''ਕਾਸ਼, ਸਕੂਲ ਵਿੱਚ ਦੂਜੇ ਡੰਗ ਦਾ ਖਾਣਾ ਵੀ ਮਿਲ਼ਦਾ।''
ਸੱਤ ਸਾਲਾ ਬਿਸਵਰਾਜੂ ਤੇਲੰਗਾਨਾ ਦੇ ਸੇਰੀਲਿੰਗਮਪੱਲੀ ਵਿਖੇ ਮੰਡਲ ਪਰਿਸ਼ਦ ਪ੍ਰਾਇਮਰੀ ਸਕੂਲ ਪੜ੍ਹਦਾ ਹੈ। ਇਹ ਸਕੂਲ ਰੰਗਾ ਰੈਡੀ ਜ਼ਿਲ੍ਹੇ ਵਿੱਚ ਪੈਂਦਾ ਹੈ ਜੋ ਦੇਸ਼ ਦੇ ਉਨ੍ਹਾਂ 11.2 ਲੱਖ ਸਕੂਲਾਂ ਵਿੱਚੋਂ ਇੱਕ ਹੈ ਜਿੱਥੇ ਦੁਪਹਿਰ ਵੇਲ਼ੇ ਬੱਚਿਆਂ ਨੂੰ ਗਰਮਾ-ਗਰਮ ਭੋਜਨ ਦਿੱਤਾ ਜਾਂਦਾ ਹੈ। ਇਹ ਭੋਜਨ ਬਿਸਵਰਾਜੂ ਦੀ ਸਹਿਪਾਠਣ, 10 ਸਾਲਾ ਅੰਬਿਕਾ ਲਈ ਬੜਾ ਸਹਾਈ ਹੁੰਦਾ ਹੈ, ਜੋ ਸਵੇਰੇ ਸਿਰਫ਼ ਇੱਕ ਗਲਾਸ ਗਾਂਜੀ (ਚੌਲਾਂ ਦੀ ਪਿੱਛ) ਪੀ ਕੇ ਹੀ ਸਕੂਲ ਆਉਂਦੀ ਹੈ ਤੇ ਇਹੀ ਉਹਦਾ ਸਵੇਰ ਦਾ ਪਹਿਲਾ ਭੋਜਨ ਹੁੰਦਾ ਹੈ।
ਭਾਰਤ ਦੀ ਇਹ ਮਿਡ-ਡੇਅ-ਮੀਲ ਸਕੀਮ ਦੇਸ਼ ਅੰਦਰ ਸਰਵ-ਸਿੱਖਿਆ ਅਭਿਆਨ ਤਹਿਤ ਚੱਲਣ ਵਾਲ਼ੇ ਸਰਕਾਰੀ ਤੇ ਅਰਧ-ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲ਼ੇ 11.8 ਕਰੋੜ ਬੱਚਿਆਂ ਦਾ ਢਿੱਡ ਭਰਦੀ ਹੈ। ਮਿਡ-ਡੇਅ-ਮੀਲ ਹਰ ਰੋਜ਼ (ਸਕੂਲ ਲੱਗਣ ਦੇ ਹਰ ਦਿਨ) ਤੇ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਗੱਲ 'ਤੇ ਕੋਈ ਦੋ ਰਾਏ ਨਹੀਂ ਕਿ ਜੇਕਰ ਢਿੱਡ ਭਰਿਆ ਹੋਵੇਗਾ ਤਾਂ ਹੀ ਬੱਚਾ ਹਿਸਾਬ ਦੇ ਸਵਾਲ ਹੱਲ ਕਰ ਸਕਦਾ ਹੈ ਤੇ ਸ਼ਬਦਾਂ ਦੇ ਜਾਲ਼ ਨਾਲ਼ ਵੀ ਨਜਿੱਠ ਸਕਦਾ ਹੈ। ਪਰ ਹਕੀਕਤ ਤਾਂ ਇਹ ਹੈ ਕਿ ਦੁਪਹਿਰੇ ਮਿਲ਼ਣ ਵਾਲ਼ਾ ਇਹ ਭੋਜਨ ਹੀ ਬੱਚਿਆਂ ਨੂੰ ਸਕੂਲ ਲਿਆਉਣ ਦੀ ਇੱਕ ਉਮੀਦ ਬਣਦਾ ਹੈ। (ਕੇਂਦਰੀ ਸਿੱਖਿਆ ਮੰਤਰੀ, ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਵਿੱਚ ਘੱਟੋ ਘੱਟ 150 ਮਿਲੀਅਨ (1 ਕਰੋੜ 50 ਲੱਖ) ਬੱਚੇ ਅਤੇ ਨੌਜਵਾਨ ਰਸਮੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਹਨ।)
ਰਾਜਸਥਾਨ ਦੇ ਭਿਲਵਾੜਾ ਜ਼ਿਲ੍ਹੇ ਦੇ ਜੋਧਗੜ੍ਹ ਪਿੰਡ ਦੇ ਰਾਜਕੀਆ ਪ੍ਰਥਮਿਲ ਵਿਦਿਆਲੇ ਵਿੱਚ ਪੜ੍ਹਨ ਵਾਲ਼ਾ 10 ਸਾਲਾ ਦਕਸ਼ ਭੱਟ ਸਵੇਰੇ ਸਕੂਲ ਜਾਣ ਲੱਗਿਆਂ ਸਿਰਫ਼ ਕੁਝ ਬਿਸਕੁਟ ਹੀ ਖਾਂਦਾ ਸੀ। ਇੱਥੋਂ ਹਜਾਰਾਂ ਕਿਲੋਮੀਟਰ ਦੂਰ ਸਥਿਤ ਅਸਾਮ ਦੇ ਨਲਬਾਰੀ ਜ਼ਿਲ੍ਹੇ ਦੀ ਅਲੀਸ਼ਾ ਬੇਗਮ ਸਾਨੂੰ ਦੱਸਦੀ ਹੈ ਕਿ ਉਹ ਸਵੇਰੇ ਸਕੂਲ ਵਾਸਤੇ ਨਿਕਲ਼ਣ ਤੋਂ ਪਹਿਲਾਂ ਇੱਕ ਰੋਟੀ ਤੇ ਕਾਲ਼ੀ ਚਾਹ ਪੀਂਦੀ ਹੈ। ਉਹ ਨੰਬਰ. 858 ਨਿਜ਼ ਖਾਗਾਤਾ ਐੱਲਪੀ ਸਕੂਲ ਪੜ੍ਹਦੀ ਹੈ, ਉਹਦੇ ਪਿਤਾ ਫੇਰੀਵਾਲ਼ੇ ਤੇ ਮਾਤਾ ਘਰੇਲੂ ਔਰਤ ਹਨ।


































