ਅੱਜ ਅਸੀਂ ਪਾਰੀ (PARI) ਦੇ ਅਨੁਵਾਦਕਾਂ ਦੀ ਬੇਮਿਸਾਲ ਟੀਮ ਵੱਲੋਂ ਮਾਰੀਆਂ ਹੈਰਾਨੀਜਨਕ ਮੱਲ੍ਹਾਂ ਦਾ ਜਸ਼ਨ ਮਨਾਉਂਦੇ ਹਾਂ, ਸਾਡੀ ਇਸ ਟੀਮ ਵਿੱਚ ਕੁੱਲ 170 ਤੋਂ ਵੱਧ ਲੋਕ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਘੱਟੋਘੱਟ 45 ਅਨੁਵਾਦਕ ਅਜਿਹੇ ਹਨ ਜੋ ਹਰ ਮਹੀਨੇ ਸਰਗਰਮੀ ਨਾਲ਼ ਕੰਮ ਕਰਦੇ ਹਨ ਅਤੇ ਇਸ ਪੂਰੇ ਕੰਮ ਦੌਰਾਨ ਸਾਡਾ ਆਪਸ ਵਿੱਚ ਮੁਕੰਮਲ ਸਾਥ ਬਣਿਆ ਰਹਿੰਦਾ ਹੈ ਅਤੇ ਸਾਡਾ ਆਪਸ ਵਿੱਚ ਇਹੀ ਨਫ਼ੀਸ ਸਾਥ ਮਿਸਾਲਾਂ ਘੜ੍ਹਦਾ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 30 ਸਤੰਬਰ ਨੂੰ ਅੰਤਰਰਾਸ਼ਟਰੀ ਅਨੁਵਾਦ ਦਿਵਸ ਵਜੋਂ ਚੁਣਿਆ ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਅੱਜ ਦਾ ਇਹ ਦਿਨ ''ਭਾਸ਼ਾ ਦੇ ਇਨ੍ਹਾਂ ਪੇਸ਼ੇਵਰਾਂ ਦੇ ਕੰਮ ਦੀ ਵਡਿਆਈ ਕਰਨ ਦੇ ਲੇਖੇ ਲਾਉਣਾ ਚਾਹੀਦਾ ਹੈ, ਜੋ ਨਾ ਸਿਰਫ਼ ਰਾਸ਼ਟਰਾਂ ਨੂੰ ਇੱਕ ਮੰਚ ' ਤੇ ਇਕੱਠਿਆਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਸਗੋਂ ਆਪਸੀ ਸੰਵਾਦ ਨੂੰ ਸੁਗਮ ਬਣਾਉਣ ਦੇ ਨਾਲ਼ ਨਾਲ਼ ਇੱਕ ਸਾਂਝੀ ਸਮਝ ਅਤੇ ਸਹਿਯੋਗ ਕਾਇਮ ਕਰਨ ਅਤੇ ਵਿਕਾਸ ਵਿੱਚ ਵੀ ਹਿੱਸਾ ਪਾ ਰਹੇ ਹਨ...'' ਅਤੇ ਹੋਰ ਵੀ ਬੜਾ ਕੁਝ ਕੀਤਾ ਜਾ ਰਿਹਾ ਹੈ। ਇਸਲਈ ਅੱਜ ਅਸੀਂ ਆਪਣੀ ਅਨੁਵਾਦਕ ਟੀਮ ਦੀ ਉਸਤਤ ਕਰਦੇ ਹਾਂ, ਸਾਡੇ ਦਾਅਵੇ ਮੁਤਾਬਕ ਜਿਹੋ-ਜਿਹੀ ਟੀਮ ਹੋਰ ਕਿਸੇ ਜਰਨਲਿਜ਼ਮ ਵੈੱਬਸਾਈਟ ਕੋਲ਼ ਨਹੀਂ।
ਸਾਡੇ ਅਨੁਵਾਦਕਾਂ ਦੀ ਇਸ ਟੀਮ ਵਿੱਚ ਡਾਕਟਰ, ਭੌਤਿਕ-ਵਿਗਿਆਨੀ, ਭਾਸ਼ਾ-ਪ੍ਰਵੀਨ, ਕਵੀ, ਗ੍ਰਹਿਸਥ, ਅਧਿਆਪਕ, ਕਲਾਕਾਰ, ਪੱਤਰਕਾਰ, ਲੇਖਕ, ਇੰਜੀਨੀਅਰ, ਵਿਦਿਆਰਥੀ ਅਤੇ ਪ੍ਰੋਫ਼ੈਸਰ ਸ਼ਾਮਲ ਹਨ। ਉਨ੍ਹਾਂ ਵਿੱਚੋਂ ਸਭ ਤੋਂ ਬਜ਼ੁਰਗ ਅਨੁਵਾਦਕ 84 ਸਾਲ ਦੇ ਹਨ ਅਤੇ ਸਭ ਤੋਂ ਨੌਜਵਾਨ 22 ਸਾਲ ਦੇ। ਕੁਝ ਕੁ ਤਾਂ ਮੁਲਕੋਂ ਬਾਹਰ ਰਹਿੰਦੇ ਹਨ। ਕੁਝ ਦੇਸ਼ ਦੇ ਉਨ੍ਹਾਂ ਬੀਹੜ ਇਲਾਕਿਆਂ ਵਿੱਚ ਰਹਿੰਦੇ ਹਨ, ਜਿੱਥੇ ਕੁਨੈਕਟੀਵਿਟੀ ਦੀ ਹਾਲਤ ਖ਼ਸਤਾ ਹੈ।
ਪਾਰੀ (PARI) ਦੇ ਇਸ ਵਿਸ਼ਾਲ ਅਨੁਵਾਦ ਪ੍ਰੋਗਰਾਮ ਦਾ ਮਕਸਦ ਨਿਸ਼ਚਿਤ ਤੌਰ 'ਤੇ ਆਪਣੀਆਂ ਸੀਮਾਵਾਂ ਅਤੇ ਪੱਧਰਾਂ ਦੇ ਅੰਦਰ ਰਹਿ ਕੇ, ਇਸ ਦੇਸ਼ ਨੂੰ ਆਪਣੀਆਂ ਭਾਸ਼ਾਵਾਂ ਪ੍ਰਤੀ ਸਨਮਾਨ ਭਾਵ ਅਤੇ ਬਰਾਬਰੀ ਦੀ ਭਾਵਨਾ ਨਾਲ਼ ਓਤਪੋਤ ਕਰਾ ਕੇ ਇੱਕ ਮੰਚ 'ਤੇ ਲਿਆਉਣਾ ਹੈ। ਪਾਰੀ (PARI) ਦੀ ਸਾਈਟ 'ਤੇ ਹਰੇਕ ਲੇਖ 13 ਭਾਸ਼ਾਵਾਂ ਵਿੱਚ ਉਪਲਬਧ ਹੈ ਜੋ ਨਹੀਂ ਹੈ ਉਹ ਛੇਤੀ ਹੀ ਉਪਲਬਧ ਹੋਵੇਗਾ। ਨਮੂਨੇ ਵਾਸਤੇ ਪਾਰੀ ਦਾ ਇਹ ਲੇਖ ਦੇਖੋ (ਸਾਡੀ ਅਜ਼ਾਦੀ ਖ਼ਾਤਰ ਭਗਤ ਸਿੰਘ ਝੁੱਗੀਆਂ ਦੀ ਲੜਾਈ) ਜੋ 13 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਸਾਡੀ ਟੀਮ ਨੇ 6,000 ਦੇ ਕਰੀਬ ਲੇਖ ਅਨੁਵਾਦ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਮਲਟੀਮੀਡਿਆ ਨਾਲ਼ ਸਬੰਧਤ ਹਨ।



