''ਯਮੁਨਾ ਨਦੀ ਸਾਡੇ ਪਰਿਵਾਰ ਦਾ ਹਿੱਸਾ ਹੀ ਰਹੀ ਹੈ। ਅਸੀਂ ਉਹਦੇ ਕਿਨਾਰਿਆਂ 'ਤੇ ਖੇਡਦੇ-ਮਲ਼ਦੇ ਰਹੇ ਹਾਂ।''
ਇਹ ਵਜਿੰਦਰ ਸਿੰਘ ਹਨ ਜੋ ਨਦੀ ਅਤੇ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਗੱਲ਼ ਕਰ ਰਹੇ ਹਨ। ਮਲਾਹਾਂ ਦੇ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਇਹ ਪਰਿਵਾਰ ਪਿਛਲੀਆਂ ਕਈ ਪੀੜ੍ਹੀਆਂ ਤੋਂ ਯਮੁਨਾ ਕੰਢੇ ਹੀ ਰਹਿੰਦੇ ਆਏ ਹਨ ਅਤੇ ਨਦੀ ਦੇ ਨਾਲ਼ ਲੱਗਦੇ ਹੜ੍ਹ-ਮੈਦਾਨਾਂ (ਤਟੀ ਇਲਾਕਿਆਂ) ਦੀ ਹਿੱਕ 'ਤੇ ਅਨਾਜ ਪੈਦਾ ਕਰਦੇ ਆਏ ਹਨ। ਇਹ 1,376 ਕਿ:ਮੀ ਲੰਬੀ ਨਦੀ ਰਾਸ਼ਟਰੀ ਰਾਜਧਾਨੀ ਇਲਾਕੇ ਵਿੱਚ 22 ਕਿਲੋਮੀਟਰ ਦੀ ਦੂਰੀ ਤੱਕ ਵਗਦੀ ਜਾਂਦੀ ਹੈ ਤੇ ਇਹਦੇ ਨਾਲ਼ ਲੱਗਦੇ ਹੜ੍ਹ-ਮੈਦਾਨ ਕੋਈ 97 ਵਰਗ ਕਿਲੋਮੀਟਰ ਤੱਕ ਫ਼ੈਲੇ ਹੋਏ ਹਨ।
ਵਜਿੰਦਰ ਸਿੰਘ ਜਿਹੇ 5,000 ਤੋਂ ਵੱਧ ਕਿਸਾਨਾਂ ਨੂੰ ਇਸ ਇਲਾਕੇ ਵਿੱਚ ਖੇਤੀ ਕਰਨ ਦਾ 99 ਸਾਲਾਂ ਦਾ ਪਟਾ ਮਿਲ਼ਿਆ ਹੋਇਆ ਸੀ।
ਇਹ ਕਹਾਣੀ ਬੁਲਡੋਜ਼ਰ ਆਉਣ ਤੋਂ ਪਹਿਲਾਂ ਦੀ ਸੀ।
ਸਾਲ 2020 ਦੀ ਹੱਡ-ਚੀਰਵੀਂ ਜਨਵਰੀ ਮਹੀਨੇ ਵਿੱਚ ਨਗਰਨਿਗਮ ਦੇ ਅਧਿਕਾਰੀਆਂ ਨੇ ਇਨ੍ਹਾਂ ਖੇਤਾਂ ਵਿਖੇ ਝੂਮਦੀਆਂ ਫ਼ਸਲਾਂ 'ਤੇ ਸਿਰਫ਼ ਇਸਲਈ ਬੁਲਡੋਜ਼ਰ ਚਲਾ ਦਿੱਤਾ ਤਾਂਕਿ ਬਾਇਓਡਾਇਵਰਸਿਟੀ (ਜੀਵ-ਵਿਭਿੰਨਤਾ) ਪਾਰਕ ਦੀ ਉਸਾਰੀ ਲਈ ਰਾਹ ਪੱਧਰਾ ਹੋ ਸਕੇ। ਵਜਿੰਦਰ ਛੇਤੀ ਨਾਲ਼ ਆਪਣੇ ਪਰਿਵਾਰ ਨੂੰ ਲੈ ਕੇ ਨੇੜੇ ਹੀ ਪੈਂਦੀ ਗੀਤਾ ਕਲੋਨੀ ਦੇ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਚਲੇ ਗਏ।
ਰਾਤੋ-ਰਾਤ ਇਸ 38 ਸਾਲਾ ਕਿਸਾਨ ਦੀ ਢਿੱਡ 'ਤੇ ਐਸੀ ਲੱਤ ਵੱਜੀ ਕਿ ਉਨ੍ਹਾਂ ਨੂੰ ਆਪਣੇ ਪੰਜ ਮੈਂਬਰੀ ਪਰਿਵਾਰ ਨੂੰ ਪਾਲ਼ਣ ਵਾਸਤੇ ਡ੍ਰਾਈਵਿੰਗ ਦਾ ਕੰਮ ਫੜ੍ਹਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੇਟੇ ਹਨ ਤੇ ਸਾਰੇ ਬੱਚਿਆਂ ਦੀ ਉਮਰ 10 ਸਾਲਾਂ ਤੋਂ ਵੀ ਘੱਟ ਹੀ ਹੈ। ਉਹ ਇਕੱਲੇ ਨਹੀਂ ਹਨ ਜੋ ਇਸ ਸੰਕਟ ਦੇ ਮਾਰੇ ਹਨ। ਆਪਣੀ ਜ਼ਮੀਨ ਤੇ ਰੁਜ਼ਗਾਰ ਤੋਂ ਉਜਾੜੇ ਗਏ ਦੂਸਰੇ ਕਈ ਲੋਕ ਪੇਂਟਰ, ਮਾਲੀ, ਸਕਿਊਰਿਟੀ ਗਾਰਡ ਤੇ ਮੈਟ੍ਰੋ ਸਟੇਸ਼ਨ ਵਿਖੇ ਸਫ਼ਾਈਕਰਮੀਆਂ ਵਜੋਂ ਕੰਮ ਕਰਨ ਲਈ ਮਜ਼ਬੂਰ ਹੋਏ ਹਨ।
ਉਹ ਸਵਾਲੀਆ ਲਹਿਜੇ ਵਿੱਚ ਪੁੱਛਦੇ ਹਨ,''ਜੇ ਤੁਸੀਂ ਲੋਹਾ ਪੁਲ ਤੋਂ ਆਈਟੀਓ ਜਾਣ ਵਾਲ਼ੀ ਸੜਕ 'ਤੇ ਨਜ਼ਰ ਸੁੱਟੋਗੇ ਤਾਂ ਦੇਖੋਗਾ ਕਿ ਸਾਈਕਲ 'ਤੇ ਕਚੌਰੀਆਂ ਵੇਚਣ ਵਾਲ਼ਿਆਂ ਦੀ ਗਿਣਤੀ ਅਚਾਨਕ ਹੀ ਕਾਫ਼ੀ ਵੱਧ ਗਈ ਹੈ। ਉਹ ਸਾਰੇ ਦੇ ਸਾਰੇ ਕਿਸਾਨ ਹਨ, ਉਹੀ ਕਿਸਾਨ ਜਿਨ੍ਹਾਂ ਨੂੰ ਰਾਤੋ-ਰਾਤ ਉਨ੍ਹਾਂ ਦੀ ਜ਼ਮੀਨ ਤੋਂ ਬਾਹੋਂ ਫੜ੍ਹ ਬਾਹਰ ਕੱਢ ਦਿੱਤਾ ਗਿਆ। ਹੁਣ ਦੱਸੋ ਉਹ ਕਰਨ ਤਾਂ ਕੀ ਕਰਨ?''










