ਹਰਮਨਦੀਪ ਸਿੰਘ ਚਾਰੇ ਪਾਸੇ ਖਿੱਲਰੇ ਰੰਗ-ਬਿਰੰਗੇ ਪਤੰਗਾਂ ਵਿਚਾਲੇ ਖੜ੍ਹਾ ਹੈ। ਥੋੜ੍ਹੀ ਦੂਰ, ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਸ਼ੰਭੂ ਬਾਰਡਰ ’ਤੇ, ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਵੱਡੇ-ਵੱਡੇ ਬੈਰੀਕੇਡ ਲਾ ਦਿੱਤੇ ਹਨ।
17 ਸਾਲਾ ਹਰਮਨਦੀਪ ਨੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਸੁੱਟਣ ਵਾਲ਼ੇ ਡਰੋਨਾਂ ਨੂੰ ਹੇਠਾਂ ਲਾਹੁਣ ਲਈ ਪਤੰਗਾਂ ਦਾ ਇਸਤੇਮਾਲ ਕੀਤਾ ਜੋ ਇਸ ਹਮਲੇ ਦੇ ਵਿਰੋਧ ਦਾ ਇੱਕ ਨਿਰਾਲਾ ਤਰੀਕਾ ਹੈ। “ਮੈਂ ਆਪਣੀਆਂ ਅੱਖਾਂ ਦੇ ਆਲ਼ੇ-ਦੁਆਲ਼ੇ ਟੂਥਪੇਸਟ ਵੀ ਲਾਇਆ ਹੋਇਆ ਹੈ ਕਿਉਂਕਿ ਇਹ ਅੱਥਰੂ ਗੈਸ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਅੱਗੇ ਵਧਾਂਗੇ ਤੇ ਇਹ ਲੜਾਈ ਜਿੱਤਾਂਗੇ,” ਉਸਨੇ ਕਿਹਾ।
ਹਰਮਨਦੀਪ 13 ਫਰਵਰੀ 2024 ਨੂੰ ਦਿੱਲੀ ਵੱਲ ਸ਼ਾਂਤੀਪੂਰਵਕ ਮਾਰਚ ਲਈ ਜਾਣ ਵਾਲ਼ੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਿੱਚੋਂ ਇੱਕ ਹੈ। ਸ਼ੰਭੂ ਬਾਰਡਰ ’ਤੇ ਉਹਨਾਂ ਦਾ ਸਾਹਮਣਾ ਪੈਰਾਮਿਲਟਰੀ, ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ, ਅਤੇ ਪੁਲਿਸ ਅਫ਼ਸਰਾਂ ਨਾਲ਼ ਹੋਇਆ। ਦਿੱਲੀ ਵਿੱਚ ਮੁਜ਼ਾਹਰਾ ਕਰਨ ਜਾਣ ਤੋਂ ਕਿਸਾਨਾਂ ਨੂੰ ਰੋਕਣ ਲਈ ਸੜਕ ’ਤੇ ਲੋਹੇ ਦੀਆਂ ਕਿੱਲਾਂ ਅਤੇ ਕੰਕਰੀਟ ਦੀਆਂ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ।
ਪਹਿਲੇ ਬੈਰੀਕੇਡ ਕੋਲ ਗੁਰਜੰਟ ਸਿੰਘ ਖਾਲਸਾ ਇਕੱਠ ਨੂੰ ਸੰਬੋਧਨ ਕਰਦਿਆਂ ਪੰਜ ਮੁੱਖ ਮੰਗਾਂ ਦਾ ਜ਼ਿਕਰ ਕਰਦੇ ਹਨ – ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਾਰੰਟੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੂਰਨ ਕਰਜ਼ਮਾਫੀ, ਲਖੀਮਪੁਰ ਖੀਰੀ ਕਾਂਡ ਦੇ ਪੀੜਤ ਕਿਸਾਨਾਂ ਲਈ ਇਨਸਾਫ਼ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਕਿਸਾਨਾਂ ਅਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ, ਅਤੇ 2020-21 ਦੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ।
























