''ਚਾਲੁਨ, ਚਾਲੁਨ, ਮੈਂ ਬੱਚੇ ਨੂੰ ਕੁੱਖ 'ਚੋਂ ਬਾਹਰ ਆਉਣ 'ਚ ਮਦਦ ਕਰਦੀ ਹਾਂ।''
ਗੁਣਾਮਾਯ ਕਾਂਬਲੇ ਦੀਆਂ ਅੱਖਾਂ ਜਗਣ ਲੱਗੀਆਂ ਜਿਓਂ ਹੀ ਉਨ੍ਹਾਂ ਨੇ ਉਸ ਵੇਲ਼ੇ ਨੂੰ ਯਾਦ ਕੀਤਾ, ਜਦੋਂ ਉਹ ਇੱਕ ਦਾਈ ਹੁੰਦੀ ਸਨ ਤੇ ਹੱਥੀਂ ਬੱਚੇ ਪੈਦਾ ਕਰਾਇਆ ਕਰਦੀ ਸਨ। ਉਨ੍ਹਾਂ ਦੀ 86 ਸਾਲਾ ਉਮਰ ਇਸੇ ਲੇਖੇ ਲੱਗੀ ਰਹੀ। ਇਲਾਕੇ ਦੀ ਮੰਨੀ-ਪ੍ਰਮੰਨੀ ਦਾਈ ਰਹੀ ਗੁਣਾਮਾਯ ਨੇ ਬੱਚੇ ਦੀ ਜਨਮ-ਪ੍ਰਕਿਰਿਆ ਬਾਰੇ ਸਮਝਾਉਣਾ ਸ਼ੁਰੂ ਕੀਤਾ। ਇਹ ਸਮਝਾਉਂਦੇ ਹੋਏ ਕਿ ਬੱਚਾ ਕੁੱਖ 'ਚੋਂ ਖਿਸਕ ਕੇ ਕਿਵੇਂ ਬਾਹਰ ਆਉਂਦਾ ਹੈ ਉਨ੍ਹਾਂ ਨੇ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਿਹਾ,''ਹਾਤਤ ਕਾਕਣਂ ਘਾਲਤੋ ਨਾ, ਅਗਦੀ ਤਾਸਾ! (ਬਿਲਕੁਲ ਇਵੇਂ ਜਿਵੇਂ ਅਸੀਂ ਚੂੜੀਆਂ ਨੂੰ ਗੁੱਟ ਵੱਲ ਨੂੰ ਖਿਸਕਾਉਂਦੇ ਹਾਂ!)।'' ਇੰਨਾ ਕਹਿ ਉਨ੍ਹਾਂ ਨੇ ਆਪਣੇ ਗੁੱਟ 'ਤੇ ਲਿਸ਼ਕਾਂ ਮਾਰਦੀਆਂ ਲਾਲ ਰੰਗੀਆਂ ਚੂੜੀਆਂ ਵੱਲ ਇਸ਼ਾਰਾ ਕੀਤਾ।
ਵਗਦਰੀ ਪਿੰਡ ਦੀ ਇਸ ਦਲਿਤ ਔਰਤ, ਗੁਣਾਮਾਯ ਨੂੰ ਪਹਿਲਾ ਬੱਚਾ ਪੈਦਾ ਕਰਾਇਆਂ ਸੱਤ ਦਹਾਕੇ ਬੀਤ ਚੁੱਕੇ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਓਸਮਾਨਾਬਾਦ ਦੇ ਸੈਂਕੜੇ ਹੀ ਬੱਚਿਆਂ ਨੂੰ ਮਾਵਾਂ ਦੀਆਂ ਕੁੱਖਾਂ 'ਚੋਂ ਸੁਰੱਖਿਅਤ ਕੱਢ ਧਰਤੀ 'ਤੇ ਲਿਆਂਦਾ। ''ਇਹ ਹੱਥਾਂ ਦਾ ਜਾਦੂ ਹੈ,'' ਬਜ਼ੁਰਗ ਦਾਈ ਨੇ ਕਿਹਾ, ਜਿਨ੍ਹਾਂ ਨੇ ਚਾਰ ਸਾਲ ਪਹਿਲਾਂ 82 ਸਾਲ ਦੀ ਉਮਰੇ ਆਪਣੇ ਹੱਥੀਂ ਬੱਚਾ ਪੈਦਾ ਕਰਵਾਇਆ ਸੀ। ਉਹ ਬੜੇ ਫ਼ਖਰ ਨਾਲ਼ ਦੱਸਦੀ ਹਨ,''ਮੇਰੇ ਹੱਥਾਂ ਤੋਂ ਕਦੇ ਕੋਈ ਗੜਬੜੀ ਨਹੀਂ ਹੋਈ। ਪਰਮਾਤਮਾ ਸਦਾ ਮੇਰੇ ਅੰਗ-ਸੰਗ ਸਹਾਈ ਰਹੇ।''
ਗੁਣਾਮਾਯ ਦੀ ਧੀ, ਵੰਦਨਾ ਸੋਲਾਪੁਰ ਦੇ ਸਿਵਲ ਹਸਪਤਾਲ ਵਾਪਰੀ ਉਸ ਘਟਨਾ ਨੂੰ ਚੇਤਿਆਂ ਕਰਦੀ ਹਨ ਜਦੋਂ ਉਨ੍ਹਾਂ ਦੀ ਮਾਂ ਨੇ ਡਾਕਟਰਾਂ ਨੂੰ ਆਪਣੇ ਹੱਥੀਂ ਪੈਦਾ ਕਰਾਏ ਉਨ੍ਹਾਂ ਤਿੰਨ ਬੱਚਿਆਂ ਨੂੰ ਦੇਖਣ ਲਈ ਕਿਹਾ ਸੀ ਜੋ ਸੀਜ਼ੇਰੀਅਨ ਸੈਕਸ਼ਨ ਨਾਲ਼ ਪੈਦਾ ਹੋਣ ਵਾਲ਼ੇ ਸਨ। ''ਉਨ੍ਹਾਂ ਕਿਹਾ,'ਆਜੀ, ਤੁਸੀਂ ਸਾਡੇ ਨਾਲ਼ੋਂ ਕਿਤੇ ਵੱਧ ਤਜ਼ਰਬੇਕਾਰ ਹੋ'।'' ਗੁਣਾਮਾਯ ਉਸ ਹੈਰਾਨੀ ਤੇ ਤਾਰੀਫ਼ ਭਰੀ ਘਟਨਾ ਨੂੰ ਚੇਤਿਆਂ ਕਰ ਮੁਸਕਰਾਉਣ ਲੱਗੀ।
ਗੁਣਾਮਾਯ ਦੀ ਮੁਹਾਰਤ ਬੱਚੇ ਪੈਦਾ ਕਰਾਉਣ ਤੋਂ ਵੀ ਪਰ੍ਹਾਂ ਸੀ। ਉਨ੍ਹਾਂ ਨੂੰ ਸੋਲਾਪੁਰ, ਕੋਲ੍ਹਾਪੁਰ ਤੇ ਪੂਨੇ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਸੱਦੇ ਆਉਂਦੇ। ਕੁਝ ਮਹੀਨੇ ਪਹਿਲਾਂ ਪਾਰੀ ਨਾਲ਼ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਦੀ ਪੋਤੀ, ਸ਼੍ਰੀਦੇਵੀ ਨੇ ਬੜੇ ਫ਼ਖਰ ਨਾਲ਼ ਦੱਸਿਆ,''ਮੇਰੀ ਦਾਦੀ ਉਨ੍ਹਾਂ ਚੀਜ਼ਾਂ ਨੂੰ ਬਾਹਰ ਕੱਢਣ ਵਿੱਚ ਬੜੀ ਮਾਹਰ ਨੇ ਜੋ ਕਈ ਵਾਰੀ ਬੱਚਿਆਂ ਦੀਆਂ ਅੱਖਾਂ, ਕੰਨਾਂ ਤੇ ਨੱਕ 'ਚ ਫੱਸ ਜਾਂਦੀਆਂ ਹੋਣ। ਫਿਰ ਭਾਵੇਂ ਉਹ ਕੱਖ-ਕਾਨ, ਦਾਣੇ ਜਾਂ ਮੋਤੀ ਹੀ ਕਿਉਂ ਨਾ ਹੋਣ।'' ਦਾਈ ਹੋਣ ਨਾਤੇ ਉਹ ਇਨ੍ਹਾਂ ਕੰਮਾਂ ਨੂੰ ਵੀ ਆਪਣੇ ਦਾਈਪੁਣੇ ਦੇ ਕੰਮ ਦਾ ਹਿੱਸਾ ਮੰਨਦੀ ਹਨ। ਉਹ ਢਿੱਡ ਪੀੜ੍ਹ, ਪੀਲੀਏ, ਜ਼ੁਕਾਮ ਤੇ ਖੰਘ ਜਿਹੀਆਂ ਅਲਾਮਤਾਂ ਤੋਂ ਛੁਟਕਾਰੇ ਵਾਸਤੇ ਕਈ ਜੜ੍ਹੀਆਂ-ਬੂਟੀਆਂ ਬਾਰੇ ਜਾਣਕਾਰੀ ਵੀ ਰੱਖਦੀ ਹਨ।









