ਓਡੋ ਜਾਮ ਅਤੇ ਹੋਥਲ ਪਦਮਨੀ ਦੀ ਪ੍ਰੇਮ ਕਹਾਣੀ ਅਜੇ ਵੀ ਕੱਛ ਅਤੇ ਸੌਰਾਸ਼ਟਰ ਦੇ ਖੇਤਰਾਂ ਵਿੱਚ ਬਹੁਤ ਮਸ਼ਹੂਰ ਹੈ, ਜਿੱਥੇ ਇਹ ਹੋਰ ਲੋਕ ਕਹਾਣੀਆਂ ਵਾਂਗ ਪੀੜ੍ਹੀ ਦਰ ਪੀੜ੍ਹੀ ਘੁੰਮਦੀ ਜਾ ਰਹੀ ਹੈ। ਇਸ ਕਹਾਣੀ ਦੇ ਬਹੁਤ ਸਾਰੇ ਛੋਟੇ ਅਤੇ ਵੱਡੇ ਬਦਲੇ ਹੋਏ ਵੇਰਵੇ ਹਨ, ਜੋ ਵੱਖ-ਵੱਖ ਸਮੇਂ ਅਤੇ ਭੂਗੋਲਿਕ ਖੇਤਰਾਂ ਦੇ ਦੁਆਲ਼ੇ ਘੁੰਮਦੇ ਹਨ। ਕੁਝ ਵਿੱਚ, ਉਨ੍ਹਾਂ ਦਾ ਵੰਸ਼ ਵੱਖਰਾ ਹੁੰਦਾ ਹੈ। ਕਿਤੇ ਓਡੋ ਜਾਂ ਤਾਂ ਕਬੀਲੇ ਦਾ ਇੱਕ ਬਹਾਦਰ ਨੇਤਾ ਹੁੰਦਾ ਹੈ, ਜਾਂ ਕਿਓਰ ਦਾ ਇੱਕ ਖੱਤਰੀ ਯੋਧਾ ਅਤੇ ਹੋਥਲ ਇੱਕ ਕਬੀਲੇ ਦੀ ਅਗਵਾਈ ਕਰਨ ਵਾਲ਼ੀ ਇੱਕ ਬਹਾਦਰ ਔਰਤ ਹੈ; ਇਸ ਲਈ ਕਈ ਸੰਸਕਰਣਾਂ ਵਿੱਚ ਉਹ ਇੱਕ ਸਰਾਪ ਦੇ ਕਾਰਨ ਧਰਤੀ 'ਤੇ ਰਹਿਣ ਵਾਲ਼ੀ ਸਵਰਗ ਦੀ ਸੁੰਦਰੀ ਮੰਨੀ ਜਾਂਦੀ ਹੈ।
ਭਾਬੀ ਮੀਨਾਵਤੀ ਨਾਲ਼ ਸਰੀਰਕ ਸਬੰਧ ਬਣਾਉਣ ਸੱਦੇ ਨੂੰ ਰੱਦ ਕਰਨ ਤੋਂ ਬਾਅਦ, ਓਡੋ ਜਾਮ ਨੂੰ ਇਸ ਦੇ ਨਤੀਜੇ ਵਜੋਂ ਦੇਸ਼ ਨਿਕਾਲਾ ਦਿੱਤਾ ਗਿਆ। ਫਿਰ ਉਹ ਪਿਰਾਨਾ ਪਾਟਣ ਵਿੱਚ ਆਪਣੀ ਮਾਂ ਦੇ ਰਿਸ਼ਤੇਦਾਰ ਵਿਸ਼ਾਲਦੇਵ ਨਾਲ਼ ਰਹਿੰਦਾ ਹੈ, ਜਿਸ ਦੇ ਊਠਾਂ ਨੂੰ ਸਿੰਧ ਦੇ ਨਗਰ-ਸਮੋਈ ਦੇ ਮੁਖੀ ਬੰਭਨੀਆ ਨੇ ਲੁੱਟਿਆ ਹੈ। ਓਡੋ ਨੇ ਲੁੱਟੇ ਗਏ ਊਠਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ।
ਹੋਥਲ ਪਦਮਨੀ, ਜੋ ਇੱਕ ਪਸ਼ੂ ਪਾਲਕ ਕਬੀਲੇ ਵਿੱਚ ਵੱਡੀ ਹੋਈ ਸੀ, ਦੀ ਬੰਭਾਨੀਆ ਨਾਲ਼ ਆਪਣੀ ਦੁਸ਼ਮਣੀ ਹੈ, ਜਿਸ ਨੇ ਹੋਥਲ ਦੇ ਪਿਤਾ ਦੇ ਰਾਜ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਪਸ਼ੂ ਵੀ ਚੋਰੀ ਕਰ ਲਏ। ਹੋਥਲ ਨੇ ਆਪਣੇ ਮਰ ਰਹੇ ਪਿਤਾ ਨੂੰ ਬੇਇੱਜ਼ਤੀ ਦਾ ਬਦਲਾ ਲੈਣ ਦਾ ਵਾਅਦਾ ਦਿੱਤਾ। ਇਸ ਵਾਅਦੇ ਨੂੰ ਪੂਰਾ ਕਰਨ ਲਈ, ਜਦੋਂ ਹੋਥਲ, ਓਡੋ ਜਾਮ ਨੂੰ ਮਿਲ਼ਦੀ ਹੈ ਤਾਂ ਉਹਨੇ ਪੁਰਸ਼ ਯੋਧੇ ''ਹੋਥੋ'' ਦਾ ਭੇਸ ਵਟਾਇਆ ਹੁੰਦਾ ਹੈ। ਜਿਸ ਨੂੰ ਕੁਝ ਕਹਾਣੀਆਂ ਵਿੱਚ "ਹੋਥੋ" ਅਤੇ ਕੁਝ ਕਹਾਣੀਆਂ ਵਿੱਚ "ਏਕਲਮਲ" ਵਜੋਂ ਜਾਣਿਆ ਜਾਂਦਾ ਹੈ। ਓਡੋ ਜਾਮ ਉਸ ਨੂੰ ਇੱਕ ਬਹਾਦਰ ਜਵਾਨ ਸਿਪਾਹੀ ਮੰਨਦਾ ਹੈ ਅਤੇ ਉਸ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ। ਆਪਣੇ ਉਦੇਸ਼ ਨਾਲ ਜੁੜੇ ਹੋਏ, ਓਡੋ ਜਾਮ ਅਤੇ ਹੋਥਲ ਇੱਕ ਪਲ ਵਿੱਚ ਇੱਕ ਦੂਜੇ ਨਾਲ ਮਿਲ਼ ਜਾਂਦੇ ਹਨ ਅਤੇ ਇਕੱਠਿਆਂ ਬੰਭਨੀਆ ਦੇ ਆਦਮੀਆਂ ਨਾਲ਼ ਲੜਦੇ ਅਤੇ ਊਠ ਨਾਲ਼ ਵਾਪਸ ਆ ਜਾਂਦੇ ਹਨ।
ਨਗਰ-ਸਮੋਈ ਤੋਂ ਵਾਪਸ ਆ ਕੇ, ਉਹ ਵੱਖ ਹੋ ਜਾਂਦੇ ਹਨ, ਓਡੋ ਪੀਰਾਨਾ ਪਾਟਣ ਅਤੇ ਹੋਥੋ ਕਨਾਰਾ ਪਹਾੜ ਲਈ ਰਵਾਨਾ ਹੁੰਦੇ ਹਨ। ਕੁਝ ਦਿਨਾਂ ਬਾਅਦ, ਹੋਥੋ ਨੂੰ ਭੁੱਲਣ ਵਿੱਚ ਅਸਮਰੱਥ, ਓਡੋ ਜਾਮ ਆਪਣੇ ਦੋਸਤ ਦੀ ਭਾਲ਼ ਵਿੱਚ ਜਾਣ ਦਾ ਫੈਸਲਾ ਕਰਦਾ ਹੈ। ਰਸਤੇ ਵਿੱਚ ਉਹ ਝੀਲ਼ ਦੇ ਨੇੜੇ ਬਹਾਦਰ ਸਿਪਾਹੀ ਦੇ ਕੱਪੜੇ ਅਤੇ ਉਸਦੇ ਘੋੜੇ ਨੂੰ ਵੇਖਦਾ ਹੈ ਅਤੇ ਫਿਰ ਜਦੋਂ ਉਹ ਹੋਥਲ ਨੂੰ ਪਾਣੀ ਵਿੱਚ ਨਹਾਉਂਦਾ ਵੇਖਦਾ ਹੈ ਤਾਂ ਉਸਨੂੰ ਹੋਥਲ ਦੀ ਅਸਲ ਪਛਾਣ ਹੁੰਦੀ ਹੈ।
ਪਿਆਰ 'ਚ ਜ਼ਖਮੀ ਹੋਏ ਓਡੋ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ। ਹੋਥਲ ਵੀ ਆਪਣੇ ਪਿਆਰ ਨੂੰ ਕਬੂਲ ਕਰਦੀ ਹੈ, ਪਰ ਉਹ ਵਿਆਹ ਲਈ ਇੱਕ ਸ਼ਰਤ ਰੱਖਦੀ ਹੈ ਕਿ ਉਹ ਸਿਰਫ਼ ਤਾਂ ਹੀ ਓਡੋ ਨਾਲ਼ ਵਿਆਹ ਕਰੇਗੀ ਜੇ ਉਹ ਹੋਥਲ ਦੀ ਪਛਾਣ ਗੁਪਤ ਰੱਖੇਗਾ। ਉਹ ਵਿਆਹ ਕਰਵਾਉਂਦੇ ਹਨ ਅਤੇ ਉਨ੍ਹਾਂ ਦੇ ਦੋ ਬਹਾਦਰ ਮੁੰਡੇ ਪੈਦਾ ਹੁੰਦੇ ਹਨ। ਸਾਲਾਂ ਬਾਅਦ, ਦੋਸਤਾਂ ਦੀ ਸੰਗਤ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਜਾਂ (ਕਈ ਸੰਸਕਰਣਾਂ ਵਿੱਚ ਇਹੀ ਹਵਾਲਾ ਹੈ) ਜਨਤਕ ਮੀਟਿੰਗ ਵਿੱਚ, ਓਡੋ ਨੇ ਹੋਥਲ ਦੀ ਪਛਾਣ ਦਾ ਖੁਲਾਸਾ ਕੀਤਾ ਅਤੇ ਆਪਣੇ ਛੋਟੇ ਬੱਚਿਆਂ ਦੀ ਅਸਾਧਾਰਨ ਬਹਾਦਰ ਸ਼ਖਸੀਅਤ ਦੀ ਵੀ ਫੜ੍ਹ ਮਾਰੀ। ਇੰਝ ਹੋਥਲ ਓਡੋ ਨੂੰ ਛੱਡ ਗਈ।
ਇੱਥੇ ਪੇਸ਼ ਕੀਤਾ ਗਿਆ ਗੀਤ ਭਦਰੇਸਰ ਦੇ ਜੁਮਾ ਵਾਘੇਰ ਦੀ ਆਵਾਜ਼ ਵਿੱਚ ਗਾਇਆ ਗਿਆ ਹੈ, ਜੋ ਓਡੋ ਜਾਮ ਦੇ ਜੀਵਨ ਵਿੱਚ ਬਿਰਹਾ ਦੇ ਇਸ ਪਲ ਦੀ ਕਹਾਣੀ ਪੇਸ਼ ਕਰਦਾ ਹੈ। ਓਡੋ ਜਾਮ ਉਦਾਸ ਹੈ ਅਤੇ ਹੰਝੂ ਵਹਾਉਂਦਾ ਹੈ ਅਤੇ ਇਸ ਪ੍ਰੇਮੀ ਦੇ ਦੁੱਖ ਤੇ ਕਿਰਦੇ ਹੰਝੂਆਂ ਨਾਲ਼ ਹਜਾਸਰ ਦੀ ਝੀਲ ਨੱਕੋਨੱਕ ਭਰ ਜਾਂਦੀ ਹੈ। ਗੀਤ ਵਿੱਚ ਹੋਥਲ ਪਦਮਨੀ ਨੂੰ ਸ਼ਾਹੀ ਆਰਾਮ ਅਤੇ ਪ੍ਰਾਹੁਣਚਾਰੀ ਦੇ ਵਾਅਦਿਆਂ ਨਾਲ਼ ਵਾਪਸ ਆਉਣ ਲਈ ਬੇਨਤੀਆਂ ਕੀਤੀਆਂ ਗਈਆਂ ਹਨ।



