ਸਿਆਲਾਂ ਦੀ ਸੀਤ ਹਵਾ ਚੱਲ ਰਹੀ ਹੈ। ਸੜਕ ਦੀ ਧੂੜ ਮੀਂਹ ਨਾਲ਼ ਰਲ਼ ਕੇ ਚਿੱਕੜ ਵਿੱਚ ਤਬਦੀਲ ਹੋ ਗਈ ਹੈ। ਸਿੰਘੂ ਧਰਨਾ-ਸਥਲ ਦੇ ਭੀੜੇ ਰਸਤੇ ਵਿੱਚ ਕਿਤੇ-ਕਿਤੇ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਦੇ ਸਾਹਮਣੇ ਪਾਣੀ ਵਿੱਚ ਤੁਰਨ ਫਿਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ- ਇਸਲਈ ਉਨ੍ਹਾਂ ਦੀਆਂ ਜੁੱਤੀਆਂ ਚਿੱਕੜ ਨਾਲ਼ ਲਿਬੜੀਆਂ ਹੋਈਆਂ ਹਨ।
ਹਰਿਆਣਾ-ਦਿੱਲੀ ਸੀਮਾ 'ਤੇ ਸਿੰਘੂ ਧਰਨਾ-ਸਥਲ ਵਿਖੇ ਵੱਖੋ-ਵੱਖ ਕਿਸਾਨ ਜੱਥੇਬੰਦੀਆਂ ਦੇ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਮੰਚ ਨੂੰ ਪਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਿਲੀ ਹੈ। ਕਿਉਂਕਿ ਉੱਥੋਂ ਕਰੀਬ 100 ਮੀਟਰ ਦੀ ਦੂਰੀ 'ਤੇ ਜਸਵਿੰਦਰ ਸਿੰਘ ਸੈਣੀ ਅਤੇ ਪ੍ਰਕਾਸ਼ ਕੌਰ ਉਨ੍ਹਾਂ ਦੀਆਂ ਜੁੱਤੀਆਂ ਸਾਫ਼ ਕਰਨ ਅਤੇ ਪਾਲਸ਼ ਕਰਨ ਦੀ ਸੇਵਾ ਵਿੱਚ ਹਾਜ਼ਰ ਹਨ।
"1986 ਵਿੱਚ ਜਿਸ ਦਿਨ ਪਰਮਾਤਮਾ ਨੇ ਸਾਨੂੰ ਇੱਕ ਬਾਲ ਦੀ ਬਖਸ਼ਿਸ਼ ਕੀਤੀ, ਉਸੇ ਦਿਨ ਮੈਂ ਆਪਣਾ ਜੀਵਨ ਮਨੁੱਖੀ ਕਾਰਜਾਂ ਲਈ ਸਮਰਪਤ ਕਰਨਾ ਦਾ ਫੈਸਲਾ ਕੀਤਾ," ਦਸਤਕਾਰੀ ਵਸਤਾਂ ਦਾ ਨਿਰਯਾਤ ਕਰਨ ਵਾਲੇ 62 ਸਾਲਾ ਜਸਵਿੰਦਰ ਸਿੰਘ ਕਹਿੰਦੇ ਹਨ।
ਸੋ ਪਿਛਲੇ ਕਰੀਬ 35 ਸਾਲਾਂ ਤੋਂ, ਇਹ ਪਤੀ-ਪਤਨੀ ਗੁਰਦੁਆਰਿਆਂ ਵਿੱਚ, ਮੱਥਾ ਟੇਕਣ ਆਈਆਂ ਸੰਗਤਾਂ ਦੇ ਜੋੜੇ (ਜੁੱਤੀਆਂ) ਸਾਫ਼ ਕਰਨ ਦੀ ਸੇਵਾ ਲਈ ਜਾਂਦੇ ਰਹੇ ਹਨ। ਉਨ੍ਹਾਂ ਦਾ ਚਾਰ ਮੈਂਬਰੀ ਪਰਿਵਾਰ, ਜੋ ਹੁਣ ਦਿੱਲੀ ਵਿੱਚ ਰਹਿੰਦਾ ਹੈ, ਹਰਿਆਣਾ ਦੇ ਅੰਬਾਲਾ ਜਿਲ੍ਹੇ ਦੇ ਨਰਾਇਣਗੜ੍ਹ ਵਿੱਚ 20 ਏਕੜ ਜ਼ਮੀਨ ਦਾ ਮਾਲਕ ਹੈ।
ਬਤੌਰ ਸੇਵਾਦਾਰ (ਗੁਰਦੁਆਰਿਆਂ ਜਾਂ ਭਾਈਚਾਰਕ ਸਮਾਗਮਾਂ ਵਿੱਚ ਸਵੈ-ਇਛੱਤ ਸੇਵਾ ਕਰਨ ਵਾਲੇ) ਆਪਣੀ ਦਹਾਕਿਆਂ ਦੀ ਸੇਵਾ ਬਾਰੇ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ,"ਮੇਰੀ ਪਤਨੀ, ਮੇਰੀ ਜੀਵਨ-ਸਾਥਣ, ਨੇ ਇੰਨੀ ਸੇਵਾ ਕੀਤੀ ਹੈ ਕਿ ਕੋਈ ਕਲਪਨਾ ਵੀ ਨਹੀਂ ਕਰ ਸਕਦਾ।" ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਪ੍ਰਕਾਸ਼ ਕੌਰ, ਜਿਨ੍ਹਾਂ ਦੀ ਉਮਰ 50 ਸਾਲ ਹੈ, ਸਾਲਾਂ ਤੋਂ ਜੋੜੇ ਪਾਲਸ਼ ਕਰਨ ਦੀ ਸੇਵਾ ਕਰਦੀ ਰਹੀ ਹੈ।






