ਭਾਨੂਬੇਨ ਭਰਵਾੜ ਨੂੰ ਬਨਾਸਕਾਂਠਾ ਜ਼ਿਲ੍ਹੇ ਵਿਖੇ ਪੈਂਦੀ ਆਪਣੀ 2.5 ਏਕੜ (ਕਿੱਲੇ) ਦੀ ਭੋਇੰ ‘ਤੇ ਫੇਰਾ ਪਾਇਆਂ ਇੱਕ ਸਾਲ ਬੀਤ ਗਿਆ। ਇੱਕ ਸਮਾਂ ਸੀ ਜਦੋਂ ਉਹ ਅਤੇ ਉਨ੍ਹਾਂ ਦੇ ਪਤੀ ਹਰ ਰੋਜ਼ ਆਪਣੇ ਖੇਤ ਜਾਇਆ ਕਰਦੇ। ਜਿੱਥੇ ਉਹ ਆਪਣੇ ਪੂਰੇ ਸਾਲ ਦੇ ਗੁਜ਼ਾਰੇ ਵਾਸਤੇ ਬਾਜਰਾ, ਮੂੰਗ ਤੇ ਜਵਾਰ ਉਗਾਉਂਦੇ। 2017 ਨੂੰ ਗੁਜਰਾਤ ਵਿਖੇ ਹੜ੍ਹਾਂ ਵੱਲ਼ੋਂ ਮਚਾਈ ਤਬਾਹੀ, ਜਿਸ ਵਿੱਚ ਉਨ੍ਹਾਂ ਦੀ ਭੋਇੰ ਤਬਾਹ ਹੋ ਗਈ, ਤੋਂ ਪਹਿਲਾਂ ਤੀਕਰ ਇਹ ਖੇਤ ਹੀ ਉਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਵਸੀਲਾ ਸੀ। 35 ਸਾਲਾ ਭਾਨੂਬੇਨ ਕਹਿੰਦੀ ਹਨ,“ਉਸ ਤੋਂ ਬਾਅਦ ਸਾਡੀ ਖ਼ੁਰਾਕ ਹੀ ਬਦਲ ਗਈ। ਸਾਨੂੰ ਉਹੀ ਫ਼ਸਲ ਖ਼ਰੀਦਣੀਆਂ ਪੈਂਦੀਆਂ ਜੋ ਕਦੇ ਅਸੀਂ ਖ਼ੁਦ ਆਪਣੇ ਖੇਤਾਂ ਵਿੱਚ ਉਗਾਉਂਦੇ ਸਾਂ।”
ਉਨ੍ਹਾਂ ਨੂੰ ਅੱਧ-ਏਕੜ (ਅੱਧਾ-ਕਿੱਲਾ) ਦੀ ਪੈਲ਼ੀ ਵਿੱਚ ਬਾਜਰੇ ਦਾ ਚਾਰ ਕੁਇੰਟਲ (400 ਕਿਲੋ) ਝਾੜ ਮਿਲ਼ਦਾ ਸੀ, ਜੋ ਮੋਤੀ ਬਾਜਰਾ ਹੁੰਦਾ। ਜੇ ਹੁਣ ਉਹ ਮੰਡੀ ਖਰੀਦਣ ਜਾਣ ਤਾਂ ਇੰਨਾ ਹੀ ਬਾਜਰਾ ਖਰੀਦਣ ਬਦਲੇ ਉਨ੍ਹਾਂ ਨੂੰ 10,000 ਰੁਪਏ ਖ਼ਰਚਣੇ ਪੈਣਗੇ। ਉਹ ਕਹਿੰਦੀ ਹਨ,“ਇੱਥੋਂ ਤੱਕ ਕਿ ਜੇ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਵੀ ਧਿਆਨ ਵਿੱਚ ਰੱਖੀਏ, ਤਾਂ ਵੀ ਅੱਧਾ ਏਕੜ (ਕਿੱਲੇ) ਬਾਜਰੇ ਦੀ ਖੇਤੀ ਕਰਨ ਲਈ ਸਾਡੀ ਜੋ ਲਾਗਤ (ਇਨਪੁੱਟ) ਆਉਂਦੀ ਉਹ ਬਜ਼ਾਰ ਦੇ ਭਾਅ ਨਾਲ਼ੋਂ ਅੱਧੀ ਰਹਿੰਦੀ। ਬਾਕੀ ਫ਼ਸਲਾਂ ਲਈ ਵੀ ਇਹੀ ਹਿਸਾਬ ਰਹਿੰਦਾ। ਅਸੀਂ ਜੋ ਵੀ ਅਨਾਜ ਉਪਜਾਉਂਦੇ ਸਾਂ ਉਹਦਾ ਬਜ਼ਾਰ ਵਿੱਚ ਦੋਗੁਣਾ ਭਾਅ ਹੁੰਦਾ।”
ਭਾਨੂਬੇਨ, ਉਨ੍ਹਾਂ ਦੇ 38 ਸਾਲਾ ਪਤੀ, ਭੋਜਾਭਾਈ ਤੇ ਉਨ੍ਹਾਂ ਦੇ ਤਿੰਨੋ ਬੱਚੇ ਬਨਾਸਕਾਂਠਾ ਦੀ ਕਾਂਕਰੇਜ ਤਾਲੁਕਾ ਦੇ ਤੋਤਾਨਾ ਪਿੰਡ ਵਿੱਚ ਰਹਿੰਦੇ ਹਨ। ਜਦੋਂ ਉਹ ਆਪਣੀ ਜ਼ਮੀਨ ਵਾਹੁੰਦੇ ਵੀ ਹੁੰਦੇ ਤਦ ਵੀ ਭੋਜਾਭਾਈ ਵਾਧੂ ਕਮਾਈ ਵਾਸਤੇ ਹੋਰਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦੇ। ਪਰ 2017 ਤੋਂ ਬਾਅਦ ਉਨ੍ਹਾਂ ਦੀ ਪੂਰੀ ਕਮਾਈ ਮਜ਼ਦੂਰੀ ਦੇ ਕੰਮ ‘ਤੇ ਨਿਰਭਰ ਹੋ ਕੇ ਰਹਿ ਗਈ। ਉਹ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਜਾਂ 30 ਕਿਲੋਮੀਟਰ ਦੂਰ ਪਾਟਨ ਦੀਆਂ ਨਿਰਮਾਣ ਥਾਵਾਂ ‘ਤੇ ਮਜ਼ਦੂਰੀ ਕਰਿਆ ਕਰਦੇ। ਭਾਨੂਬੇਨ ਗੱਲ ਤੋਰਦਿਆਂ ਕਹਿੰਦੀ ਹਨ,“ਇੱਥੋਂ ਤੱਕ ਕਿ ਉਹ ਅਜੇ ਵੀ ਕੰਮ ਲੱਭ ਰਿਹਾ ਹੈ। ਜਦੋਂ ਵੀ ਕੰਮ ਲੱਭਦਾ ਹੈ ਉਹਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ।”
ਭਾਨੂਬੇਨ ਤੇ ਭੋਜਾਭਾਈ ਦੀ ਸਭ ਤੋਂ ਛੋਟੀ ਬੱਚੀ, ਸੁਹਾਨਾ ਦਾ ਜਨਮ ਉਦੋਂ ਹੋਇਆ ਜਦੋਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ। ਉਹਦੇ ਮੱਥੇ ਨੂੰ ਪਲੋਸਦਿਆਂ, ਭਾਨੂਬੇਨ ਕਹਿੰਦੀ ਹਨ ਉਹਨੂੰ ਯਕੀਨ ਨਹੀਂ ਆਉਂਦਾ ਕਿ ਇੰਨਾ ਸਮਾਂ ਬੀਤ ਚੁੱਕਿਆ ਹੈ।
ਜੁਲਾਈ 2017 ਵਿੱਚ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ, ਜਿਨ੍ਹਾਂ ਵਿੱਚ ਬਨਾਸਕਾਂਠਾ, ਪਾਟਨ, ਸੁਰੇਂਦਰਨਗਰ, ਅਰਾਵਲੀ ਤੇ ਮੋਰਠੀ ਸ਼ਾਮਲ ਹਨ। ਇਹ ਹੜ੍ਹ ਅਰਬ ਸਾਗਰ ਤੇ ਬੰਗਾਲ ਦੀ ਖਾੜੀ- ਦੋਵੀਂ ਥਾਵੀਂ ਇੱਕੋ ਵੇਲ਼ੇ ਪੈਦਾ ਹੋਏ ਘੱਟ-ਦਬਾਅ ਪ੍ਰਣਾਲੀਆਂ ਤੋਂ ਉਤਪੰਨ ਹੋਇਆ ਸੀ ਜੋ ਇੱਕੋ ਸਮੇਂ ਬਣ ਗਈਆਂ ਸਨ। ਅਜਿਹਾ ਵਰਤਾਰਾ ਵਾਪਰਨਾ ਕਾਫ਼ੀ ਦੁਰਲੱਭ ਹੁੰਦਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ, ਇਹ 112 ਸਾਲਾਂ ਵਿੱਚ ਇਸ ਇਲਾਕੇ ਵਿੱਚ ਪਿਆ ਸਭ ਤੋਂ ਵੱਧ ਮੀਂਹ ਸੀ।









