ਪਹਿਲੀ ਵਾਰ ਤਾਂ ਦਿਆ ਜਿਵੇਂ-ਕਿਵੇਂ ਲਗਭਗ ਬਚ ਨਿਕਲੀ।
ਉਸਨੇ ਸੂਰਤ ਸ਼ਹਿਰ ਤੋਂ ਝਾਲੋਦ ਲਈ ਟਿਕਟ ਖਰੀਦੀ। ਉਹ ਸਹਿਮੀ ਤੇ ਡਰੀ-ਡਰੀ ਬੱਸ ਦੇ ਭਰੇ ਜਾਣ ਦੀ ਉਡੀਕ ਕਰ ਰਹੀ ਸੀ। ਦਿਆ ਜਾਣਦੀ ਸੀ ਕਿ ਜੇਕਰ ਉਹ ਉੱਥੇ ਪਹੁੰਚ ਜਾਂਦੀ ਹੈ ਤਾਂ ਗੁਜਰਾਤ ਦੀ ਸਰਹੱਦ ਪਾਰ ਕਰਨਾ ਅਤੇ ਆਪਣੇ ਜੱਦੀ ਸ਼ਹਿਰ ਕੁਸ਼ਲਗੜ੍ਹ ਪਹੁੰਚਣਾ ਆਸਾਨ ਹੋ ਜਾਵੇਗਾ।
ਉਹ ਬੱਸ ਦੀ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਕਿ ਅਚਾਨਕ ਰਵੀ ਪਿੱਛਿਓਂ ਪ੍ਰਗਟ ਹੋਇਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਉਸਨੇ ਉਸਦਾ ਹੱਥ ਫੜ੍ਹਿਆ ਅਤੇ ਖਿੱਚ ਕੇ ਬੱਸ ਤੋਂ ਬਾਹਰ ਕੱਢਣ ਲੱਗਿਆ।
ਬੱਸ ਵਿੱਚ ਸਵਾਰ ਲੋਕ ਸਾਮਾਨ ਰੱਖਣ ਅਤੇ ਬੱਚਿਆਂ ਨੂੰ ਬਿਠਾਉਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਗੁੱਸੇ ਵਿੱਚ ਆਏ ਨੌਜਵਾਨ ਅਤੇ ਡਰੀ ਹੋਈ ਕਿਸ਼ੋਰ ਕੁੜੀ ਵਿਚਾਲੇ ਹੁੰਦੀ ਖਿੱਚਧੂਹ ਵੱਲ ਧਿਆਨ ਨਾ ਦਿੱਤਾ। "ਮੈਂ ਡਰ ਗਈ ਸੀ," ਦਿਆ ਕਹਿੰਦੀ ਹੈ। ਰਵੀ ਦੇ ਗੁੱਸੇ ਤੋਂ ਜਾਣੂ, ਉਸਨੇ ਚੁੱਪ ਰਹਿਣਾ ਬਿਹਤਰ ਸਮਝਿਆ।
ਇੱਕ ਇਮਾਰਤ ਜੋ ਪਿਛਲੇ ਛੇ ਮਹੀਨਿਆਂ ਤੋਂ ਉਸਾਰੀ ਅਧੀਨ ਸੀ, ਦਿਆ ਲਈ ਘਰ ਵੀ ਸੀ ਤੇ ਜੇਲ੍ਹ ਵੀ, ਉਸ ਰਾਤ ਉਹ ਇੱਕ ਪਲ ਵੀ ਸੌਂ ਨਾ ਸਕੀ। ਉਸ ਦੇ ਪੂਰੇ ਸਰੀਰ ਵਿੱਚ ਸ਼ਦੀਦ ਦਰਦ ਸੀ। ਰਵੀ ਦੀ ਕੁੱਟਮਾਰ ਨੇ ਉਸ ਦੀ ਦੇਹ 'ਤੇ ਥਾਂ-ਥਾਂ ਚੀਰੇ ਤੇ ਫਟ ਲਾ ਦਿੱਤੇ ਹੋਏ ਸਨ। "ਉਹ ਮੈਨੂੰ ਮੁੱਕੀਆਂ ਮਾਰਦਾ, ਘਸੁੰਨ ਮਾਰਦਾ ਤੇ ਠੁੱਡੇ ਵੀ," ਉਹ ਯਾਦ ਕਰਦੀ ਹੈ। ''ਕੋਈ ਵੀ ਉਹਨੂੰ ਰੋਕ ਨਾ ਪਾਉਂਦਾ।'' ਜੇ ਕੋਈ ਆਦਮੀ ਬਚਾਉਣ ਆਉਂਦਾ ਵੀ ਤਾਂ ਉਨ੍ਹਾਂ 'ਤੇ ਦਿਆ 'ਤੇ ਮਾੜੀ ਨਜ਼ਰ ਰੱਖਣ ਦਾ ਦੋਸ਼ ਲਾ ਦਿੰਦਾ ਸੀ। ਔਰਤਾਂ ਵੀ ਰਵੀ ਦੇ ਮੂੰਹ ਨਾ ਲੱਗਦੀਆਂ। ਜੇ ਕੋਈ ਦਖ਼ਲ ਦੇਣ ਦੀ ਹਿੰਮਤ ਕਰਦਾ ਵੀ ਤਾਂ ਉਹ ਕਹਿੰਦਾ,'ਮੇਰੀ ਘਰਵਾਲ਼ੀ ਹੈ, ਤੁਮ ਕਿਉਂ ਬੀਚ ਮੇ ਆ ਰਹੇ ਹੋ?''
"ਉਹ ਜਦੋਂ-ਜਦੋਂ ਵੀ ਮੈਨੂੰ ਕੁੱਟਦਾ, ਮੈਨੂੰ ਹਸਪਤਾਲ ਜਾਣਾ ਅਤੇ ਮੱਲਮ ਪੱਟੀ (ਜ਼ਖ਼ਮ ਦੀ ਪੱਟੀ) ਕਰਵਾਉਣੀ ਪੈਂਦੀ ਤੇ 500 ਰੁਪਏ ਲੱਗ ਜਾਇਆ ਕਰਦੇ। ਕਈ ਵਾਰ ਰਵੀ ਦਾ ਭਰਾ ਮੈਨੂੰ ਪੈਸੇ ਦਿੰਦਾ ਤੇ ਮੇਰੇ ਨਾਲ਼ ਹਸਪਤਾਲ ਵੀ ਚਲਾ ਜਾਂਦਾ। ਉਹ ਕਹਿੰਦਾ, "ਤੁਮ ਘਰ ਪੇ ਚਲੇ ਜਾ,'' ਦਿਆ ਕਹਿੰਦੀ ਹੈ। ਪਰ ਉਹ ਇਹ ਵੀ ਨਹੀਂ ਜਾਣਦੀ ਸੀ ਮਾਪਿਆਂ ਘਰ ਜਾਣਾ ਕਿਵੇਂ ਹੈ।

















