13 ਫਰਵਰੀ ਨੂੰ ਪੰਜਾਬ ਤੋਂ ਸਮਾਜ ਸ਼ਾਸਤਰ ਦਾ ਇੱਕ ਵਿਦਿਆਰਥੀ, ਦਵਿੰਦਰ ਸਿੰਘ ਭੰਗੂ ਆਪਣੇ ਦੋਸਤਾਂ ਨਾਲ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ। ਜਦ ਉਹ ਦੁਪਹਿਰ 2 ਵਜੇ ਦੇ ਕਰੀਬ ਪਹੁੰਚੇ, ਬਾਰਡਰ ਦੇ ਹਰਿਆਣਾ ਵਾਲੇ ਪਾਸਿਓਂ ਰੈਪਿਡ ਐਕਸ਼ਨ ਫੋਰਸ (RAF) ਅਤੇ ਪੁਲੀਸ ਪਹਿਲਾਂ ਹੀ ਐਕਸ਼ਨ ਵਿੱਚ ਸਨ।
ਦਵਿੰਦਰ ਦੇ ਦੋਸਤ ਤਰਨਵੀਰ ਸਿੰਘ ਨੇ ਦੱਸਿਆ, “ਜਦ ਅਸੀਂ ਸ਼ਾਂਤੀਪੂਰਵਕ ਉੱਥੇ ਖੜ੍ਹੇ ਸੀ, ਤਾਂ ਉਸਦੀ ਖੱਬੀ ਅੱਖ ਵਿੱਚ ਰਬੜ ਪੈਲੇਟ (ਗੋਲੀ) ਆ ਕੇ ਵੱਜਿਆ। ਦਵਿੰਦਰ ਉਸੇ ਵੇਲੇ ਹੇਠਾਂ ਡਿੱਗ ਪਿਆ। ਜਦ ਅਸੀਂ ਉਹਨੂੰ ਚੁੱਕਣ ਲੱਗੇ ਤਾਂ ਪੁਲੀਸ ਨੇ ਸਾਡੇ ਵੱਲ ਤਿੰਨ-ਚਾਰ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ।” ਇਹ ਸਭ ਕੁਝ 3 ਵਜੇ ਦੇ ਕਰੀਬ ਹੋਇਆ, ਉਹਨਾਂ ਦੇ ਪ੍ਰਦਰਸ਼ਨ ਵਾਲੀ ਥਾਂ ਪਹੁੰਚਣ ਦੇ ਇੱਕ ਘੰਟੇ ਦੇ ਵਿੱਚ-ਵਿੱਚ।
ਕਿਸਾਨਾਂ ਨੇ ਹੋਰ ਮੰਗਾਂ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਕਾਨੂੰਨੀ ਗਰੰਟੀ ਦੀ ਮੰਗ ਕਰਦਿਆਂ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕੀਤਾ। ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪੈਂਦੇ ਸ਼ੰਭੂ ਬਾਰਡਰ ਉੱਤੇ ਪੁਲੀਸ ਅਤੇ RAF ਵੱਲੋਂ ਬੈਰੀਕੇਡ ਲਾ ਕੇ ਮਾਰਚ ਕਰਨ ਤੋਂ ਰੋਕਿਆ ਗਿਆ। ਜਦ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। (ਇਹ ਵੀ ਪੜ੍ਹੋ: ਇਓਂ ਜਾਪ ਰਿਹਾ ਜਿਓਂ ਸ਼ੰਭੂ ਕੋਈ ਬਾਰਡਰ ਨਾ ਹੋ ਕੇ ਜੇਲ੍ਹ ਹੋਵੇ)
ਅੱਥਰੂ ਗੈਸ ਦੇ ਤਿੱਖੇ ਧੂੰਏਂ ਦੀ ਮਾਰ ਝੱਲਦਿਆਂ ਦਵਿੰਦਰ ਦੇ ਦੋਸਤਾਂ ਨੇ ਖੂਨ ਵਿੱਚ ਲਥਪਥ ਹੋਏ ਦਵਿੰਦਰ ਨੂੰ ਤੇਜ਼ੀ ਨਾਲ ਚੁੱਕਿਆ। ਉਹ 22 ਸਾਲਾ ਦਵਿੰਦਰ ਨੂੰ ਐਂਬੂਲੈਂਸ ਵਿੱਚ ਪਾ ਕੇ ਕਰੀਬ 20 ਕਿਲੋਮੀਟਰ ਪੈਂਦੇ ਬਨੂੜ ਦੇ ਸਰਕਾਰੀ ਹਸਪਤਾਲ ’ਚ ਲੈ ਕੇ ਗਏ। ਡਾਕਟਰਾਂ ਨੇ ਉਹਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ 15 ਫਰਵਰੀ ਨੂੰ ਉਸਦੀ ਅੱਖ ਦਾ ਆਪ੍ਰੇਸ਼ਨ ਹੋਇਆ। ਡਾਕਟਰਾਂ ਦਾ ਕਹਿਣਾ ਹੈ ਕਿ ਉਹ (ਇਸ ਅੱਖ ਤੋਂ) ਸ਼ਾਇਦ ਹੀ ਕਦੇ ਦੇਖ ਪਾਏਗਾ।
ਦਵਿੰਦਰ ਦੇ ਪਿਤਾ ਮਨਜੀਤ ਸਿੰਘ, ਜੋ ਖੁਦ ਕਿਸਾਨ ਹਨ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਕਿਸੇ ਹੋਰ ਮੁਲਕ ਜਾਣ ਦੀ ਬਜਾਏ ਇੱਥੇ ਰਹਿਣ ਨੂੰ ਤਰਜੀਹ ਦਿੱਤੀ ਅਤੇ ਉਹ ਪੁਲੀਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ।






















