ਰਾਜੀਵ ਕੁਮਾਰ ਓਝਾ ਨੂੰ ਇਹ ਨਹੀਂ ਪਤਾ ਕਿ ਜਿਆਦਾ ਤਣਾਓਪੂਰਨ ਕੀ ਹੈ: ਚੰਗੀ ਫਸਲ ਦੀ ਵਾਢੀ ਜਾਂ ਉਹਨੂੰ ਵੇਚਣਾ ਦੀ ਕੋਸ਼ਿਸ਼ ਕਰਨਾ। "ਤੁਹਾਨੂੰ ਇਹ ਅਜੀਬ ਜਾਪ ਸਕਦਾ ਹੈ, ਪਰ ਵਾਢੀ ਦੇ ਸੀਜਨ ਵਿੱਚ ਮੇਰੀ ਫ਼ਸਲ ਦੇ ਚੰਗੇ ਹੁੰਦਿਆਂ ਹੀ ਮੇਰੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ," ਉਨ੍ਹਾਂ ਉੱਤਰ-ਮੱਧ ਬਿਹਾਰ ਦੇ ਚੌਮੁੱਖ ਪਿੰਡ ਵਿੱਚ ਆਪਣੇ ਪੁਰਾਣੇ ਘਰ ਦੇ ਬਰਾਂਡੇ ਵਿੱਚ ਬੈਠੇ-ਬੈਠੇ ਕਿਹਾ।
ਮੁਜੱਫਰਪੁਰ ਜਿਲ੍ਹੇ ਦੇ ਬੋਚਹਾ ਤਾਲੁਕਾ ਵਿੱਚ ਸਥਿਤ ਪਿੰਡ ਵਿੱਚ ਆਪਣੀ ਪੰਜ ਏਕੜ ਜ਼ਮੀਨ 'ਤੇ 47ਸਾਲਾ ਓਝਾ, ਖਰੀਫ਼ ਦੇ ਮੌਸਮ (ਜੂਨ-ਨਵੰਬਰ) ਵਿੱਚ ਝੋਨਾ ਅਤੇ ਰਬੀ (ਦਸੰਬਰ-ਮਾਰਚ) ਦੌਰਾਨ ਕਣਕ ਅਤੇ ਮੱਕੀ ਦੀ ਖੇਤੀ ਕਰਦੇ ਹਨ। "ਸਾਨੂੰ ਚੰਗੀ ਫ਼ਸਲ ਹਾਸਲ ਕਰਨ ਲਈ ਮੌਸਮ, ਪਾਣੀ, ਮਿਹਨਤ ਅਤੇ ਕਈ ਹੋਰਨਾਂ ਚੀਜਾਂ ਦੇ ਇਕੱਠਿਆਂ ਆਉਣ ਦੀ ਲੋੜ ਹੁੰਦੀ ਹੈ," ਉਨ੍ਹਾਂ ਨੇ ਨਵੰਬਰ 2020 ਵਿੱਚ ਮੈਨੂੰ ਦੱਸਿਆ ਸੀ। "ਪਰ ਉਹਦੇ ਬਾਅਦ ਵੀ, ਕੋਈ ਬਜਾਰ ਨਹੀਂ ਹੈ। ਮੈਨੂੰ ਪਿੰਡ ਵਿੱਚ ਕਮਿਸ਼ਨ ਏਜੰਟ ਹੱਥ ਆਪਣੀ ਫ਼ਸਲ ਵੇਚਣੀ ਪੈਂਦੀ ਹੈ, ਨਾਲੇ ਉਹਦੇ ਦੁਆਰਾ ਤੈਅ ਕੀਤੀ ਗਈ ਕੀਮਤ 'ਤੇ ਵੇਚਣਾ ਪੈਂਦਾ ਹੈ।" ਫਿਰ ਕਮਿਸ਼ਨ ਪਾਉਣ ਲਈ ਉਹ ਏਜੰਟ ਇਹਨੂੰ ਥੋਕ ਵਪਾਰੀ ਨੂੰ ਵੇਚਦਾ ਹੈ।
ਓਝਾ ਨੇ 2019 ਵਿੱਚ ਝੋਨੇ (ਕੱਚੇ) ਦਾ ਆਪਣਾ ਭੰਡਾਰਣ 1,100 ਰੁਪਏ ਪ੍ਰਤੀ ਕੁਵਿੰਟਲ ਦੀ ਦਰ 'ਤੇ ਵੇਚਿਆ ਸੀ- ਇਹ ਉਸ ਸਮੇਂ ਦੀ 1,815 ਰੁਪਏ ਦੀ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਨਾਲੋਂ 39 ਪ੍ਰਤੀਸ਼ਤ ਘੱਟ ਸੀ। "ਮੇਰੇ ਕੋਲ਼ ਕੋਈ ਵਿਕਲਪ ਨਹੀਂ ਸੀ। ਏਜੰਟ ਸਦਾ ਘੱਟ ਦਰ 'ਤੇ ਖਰੀਦਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਕਿਤੇ (ਵੇਚਣ ਲਈ) ਹੋਰ ਨਹੀਂ ਜਾ ਸਕਦੇ। ਇਸੇ ਲਈ ਸਾਨੂੰ ਬਾਮੁਸ਼ਕਲ ਹੀ ਕੋਈ ਨਫਾ ਹੁੰਦਾ ਹੈ," ਉਨ੍ਹਾਂ ਨੇ ਕਿਹਾ।
ਬਿਹਾਰ ਦੇ ਕਿਸਾਨ ਇੱਕ ਏਕੜ ਵਿੱਚ ਝੋਨਾ ਬੀਜਣ ਲਈ 20,000 ਰੁਪਏ ਖਰਚ ਕਰਦਾ ਹੈ, ਓਝਾ ਨੇ ਕਿਹਾ। "ਮੈਨੂੰ ਇੱਕ ਏਕੜ ਤੋਂ 20-25 ਕੁਵਿੰਟਲ ਝਾੜ ਪ੍ਰਾਪਤ ਹੁੰਦਾ ਹੈ। 1,100 ਰੁਪਏ ਪ੍ਰਤੀ ਕੁਵਿੰਟਲ 'ਤੇ, ਮੈਂ ਛੇ ਮਹੀਨੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ 2,000-7,000 ਰੁਪਏ (ਪ੍ਰਤੀ ਏਕੜ) ਦਾ ਨਫਾ ਕਮਾ ਸਕਦਾ ਹਾਂ। ਕੀ ਤੁਹਾਨੂੰ ਇਹ ਵਧੀਆ ਸੌਦਾ ਜਾਪਦਾ ਹੈ?
ਓਝਾ ਵਾਂਗ, ਬਿਹਾਰ ਦੇ ਕਾਫੀ ਸਾਰੇ ਕਿਸਾਨ ਆਪਣੀਆਂ ਫ਼ਸਲਾਂ ਦੇ ਬਿਹਤਰ ਭਾਅ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ, ਖਾਸ ਕਰਕੇ ਸੂਬੇ ਦੁਆਰਾ 2006 ਵਿੱਚ ਬਿਹਾਰ ਖੇਤੀ ਪੈਦਾਵਾਰ ਮੰਡੀ ਐਕਟ, 1960 ਨੂੰ ਰੱਦ ਕਰਨ ਤੋਂ ਬਾਅਦ। ਇਸ ਦੇ ਨਾਲ਼ ਹੀ ਸੂਬੇ ਅੰਦਰ ਖੇਤੀ ਉਪਜ ਪੈਦਾਵਾਰ ਕਮੇਟੀਆਂ (APMC) ਮੰਡੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ।








