ਰੁਖ਼ਸਾਨਾ ਖ਼ਾਤੂਨ ਨੂੰ ਜਾਪਿਆ ਜਿਵੇਂ ਹੁਣ ਪਰਿਵਾਰ ਦਾ ਢਿੱਡ ਭਰਨ ਦੀ ਚਿੰਤਾ ਮੁੱਕ ਗਈ ਹੈ। ਪਿਛਲੇ ਦੋ ਸਾਲਾਂ ਵਿੱਚ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਨਵੰਬਰ 2020 ਨੂੰ ਉਨ੍ਹਾਂ ਨੂੰ ਰਾਸ਼ਨ ਕਾਰਡ ਅਜੇ ਮਿਲ਼ਿਆ ਹੀ ਸੀ ਕਿ ਮਹਾਂਮਾਰੀ ਦਾ ਸਭ ਤੋਂ ਮਾੜਾ ਦੌਰ ਸ਼ੁਰੂ ਹੋ ਗਿਆ।
ਇਹ ਇੱਕ 'ਤਰਜੀਹੀ ਪਰਿਵਾਰ' ਕਾਰਡ ਸੀ, ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (NFSA), 2013 ਤਹਿਤ ਇੱਕ ਅਜਿਹੀ ਸ਼੍ਰੇਣੀ, ਜਿਸ ਰਾਹੀਂ ਰਾਜ ਸਰਕਾਰਾਂ ਦੁਆਰਾ ਯੋਗ (ਹੱਕਦਾਰ) ਲਾਭਪਾਤਰੀਆਂ ਦੀ ਪਛਾਣ ਕੀਤੀ ਜਾਂਦੀ ਹੈ।
ਕਾਰਡ ਵਿੱਚ ਉਨ੍ਹਾਂ ਦੇ ਜੱਦੀ ਘਰ ਦਾ ਪਤਾ ਝਰੀਟਿਆ ਸੀ, ਜਿਸ ਥਾਵੇਂ ਉਹ ਇਸ ਸਮੇਂ ਰਹਿ ਰਹੇ ਸਨ- ਉਨ੍ਹਾਂ ਦਾ ਪਿੰਡ ਹਾਲ ਹੀ ਵਿੱਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਇੱਕ ਨਗਰ-ਨਿਗਮ ਖੇਤਰ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਆਖ਼ਰਕਾਰ, ਹੁਣ ਰੁਖ਼ਸਾਨਾ ਨੂੰ ਆਪਣੇ ਸੱਤ ਮੈਂਬਰੀ ਟੱਬਰ ਦਾ ਢਿੱਡ ਭਰਨ ਲਈ ਸਬਸਿਡੀ ਵਾਲ਼ਾ ਰਾਸ਼ਨ ਮਿਲ਼ ਸਕਦਾ ਸੀ।
ਇਸ ਤੋਂ ਬਾਅਦ, ਅਗਸਤ 2021 ਨੂੰ ਜਦੋਂ ਉਹ ਦਿੱਲੀ ਮੁੜ ਆਏ ਤਾਂ ਇੱਕ ਵਾਰ ਫਿਰ ਤੋਂ ਪਰਿਵਾਰ ਨੂੰ ਆਪਣੇ ਕਨੂੰਨੀ ਹੱਕ ਦਾ ਅਨਾਜ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ।
ਕੇਂਦਰ ਸਰਕਾਰ ਦੀ ਵਨ ਨੇਸ਼ਨ, ਵਨ ਰਾਸ਼ਨ ਕਾਰਡ (ONORC) ਯੋਜਨਾ ਤਹਿਤ, ਐੱਨਐੱਫ਼ਐੱਸਏ ਦੇ ਲਾਭਪਾਤਰੀਆਂ, ਜਿਨ੍ਹਾਂ ਨੂੰ 'ਤਰਜੀਹੀ ਪਰਿਵਾਰਾਂ' ਅਤੇ 'ਗ਼ਰੀਬੀ ਰੇਖਾ ਦੇ ਹੇਠਲੇ ਪਰਿਵਾਰਾਂ' ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ, ਉਹ ਕਿਸੇ ਵੀ ਵਾਜਬ ਮੁੱਲ ਦੀ ਦੁਕਾਨ ਤੋਂ ਅਨਾਜ ਦਾ ਆਪਣਾ ਕੋਟਾ ਲੈਣ ਦੇ ਹੱਕਦਾਰ ਬਣਦੇ ਹਨ। ਇਨ੍ਹਾਂ ਦੁਕਾਨਾਂ ਨੂੰ ਅਧਾਰ ਕਾਰਡ ਨਾਲ਼ ਜੁੜੇ ਬਾਇਓਮੈਟ੍ਰਿਕ ਪ੍ਰਮਾਣੀਕਾਰਨ ਦੀ ਵਰਤੋਂ ਕਰ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਤਹਿਤ ਰਾਸ਼ਨ ਵੰਡਣ ਲਈ ਲਾਇਸੈਂਸ ਦਿੱਤਾ ਗਿਆ ਹੈ। ਪਰ, ਜਦੋਂ ਵੀ ਰੁਖ਼ਾਸਨਾ ਆਪਣੇ ਮਹੀਨੇ ਦੇ ਹਿੱਸੇ ਦਾ ਰਾਸ਼ਨ ਲੈਣ, ਪੱਛਮੀ ਦਿੱਲੀ ਦੇ ਸ਼ਾਦੀਪੁਰ ਮੁੱਖ ਬਜ਼ਾਰ ਇਲਾਕੇ ਦੀ ਨੇੜਲੀ ਵਾਜਬ ਮੁੱਲ ਦੀ ਦੁਕਾਨ 'ਤੇ ਜਾਂਦੀ ਰਹੀ ਤਾਂ ਹਰ ਵਾਰੀਂ ਇਲੈਕਟ੍ਰਾਨਿਕ ਪੁਆਇੰਟ-ਆਫ-ਸੇਲ (ePOS) ਮਸ਼ੀਨ ਵਿੱਚ ਲਿਖਿਆ ਆਉਂਦਾ: 'ਆਈਐੱਮਪੀਡੀਐੱਸ ਵਿੱਚ ਰਾਸ਼ਨ ਕਾਰਡ ਨਹੀਂ ਮਿਲ਼ਿਆ'।
ਜਦੋਂਕਿ ਪੀਡੀਐੱਸ ਪ੍ਰਣਾਲੀ ਜ਼ਰੀਏ ਕੇਂਦਰ ਸਰਕਾਰ ਦੁਆਰਾ ਰਾਜਾਂ ਨੂੰ ਵੰਡਣ ਲਈ ਅਨਾਜ ਦਿੱਤਾ ਜਾਂਦਾ ਹੈ। ਜਨਤਕ ਵੰਡ ਪ੍ਰਣਾਲੀ ਦਾ ਏਕੀਕ੍ਰਿਤ ਪ੍ਰਬੰਧਨ (ਆਈਐੱਮਪੀਡੀਐੱਸ) ਸਾਲ 2018 ਵਿੱਚ ਸਥਾਪਤ ਕੀਤਾ ਗਿਆ ਸੀ ਤਾਂਕਿ ਲਾਭਪਾਤਰੀ ਪ੍ਰਵਾਸੀ ਮਜ਼ਦੂਰ ਓਐੱਨਓਆਰਸੀ ਯੋਜਨਾ ਤਹਿਤ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆਪਣਾ ਰਾਸ਼ਨ ਹਾਸਲ ਕਰ ਸਕਣ।













