"ਟਰੈਕਟਰ ਦੀ ਇੱਕ ਟਰਾਲੀ ਨੇ ਪਿੰਡ ਦੇ ਚਾਰੇ ਪਾਸੇ ਚੱਕਰ ਲਗਾਇਆ ਅਤੇ ਸਾਰਿਆਂ ਅੱਗੇ ਬੇਨਤੀ ਕੀਤੀ ਕਿ ਉਹ ਧਰਨਾ ਸਥਲ 'ਤੇ ਭੇਜਣ ਲਈ ਜੋ ਕੁਝ ਵੀ ਦੇ ਸਕਦੇ ਹਨ ਉਹ ਜਮ੍ਹਾ ਕਰ ਦੇਣ। ਮੈਂ 500 ਰੁਪਏ, ਤਿੰਨ ਲੀਟਰ ਦੁੱਧ ਅਤੇ ਇੱਕ ਕੌਲੀ ਖੰਡ ਦਿੱਤੀ," ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਪੇਟਵਾੜ ਪਿੰਡ ਦੀ 34 ਸਾਲਾ ਸੋਨੀਆ ਪੇਟਵਾੜ ਨੇ ਦੱਸਿਆ।
ਨਾਰਨੌਂਦ ਤਹਿਸੀਲ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਵਿੱਚ ਦਸੰਬਰ 2020 ਦੇ ਅੱਧ ਵਿੱਚ ਪਹਿਲੀ ਵਾਰ ਰਾਸ਼ਨ ਇਕੱਠਾ ਕੀਤਾ ਗਿਆ ਸੀ। ਇਹ ਰਾਸ਼ਨ ਪੇਟਵਾੜ ਤੋਂ 105 ਕਿਲੋਮੀਟਰ ਦੂਰ, ਦਿੱਲੀ-ਹਰਿਆਣਾ ਸੀਮਾ 'ਤੇ ਸਥਿਤ ਟੀਕਰੀ ਕਿਸਾਨ ਪ੍ਰਦਰਸ਼ਨਕਾਰੀਆਂ ਲਈ ਭੇਜਿਆ ਗਿਆ, ਜਿੱਥੇ ਕਿਸਾਨ ਕੇਂਦਰ ਸਰਕਾਰ ਦੁਆਰਾ ਪਾਸ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ 26 ਨਵੰਬਰ ਤੋਂ ਪ੍ਰਦਰਸ਼ਨ ਕਰ ਰਹੇ ਹਨ।
"ਮੇਰੇ ਕੋਲ਼ ਬਹੁਤੇ ਪੈਸੇ ਨਹੀਂ ਸਨ। ਸੋ ਮੈਂ ਲੱਕੜ (ਬਾਲਣ) ਦੇ ਟੁੱਕੜੇ ਦਿੱਤੇ", ਸੋਨੀਆ ਦੇ ਵੱਡੇ ਪਰਿਵਾਰ ਦੀ 60 ਸਾਲਾ ਮੈਂਬਰ ਸ਼ਾਂਤੀ ਦੇਵੀ ਨੇ ਕਿਹਾ। "ਉਦੋਂ ਠੰਡ ਪੈ ਰਹੀ ਸੀ। ਮੈਂ ਸੋਚਿਆ, ਪ੍ਰਦਰਸ਼ਨਕਾਰੀ ਲੱਕੜ ਬਾਲ਼ ਕੇ ਖੁਦ ਨੂੰ ਨਿੱਘਾ ਰੱਖ ਸਕਦੇ ਹਨ।"
ਜਨਵਰੀ ਦੀ ਸ਼ੁਰੂਆਤ ਵਿੱਚ ਦੂਜੀ ਵਾਰ ਪੇਟਵਾੜ ਵਿੱਚ ਟਰੈਕਟਰ-ਟਰਾਲੀ ਆਏ ਸਨ। "ਜਦੋਂ ਵੀ ਕੋਈ ਵਿਅਕਤੀ ਵਿਰੋਧ ਪ੍ਰਦਰਸ਼ਨ ਲਈ ਰਵਾਨਾ ਹੁੰਦਾ ਹੈ, ਤਾਂ ਪਿੰਡ ਦੀ ਹਰੇਕ ਔਰਤ ਉਹਨੂੰ ਕੁਝ ਨਾ ਕੁਝ ਦਿੰਦੀ," ਸੋਨੀਆ ਨੇ ਦੱਸਿਆ। ਡੰਗਰ ਪਾਲਣ ਵਾਲੀਆਂ ਔਰਤਾਂ ਦੁੱਧ ਦੇ ਕੇ ਮਦਦ ਕਰਦੀਆਂ ਸਨ। ਇਹ ਪਰਦੇ ਪਿੱਛਿਓਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਦਾ ਉਨ੍ਹਾਂ ਦਾ ਆਪਣਾ ਤਰੀਕਾ ਹੈ।
ਕਿਸਾਨਾਂ ਦਾ ਧਰਨਾ ਹੁਣ ਤੀਸਰੇ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਹਜਾਰਾਂ ਪ੍ਰਦਰਸ਼ਨਕਾਰੀ-ਪੁਰਖ ਅਤੇ ਔਰਤਾਂ-ਹਾਲੇ ਤੀਕਰ ਦਿੱਲੀ ਦੀਆਂ ਸਰਹੱਦਾਂ-ਮੁੱਖ ਰੂਪ ਨਾਲ਼ ਟੀਕਰੀ ਅਤੇ ਸਿੰਘੂ (ਦਿੱਲੀ-ਹਰਿਆਣਾ ਸੀਮਾ) ਅਤੇ ਗਾਜੀਪੁਰ (ਦਿੱਲੀ-ਉੱਤਰ ਪ੍ਰਦੇਸ਼ ਸੀਮਾ) 'ਤੇ ਇਕੱਠੇ ਹਨ।
ਮੈਂ ਪਹਿਲੀ ਵਾਰ ਸੋਨੀਆ ਨਾਲ਼ 3 ਫਰਵਰੀ ਦੀ ਦੁਪਹਿਰ ਨੂੰ ਟੀਕਰੀ ਵਿੱਚ ਮਿਲੀ ਸਾਂ। ਉਹ ਧਰਨੇ 'ਤੇ ਪੇਟਵਾੜ-ਕਰੀਬ 10,000 ਲੋਕਾਂ ਦੀ ਅਬਾਦੀ (ਮਰਦਮਸ਼ੁਮਾਰੀ 2011) ਵਾਲੇ ਪਿੰਡ-ਦੀਆਂ 150 ਔਰਤਾਂ ਦੇ ਇੱਕ ਸਮੂਹ ਦੇ ਨਾਲ਼ ਸਨ, ਪਰ ਉਦੋਂ ਉਹ ਵਾਪਸ ਜਾਣ ਦੀ ਤਿਆਰ ਕਰ ਰਹੀ ਸਨ। "ਵਿਰੋਧ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਦ ਜੋਸ਼ ਆ ਜਾਂਦਾ ਹੈ," ਉਨ੍ਹਾਂ ਨੇ ਮੈਨੂੰ ਦੱਸਿਆ ਸੀ, ਜਦੋਂ ਮੈਂ 7 ਫਰਵਰੀ ਨੂੰ ਪੇਟਵਾੜ ਵਿੱਚ ਉਨ੍ਹਾਂ ਨਾਲ਼ ਮਿਲੀ ਸਾਂ।










