“ਕੰਮ ਦੇ 100 ਦਿਨ ਕਦੇ ਵੀ ਪੂਰੇ ਨਹੀਂ ਹੁੰਦੇ। ਇਸ ਸਾਲ ਵੀ ਸਿਰਫ਼ 50 ਦਿਨ ਹੀ ਕੰਮ ਮਿਲ਼ਿਆ,” ਆਰ. ਵਨਜਾ ਨੇ ਕਿਹਾ। ਉਹ ਬੰਗਲਾਮੇਡੂ ਬਸਤੀ ਵਿਖੇ ਵੇਲਿਕੈਥਨ ਮਾਰਮ ਰੁੱਖ ਦੀ ਵਿਰਲੀ ਛਾਵੇਂ ਕਰੀਬ 18 ਔਰਤਾਂ ਅਤੇ 2-3 ਪੁਰਸ਼ਾਂ ਦੇ ਇੱਕ ਝੁੰਡ ਦੇ ਨਾਲ਼ ਭੁੰਜੇ ਬੈਠੀ ਸਨ। ਉਹ 2019 ਵਿੱਚ ਇੱਕ ਦਸੰਬਰ ਦੇ ਸਵੇਰ ਨੂਰ ਨਲ ਵੇਲਈ (ਕੰਮ ਦੇ ਸੌ ਦਿਨ) ਜਿਵੇਂ ਕਿ ਉਹ ਤਮਿਲ ਵਿੱਚ ਮਨਰੇਗਾ ਦੇ ਕੰਮ ਨੂੰ ਕਹਿੰਦੇ ਹਨ, ‘ਤੇ ਚਰਚਾ ਕਰ ਰਹੇ ਸਨ, ਆਪਣੀ ਮਜ਼ਦੂਰੀ ਦਾ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਨਜਾ ਕਰੀਬ 20 ਸਾਲਾਂ ਦੀ ਹਨ ਅਤੇ 35 ਇਰੂਲਾ ਪਰਿਵਾਰਾਂ ਦੀ ਇਸ ਬਸਤੀ ਵਿੱਚ ਬਹੁਤੇਰੇ ਬਾਲਗ਼ਾਂ ਵਾਂਗਰ, ਦਿਹਾੜੀ ਧੱਪਾ ਹੀ ਕਰਦੀ ਹਨ।
ਤਮਿਲਨਾਡੂ ਦੇ ਥਿਰੂਵੱਲੂਰ ਜ਼ਿਲ੍ਹੇ ਦੇ ਤਿਰੂੱਤਨੀ ਬਲਾਕ ਦੀ ਚੇਰੂੱਕਨੂਰ ਪੰਚਾਇਤ ਦੇ ਇਸ ਭਾਗ ਵਿੱਚ, ਪੁਰਸ਼ ਆਮ ਤੌਰ ‘ਤੇ ਗ਼ੈਰ-ਨਰੇਗਾ ਕੰਮ ਕਰਦੇ ਹਨ। ਉਹ ਖੇਤਾਂ ਦੇ ਕੰਢੇ ਕੰਢੇ ਖਾਲ਼ ਪੁੱਟਦੇ ਹਨ, ਅੰਬ ਦੇ ਬਗ਼ੀਚਿਆਂ ਨੂੰ ਪਾਣੀ ਲਾਉਂਦੇ ਹਨ, ਨਿਰਮਾਣ-ਥਾਵਾਂ ‘ਤੇ ਦਿਹਾੜੀਆਂ ਲਾਉਂਦੇ ਹਨ, ਸਵੁੱਕੂ ਰੁੱਖਾਂ ਨੂੰ ਕੱਟਦੇ ਹਨ ਜਿਨ੍ਹਾਂ ਦੀ ਵਰਤੋਂ ਮਚਾਨ ਬਣਾਉਣ, ਕਾਗ਼ਜ਼ ਦਾ ਗੁੱਦਾ, ਬਾਲ਼ਣ ਅਤੇ ਹੋਰ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ । ਇਨ੍ਹਾਂ ਕੰਮਾਂ ਦੇ ਬਦਲੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਹੈ।
ਪਰ ਇਹ ਸਾਰੀਆਂ ਨੌਕਰੀਆਂ ਮੌਸਮੀ ਅਤੇ ਅਣਕਿਆਸੀਆਂ ਹਨ। ਮਾਨਸੂਨ ਦੌਰਾਨ, ਜਿਸ ਦਿਨ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ਼ਦਾ, ਉਸ ਦਿਨ ਤਮਿਲਨਾਡੂ ਵਿਖੇ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹ ਵਜੋਂ ਸੂਚੀਬੱਧ ਹਨ ਇਹ ਇਰੂਲਾ ਲੋਕ ਬਗ਼ੈਰ ਕਿਸੇ ਆਮਦਨੀ ਦੇ ਡੰਗ ਟਪਾਉਂਦੇ ਹਨ ਅਤੇ ਖਾਣ ਲਈ ਨੇੜਲੇ ਜੰਗਲਾਂ ਵਿੱਚ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਜਾਂ ਫ਼ਲ ਅਤੇ ਕੰਦ-ਮੂਲ਼ ਤਲਾਸ਼ਦੇ ਹਨ। (ਦੇਖੋ: Digging up buried treasures in Bangalameduਅਤੇ On a different route with rats in Bangalamedu)।
ਅਤੇ ਔਰਤਾਂ ਵਾਸਤੇ ਦਿਹਾੜੀ-ਧੱਪੇ ਵਾਲ਼ੀਆਂ ਖਿੰਡੀਆਂ-ਪੁੰਡੀਆਂ ਨੌਕਰੀਆਂ ਵੀ ਸ਼ਾਇਦ ਹੀ ਕਦੇ ਮੌਜੂਦ ਹੁੰਦੀਆਂ ਹੋਣ। ਕਦੇ-ਕਦੇ ਉਹ ਆਪਣੇ ਪਤੀਆਂ ਦੇ ਨਾਲ਼ ਨੇੜਲੇ ਇੱਟ-ਭੱਠਿਆਂ ‘ਤੇ ਕੰਮ ਕਰਦੀਆਂ ਹਨ, ਜੋ ਕੰਮ ਜਨਵਰੀ-ਫਰਵਰੀ ਵਿੱਚ ਸ਼ੁਰੂ ਹੋ ਕੇ ਮਈ-ਜੂਨ ਤੱਕ ਚੱਲਦਾ ਹੈ। ਪਰ ਇਹ ਕੰਮ ਵੀ ਨਿਰੰਤਰ ਨਹੀਂ ਚੱਲਦਾ ਹੈ ਅਤੇ ਪਤੀ-ਪਤਨੀ ਰਲ਼ ਕੇ ਵੀ ਪੂਰੇ ਇੱਕ ਸੀਜ਼ਨ ਵਿੱਚ 6,000 ਰੁਪਏ ਹੀ ਕਮਾਉਂਦੇ ਹਨ।














