ਆਪਣੀ ਮੌਤ ਦੇ ਦਿਨ ਤੀਕਰ, 22 ਸਾਲਾ ਗੁਰਪ੍ਰੀਤ ਸਿੰਘ ਆਪਣੇ ਪਿੰਡ ਦੇ ਕਿਸਾਨਾਂ ਨੂੰ ਨਵੇਂ ਖੇਤੀ ਕਨੂੰਨਾਂ ਖ਼ਿਲਾਫ਼ ਧਰਨੇ ਵਿੱਚ ਪਹੁੰਚਣ ਵਾਸਤੇ ਇੱਕਮੁੱਠ ਕਰਦਾ ਰਿਹਾ। ਉਨ੍ਹਾਂ ਦੇ ਪਿਤਾ, ਜਗਤਾਰ ਸਿੰਘ ਕਟਾਰੀਆ ਆਪਣੇ ਬੇਟੇ ਦੀ ਅਖ਼ੀਰਲੀ ਤਕਰੀਰ ਚੇਤੇ ਕਰਦੇ ਹਨ। ਕਟਾਰੀਆ ਸਾਹਬ ਦੀ ਪੰਜਾਬ ਦੇ ਉੱਤਰ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਵਿੱਚ 5 ਏਕੜ ਜ਼ਮੀਨ ਹੈ। ਉਹ ਚੇਤੇ ਕਰਦੇ ਹਨ ਕਿ ਗੁਰਪ੍ਰੀਤ ਦੀ ਤਕਰੀਰ ਕੋਈ 15 ਕੁ ਜਣੇ ਸੁਣ ਰਹੇ ਸਨ ਅਤੇ ਉਹ ਕਹਿ ਰਿਹਾ ਸੀ ਦਿੱਲੀ ਦੀਆਂ ਸਰਹੱਦਾਂ 'ਤੇ ਇਤਿਹਾਸ ਸਿਰਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਸ ਹਲ਼ੂਣ ਕੇ ਰੱਖ ਦੇਣ ਵਾਲ਼ੀ ਤਕਰੀਰ ਦੇ ਖ਼ਤਮ ਹੁੰਦਿਆਂ ਹੀ ਅਗਲੀ ਸਵੇਰ (ਦਸੰਬਰ 2020) ਨੂੰ ਉਹ ਜੱਥਾ ਰਾਜਧਾਨੀ ਵੱਲ ਨੂੰ ਵਹੀਰਾਂ ਘੱਤ ਗਿਆ।
ਉਹ ਪਿਛਲੀ 14 ਦਸੰਬਰ ਨੂੰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਤਹਿਸੀਲ ਬਲਾਚੌਰ ਦੇ ਆਪਣੇ ਪਿੰਡ ਮਾਕੋਵਾਲ ਤੋਂ ਰਵਾਨਾ ਹੋਏ। ਪਰ ਉਨ੍ਹਾਂ ਨੇ ਆਪਣੇ ਸਫ਼ਰ ਦਾ ਅਜੇ ਮਸਾਂ 300 ਕਿਲੋਮੀਟਰ ਦਾ ਪੈਂਡਾ ਹੀ ਤੈਅ ਕੀਤਾ ਸੀ ਕਿ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਮੋਹਰਾ ਨੇੜੇ ਇੱਕ ਭਾਰੇ ਵਾਹਨ ਨੇ ਉਨ੍ਹਾਂ ਦੇ ਟਰੈਕਟਰ-ਟਰਾਲੀ ਨੂੰ ਫੈਂਟ ਮਾਰ ਦਿੱਤੀ। ''ਟੱਕਰ ਇੰਨੀ ਭਿਆਨਕ ਸੀ ਕਿ ਗੁਰਪ੍ਰੀਤ ਦੀ ਮੌਤ ਹੋ ਗਈ,'' ਜਗਤਾਰ ਸਿੰਘ ਨੇ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਟਿਆਲਾ ਦੇ ਮੋਦੀ ਕਾਲਜ ਵਿਖੇ ਬੀਏ ਦਾ ਵਿਦਿਆਰਥੀ ਸੀ। ''ਉਹਨੇ ਅੰਦੋਲਨ ਵਿੱਚ ਆਪਣਾ ਯੋਗਦਾਨ ਆਪਣੀ ਜਾਨ ਦੇ ਕੇ ਪਾਇਆ।''
ਗੁਰਪ੍ਰੀਤ ਉਨ੍ਹਾਂ 700 ਸ਼ਹੀਦਾਂ ਵਿੱਚੋਂ ਇੱਕ ਸਨ ਜੋ ਭਾਰਤ ਸਰਕਾਰ ਦੁਆਰਾ ਪਾਸ (ਸਤੰਬਰ 2020) ਕੀਤੇ ਖੇਤੀ ਕਨੂੰਨਾਂ ਖਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਮੌਤ ਦੇ ਮੂੰਹ ਵਿੱਚ ਜਾ ਪਏ। ਪੂਰੇ ਦੇਸ਼ ਭਰ ਦੇ ਕਿਸਾਨਾਂ ਨੇ ਇਨ੍ਹਾਂ ਕਨੂੰਨਾਂ ਦਾ ਵਿਰੋਧ ਕੀਤਾ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਪ੍ਰਕਿਰਿਆ ਨੂੰ ਤਬਾਹ ਕਰ ਸੁੱਟਣਗੇ ਅਤੇ ਨਾਲ਼ ਹੀ ਨਿੱਜੀ ਵਪਾਰੀਆਂ ਅਤੇ ਵੱਡੇ ਵੱਡੇ ਕਾਰਪੋਰੇਟਾਂ ਲਈ ਫ਼ਸਲਾਂ ਦੀਆਂ ਕੀਮਤਾਂ ਨੂੰ ਨਿਯੰਤਰਤ ਕਰਨ ਤੋਂ ਲੈ ਕੇ ਮੰਡੀ ਵਿੱਚ ਵਿਤੋਂਵੱਧ ਲਾਭ ਹਾਸਲ ਕਰਨ ਦਾ ਰਾਹ ਪੱਧਰਾ ਕਰ ਦੇਣਗੇ। ਇਸ ਵਿਰੋਧ ਪ੍ਰਦਰਸ਼ਨ ਨੇ 26 ਨਵੰਬਰ 2020 ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਵੱਲ ਖਿੱਚ ਲਿਆਂਦਾ। ਕਨੂੰਨ ਵਾਪਸੀ ਦੀ ਮੰਗ ਕਰਦਿਆਂ ਉਹਨਾਂ ਨੇ ਦਿੱਲੀ ਹਰਿਆਣਾ ਦੀਆਂ ਸਰਹੱਦਾਂ ਸਿੰਘੂ , ਟੀਕਰੀ ਵਿਖੇ ਅਤੇ ਦਿੱਲੀ ਉੱਤਰ ਪ੍ਰਦੇਸ਼ ਦੀ ਪੈਂਦੀ ਸਰਹੱਦ ਗਾਜ਼ੀਪੁਰ ਵਿਖੇ ਆਪਣੇ ਤੰਬੂ ਗੱਡ ਲਏ।
ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ 19 ਨਵੰਬਰ, 2021 ਨੂੰ ਪ੍ਰਧਾਨ ਮੰਤਰੀ ਨੇ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। 29 ਨਵੰਬਰ ਨੂੰ ਸੰਸਦ ਵਿੱਚ ਦਿ ਫਾਰਮ ਲਾਅ ਰਿਪੀਲ ਬਿੱਲ 2021 ਪਾਸ ਕਰ ਦਿੱਤਾ ਗਿਆ ਪਰ ਵਿਰੋਧ ਪ੍ਰਦਰਸ਼ਨ 11 ਦਸੰਬਰ 2021 ਨੂੰ ਖ਼ਤਮ ਹੋਇਆ, ਉਹ ਵੀ ਉਦੋਂ ਜਦੋਂ ਸਰਕਾਰ ਨੇ ਕਿਸਾਨ ਯੂਨੀਅਨਾਂ ਦੀਆਂ ਬਹੁਤੇਰੀਆਂ ਮੰਗਾਂ ਪ੍ਰਵਾਨ ਕਰ ਲਈਆਂ।
ਮੈਂ ਉਨ੍ਹਾਂ ਕਈ ਪਰਿਵਾਰਾਂ ਨਾਲ਼ ਮਿਲ਼ਿਆਂ ਅਤੇ ਕਈ ਪਰਿਵਾਰਾਂ ਨਾਲ਼ ਫ਼ੋਨ ਰਾਹੀਂ ਗੱਲ ਕੀਤੀ ਜਿਨ੍ਹਾਂ ਦੇ ਆਪਣੇ ਪਰਿਵਾਰ ਮੈਂਬਰ ਇਸ ਲੰਬੇ ਚੱਲੇ ਪ੍ਰਦਰਸ਼ਨ ਦੌਰਾਨ ਤੁਰ ਗਏ। ਤਬਾਹ, ਬਰਬਾਦ ਹੋਏ ਇਨ੍ਹਾਂ ਪਰਿਵਾਰਾਂ ਨੇ ਇਸ ਕਾਜ ਵਾਸਤੇ ਸ਼ਹੀਦੀ ਪਾ ਗਏ ਆਪਣੇ ਪਿਆਰਿਆਂ ਦੇ ਨਾਲ਼ ਨਾਲ਼ ਬਾਕੀ ਸ਼ਹੀਦਾਂ ਨੂੰ ਚੇਤੇ ਕੀਤਾ, ਉਨ੍ਹਾਂ ਦੀ ਗੱਲਬਾਤ ਵਿੱਚ ਸਰਕਾਰ ਦੇ ਰਵੱਈਏ ਪ੍ਰਤੀ ਤਲ਼ਖੀ ਸਾਫ਼ ਝਲਕ ਰਹੀ ਸੀ।
''ਅਸੀਂ ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ ਪਰ ਪ੍ਰਧਾਨ ਮੰਤਰੀ ਦੇ ਉਸ ਲਹਿਜੇ ਤੋਂ ਨਾਖ਼ੁਸ਼ ਹਾਂ ਜਿਸ ਲਹਿਜੇ ਨਾਲ਼ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ,'' ਜਗਤਾਰ ਸਿੰਘ ਕਟਾਰੀਆ ਨੇ ਕਿਹਾ। ''ਸਰਕਾਰ ਨੇ ਕਿਸਾਨਾਂ ਵਾਸਤੇ ਕੋਈ ਇੱਕ ਵੀ ਚੰਗਾ ਕੰਮ ਨਹੀਂ ਕੀਤਾ। ਇਹਨੇ ਸਿਰਫ਼ ਕਿਸਾਨਾਂ ਅਤੇ ਜਾਨ ਗੁਆ ਚੁੱਕਿਆਂ ਦਾ ਅਪਮਾਨ ਹੀ ਕੀਤਾ ਹੈ।

















