ਜਿਓਂ ਹੀ ਨਰਾਇਣ ਗਾਇਕਵੜ ਦਾ ਧਿਆਨ ਆਪਣੇ ਖੇਤਾਂ ਵਿੱਚ ਉੱਗੇ ਅਰੰਡੀ ਦੇ ਕੁਝ ਕੁ ਬੂਟਿਆਂ ਵੱਲ ਜਾਂਦਾ ਹੈ ਉਨ੍ਹਾਂ ਦੇ ਚੇਤਿਆਂ ਵਿੱਚ ਉਨ੍ਹਾਂ ਦੀ ਕੋਲ੍ਹਾਪੁਰੀ ਚੱਪਲ ਘੁੰਮਣ ਲੱਗਦੀ ਹੈ ਜੋ 20 ਸਾਲਾਂ ਤੋਂ ਵੀ ਵੱਧ ਹੰਢੀ ਸੀ। ''ਅਸੀਂ ਕੋਲ੍ਹਾਪੁਰੀ ਚੱਪਲ ਨੂੰ ਅਰੰਡੀ ਦਾ ਤੇਲ ਲਾਇਆ ਕਰਦੇ। ਇੰਝ ਉਹਦੀ ਉਮਰ ਵੱਧ ਜਾਂਦੀ,'' 77 ਸਾਲਾ ਕਿਸਾਨ ਕਹਿੰਦਾ ਹੋਇਆ ਇਸ ਇਲਾਕੇ ਵਿੱਚ ਤੇਲ ਤੇ ਚੱਪਲਾਂ ਵਿਚਾਲੇ ਇਸ ਅਲੱਗ ਜਿਹੇ ਰਿਸ਼ਤੇ ਨੂੰ ਚਿਤਰਣ ਲੱਗਦਾ ਹੈ।
ਕੋਲ੍ਹਾਪੁਰ ਜ਼ਿਲ੍ਹੇ ਵਿੱਚ ਅਰੰਡੀ ਦਾ ਤੇਲ ਕੋਲ੍ਹਾਪੁਰੀ ਚੱਪਲਾਂ ਨੂੰ ਦੇਣ ਵਾਸਤੇ ਹੀ ਕੱਢਿਆ ਜਾਂਦਾ ਹੈ। ਮੱਝ ਜਾਂ ਫਿਰ ਗਾਂ ਦੇ ਚਮੜੇ ਤੋਂ ਬਣੀ ਇਸ ਚੱਪਲ ਨੂੰ ਥੋੜ੍ਹਾ ਨਰਮ ਕਰਨ ਵਾਸਤੇ ਤੇ ਬੇਢੱਬੀ ਹੋਣ ਤੋਂ ਬਚਾਉਣ ਵਾਸਤੇ ਤੇਲ ਮਲ਼ਿਆ ਜਾਂਦਾ ਤੇ ਇਸ ਕੰਮ ਵਾਸਤੇ ਅਰੰਡੀ ਦੇ ਤੇਲ ਨੂੰ ਹੀ ਤਰਜੀਹ ਦਿੱਤੀ ਜਾਂਦੀ।
ਕੋਲ੍ਹਾਪੁਰ ਦੀ ਮੂਲ਼ ਫ਼ਸਲ ਨਾ ਹੋਣ ਦੇ ਬਾਵਜੂਦ ਵੀ, ਅਰੰਡੀ (ਰਿਕੀਨਸ ਕੋਮਿਯੂਨਿਸ) ਇੱਥੋਂ ਦੀ ਮਨਪਸੰਦ ਫ਼ਸਲ ਬਣ ਗਈ। ਮੋਟੀ ਟਾਹਣੀ ਵਾਲ਼ਾ ਹਰਿਆ-ਭਰਿਆ ਇਹ ਬੂਟਾ ਪੂਰਾ ਸਾਲ ਹੀ ਉਗਾਇਆ ਜਾ ਸਕਦਾ ਹੈ। ਆਲਮੀ ਪੱਧਰ 'ਤੇ ਅਰੰਡ ਦੀ ਸਭ ਤੋਂ ਵੱਧ ਪੈਦਾਵਾਰ ਭਾਰਤ ਵਿੱਚ ਹੁੰਦੀ ਹੈ ਤੇ ਸਾਲ 2021-22 ਦੀ ਗੱਲ ਕਰੀਏ ਤਾਂ ਇਹਦੀ 16.5 ਲੱਖ ਟਨ ਪੈਦਾਵਾਰ ਹੋਈ ਹੋਣ ਦਾ ਅਨੁਮਾਨ ਹੈ। ਭਾਰਤ ਵਿਖੇ ਗੁਜਰਾਤ, ਆਂਧਰਾ ਪ੍ਰਦੇਸ਼, ਤਮਿਲਨਾਡੂ, ਓੜੀਸ਼ਾ ਤੇ ਰਾਜਸਥਾਨ ਅਰੰਡ-ਪੈਦਾਵਾਰ ਵਿੱਚ ਮੋਹਰੀ ਭੂਮਿਕਾ ਵਿੱਚ ਹਨ।
''ਮਾਝੇ ਵਾਦਿਲ 96 ਵਰਸ਼ ਜਾਗਲੇ (ਮੇਰੇ ਪਿਤਾ 96 ਸਾਲ ਦੀ ਉਮਰ ਭੋਗ ਕੇ ਗਏ) ਅਤੇ ਹਰ ਸਾਲ ਅਰੰਡੀ ਬੀਜਿਆ ਕਰਦੇ,'' ਨਰਾਇਣ ਕਹਿੰਦੇ ਹਨ ਜੋ ਖੁਦ ਵੀ ਸਾਲਾਂ ਤੋਂ ਇਸ ਪਰੰਪਰਾ ਨੂੰ ਜਾਰੀ ਰੱਖੇ ਹੋਏ ਹਨ ਤੇ ਆਪਣੀ 3.25 ਏਕੜ ਪੈਲ਼ੀ ਵਿੱਚ ਅਰੰਡ ਬੀਜਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਕਰੀਬ 150 ਸਾਲਾਂ ਤੋਂ ਅਰੰਡ ਬੀਜਦਾ ਆਇਆ ਹੈ। ਅਖ਼ਬਾਰ ਦੀ ਕਾਤਰ ਵਿੱਚ ਬੜੇ ਧਿਆਨ ਨਾਲ਼ ਵਲ੍ਹੇਟੇ ਬੀਜਾਂ ਵੱਲ ਇਸ਼ਾਰਾ ਕਰਦਿਆਂ ਨਰਾਇਣ ਕਹਿੰਦੇ ਹਨ,''ਅਸੀਂ ਅਰੰਡੀ ਦੇ ਦੇਸੀ ਬੀਜਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਹ ਕੋਈ 100 ਸਾਲ ਪੁਰਾਣੇ ਹੋਣਗੇ।'' ਉਹ ਅੱਗੇ ਕਹਿੰਦੇ ਹਨ,''ਫਾਤਕ ਬਾਇਕੋ ਅਣੀ ਮੀ ਸ਼ੇਵਕਿਨ (ਹੁਣ ਇਨ੍ਹਾਂ ਨੂੰ ਸੰਭਾਲ਼ਣ ਵਾਲ਼ੇ ਸਿਰਫ਼ ਮੈਂ ਤੇ ਮੇਰੀ ਪਤਨੀ ਹੀ ਹਾਂ)।''
ਨਰਾਇਣ ਤੇ ਉਨ੍ਹਾਂ ਦੀ 66 ਸਾਲਾ ਪਤਨੀ, ਕੁਸੁਮ ਅਰੰਡੀ ਦੇ ਬੀਜਾਂ ਦਾ ਤੇਲ ਹੱਥੀਂ ਕੱਢਦੇ ਹਨ। ਆਸਪਾਸ ਕੋਹਲੂ ਲੱਗੇ ਹੋਣ ਦੇ ਬਾਵਜੂਦ ਵੀ ਉਹ ਬੀਜਾਂ ਨੂੰ ਹੱਥੀਂ ਕੁੱਟਦੇ ਤੇ ਤੇਲ ਕੱਢਦੇ ਹਨ। ''ਪਹਿਲਾਂ, ਅਸੀਂ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰੀਂ ਤੇਲ਼ ਕੱਢਿਆ ਕਰਦੇ,'' ਨਰਾਇਣ ਕਾਕਾ ਕਹਿੰਦੇ ਹਨ।



















