ਨਰਾਇਣ ਗਾਇਕਵਾੜ ਦੀ ਟੁੱਟੀ ਬਾਂਹ ਵਿੱਚ ਬੱਝੀ ਪੱਟੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਉਨ੍ਹਾਂ ਨੂੰ ਇਹਨੂੰ ਲਾਹ ਸੁੱਟਿਆ, ਆਪਣੀ ਟੋਪੀ ਠੀਕ ਕੀਤੀ ਅਤੇ ਆਪਣੀ ਨੀਲੀ ਡਾਇਰੀ ਅਤੇ ਪੈੱਨ ਖੋਜਣ ਲੱਗੇ। ਉਹ ਕਾਹਲੀ ਵਿੱਚ ਸਨ।
"ਮਾਝਾ ਨਾਵ ਨਰਾਇਣ ਗਾਇਕਵਾੜ। ਮੀ ਕੋਲ੍ਹਾਪੁਰਤਨ ਆਲੋਯ। ਤੁਮਹੀ ਕੁਠੂਨ ਆਲੇ? (ਮੇਰਾ ਨਾਂਅ ਨਰਾਇਣ ਗਾਇਕਵਾੜ ਹੈ। ਮੈਂ ਕੋਲ੍ਹਾਪੁਰ ਤੋਂ ਆਇਆ ਹਾਂ। ਤੁਸੀਂ ਕਿੱਥੋਂ ਆਏ ਹੋ?)," ਕੋਲ੍ਹਾਪੁਰ ਦੇ ਜੰਭਾਲੀ ਪਿੰਡ ਦੇ 73 ਸਾਲਾ ਕਿਸਾਨ ਨੇ ਪੁੱਛਿਆ।
ਉਨ੍ਹਾਂ ਨੇ ਅਹਿਮਦਨਗਰ ਜਿਲ੍ਹੇ ਦੇ ਆਦਿਵਾਸੀ ਕਾਸ਼ਤਕਾਰਾਂ ਦੇ ਇੱਕ ਸਮੂਹ ਦੇ ਸਾਹਮਣੇ ਆਪਣਾ ਸਵਾਲ ਰੱਖਿਆ, ਜੋ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਧੁੱਪ ਤੋਂ ਬਚਣ ਲਈ ਇੱਕ ਤੰਬੂ ਵਿੱਚ ਬੈਠੇ ਹੋਏ ਸਨ। ਉਹ ਸਾਰੇ ਮਹਾਰਾਸ਼ਟਰ ਦੇ 21 ਜਿਲ੍ਹਿਆਂ ਦੇ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਸਨ, ਜੋ ਨਵੇਂ ਖੇਤੀ ਕਨੂੰਨਾਂ ਦੇ ਬਰਖਿਲਾਫ਼ ਪ੍ਰਦਰਸ਼ਨ ਕਰਨ ਲਈ 24-26 ਜਨਵਰੀ ਨੂੰ ਇਕੱਠੇ ਹੋਏ ਸਨ। ਨਰਾਇਣ ਆਪਣੀ ਜਖ਼ਮੀ ਬਾਂਹ ਨਾਲ਼ ਕਰੀਬ 400 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ, ਸ਼ਿਰੋਲ ਤਾਲੁਕਾ ਦੇ ਆਪਣੇ ਪਿੰਡ ਤੋਂ ਆਏ ਸਨ, ਜਿੱਥੇ ਉਨ੍ਹਾਂ ਕੋਲ਼ ਤਿੰਨ ਏਕੜ ਜ਼ਮੀਨ ਹੈ।
ਆਪਣੀ ਪਛਾਣ ਦੇਣ ਤੋਂ ਬਾਅਦ, ਨਰਾਇਣ ਨੇ ਉਨ੍ਹਾਂ ਸਮੱਸਿਆਵਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦਾ ਸਾਹਮਣਾ ਉਹ ਅਤੇ ਹੋਰ ਲੋਕ ਆਪਣੇ ਪਿੰਡ ਵਿੱਚ ਕਰਦੇ ਹਨ। "ਮੈਂ ਇੱਕ ਕਿਸਾਨ ਹਾਂ, ਇਸੇ ਲਈ ਖੁਦ ਨੂੰ ਇਨ੍ਹਾਂ ਮੁੱਦਿਆਂ ਨਾਲ਼ ਜੋੜ ਸਕਦਾ ਹਾਂ," ਉਨ੍ਹਾਂ ਨੇ 25 ਜਨਵਰੀ ਨੂੰ ਸਾਡੀ ਹੋਈ ਮੁਲਾਕਾਤ ਵਿੱਚ ਮੈਨੂੰ ਦੱਸਿਆ। ਉਹ ਆਪਣੀ ਟੁੱਟੀ ਹੋਈ ਸੱਜੀ ਬਾਂਹ ਨਾਲ਼ ਨੋਟਸ ਲਿਖ ਰਹੇ ਸਨ। ਤੁਰਨ-ਫਿਰਨ ਨਾਲ਼ ਉਨ੍ਹਾਂ ਨੂੰ ਦਰਦ ਹੋ ਰਿਹਾ ਸੀ, ਪਰ ਉਨ੍ਹਾਂ ਨੇ ਕਿਹਾ,"ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਸਮਝਣਾ ਲਾਜ਼ਮੀ ਹੈ, ਇਸਲਈ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹਾਂ।"
ਬਾਅਦ ਵਿੱਚ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਅਜ਼ਾਦ ਮੈਦਾਨ ਵਿੱਚ ਉਨ੍ਹਾਂ ਨੇ 10 ਜਿਲ੍ਹਿਆਂ ਦੇ 20 ਤੋਂ ਵੱਧ ਕਿਸਾਨਾਂ ਨਾਲ਼ ਗੱਲ ਕੀਤੀ ਸੀ।
ਨਰਾਇਣ ਦਾ ਹੱਥ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਖ਼ਮੀ ਹੋ ਗਿਆ ਸੀ, ਜਦੋਂ ਆਪਣੇ ਖੇਤ ਵਿੱਚ ਕੰਮ ਕਦੇ ਸਮੇਂ ਨਾਰੀਅਲ ਦੀ ਇੱਕ ਟਹਿਣੀ ਉਨ੍ਹਾਂ ਦੇ ਉੱਪਰ ਆਣ ਡਿੱਗੀ। ਉਹ ਕਮਾਦ ਅਤੇ ਜਵਾਰ ਦੀ ਕਾਸ਼ਤ ਕਰਦੇ ਹਨ। ਉਹ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਗੈਰ ਸਬਜੀਆਂ ਵੀ ਉਗਾਉਂਦੇ ਹਨ। ਪਹਿਲਾਂ ਤਾਂ ਉਨ੍ਹਾਂ ਨੇ ਆਪਣੀ ਸੱਟ ਦੀ ਅਣਦੇਖੀ ਕੀਤੀ, ਪਰ ਜਦੋਂ ਇੱਕ ਹਫ਼ਤੇ ਬਾਦ ਵੀ ਪੀੜ੍ਹ ਘੱਟ ਨਾ ਹੋਈ, ਤਾਂ ਉਹ ਜੰਭਾਲੀ ਦੇ ਇੱਕ ਨਿੱਜੀ ਡਾਕਟਰ ਦੇ ਕੋਲ਼ ਗਏ। "ਡਾਕਟਰ ਨੇ ਇਹਦੀ ਜਾਂਚ ਕੀਤੀ ਅਤੇ ਕਿਹਾ ਕਿ ਮੋਚ ਆ ਗਈ ਹੈ। ਉਨ੍ਹਾਂ ਨੇ ਮੈਨੂੰ ਪੱਟੀ ਬੰਨ੍ਹਣ ਲਈ ਕਿਹਾ," ਉਨ੍ਹਾਂ ਨੇ ਦੱਸਿਆ।








