'ਕਿਸੇ ਪਤਾ ਥਾ ਐਂਮਰਜੈਂਸੀ ਭੇਸ਼ ਬਦਲਕਰ ਆਏਗੀ
ਤਾਨਾਸ਼ਾਹੀ ਨਏ ਦੌਰ ਮੇਂ ਲੋਕਤੰਤਰ ਕਹਲਾਏਗੀ'
ਅਜਿਹੇ ਸਮੇਂ ਜਦੋਂ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਅਤੇ ਅਸੰਤੁਸ਼ਟਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਜਾਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜਾਂ ਕਹਿ ਲਓ ਚੁੱਪ ਕਰਾਉਣ ਲਈ ਗ੍ਰਿਫ਼ਤਾਰੀ ਤੱਕ ਕੀਤੀ ਜਾ ਸਕਦੀ ਹੈ। ਵਿਰੋਧੀ ਸੁਰ ਦੇ ਇਸ ਗੀਤ ਦੀਆਂ ਇਹ ਲਾਈਨਾਂ ਇੱਕ ਵਾਰ ਫਿਰ ਸੱਚ ਬੋਲ ਗਈਆਂ ਜਦੋਂ ਕਿਸਾਨ ਅਤੇ ਖੇਤ ਮਜ਼ਦੂਰ- ਕਿਸਾਨ ਤੇ ਕਿਰਤੀ-ਲਾਲ, ਹਰੇ ਅਤੇ ਪੀਲੇ ਝੰਡੇ ਲਹਿਰਾਉਂਦੇ ਹੋਏ ਰਾਮਲੀਲਾ ਮੈਦਾਨ ਵੱਲ ਤੁਰ ਪਏ।
ਏਆਈਕੇਐੱਸ (ਆਲ ਇੰਡੀਆ ਕਿਸਾਨ ਸਭਾ), ਬੀਕੇਯੂ (ਭਾਰਤੀ ਕਿਸਾਨ ਯੂਨੀਅਨ), ਏਆਈਕੇਕੇਐੱਮਐੱਸ (ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ) ਅਤੇ ਹੋਰ ਸੰਗਠਨਾਂ ਦੇ ਕਿਸਾਨ 14 ਮਾਰਚ, 2024 ਨੂੰ ਸੰਯੁਕਤ ਕਿਸਾਨ ਮੋਰਚਾ (ਸੰਯੁਕਤ ਕਿਸਾਨ ਮੋਰਚਾ) ਦੇ ਏਕੀਕ੍ਰਿਤ ਮੰਚ ਹੇਠ ਆਯੋਜਿਤ ਕਿਸਾਨ ਮਜ਼ਦੂਰ ਮਹਾਪੰਚਾਇਤ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇਤਿਹਾਸਕ ਮੈਦਾਨ ਵਿੱਚ ਇਕੱਠੇ ਹੋਏ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਕੁਝ ਵਾਅਦੇ ਕੀਤੇ ਸਨ ਜੋ ਅੱਤ ਤੱਕ ਪੂਰੇ ਨਹੀਂ ਹੋਏ। ਹੁਣ ਉਨ੍ਹਾਂ ਨੂੰ ਉਹ ਵਾਅਦੇ ਪੂਰੇ ਕਰਨੇ ਪੈਣਗੇ। ਵਰਨਾ ਹਮ ਲੜੇਂਗੇ, ਅਤੇ ਲੜਤੇ ਰਹੇਂਗੇ (ਜੇ ਉਹ ਪੂਰਾ ਨਹੀਂ ਕਰਦੇ, ਤਾਂ ਅਸੀਂ ਲੜਾਂਗੇ ਅਤੇ ਲੜਾਈ ਜਾਰੀ ਰੱਖਾਂਗੇ," ਕਲਾਂ ਪਿੰਡ ਦੀ ਇੱਕ ਕਿਸਾਨ, ਪ੍ਰੇਮਾਮਤੀ ਪਰੀ ਨੇ ਕਿਹਾ। ਉਹ ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਦਾ ਹਵਾਲਾ ਦੇ ਰਹੀ ਸਨ।
"ਅਸੀਂ ਤਿੰਨ ਸਾਲ ਪਹਿਲਾਂ ਇੱਥੇ ਵਿਰੋਧ ਪ੍ਰਦਰਸ਼ਨ ਲਈ ਆਏ ਸੀ," ਉਨ੍ਹਾਂ ਨੇ ਕਿਹਾ। ਪ੍ਰੇਮਾਮਤੀ ਉਨ੍ਹਾਂ ਤਿੰਨ ਔਰਤਾਂ ਵਿੱਚੋਂ ਇੱਕ ਸਨ ਜੋ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਮਹਾਪੰਚਾਇਤ ਦੀ ਮੀਟਿੰਗ ਵਿੱਚ ਆਈਆਂ ਸਨ। ਉਹ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨਾਲ਼ ਜੁੜੀਆਂ ਹੋਈਆਂ ਸਨ। "ਇਹ ਸਰਕਾਰ ਵਿਕਾਸ ਕਰ ਰਹੀ ਹੈ, ਪਰ ਉਨ੍ਹਾਂ ਨੇ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ," ਉਨ੍ਹਾਂ ਗੁੱਸੇ ਵਿੱਚ ਕਿਹਾ।
ਪਾਰੀ ਨੇ ਜਿਨ੍ਹਾਂ ਔਰਤਾਂ ਨਾਲ਼ ਗੱਲ ਕੀਤੀ, ਉਹ ਸਾਰੀਆਂ ਛੋਟੇ ਕਿਸਾਨ ਸਨ ਜੋ 4-5 ਏਕੜ ਜ਼ਮੀਨ 'ਤੇ ਕੰਮ ਕਰਦੀਆਂ ਹਨ। ਭਾਰਤ ਵਿੱਚ ਮਹਿਲਾ ਕਿਸਾਨ ਅਤੇ ਖੇਤ ਮਜ਼ਦੂਰ ਖੇਤੀਬਾੜੀ ਦਾ 65 ਪ੍ਰਤੀਸ਼ਤ ਤੋਂ ਵੱਧ ਕੰਮ ਕਰਦੀਆਂ ਹਨ, ਪਰ ਜ਼ਮੀਨ ਦੀ ਮਾਲਕੀ ਵਿੱਚ ਸਿਰਫ਼ 12 ਪ੍ਰਤੀਸ਼ਤ ਔਰਤਾਂ ਦਾ ਨਾਮ ਹੀ ਬੋਲਦਾ ਹੈ।
















