ਵਿਜੈ ਮਰੋਤਰ ਨੂੰ ਆਪਣੇ ਪਿਤਾ ਨਾਲ਼ ਹੋਈ ਉਸ ਅਖ਼ੀਰੀ ਗੱਲਬਾਤ ਦਾ ਡੂੰਘਾ ਪਛਤਾਵਾ ਹੈ।
ਹੁੰਮਸ ਮਾਰੀ ਗਰਮੀ ਦੀ ਇੱਕ ਸ਼ਾਮ ਨੂੰ ਯਵਤਮਾਲ ਜ਼ਿਲ੍ਹੇ ਵਿਖੇ ਪੈਂਦਾ ਉਨ੍ਹਾਂ ਦਾ ਪਿੰਡ ਹੌਲ਼ੀ-ਹੌਲ਼ੀ ਘੁਸਮੁਸੇ ਨਾਲ਼ ਕੱਜਿਆ ਜਾ ਰਿਹਾ ਸੀ। ਉਨ੍ਹਾਂ ਦੀ ਝੌਂਪੜੀ ਵਿੱਚ ਪੈ ਰਹੀ ਹਲਕੀ ਜਿਹੀ ਰੌਸ਼ਨੀ ਦੀ ਲੋਅ ਵਿੱਚ ਵਿਜੈ ਆਪਣੇ ਤੇ ਆਪਣੇ ਪਿਤਾ ਵਾਸਤੇ ਭੋਜਨ-ਦੋ ਰੋਟੀਆਂ, ਦਾਲ ਤੇ ਇੱਕ ਕੌਲੀ ਚੌਲ਼, ਪਰੋਸੀ ਦੋ ਥਾਲੀਆਂ ਫੜ੍ਹੀ ਅੰਦਰ ਆਏ ਸਨ।
ਪਰ ਜਿਓਂ ਹੀ ਉਨ੍ਹਾਂ ਦੇ ਪਿਤਾ, ਘਣਸ਼ਿਆਮ ਦੀ ਨਜ਼ਰ ਥਾਲੀ 'ਤੇ ਪਈ ਉਹ ਆਪਿਓਂ ਬਾਹਰ ਹੋ ਗਏ ਤੇ ਗੁੱਸੇ ਵਿੱਚ ਬੋਲੇ ਕਿ ਕੱਟੇ ਪਿਆਜ਼ ਕਿੱਥੇ ਨੇ? 25 ਸਾਲਾ ਵਿਜੈ ਮੁਤਾਬਕ ਤਲਖ਼ੀ ਉਨ੍ਹਾਂ ਦਾ ਸੁਭਾਅ ਸੀ ਪਰ ਉਨ੍ਹੀਂ ਦਿਨੀਂ ਉਨ੍ਹਾਂ ਦਾ ਮਿਜ਼ਾਜ਼ ਅਕਸਰ ਹੀ ਗਰਮ ਰਹਿਣ ਲੱਗਿਆ। ਮਹਾਰਾਸ਼ਟਰ ਦੇ ਅਕਪੁਰੀ ਪਿੰਡ ਵਿੱਚ ਇੱਕ ਕਮਰੇ ਦੀ ਆਪਣੀ ਝੌਂਪੜੀ ਦੇ ਬਾਹਰ ਖੁੱਲ੍ਹੀ ਥਾਵੇਂ ਡੱਠੀ ਪਲਾਸਟਿਕ ਦੀ ਕੁਰਸੀ 'ਤੇ ਬੈਠੇ ਵਿਜੈ ਦੱਸਦੇ ਹਨ, ''ਕੁਝ ਕੁ ਸਮੇਂ ਤੋਂ ਉਹ ਛੋਟੀ-ਛੋਟੀ ਗੱਲ 'ਤੇ ਕਾਹਲੇ ਪੈ ਜਾਂਦੇ ਤੇ ਛੇਤੀ ਗੁੱਸੇ ਨਾਲ਼ ਲਾਲ-ਪੀਲੇ ਹੋ ਜਾਂਦੇ।''
ਵਿਜੈ ਮੁੜ ਰਸੋਈ ਵਿੱਚ ਗਏ ਤੇ ਪਿਤਾ ਲਈ ਪਿਆਜ ਕੱਟ ਲਿਆਏ। ਪਰ ਰੋਟੀ ਖਾਣ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ਼ ਨੂੰ ਲੈ ਕੇ ਬਹਿਸ ਛਿੜ ਪਈ। ਉਸ ਰਾਤੀਂ ਵਿਜੈ ਬੁਝੇ ਮਨ ਨਾਲ਼ ਸੌਣ ਚਲੇ ਗਏ ਤੇ ਸੋਚਿਆ ਸਵੇਰ ਹੁੰਦਿਆ ਪਿਤਾ ਨੂੰ ਮਨਾ ਲਵਾਂਗਾ।
ਪਰ, ਘਣਸ਼ਿਆਮ ਲਈ ਅਗਲੀ ਸਵੇਰ ਕਦੇ ਹੋਈ ਹੀ ਨਾ।
ਉਸੇ ਰਾਤ 59 ਸਾਲਾ ਕਿਸਾਨ ਨੇ ਕੀੜੇਮਾਰ ਦਵਾਈ ਪੀ ਲਈ ਅਤੇ ਵਿਜੈ ਦੇ ਉੱਠਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਵੀ ਹੋ ਗਈ। ਇਹ ਘਟਨਾ ਅਪ੍ਰੈਲ 2022 ਦੀ ਹੈ।









