ਇਹ ਕੋਲ੍ਹਾਪੁਰ ਜ਼ਿਲ੍ਹੇ ਦਾ ਰਾਜਾਰਾਮ ਸ਼ੂਗਰ ਫੈਕਟਰੀ ਖੇਤਰ ਹੈ। ਇਹ ਫਰਵਰੀ ਦੀ ਗਰਮ ਦੁਪਹਿਰ ਸੀ। ਫੈਕਟਰੀ ਦੇ ਵਿਹੜੇ ਵਿੱਚ ਸੈਂਕੜੇ ਖੋਪਯਾਸ (ਗੰਨਾ ਮਜ਼ਦੂਰਾਂ ਦੀਆਂ ਕੱਚੀਆਂ ਝੌਂਪੜੀਆਂ) ਲਗਭਗ ਖਾਲੀ ਪਈਆਂ ਹਨ। ਪ੍ਰਵਾਸੀ ਮਜ਼ਦੂਰ ਇੱਥੋਂ ਇੱਕ ਘੰਟੇ ਦੀ ਦੂਰੀ 'ਤੇ ਵਡਨਾਗੇ ਪਿੰਡ ਨੇੜੇ ਗੰਨਾ ਕੱਟ ਰਹੇ ਸਨ।
ਝੌਂਪੜੀ ਦੇ ਅੰਦਰੋਂ ਆ ਰਹੀ ਭਾਂਡਿਆਂ ਦੀ ਆਵਾਜ਼ ਨੇ ਸੰਕੇਤ ਦਿੱਤਾ ਕਿ ਕੋਈ ਘਰ ਦੇ ਅੰਦਰ ਮੌਜੂਦ ਸੀ। ਅਵਾਜ਼ ਦਾ ਪਿੱਛਾ ਕਰਨ 'ਤੇ ਇੱਕ 12 ਸਾਲਾ ਲੜਕੀ ਸਵਾਤੀ ਮਹਾਰਨੋਰ ਨਾਲ਼ ਮੁਲਾਕਾਤ ਹੋਈ। ਉਹ ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਨ ਵਿੱਚ ਰੁੱਝੀ ਹੋਈ ਸੀ। ਉਹਦੇ ਪੀਲ਼ੇ ਪਏ ਚਿਹਰੇ ਤੋਂ ਥਕਾਨ ਝਲਕ ਰਹੀ ਸੀ। ਉਹ ਆਪਣੇ ਪਰਿਵਾਰ ਦੀ ਝੌਂਪੜੀ ਵਿੱਚ ਬੈਠੀ ਹੋਈ ਸੀ ਤੇ ਉਹਦੇ ਚੁਫ਼ੇਰੇ ਭਾਂਡੇ ਹੀ ਭਾਂਡੇ ਖਿੰਡੇ ਪਏ ਸਨ।
ਉਹਨੇ ਉਬਾਸੀ ਲੈਂਦਿਆਂ ਕਿਹਾ,"ਮੈਂ ਤੜਕੇ 3 ਵਜੇ ਦੀ ਉੱਠੀ ਹੋਈ ਹਾਂ।''
ਛੋਟੀ ਬੱਚੀ ਸਵੇਰੇ ਜਲਦੀ ਉੱਠੀ ਅਤੇ ਆਪਣੇ ਦਾਦੇ ਅਤੇ ਵੱਡੇ ਭਰਾ ਨਾਲ਼ ਬੈਲਗੱਡੀ ਵਿੱਚ ਗੰਨੇ ਦੇ ਖੇਤ ਵਿੱਚ ਚਲੀ ਗਈ। ਉਹ ਆਪਣੇ ਪਰਿਵਾਰ ਦੀ ਮਦਦ ਕਰਨ ਗਈ ਸੀ, ਜੋ ਮਹਾਰਾਸ਼ਟਰ ਦੇ ਬਾਵਦਾ ਤਾਲੁਕਾ ਵਿੱਚ ਗੰਨਾ ਕੱਟਣ ਦਾ ਕੰਮ ਕਰਦਾ ਸੀ। ਉਸ ਦੇ ਪੰਜ ਮੈਂਬਰੀ ਪਰਿਵਾਰ ਨੂੰ ਪ੍ਰਤੀ ਦਿਨ ਗੰਨੇ ਦੀ 25 ਮੋਲੀ (ਬੰਡਲ) ਕੱਟਣ ਦਾ ਟੀਚਾ ਦਿੱਤਾ ਗਿਆ ਹੈ ਅਤੇ ਛੋਟੀ ਬੱਚੀ ਨੂੰ ਵੀ ਇਸ ਟੀਚੇ ਤੱਕ ਪਹੁੰਚਣ ਲਈ ਪਰਿਵਾਰ ਦਾ ਹੱਥ ਵਟਾਉਣਾ ਹੀ ਪੈਣਾ ਹੈ। ਉਨ੍ਹਾਂ ਨੇ ਦੁਪਹਿਰ ਦੇ ਖਾਣੇ ਲਈ ਪਿਛਲੇ ਰਾਤ ਪੱਕੀ ਭਾਖਰੀ ਤੇ ਬੈਂਗਣ ਦੀ ਸਬਜ਼ੀ ਪੱਲੇ ਬੰਨ੍ਹੀ ਹੈ।
ਉਨ੍ਹਾਂ ਵਿੱਚੋਂ ਸਿਰਫ਼ ਸਵਾਤੀ ਹੀ ਇਕੱਲੀ ਸੀ ਜੋ ਦੁਪਹਿਰ 1 ਵਜੇ ਦੇ ਕਰੀਬ ਫੈਕਟਰੀ ਦੇ ਅਹਾਤੇ ਵਿਖੇ ਸਥਿਤ ਆਪਣੇ ਘਰ ਵਾਪਸ ਗਈ। "ਬਾਬਾ ਜੀ (ਦਾਦਾ ਜੀ) ਮੈਨੂੰ ਘਰ ਛੱਡ ਕੇ ਚਲੇ ਗਏ. ਉਹ 15 ਘੰਟਿਆਂ ਲਈ ਗੰਨੇ ਦੀ ਕਟਾਈ ਤੋਂ ਬਾਅਦ ਥੱਕੇ ਹਾਰੇ ਅਤੇ ਭੁੱਖੇ ਪਰਿਵਾਰ ਦੇ ਬਾਕੀ ਲੋਕਾਂ ਲਈ ਖਾਣਾ ਤਿਆਰ ਕਰਨ ਲਈ ਬਾਕੀਆਂ ਨਾਲ਼ੋਂ ਪਹਿਲਾਂ ਘਰ ਆ ਗਈ ਹੈ। ਸਵਾਤੀ ਕਹਿੰਦੀ ਹੈ, "ਅਸੀਂ (ਪਰਿਵਾਰ ਨੇ) ਸਵੇਰ ਤੋਂ ਸਿਰਫ਼ ਇੱਕ ਗਲਾਸ ਚਾਹ ਪੀਤੀ ਹੈ।''
ਨਵੰਬਰ 2022 ਵਿੱਚ ਬੀਡ ਜ਼ਿਲ੍ਹੇ ਦੇ ਸਕੁੰਦਵਾੜੀ ਪਿੰਡ ਤੋਂ ਕੋਲ੍ਹਾਪੁਰ ਆਈ ਸਵਾਤੀ ਉਦੋਂ ਤੋਂ ਹੀ ਪਰਿਵਾਰ ਲਈ ਰੋਟੀ ਪਕਾਉਣ ਅਤੇ ਗੰਨੇ ਦੇ ਖੇਤ ਵਿੱਚ ਕੰਮ ਕਰਦੀ ਰਹੀ ਹੈ। ਉਸਦਾ ਪਰਿਵਾਰ ਇੱਥੇ ਫੈਕਟਰੀ ਦੇ ਵਿਹੜੇ ਵਿੱਚ ਰਹਿੰਦਾ ਰਿਹਾ ਹੈ। ਆਕਸਫੈਮ ਦੁਆਰਾ ਪ੍ਰਕਾਸ਼ਿਤ 2020 ਦੀ ਹਿਊਮਨ ਕਾਸਟ ਆਫ ਸ਼ੂਗਰ ਸਿਰਲੇਖ ਵਾਲ਼ੀ ਇੱਕ ਰਿਪੋਰਟ ਦੇ ਅਨੁਸਾਰ, ਮਹਾਰਾਸ਼ਟਰ ਵਿੱਚ ਜ਼ਿਆਦਾਤਰ ਪ੍ਰਵਾਸੀ ਕਾਮੇ ਤਰਪਾਲਾਂ ਨਾਲ਼ ਢਕੀਆਂ ਝੌਂਪੜੀਆਂ ਵਾਲ਼ੀਆਂ ਕਲੋਨੀਆਂ ਵਿੱਚ ਰਹਿੰਦੇ ਹਨ। ਅਜਿਹੀਆਂ ਕਲੋਨੀਆਂ ਵਿੱਚ ਆਮ ਤੌਰ 'ਤੇ ਪਾਣੀ, ਬਿਜਲੀ ਅਤੇ ਪਖਾਨੇ ਦੀ ਸਹੂਲਤ ਨਹੀਂ ਹੁੰਦੀ।










