“ਲੌਕਡਾਊਨ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ,” ਅਬਦੁਲ ਮਜੀਦ ਭੱਟ ਕਹਿੰਦੇ ਹਨ। “ਮੇਰੀ ਦੁਕਾਨ ਵਿਚ ਆਖਰੀ ਸੈਲਾਨੀ ਮਾਰਚ ਵਿਚ ਆਇਆ ਸੀ।”
ਜੂਨ ਤੋਂ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਵੀ ਸ੍ਰੀਨਗਰ ਦੀ ਡਲ ਝੀਲ ਵਿਖੇ ਭੱਟ ਦੀਆਂ ਜੋ ਚਮੜੇ ਅਤੇ ਸਥਾਨਕ ਦਸਤਕਾਰੀ (ਵਸਤੂਆਂ) ਦੀਆਂ ਤਿੰਨ ਦੁਕਾਨਾਂ ਹਨ ਉਨ੍ਹਾਂ ’ਤੇ ਕੋਈ ਗਾਹਕ ਨਹੀਂ ਆਇਆ ਹੈ ਅਤੇ ਹੁਣ 5 ਅਗਸਤ, 2019 ਨੂੰ ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਨ ਦੇ ਨਾਲ ਸ਼ੁਰੂ ਹੋਏ ਇਕ ਕਠਿਨ ਦੌਰ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਇਹ ਦੋਵੇਂ ਸਮੱਸਿਆਵਾਂ ਸੈਰ-ਸਪਾਟੇ ਤੇ ਇਸ ਨਾਲ ਸਬੰਧਤ ਕੰਮ ਕਾਜ ਨੂੰ ਠੱਪ ਕਰ ਰਹੀਆਂ ਹਨ, ਜੋ ਕਿ ਭੱਟ ਵਰਗੇ ਕਈਆਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਹੈ।
“6-7 ਮਹੀਨਿਆਂ ਦੀ ਇਸ ਬੰਦੀ ਤੋਂ ਬਾਅਦ ਜਦੋਂ ਸੈਰ-ਸਪਾਟੇ ਦਾ ਸੀਜਨ ਸ਼ੁਰੂ ਹੋਣ ਹੀ ਵਾਲਾ ਸੀ ਕਿ ਕੋਰੋਨਾ ਦਾ ਲੌਕਡਾਊਨ ਸ਼ੁਰੂ ਹੋ ਗਿਆ,” 62 ਸਾਲਾ ਭੱਟ ਕਹਿੰਦੇ ਹਨ, ਜੋ ਕਿ ਡਲਝੀਲ ਦੇ ਬਟਾਪੋਰਾ ਕਲਾਂ ਖੇਤਰ ਦੇ ਨਿਵਾਸੀ ਹਨ ਅਤੇ ਇਕ ਸਤਿਕਾਰਯੋਗ ਬਜ਼ੁਰਗ ਹਨ। ਉਹ ਲੇਕਸਾਈਡ ਟੂਰਿਸਟ ਟਰੇਡਰਜ਼ ਐਸੋਸੀਏਸ਼ਨ (Lakeside Tourist Traders Association) ਦੇ ਪ੍ਰਧਾਨ ਵੀ ਹਨ, ਉਹਨਾਂ ਅਨੁਸਾਰ ਜਿਹਦੇ ਕਰੀਬ 70 ਮੈਂਬਰ ਹਨ।
ਝੀਲ ਦੇ ਸੈਰ-ਸਪਾਟੇ ਨਾਲ਼ ਚੱਲਦੀ ਆਰਥਿਕਤਾ 'ਤੇ ਨਿਰਭਰ ਰਹਿਣ ਵਾਲ਼ੇ ਸ਼੍ਰੀਨਗਰ ਦੇ ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਕੁਝ ਸ਼ਿਕਾਰੇ ਚਲਾਉਣ ਵਾਲ਼ੇ (ਪੀਲੀਆਂ ਟੈਕਸੀਨੁਮਾ ਕਿਸ਼ਤੀਆਂ ਚਲਾਉਣ ਵਾਲੇ), ਰੇੜ੍ਹੀਆਂ ਵਾਲੇ, ਦੁਕਾਨ ਮਾਲਕ ਵੀ ਸ਼ਾਮਲ ਹਨ, ਵੀ ਕੁਝ ਕੁਝ ਉਨ੍ਹਾਂ ਜਿਹੀਆਂ ਗੱਲਾਂ ਹੀ ਕਰਦੇ ਹਨ, ਜਿਨ੍ਹਾਂ ਲਈ ਪਿਛਲੇ 12 ਮਹੀਨੇ, ਡਲ, ਸੈਰ-ਸਪਾਟਾ ਰਸਾਲਿਆਂ (ਸੂਚੀ- ਪੱਤਰਾਂ) ਅੰਦਰ ਛਪਣ ਵਾਲ਼ੀਆਂ ਖ਼ੂਬਸੂਰਤ ਫ਼ੋਟੋਆਂ ਤੋਂ ਇਲਾਵਾ ਕੁਝ ਵੀ ਨਹੀਂ ਰਹੀ। (ਦੇਖੋ Srinagar's shikaras: still waters run deep losses)
ਉਹਨਾਂ ਵਿੱਚੋਂ ਇਕ ਹਨ, ਨਹਿਰੂ ਪਾਰਕ ਦੀ 27 ਸਾਲਾ ਹਫ਼ਜ਼ਾ ਭੱਟ, ਜਿਹਨਾਂ ਨੇ ਕੋਰੋਨਾ ਵਾਇਰਸ ਦੇ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਇਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਿਆ ਸੀ। ਜੰਮੂ ਐਂਡ ਕਸ਼ਮੀਰ ਐਂਟਰਪ੍ਰਨਿਓਰ ਡੈਵਲਪਮੈਂਟ ਇੰਸਟੀਚਿਊਟ ਤੋਂ 24 ਦਿਨਾਂ ਦਾ ਕੋਰਸ ਕਰਨ ਤੋਂ ਬਾਅਦ ਹਫ਼ਜ਼ਾ, ਜੋ ਕਿ ਸ਼੍ਰੀਨਗਰ ਵਿਚ ਇਕ ਸਕੂਲ ਅਧਿਆਪਕ ਵੀ ਹਨ, ਨੂੰ ਇੰਸਟੀਚਿਊਟ ਤੋਂ ਹੀ 4 ਲੱਖ ਰੁਪਏ ਦਾ ਲੋਨ ਘੱਟ ਵਿਆਜ ’ਤੇ ਮਿਲ ਗਿਆ ਸੀ। “ਮੈਂ ਡਰੈੱਸਾਂ ਅਤੇ ਕਪੜਿਆਂ ਦਾ ਸਟਾਕ ਖਰੀਦਿਆ। ਜਦੋਂ ਲੌਕਡਾਊਨ ਦਾ ਐਲਾਨ ਹੋਇਆ ਉਦੋਂ ਤੱਕ ਮੈਂ ਸਟਾਕ ਦਾ ਸਿਰਫ 10-20 ਫ਼ੀਸਦ ਹਿੱਸਾ ਹੀ ਵੇਚ ਸਕੀ ਸਾਂ। ਹੁਣ ਮੈਂ ਕਿਸ਼ਤਾਂ ਦਾ ਭੁਗਤਾਨ ਕਰਨ ਲਈ ਮੁਸ਼ੱਕਤ ਕਰ ਰਹੀ ਹਾਂ,” ਉਹ ਕਹਿੰਦੀ ਹਨ।











