ਉਸ ਨੂੰ ਇਸ ਗੱਲ ਨਾਲ਼ ਰਤਾ ਵੀ ਫ਼ਰਕ ਨਹੀਂ ਪਿਆ ਕਿ ਪੁਲਿਸ ਸਟੇਸ਼ਨ ਦੇ ਐਨ ਸਾਹਮਣੇ ਹੀ ਆਪਣੀ ਪਤਨੀ ਨੂੰ ਕੁਟਾਪਾ ਚਾੜ੍ਹੀ ਜਾ ਰਿਹਾ ਸੀ ਹੌਸਾਬਾਈ ਪਾਟਿਲ ਦਾ ਸ਼ਰਾਬੀ ਪਤੀ ਉਨ੍ਹਾਂ ਨੂੰ ਜਾਨਵਰਾਂ ਵਾਂਗ ਮਾਰਨ ਲੱਗਿਆ। ''ਕੁਟਾਪੇ ਕਰਕੇ ਮੇਰਾ ਲੱਕ ਪੀੜ੍ਹ ਨਾਲ਼ ਟੁੱਟਣ ਲੱਗਿਆ,'' ਉਹ ਚੇਤੇ ਕਰਦੀ ਹਨ। ''ਇਹ ਸਾਰਾ ਕੁਝ ਭਵਾਨੀ ਨਗਰ (ਸਾਂਗਲੀ ਵਿਖੇ) ਦੇ ਛੋਟੇ ਪੁਲਿਸ ਥਾਣੇ ਦੇ ਸਾਹਮਣੇ ਵਾਪਰ ਰਿਹਾ ਸੀ।'' ਪਰ ਉਸ ਵੇਲ਼ੇ ਥਾਣੇ ਦੇ ਕੁੱਲ ਚਾਰ ਪੁਲਿਸਕਰਮੀਆਂ ਵਿੱਚੋਂ ਸਿਰਫ਼ ਦੋ ਹੀ ਮੌਜੂਦ ਸਨ। ''ਦੋ ਦੁਪਹਿਰ ਦਾ ਭੋਜਨ ਖਾਣ ਬਾਹਰ ਗਏ ਹੋਏ ਸਨ।'' ਇਹਦੇ ਬਾਅਦ ਉਨ੍ਹਾਂ ਦੇ ਸ਼ਰਾਬੀ ਪਤੀ ਨੇ ''ਇੱਕ ਵੱਡਾ ਸਾਰਾ ਪੱਥਰ ਚੁੱਕਿਆ। 'ਹੁਣ ਮੈਂ ਤੈਨੂੰ ਇਸੇ ਪੱਥਰ ਨਾਲ਼ ਮਾਰ ਸੁੱਟਾਂਗਾ,' ਉਹ ਚੀਕਿਆ।''
ਇਹ ਸਭ ਦੇਖ ਕੇ ਥਾਣੇ ਅੰਦਰ ਮੌਜੂਦ ਦੋਵੇਂ ਪੁਲਿਸਕਰਮੀ ਬਾਹਰ ਨਿਕਲ਼ੇ। ''ਉਨ੍ਹਾਂ ਨੇ ਸਾਡਾ ਝਗੜਾ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।'' ਉਦੋਂ ਹੀ, ਹੌਸਾਬਾਈ ਉੱਥੇ ਮੌਜੂਦ ਆਪਣੇ ਭਰਾ ਦੇ ਸਾਹਮਣੇ ਹਾੜੇ ਕੱਢਣ ਲੱਗੀ ਕਿ ਉਹ ਆਪਣੇ ਲੜਾਕੇ ਪਤੀ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ। ''ਮੈਂ ਕਿਹਾ ਕਿ ਮੈਂ ਨਹੀਂ ਜਾਊਂਗੀ, ਨਹੀਂ ਜਾਊਂਗੀ। ਮੈਂ ਇੱਥੇ ਹੀ ਰਹਾਂਗੀ, ਤੂੰ ਮੈਨੂੰ ਆਪਣੇ ਘਰ ਦੇ ਨਾਲ਼ ਲੱਗਦੀ ਇੱਕ ਛੋਟੀ ਜਿਹੀ ਥਾਂ ਦੇ ਦੇ। ਆਪਣੇ ਪਤੀ ਦੇ ਨਾਲ਼ ਜਾ ਕੇ ਮਰਨ ਦੀ ਬਜਾਇ, ਮੈਂ ਇੱਥੇ ਰਹਿ ਕੇ ਜੋ ਕੁਝ ਵੀ ਮੈਨੂੰ ਮਿਲ਼ੇਗਾ ਉਸੇ 'ਤੇ ਜਿਊਂ ਲਵਾਂਗੀ... ਮੈਂ ਉਹਦੀ ਹੋਰ ਕੁੱਟ ਨਹੀਂ ਖਾ ਸਕਦੀ।'' ਪਰ, ਉਨ੍ਹਾਂ ਦੇ ਭਰਾ ਨੇ ਆਪਣੀ ਭੈਣ ਦੀ ਇੱਕ ਗੱਲ ਨਾ ਸੁਣੀ।
ਪੁਲਿਸਕਰਮੀਆਂ ਨੇ ਪਤੀ-ਪਤਨੀ ਨੂੰ ਕਾਫੀ ਦੇਰ ਤੱਕ ਸਮਝਾਇਆ। ਫਿਰ ਅੰਤ ਵਿੱਚ ਉਨ੍ਹਾਂ ਦੋਵਾਂ ਨੂੰ ਉਨ੍ਹਾਂ ਦੇ ਪਿੰਡ ਜਾਣ ਵਾਲ਼ੀ ਗੱਡੀ ਵਿੱਚ ਬਿਠਾ ਦਿੱਤਾ। ''ਉਨ੍ਹਾਂ ਨੇ ਸਾਡੇ ਲਈ ਟਿਕਟਾਂ ਖਰੀਦੀਆਂ ਅਤੇ ਮੈਨੂੰ ਫੜ੍ਹਾ ਦਿੱਤੀਆਂ। ਉਨ੍ਹਾਂ ਨੇ ਮੇਰੇ ਪਤੀ ਨੂੰ ਕਿਹਾ-ਜੇਕਰ ਤੂੰ ਚਾਹੁੰਦਾ ਹੈਂ ਕਿ ਤੇਰੀ ਪਤਨੀ ਤੇਰੇ ਨਾਲ਼ ਰਹੇ, ਤਾਂ ਉਹਦੇ ਨਾਲ਼ ਬੰਦਿਆਂ ਵਾਂਗ ਸਲੂਕ ਕਰ, ਉਹਦਾ ਧਿਆਨ ਰੱਖ। ਲੜਾਈ-ਝਗੜਾ ਨਾ ਕਰੋ।''
ਇਸੇ ਦਰਮਿਆਨ, ਹੌਸਾਬਾਈ ਦੇ ਸਾਥੀਆਂ ਨੇ ਪੁਲਿਸ ਸਟੇਸ਼ਨ ਨੂੰ ਲੁੱਟ ਲਿਆ, ਉੱਥੇ ਰੱਖੀਆਂ ਚਾਰੋ ਰਾਈਫ਼ਲਾਂ ਚੁੱਕ ਲਿਆਏ; ਹੌਸਾਬਾਈ, ਉਨ੍ਹਾਂ ਦੇ ਨਕਲੀ 'ਪਤੀ' ਅਤੇ 'ਭਰਾ' ਨੇ ਪੁਲਿਸ ਦਾ ਧਿਆਨ ਭਟਕਾਉਣ ਲਈ ਇਹ ਸਾਰਾ ਨਾਟਕ ਕੀਤਾ ਸੀ। ਇਹ 1943 ਦੀ ਗੱਲ ਹੈ, ਉਹ 17 ਸਾਲ ਦੀ ਸਨ, ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਨੇ ਆਪਣੇ ਛੋਟੇ ਬੇਟੇ, ਸੁਭਾਸ਼ ਨੂੰ ਆਪਣੀ ਇੱਕ ਚਾਚੀ ਦੇ ਘਰ ਛੱਡਿਆ ਤਾਂ ਕਿ ਉਹ ਬ੍ਰਿਟਿਸ਼-ਰਾਜ ਵਿਰੋਧੀ ਮਿਸ਼ਨ ਨੂੰ ਨੇਪਰੇ ਚਾੜ੍ਹ ਸਕਣ। ਇਸ ਘਟਨਾ ਨੂੰ ਲਗਭਗ 74 ਸਾਲ ਬੀਤ ਚੁੱਕੇ ਹਨ, ਪਰ ਉਨ੍ਹਾਂ ਨੂੰ ਹਾਲੇ ਵੀ ਗੁੱਸਾ ਆ ਰਿਹਾ ਹੈ ਕਿ ਆਪਣੇ ਝਗੜੇ ਨੂੰ ਅਸਲੀ ਦਿਖਾਉਣ ਖਾਤਰ ਉਨ੍ਹਾਂ ਦੇ ਨਕਲੀ ਪਤੀ ਨੇ ਉਨ੍ਹਾਂ ਨੂੰ ਕੁਝ ਜਿਆਦਾ ਹੀ ਜ਼ੋਰ ਨਾਲ਼ ਕੁੱਟ ਦਿੱਤਾ। ਹੁਣ ਉਹ 91 ਸਾਲ ਦੀ ਹਨ ਅਤੇ ਸਾਨੂੰ ਆਪਣੀ ਇਹ ਕਹਾਣੀ ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਵੀਟਾ ਵਿੱਚ ਸੁਣਾ ਰਹੀ ਹਨ,''ਮੇਰੀਆਂ ਅੱਖਾਂ ਅਤੇ ਕੰਨ (ਉਮਰ ਦੇ ਇਸ ਪੜਾਅ ਵਿੱਚ) ਮੇਰਾ ਸਾਥ ਨਹੀਂ ਦੇ ਰਹੇ ਹਨ, ਪਰ ਸਾਰਾ ਕੁਝ ਮੈਂ ਖੁਦ ਹੀ ਦੱਸਾਂਗੀ।''







