ਇਹ ਜਾਦੂ ਦੀ ਇੱਕ ਵਿਲੱਖਣ ਖੇਡ ਦੀ ਤਰ੍ਹਾਂ ਹੈ। ਡੀ. ਫ਼ਾਤਿਮਾ ਆਪਣੀ ਦੁਕਾਨ ਦੇ ਪਿਛਲੇ ਪਾਸੇ ਇੱਕ ਨੀਲਾ ਡੱਬਾ ਖੋਲ੍ਹ ਕੇ ਉਸ ਵਿੱਚੋਂ ਇੱਕ-ਇੱਕ ਕਰਕੇ ਆਪਣਾ ਖਜ਼ਾਨਾ ਬਾਹਰ ਕੱਢਦੀ ਹਨ। ਇਸ ਵਿੱਚ ਰੱਖੀਆਂ ਸਾਰੀਆਂ ਮੱਛੀਆਂ ਕਿਸੇ ਕਲਾਕ੍ਰਿਤੀ ਵਾਂਗ ਦਿਖਾਈ ਦਿੰਦੀਆਂ ਹਨ- ਵੱਡੀਆਂ ਅਤੇ ਭਾਰੀਆਂ ਮੱਛੀਆਂ ਜੋ ਕਦੇ ਥੁਥੁਕੁੜੀ ਦੇ ਨੇੜਲੇ ਡੂੰਘੇ ਸਮੁੰਦਰ ਵਿੱਚ ਤੈਰਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਹੁਨਰਮੰਦ ਹੱਥਾਂ, ਲੂਣ ਅਤੇ ਤੇਜ਼ ਧੁੱਪ ਦੀ ਮਦਦ ਨਾਲ਼ ਸੁਕਾਇਆ ਅਤੇ ਸੁਰੱਖਿਅਤ ਕੀਤਾ ਗਿਆ ਹੈ।
ਫ਼ਾਤਿਮਾ ਇੱਕ ਕੱਟ ਪਾਰਈ ਮੀਨ (ਰਾਣੀ ਮੱਛੀ) ਚੁੱਕਦੀ ਹਨ ਅਤੇ ਉਹਨੂੰ ਆਪਣੇ ਚਿਹਰੇ ਦੇ ਨੇੜੇ ਲਿਆਉਂਦੀ ਹਨ। ਮੱਛੀ ਦੀ ਲੰਬਾਈ ਉਨ੍ਹਾਂ ਦੇ ਆਪਣੇ ਕੱਦ ਤੋਂ ਅੱਧੀ ਹੈ ਅਤੇ ਉਸਦਾ ਗਲ਼ਾ ਉਨ੍ਹਾਂ ਦੇ ਹੱਥਾਂ ਜਿੰਨਾ ਚੌੜਾ ਹੈ। ਮੱਛੀ ਦੇ ਮੂੰਹ ਤੋਂ ਲੈ ਕੇ ਪੂਛ ਤੱਕ ਕੱਟੇ ਹੋਏ ਦਾ ਇੱਕ ਡੂੰਘਾ ਨਿਸ਼ਾਨ ਹੈ, ਜਿੱਥੋਂ ਉਨ੍ਹਾਂ ਨੇ ਲੂਣ ਭਰਨ ਤੋਂ ਪਹਿਲਾਂ ਇੱਕ ਤਿੱਖੇ ਚਾਕੂ ਦੀ ਮਦਦ ਨਾਲ਼ ਪੂਰੇ ਮਾਸ ਨੂੰ ਚੀਰ ਕੇ ਅੰਦਰਲੀਆਂ ਸਾਰੀਆਂ ਆਂਦਰਾਂ ਅਤੇ ਹੋਰ ਅੰਦਰੂਨੀ ਅੰਗਾਂ ਨੂੰ ਬਾਹਰ ਕੱਢ ਦਿੱਤਾ ਹੈ। ਲੂਣ ਨਾਲ਼ ਭਰੇ ਕੱਟ ਪਾਰਈ ਨੂੰ ਇੰਨੀ ਤੇਜ਼ ਧੁੱਪ ਵਿੱਚ ਸੁਕਾਉਣ ਲਈ ਪਾ ਦਿੱਤਾ ਗਿਆ ਹੈ, ਜਿਸ ਵਿੱਚ ਕਿਸੇ ਵੀ ਚੀਜ਼ ਨੂੰ ਸੁਕਾਉਣ ਦੀ ਸ਼ਕਤੀ ਹੈ - ਚਾਹੇ ਉਹ ਮੱਛੀ ਹੋਵੇ, ਜ਼ਮੀਨ ਹੋਵੇ ਜਾਂ ਜਿਊਂਦਾ ਬੰਦਾ ਹੋਵੇ...
ਉਨ੍ਹਾਂ ਦੇ ਚਿਹਰੇ ਅਤੇ ਹੱਥਾਂ ਦੀਆਂ ਲਕੀਰਾਂ ਇਸ ਮੁਸ਼ਕਲ ਕਹਾਣੀ ਨੂੰ ਬਿਆਨ ਕਰਦੀਆਂ ਹਨ। ਪਰ ਅਚਾਨਕ ਉਹ ਇੱਕ ਵੱਖਰੀ ਕਹਾਣੀ ਸ਼ੁਰੂ ਕਰ ਦਿੰਦੀ ਹਨ। ਇਹ ਕਿਸੇ ਹੋਰ ਯੁੱਗ ਦੀ ਕਹਾਣੀ ਹੈ - ਉਸ ਯੁੱਗ ਦੀ ਜਦੋਂ ਉਨ੍ਹਾਂ ਦੀ ਆਚੀ (ਦਾਦੀ) ਮੱਛੀਆਂ ਨੂੰ ਲੂਣ ਲਾ ਕੇ ਵੇਚਦੀ ਹੁੰਦੀ ਸੀ। ਉਹ ਸ਼ਹਿਰ ਵੀ ਕੋਈ ਹੋਰ ਸੀ ਅਤੇ ਉਹ ਸੜਕਾਂ ਵੀ ਹੋਰ ਹੀ ਸਨ। ਉਸ ਸਮੇਂ ਸੜਕ ਦੇ ਨਾਲ਼ ਵਗਦੀ ਨਹਿਰ ਕੁਝ ਫੁੱਟ ਚੌੜੀ ਹੁੰਦੀ ਸੀ। ਉਸ ਨਹਿਰ ਦੇ ਬਿਲਕੁਲ ਨੇੜੇ ਉਨ੍ਹਾਂ ਦਾ ਪੁਰਾਣਾ ਘਰ ਸੀ। ਪਰ 2004 ਦੀ ਸੁਨਾਮੀ ਨੇ ਉਨ੍ਹਾਂ ਦੇ ਅਤੇ ਆਸ ਪਾਸ ਦੇ ਹੋਰ ਸਾਰੇ ਘਰਾਂ ਨੂੰ ਤਬਾਹ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੂੰ ਇੱਕ ਨਵਾਂ ਘਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇੱਕ ਸਮੱਸਿਆ ਸੀ। ਨਵਾਂ ਘਰ "ਰੋਮਭ ਦੁਰਮ [ਬਹੁਤ ਦੂਰ]" ਸੀ। ਦੂਰੀ ਨੂੰ ਦੱਸਣ ਲਈ ਉਹ ਆਪਣੇ ਮੱਥੇ ਨੂੰ ਇੱਕ ਪਾਸੇ ਝੁਕਾਉਂਦੇ ਹੋਏ ਆਪਣੀ ਬਾਂਹ ਫੈਲਾ ਲੈਂਦੀ ਹਨ। ਉਨ੍ਹਾਂ ਨੂੰ ਬੱਸ ਰਾਹੀਂ ਲਗਭਗ ਅੱਧਾ ਘੰਟਾ ਲੱਗਦਾ ਅਤੇ ਉਨ੍ਹਾਂ ਨੂੰ ਮੱਛੀ ਖ਼ਰੀਦਣ ਲਈ ਕਿਸੇ ਵੀ ਤਰ੍ਹਾਂ ਸਮੁੰਦਰੀ ਕੰਢੇ 'ਤੇ ਆਉਣਾ ਹੀ ਪੈਂਦਾ ਸੀ।
ਨੌਂ ਸਾਲ ਬਾਅਦ, ਫ਼ਾਤਿਮਾ ਅਤੇ ਉਨ੍ਹਾਂ ਦੀਆਂ ਭੈਣਾਂ ਥੁਥੁਕੁੜੀ ਕਸਬੇ ਦੇ ਬਾਹਰੀ ਇਲਾਕੇ ਤੇਰੇਸਪੁਰਮ ਵਾਪਸ ਆ ਗਈਆਂ। ਉਨ੍ਹਾਂ ਦਾ ਘਰ ਅਤੇ ਦੁਕਾਨ - ਦੋਵੇਂ ਉਸ ਨਹਿਰ ਦੇ ਨਾਲ਼ ਹਨ ਜਿਸ ਨੂੰ ਹੁਣ ਚੌੜਾ ਕੀਤਾ ਗਿਆ ਹੈ, ਜਿਸ ਦਾ ਪਾਣੀ ਹੁਣ ਬਹੁਤ ਮੱਠੀ ਤੋਰੇ ਵਗਦਾ ਹੈ। ਦੁਪਹਿਰ ਕਾਫ਼ੀ ਸਥਿਰ ਅਤੇ ਸ਼ਾਂਤ ਹੁੰਦੀ ਹਨ- ਬਿਲਕੁਲ ਇਨ੍ਹਾਂ ਸਥਿਰ ਤੇ ਸ਼ਾਂਤ ਸੁੱਕੀਆਂ ਮੱਛੀਆਂ ਵਾਂਗਰ। ਲੂਣ ਅਤੇ ਧੁੱਪ ਨਾਲ਼ ਭਿੱਜੀ ਇਨ੍ਹਾਂ ਔਰਤਾਂ ਦੀ ਜ਼ਿੰਦਗੀ ਇਨ੍ਹਾਂ ਮੱਛੀਆਂ 'ਤੇ ਹੀ ਨਿਰਭਰ ਹੁੰਦੀ ਹਨ।
ਵਿਆਹ ਤੋਂ ਪਹਿਲਾਂ 64 ਸਾਲਾ ਫ਼ਾਤਿਮਾ ਮੱਛੀ ਦੇ ਕਾਰੋਬਾਰ 'ਚ ਆਪਣੀ ਦਾਦੀ ਦੀ ਮਦਦ ਕਰਦੀ ਸੀ। ਲਗਭਗ 20 ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਕਾਰੋਬਾਰ ਵਿੱਚ ਦੋਬਾਰਾ ਵਾਪਸ ਆ ਗਈ। ਫ਼ਾਤਿਮਾ ਨੂੰ ਉਹ ਦ੍ਰਿਸ਼ ਯਾਦ ਹੈ ਜਦੋਂ ਉਹ ਸਿਰਫ਼ ਅੱਠ ਸਾਲ ਦੀ ਸੀ ਅਤੇ ਜਾਲ਼ ਤੋਂ ਕਿਨਾਰੇ ਤੱਕ ਲਿਜਾਏ ਜਾਂਦੇ ਮੱਛੀਆਂ ਦੇ ਢੇਰਾਂ ਨੂੰ ਵੇਖਦੀ ਸੀ। ਉਹ ਮੱਛੀਆਂ ਇੰਨੀਆਂ ਤਾਜ਼ੀਆਂ ਹੁੰਦੀਆਂ ਕਿ ਪਾਣੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਅੰਦਰ ਲੰਬੇ ਸਮੇਂ ਤੱਕ ਜੀਵਨ ਦਾ ਕੰਪਨ ਮੌਜੂਦ ਰਹਿੰਦਾ, ਜਿਸ ਕਾਰਨ ਉਹ ਲੰਬੇ ਸਮੇਂ ਤੱਕ ਤੜਫ਼ਦੀਆਂ ਰਹਿੰਦੀਆਂ। ਲਗਭਗ 56 ਸਾਲ ਬਾਅਦ, ਹੁਣ ਉਨ੍ਹਾਂ ਦੀ ਥਾਂ 'ਆਈਸ ਮੀਨ' ਨੇ ਲੈ ਲਈ ਹੈ, ਉਹ ਕਹਿੰਦੀ ਹਨ। ਹੁਣ ਕਿਸ਼ਤੀਆਂ ਬਰਫ਼ ਲੋਡ ਕਰਕੇ ਸਮੁੰਦਰ ਵਿੱਚ ਜਾਂਦੀਆਂ ਹਨ ਅਤੇ ਉਸੇ ਬਰਫ਼ ਵਿੱਚ ਪੈਕ ਕੀਤੀਆਂ ਮੱਛੀਆਂ ਨਾਲ਼ ਤੱਟ 'ਤੇ ਵਾਪਸ ਆਉਂਦੀਆਂ ਹਨ। ਵੱਡੀਆਂ ਮੱਛੀਆਂ ਲੱਖਾਂ ਰੁਪਏ ਵਿੱਚ ਵੇਚੀਆਂ ਜਾਂਦੀਆਂ ਹਨ। "ਉਸ ਸਮੇਂ, ਅਸੀਂ ਆਉਂਦੇ ਸੀ ਅਤੇ ਪੈਸੇ ਦਾ ਵਪਾਰ ਕਰਦੇ ਸੀ। ਸੌ ਰੁਪਏ ਇੱਕ ਵੱਡੀ ਰਕਮ ਹੁੰਦੀ ਸੀ, ਹੁਣ ਇਹ ਕਾਰੋਬਾਰ ਹਜ਼ਾਰਾਂ-ਲੱਖਾਂ ਵਿੱਚ ਹੁੰਦਾ ਹੈ।''



























