ਮਹੇਂਦਰ ਫੁਤਾਤੇ 5 ਮਈ ਨੂੰ ਕੋਵਿਡ-19 ਦੇ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਲਈ ਘਰੋਂ ਗਏ। ਉਹ 12 ਦਿਨਾਂ ਬਾਅਦ ਮੁੜੇ। "ਅਸੀਂ ਉਸ ਦਿਨ ਨੂੰ ਕਾਫੀ ਉਤਸ਼ਾਹੀ ਮੰਨ ਕੇ ਚੱਲ ਰਹੇ ਸਾਂ," ਉਹ ਕਹਿੰਦੇ ਹਨ। "ਇਹ ਤਾਂ ਇੱਕ ਬੁਰਾ ਸੁਪਨਾ ਬਣ ਕੇ ਸਾਹਮਣੇ ਆਇਆ।"
ਇਸ ਤੋਂ ਪਹਿਲਾਂ ਕਿ ਮਹੇਂਦਰ ਨੂੰ ਟੀਕਾ ਲੱਗ ਪਾਉਂਦਾ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਮਹਾਰਾਸ਼ਟਰ ਦੇ ਬੀਡ ਜਿਲ੍ਹੇ ਦੇ ਨੇਕਨੂਰ ਪਿੰਡ ਦੇ ਵਾਸੀ 43 ਸਾਲਾ ਮਹੇਂਦਰ ਨੇ ਕਈ ਕੋਸ਼ਿਸ਼ਾਂ ਤੋਂ ਬਾਅਦ CoWIN ਪਲੇਟਫਾਰਮ 'ਤੇ ਅਪਾਇੰਟਮੈਂਟ ਬੁੱਕ ਕਰ ਹੀ ਲਈ। ''ਮੈਨੂੰ ਇਸ ਗੱਲ ਦੀ ਪੁਸ਼ਟੀ ਕਰਦਾ ਇੱਕ ਐੱਸਐੱਮਐੱਸ ਪ੍ਰਾਪਤ ਹੋਇਆ ਕਿ ਸਵੇਰੇ (5 ਮਈ ਨੂੰ) 9 ਅਤੇ 11 ਵਜੇ ਅਪਾਇੰਟਮੈਂਟ ਬੁੱਕ ਹੋਈ ਹੈ,'' ਉਹ ਕਹਿੰਦੇ ਹਨ। ਉਨ੍ਹਾਂ ਨੂੰ ਆਪਣੇ ਲਈ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਜੋ ਸਾਰੇ ਹੀ 45 ਸਾਲਾਂ ਤੋਂ ਘੱਟ ਹਨ, ਲਈ ਇੱਕ ਨੰਬਰ ਮਿਲ਼ਿਆ। ''ਅਸੀਂ ਟੀਕੇ ਦੀ ਆਪਣੀ ਪਹਿਲੀ ਖ਼ੁਰਾਕ ਦੇ ਲਾਏ ਜਾਣ ਦੀ ਉਡੀਕ ਕਰ ਰਹੇ ਸਾਂ। ਕੋਵਿਡ-19 ਦੀ ਦੂਜੀ ਲਹਿਰ ਕਾਫੀ ਡਰਾਉਣੀ ਹੋ ਚੁੱਕੀ ਹੈ,'' ਮਹੇਂਦਰ ਕਹਿੰਦੇ ਹਨ।
ਜਿਓਂ ਹੀ ਪਰਿਵਾਰ ਨੇਕਨੂਰ ਤੋਂ 25 ਕਿਲੋਮੀਟਰ ਦੂਰ ਸਥਿਤ ਬੀਡ ਸ਼ਹਿਰ ਦੇ ਕੇਂਦਰ ਅਪੜਿਆ ਤਾਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕੇਂਦਰ ਵਿਖੇ ਟੀਕੇ ਦੀ ਘਾਟ ਕਾਰਨ 18-44 ਉਮਰ ਵਰਗ ਵਾਲ਼ਿਆਂ ਦਾ ਟੀਕਾਕਰਨ ਰੋਕ ਦਿੱਤਾ ਗਿਆ ਸੀ। ''ਉੱਥੇ ਪੁਲਿਸ ਤੈਨਾਤ ਸੀ,'' ਮਹੇਂਦਰ ਕਹਿੰਦੇ ਨਹ। ''ਅਸੀਂ ਉਨ੍ਹਾਂ ਨੂੰ ਅਪਾਇੰਟਮੈਂਟ ਦੀ ਪੁਸ਼ਟੀ ਕਰਦਾ ਐੱਸਐੱਮਐੱਸ ਦਿਖਾਇਆ। ਪਰ ਉਨ੍ਹਾਂ ਨੇ ਅੱਗੋਂ ਖਰ੍ਹਵਾ ਜਵਾਬ ਦਿੱਤਾ।''
ਪੁਲਿਸ ਅਤੇ ਕਤਾਰ ਵਿੱਚ ਲੱਗੇ ਲੋਕਾਂ ਦਰਮਿਆਨ ਬਹਿਸ ਹੋਣ ਲੱਗੀ। ਇਸ ਬਹਿਸ ਦਾ ਅੰਤ ਲਾਠੀਚਾਰਜ ਦੇ ਰੂਪ ਵਿੱਚ ਹੋਇਆ ਅਤੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਨ੍ਹਾਂ ਵਿੱਚ ਮਹੇਂਦਰ, ਉਨ੍ਹਾਂ ਦੇ ਪੁੱਤਰ ਪਾਰਥ, ਭਰਾ ਨਿਤਿਨ ਅਤੇ ਚਚੇਰਾ ਭਰਾ, ਵਿਵੇਕ ਵੀ ਸ਼ਾਮਲ ਸਨ।
ਕੇਂਦਰ ਵਿਖੇ ਮੌਜੂਦ ਇੱਕ ਕਾਂਸਟੇਬਲ ਅਨੁਰਾਧਾ ਗਵ੍ਹਨੇ ਦੁਆਰਾ ਘਟਨਾ ਬਾਬਤ ਦਾਇਰ ਕੀਤੀ ਗਈ ਪਹਿਲੀ ਸੂਚਨਾ ਰਿਪੋਰਟ (ਐੱਫਆਈਆਰ) ਵਿੱਚ, ਛੇ ਜਣਿਆਂ ਨੂੰ ਲਾਈਨ ਤੋੜਨ ਅਤੇ ਪੁਲਿਸ ਕਰਮੀਆਂ ਨਾਲ਼ ਕੁੱਟਮਾਰ ਕਰਨ ਦਾ ਦੋਸ਼ੀ ਮੰਨਿਆ। ਐੱਫਆਈਆਰ ਕਹਿੰਦੀ ਹੈ ਕਿ ਉਨ੍ਹਾਂ ਨੇ ਕਾਂਸਟੇਬਨ ਨੂੰ ਗਾਲ੍ਹਾਂ ਕੱਢੀਆਂ ਅਤੇ ਅਪਮਾਨਤ ਕੀਤਾ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗਿਆਰ੍ਹਾਂ ਤਰ੍ਹਾਂ ਦੇ ਦੋਸ਼ ਲਾਈ ਗਏ ਜਿਨ੍ਹਾਂ ਵਿੱਚ ਗੈਰ-ਕਨੂੰਨੀ ਤਰੀਕੇ ਨਾਲ਼ ਇਕੱਠੇ ਹੋਣ, ਲੁੱਟ-ਖੋਹ ਕਰਨ, ਜਨਤਕ ਸੇਵਕ ਨੂੰ ਨੁਕਸਾਨ ਪਹੁੰਚਾਉਣ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਸ਼ਾਮਲ ਸਨ।





