ਸ਼ੇਨੋਲੀ ਵਿੱਚ ਰੇਲਵੇ ਲਾਈਨ ਦੀ ਇਸ ਇਤਿਹਾਸਕ ਥਾਂ ਵਿਖੇ, ਅਸੀਂ ਕੁਝ ਅਜ਼ਾਦੀ ਘੁਲਾਟੀਆਂ ਦੇ ਨਾਲ਼ ਇਸ ਇਤਿਹਾਸਕ ਘਟਨਾ ਦੇ ਸਨਮਾਨ ਵਿੱਚ ਇੱਕ ਛੋਟੇ ਜਿਹੇ ਸਮਾਰੋਹ ਦਾ ਅਯੋਜਨ ਕੀਤਾ। ਗਰਮੀ ਦੀ ਦੁਪਹਿਰ 3 ਵਜੇ ਵੀ ਉੱਥੇ 250 ਲੋਕ ਜਮ੍ਹਾਂ ਹੋ ਗਏ। 80 ਅਤੇ 90 ਸਾਲ ਦੀ ਉਮਰ ਦੇ ਕਈ ਲੋਕ ਰੇਲਵੇ ਲਾਈਨ ਦੇ ਆਸਪਾਸ ਇਸ ਤਰ੍ਹਾਂ ਤੇਜੀ ਨਾਲ਼ ਤੁਰ ਰਹੇ ਸਨ, ਜਿਵੇਂ ਛੋਟੇ ਬੱਚੇ ਪਾਰਕ ਵਿੱਚ ਟਪੂਸੀਆਂ ਮਾਰਦੇ ਰਹਿੰਦੇ ਹਨ। ਉਨ੍ਹਾਂ ਲਈ ਇਹ ਇੱਕ ਸੰਗਮ ਸੀ, ਜੋ ਅਜ਼ਾਦੀ ਦੇ ਘੋਲ਼ ਦੀਆਂ ਵੱਖੋ-ਵੱਖ ਧਾਰਾਵਾਂ ਦੇ ਮਿਲ਼ਣ ਦੀ ਥਾਂ ਅਤੇ ਇੱਥੇ ਪੁਰਾਣੇ ਹਥਿਆਰਬੰਦ ਯੁੱਧ ਦੇ ਇਨਕਲਾਬੀ ਸਨ, ਜੋ ਗੋਪਾਲਕ੍ਰਿਸ਼ਨ ਗਾਂਧੀ ਦੇ ਨਾਲ਼ ਗਰਮਜੋਸ਼ੀ ਨਾਲ਼ ਗਲ਼ੇ ਮਿਲ਼ ਰਹੇ ਸਨ ਅਤੇ 'ਮਹਾਤਮਾ ਗਾਂਧੀ ਕੀ ਜੈ' ਦੇ ਨਾਅਰੇ ਲਾ ਰਹੇ ਸਨ। ਖਾਸ ਕਰਕੇ 95 ਸਾਲ ਦੇ ਕੈਪਟਨ ਭਾਊ; ਫ਼ਖਰ ਦੇ ਹੰਝੂਆਂ ਦੇ ਨਾਲ਼ ਉਨ੍ਹਾਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ, ਉਹ ਬੀਮਾਰ ਸਨ, ਪਰ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਵਚਨਬੱਧ ਸਨ। 94 ਸਾਲ ਦੇ ਮਾਧਵ ਰਾਓ ਮਾਣੇ, ਰੇਲਵੇ ਲਾਈਨ ਦੇ ਕੋਲ਼ ਇੱਕ ਚੰਚਲ ਬੱਚੇ ਵਾਂਗ ਜਾ ਰਹੇ ਸਨ ਅਤੇ ਮੈਂ ਉਨ੍ਹਾਂ ਪਿੱਛੇ ਭੱਜ ਰਿਹਾ ਸਾਂ, ਇਸ ਡਰੋਂ ਕਿ ਕਿਤੇ ਉਹ ਡਿੱਗ ਹੀ ਨਾ ਪੈਣ। ਪਰ ਉਹ ਡਿੱਗੇ ਨਹੀਂ। ਨਾ ਹੀ ਉਨ੍ਹਾਂ ਦੀ ਹੱਸਣਾ ਕਦੇ ਰੁਕਿਆ।
ਆਖ਼ਰਕਾਰ ਅਸੀਂ ਉਸ ਇਤਿਹਾਸਕ ਥਾਂ 'ਤੇ ਆਣ ਪੁੱਜੇ, ਜਿਹਦੇ ਕੋਨੇ ਵਿੱਚ ਸੈਨਿਕਾਂ ਨੇ 74 ਸਾਲ ਪਹਿਲਾਂ ਰੇਲ ਨੂੰ ਰੋਕਿਆ ਸੀ ਅਤੇ ਉਸ 'ਤੇ ਸਵਾਰ ਹੋ ਗਏ ਸਨ। ਇੱਥੇ ਇੱਕ ਛੋਟਾ ਜਿਹਾ ਸਮਾਰਕ ਹੈ। ਇਨਕਲਾਬੀਆਂ ਵਾਸਤੇ ਨਹੀਂ ਸਗੋਂ ਬ੍ਰਿਟਿਸ਼ ਭਾਰਤੀ ਰੇਲਵੇ ਨੇ ਇਹਨੂੰ ਹਮਲੇ ਦਾ ਮਾਤਮ ਮਨਾਉਣ ਲਈ ਸਥਾਪਤ ਕੀਤਾ ਸੀ। ਸ਼ਾਇਦ ਉਸ ਦਿਨ ਦੇ ਸਹੀ ਮਾਅਨਿਆਂ ਨੂੰ ਚਿੰਨ੍ਹਿਤ ਕਰਦਿਆਂ ਇੱਕ ਹੋਰ ਸਮਾਰਕ ਦਾ ਨੀਂਹ ਪੱਥਰ ਰੱਖਣ ਦਾ ਸਮਾਂ ਆ ਗਿਆ ਹੈ।
ਬਾਅਦ ਵਿੱਚ ਅਸੀਂ ਇੱਕ ਵੱਡੇ ਪ੍ਰੋਗਰਾਮ ਵਾਸਤੇ ਕੁੰਡਲ ਗਏ ਜੋ 1943 ਵਿੱਚ ਪ੍ਰਤੀ ਸਰਕਾਰ ਦੀ ਸੀਟ ਸੀ; ਸ਼ੇਨੋਲੀ ਤੋਂ ਇੱਥੋਂ ਤੱਕ ਪਹੁੰਚਣ ਵਿੱਚ 20 ਮਿੰਟ ਲੱਗਦੇ ਹਨ। ਇਸ ਪ੍ਰੋਗਰਾਮ ਦਾ ਅਯੋਜਨ ਸਥਾਨਕ ਨਿਵਾਸੀਆਂ ਅਤੇ ਅਸਲੀ ਯੋਧਿਆਂ ਦੇ ਪਰਿਵਾਰ ਵਾਲ਼ਿਆਂ ਨੇ ਕੀਤਾ ਸੀ। ਜੀਡੀ ਬਾਪੂ ਲਾਡ, ਨਾਗ ਨਾਥ ਨਾਇਕਵਾੜੀ, ਨਾਨਾ ਪਾਟਿਲ (ਪ੍ਰਤੀ ਸਰਕਾਰ ਦੇ ਮੁਖੀਆ) ਦੇ ਪਰਿਵਾਰਾਂ ਦੇ ਜ਼ਰੀਏ। 1943 ਦੇ ਚਾਰ ਮਹਾਨ ਯੋਧਿਆਂ ਵਿੱਚੋਂ ਸਿਰਫ਼ ਇੱਕ ਇਸ ਸਮੇਂ ਜੀਵਤ ਹਨ ਅਤੇ ਇਸਲਈ ਉਹ ਇਸ ਸਮਾਰੋਹ ਵਿੱਚ ਸ਼ਰੀਕ ਹੋ ਸਕੇ ਅਤੇ ਉਹ ਹਨ ਕੈਪਟਨ ਭਾਊ। ਇਸ ਤੋਂ ਇਲਾਵਾ, ਇੱਥੇ ਜੀਵਤ ਅਤੇ ਕੁਸ਼ਲ ਬੁਲਾਰਾ, ਨਾਨਾ ਪਾਟਿਲ ਦੀ ਧੀ ਵੀ ਸਨ, ਹੌਂਸਾਤਾਈ ਪਾਟਿਲ, ਖੁਦ ਇਸ ਇਨਕਲਾਬੀ ਭੂਮੀਗਤ ਦਸਤੇ ਦੀ ਇੱਕ ਮੈਂਬਰ ਸਨ। ਕੈਪਟਨ ਭਾਊ, ਉਹ ਮਹਾਨ ਬਜ਼ੁਰਗ ਹਨ ਜੋ ਠੀਕ ਦੋ ਦਿਨ ਪਹਿਲਾਂ ਸੜਕਾਂ 'ਤੇ ਸਨ। ਹਾਂ, ਮਹਾਰਾਸ਼ਟਰ ਦੇ ਨਰਾਜ਼ ਕਿਸਾਨਾਂ ਦੇ ਹਿਮਾਇਤ ਵਿੱਚ। ਯਾਦ ਕਰੋ: ਕਾਫੀ ਸਾਰੇ ਅਜ਼ਾਦੀ ਘੁਲਾਟੀਏ ਖੁਦ ਕਿਸਾਨ ਜਾਂ ਖੇਤ ਮਜ਼ਦੂਰ ਹੀ ਸਨ। ਉਨ੍ਹਾਂ ਵਿੱਚੋਂ ਕਈਆਂ ਦੇ ਪਰਿਵਾਰ ਵਾਲ਼ੇ ਅੱਜ ਵੀ ਇਸੇ ਕੰਮ ਨਾਲ਼ ਜੁੜੇ ਹਨ।