹਾ।
ਉਨ੍ਹਾਂ ਦਾ ਮੰਨਣਾ ਹੈ ਕਿ ਗੈਰ-ਕਿਸਾਨਾਂ ਨੂੰ ਵੀ ਇਨ੍ਹਾਂ ਕਨੂੰਨਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। " ਵਿਚਰ ਪ੍ਰਬੋਧਨ ਕੇਲਾ ਪਾਹਿਜੇ ਪੂਰਣ ਦੇਸ਼ਤ (ਪੂਰੇ ਦੇਸ਼ ਨੂੰ ਜਾਗਰੂਕ ਕਰਨਾ ਚਾਹੀਦਾ ਹੈ)। "
25 ਜਨਵਰੀ ਨੂੰ, ਜਦੋਂ ਕਿਸਾਨਾਂ ਨੇ ਅਜ਼ਾਦ ਮੈਦਾਨ ਤੋਂ ਦੱਖਣ ਮੁੰਬਈ ਸਥਿਤ ਮਹਾਰਾਸ਼ਟਰ ਦੇ ਰਾਜਪਾਲ ਦੇ ਅਵਾਸ ਵੱਲ ਮਾਰਚ ਕਰਨਾ ਸ਼ੁਰੂ ਕੀਤਾ, ਤਾਂ ਨਰਾਇਣ ਕੋਲ੍ਹਾਪੁਰ ਜਿਲ੍ਹਿਆਂ ਦੇ ਕਿਸਾਨਾਂ ਦੇ ਸਮਾਨਾਂ ਦੀ ਰਾਖੀ ਕਰਨ ਲਈ ਉੱਥੇ ਹੀ ਰੁੱਕ ਗਏ ਸਨ।
ਆਪਣੀ ਨੋਟਬੁੱਕ ਵਿੱਚ, ਉਨ੍ਹਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਦੀ ਸੂਚੀ ਤਿਆਰ ਕੀਤੀ ਸੀ: 'ਭੂ-ਮਾਲਿਕਾਨਾ, ਫ਼ਸਲ-ਬੀਮਾ, ਘੱਟੋਘੱਟ ਸਮਰਥਨ ਮੁੱਲ ਅਤੇ ਏਪੀਐੱਮਸੀ ਮੰਡੀਆਂ'। "ਖੇਤੀ ਕਨੂੰਨ ਪਹਿਲਾਂ ਏਪੀਐੱਸੀ ਨੂੰ ਤਬਾਹ ਕਰਨਗੇ, ਫਿਰ ਭਾਰਤੀ ਕਿਸਾਨਾਂ ਨੂੰ ਸੂਲੀ ਟੰਗਣਗੇ। ਇਹ ਤਿੰਨੋਂ ਕਨੂੰਨ ਸਾਨੂੰ ਸਾਰਿਆਂ ਨੂੰ ਕਾਰਪੋਰੇਟਾਂ ਲਈ ਕੰਮ ਕਰਨ ਵਾਲਾ ਮਜ਼ਦੂਰ ਬਣਾ ਦੇਣਗੇ," ਉਨ੍ਹਾਂ ਨੇ ਮੈਨੂੰ ਕਿਹਾ।
ਤਰਜਮਾ - ਕਮਲਜੀਤ ਕੌਰ