ਪੈਰਾਂ ਹੇਠ ਹਰਿਆ ਘਾਹ, ਸਿਰ 'ਤੇ ਖੁੱਲ੍ਹਾ ਅਸਮਾਨ, ਚੁਫ਼ੇਰੇ ਹਰੇ-ਭਰੇ ਦਰਖ਼ਤ ਤੇ ਜੰਗਲ ਵਿੱਚੋਂ ਦੀ ਵਗਦੇ ਪਾਣੀ ਦੀ ਸ਼ਾਂਤ ਧਾਰਾ- ਇੱਕ ਅਜਿਹਾ ਦ੍ਰਿਸ਼ ਹੈ ਜੋ ਪੇਂਡੂ ਮਹਾਰਾਸ਼ਟਰ ਵਿੱਚ ਕਿਤੇ ਵੀ ਦੇਖਣ ਨੂੰ ਮਿਲ਼ ਜਾਂਦਾ ਹੈ।
ਜ਼ਰਾ ਰੁੱਕਿਓ, ਸੁਣਿਓ ਗੀਤਾ ਨੇ ਕੁਝ ਕਹਿਣਾ ਹੈ। ਵਗਦੀ ਧਾਰਾ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹਨ,''ਔਰਤਾਂ ਖੱਬੇ ਪਾਸੇ ਤੇ ਬੰਦੇ ਸੱਜੇ ਪਾਸੇ ਜਾਂਦੇ ਨੇ।'' ਇਹ ਉਹ ਤਰਤੀਬ ਹੈ ਜਿਹਦਾ ਪਾਲਣ ਹਰ ਰੋਜ਼ ਹੁੰਦਾ ਹੈ ਜਦੋਂ ਉਨ੍ਹਾਂ ਦੀ ਵਸਤੀ ਦੇ ਬਾਸ਼ਿੰਦਿਆਂ ਨੇ ਜੰਗਲ-ਪਾਣੀ ਜਾਣਾ ਹੁੰਦਾ ਹੈ।
''ਜਦੋਂ ਕਦੇ ਮੀਂਹ ਪੈਂਦਾ ਹੋਵੇ ਤਾਂ ਸਾਨੂੰ ਛੱਤਰੀ ਫੜ੍ਹੀ ਗਿੱਟਿਆਂ ਤੀਕਰ ਪਾਣੀ ਵਿੱਚ ਬਹਿਣਾ ਪੈਂਦਾ ਏ। ਮਾਹਵਾਰੀ (ਮੇਰੀ) ਵੇਲ਼ੇ ਕੀ ਹਾਲਤ ਹੁੰਦੀ ਹੋਵੇਗੀ, ਇਹ ਦੱਸਣ ਦੀ ਲੋੜ ਏ?'' 40 ਸਾਲਾ ਗੀਤਾ ਕਹਿੰਦੀ ਹਨ।
ਪੂਨੇ ਜ਼ਿਲ੍ਹੇ ਦੇ ਸ਼ੀਰੂਰ ਤਾਲੁਕਾ ਦੇ ਪਿੰਡ ਕੁਰੂਲੀ ਦੇ ਬਾਹਰਵਾਰ ਵੱਸੀ ਉਨ੍ਹਾਂ ਦੀ ਬਸਤੀ ਵਿੱਚ ਕੋਈ 50 ਘਰ ਹਨ, ਜਿਨ੍ਹਾਂ ਵਿੱਚ ਭੀਲ ਤੇ ਪਾਰਧੀ ਪਰਿਵਾਰ ਰਹਿੰਦੇ ਹਨ। ਮਹਾਰਾਸ਼ਟਰ ਅੰਦਰ ਪਿਛੜੇ ਕਬੀਲਿਆਂ ਵਜੋਂ ਸੂਚੀਬੱਧ ਇਹ ਦੋਵੇਂ ਭਾਈਚਾਰੇ ਰਾਜ ਦੇ ਸਭ ਤੋਂ ਕੰਗਾਲ਼ ਤੇ ਹਾਸ਼ੀਆਗਤ (ਕਮਜ਼ੋਰ) ਵਰਗ ਮੰਨੇ ਜਾਂਦੇ ਹਨ।
ਭੀਲ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀ ਗੀਤਾ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਦੌਰਾਨ ਹੋਣ ਵਾਲ਼ੀ ਅਸੁਵਿਧਾ ਬਾਰੇ ਗੱਲ ਕਰਦੀ ਹੋਈ ਕਹਿੰਦੀ ਹਨ,''ਜਦੋਂ ਅਸੀਂ ਬਹਿੰਦੇ ਹਾਂ ਤਾਂ ਘਾਹ ਸਾਨੂੰ ਚੁੱਭ ਜਾਂਦਾ ਏ, ਮੱਛਰ ਲੜਦਾ ਏ... ਉੱਤੋਂ ਹਰ ਵੇਲ਼ੇ ਸੱਪ ਦੇ ਡੰਗਣ ਦਾ ਡਰ ਸਤਾਉਂਦਾ ਰਹਿੰਦਾ ਏ।''
ਬਸਤੀ ਦੇ ਲੋਕਾਂ ਨੂੰ ਹਰ ਪੈਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ- ਖ਼ਾਸਕਰਕੇ ਔਰਤਾਂ ਨੂੰ ਜੰਗਲਾਂ ਵਿੱਚੋਂ ਦੀ ਲੰਘਣ ਵੇਲ਼ੇ ਹੋ ਸਕਣ ਵਾਲ਼ੇ ਕਿਸੇ ਵੀ ਹਮਲੇ ਦਾ ਧੁੜਕੂ ਲੱਗਾ ਰਹਿੰਦਾ ਹੈ।




