''ਅਸਾਂ ਉਨ੍ਹਾਂ 58 ਊਠਾਂ ਨੂੰ ਜ਼ਬਤ ਨਹੀਂ ਕੀਤਾ,'' ਅਮਰਾਵਤੀ ਜ਼ਿਲ੍ਹੇ ਦੇ ਤਲੇਗਾਓਂ ਦਾਸ਼ਾਸਰ ਪੁਲਿਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਜੈ ਅਕਾਰੇ ਦ੍ਰਿੜਤਾਪੂਰਵਕ ਕਹਿੰਦੇ ਹਨ। '' ਸਾਡੇ ਕੋਲ਼ ਇਹ ਕਦਮ ਚੁੱਕਣ ਦੀ ਤਾਕਤ ਹੀ ਨਹੀਂ ਕਿਉਂਕਿ ਮਹਾਰਾਸ਼ਟਰ ਕੋਲ਼ ਇਨ੍ਹਾਂ ਜਾਨਵਰਾਂ 'ਤੇ ਹੁੰਦੇ ਤਸ਼ੱਦਦਾਂ ਨੂੰ ਰੋਕਣ ਖ਼ਿਲਾਫ਼ ਕੋਈ ਕਨੂੰਨ ਹੀ ਨਹੀਂ।''
''ਊਠ... ਉਹ ਹਿਰਾਸਤ ਵਿੱਚ ਨੇ,'' ਉਹ ਕਹਿੰਦੇ ਹਨ।
ਅਮਰਾਵਤੀ ਵਿੱਚ ਸਥਾਨਕ ਅਦਾਲਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਲਈ ਊਠ-ਪਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪੰਜੋ ਖ਼ਾਨਾਬਦੋਸ਼ਾਂ ਵਾਂਗਰ ਰਹਿਣ ਵਾਲ਼ੇ ਊਠ-ਪਾਲਕ ਹਨ। ਇਹ ਗੁਜਰਾਤ ਦੇ ਕੱਛ ਤੋਂ ਹਨ ਅਤੇ ਉਨ੍ਹਾਂ ਵਿੱਚੋਂ ਚਾਰ ਰਬਾਰੀ ਅਤੇ ਇੱਕ ਫ਼ਕੀਰਨੀ ਜਾਟ ਭਾਈਚਾਰੇ ਤੋਂ ਹੈ। ਸਦੀਆਂ ਤੋਂ ਇਹ ਦੋਵੇਂ ਭਾਈਚਾਰੇ ਪੀੜ੍ਹੀ-ਦਰ-ਪੀੜ੍ਹੀ ਊਠ ਪਾਲਣ ਦਾ ਕੰਮ ਕਰਦੇ ਆਏ ਹਨ। ਮੈਜਿਸ੍ਰਟੇਟ ਨੇ ਪੰਜਾਂ ਨੂੰ ਬਿਨਾਂ-ਸ਼ਰਤ ਤਤਕਾਲ ਜ਼ਮਾਨਤ ਦੇ ਦਿੱਤੀ। ਇਨ੍ਹਾਂ ਨੂੰ ਇੱਕ 'ਪਸ਼ੂ ਅਧਿਕਾਰ ਕਾਰਕੁੰਨ' ਦੀ ਕਲਪਨਾ ਵਿੱਚ ਘੜ੍ਹੀ ਕਹਾਣੀ ਦੇ ਅਧਾਰ 'ਤੇ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ।
''ਮੁਲਜ਼ਮਾਂ ਕੋਲ਼ ਊਠਾਂ ਦੀ ਖ਼ਰੀਦੋ-ਫ਼ਰੋਖਤ ਅਤੇ ਆਪਣੇ ਕੋਲ਼ ਰੱਖੀ ਰੱਖਣ ਸਬੰਧੀ ਕਿਸੇ ਵੀ ਕਿਸਮ ਦੇ ਕਾਗ਼ਜ਼ਾਤ ਨਹੀਂ ਸਨ ਅਤੇ ਨਾ ਹੀ ਆਪਣੀ ਰਿਹਾਇਸ਼ ਸਬੰਧੀ ਕੋਈ ਕਨੂੰਨੀ ਸਬੂਤ ਹੀ ਸਨ,'' ਅਕਾਰੇ ਕਹਿੰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਊਠਾਂ ਅਤੇ ਆਪਣੀ ਪਛਾਣ ਪੱਤਰ ਸਬੰਧੀ ਕਾਗ਼ਜ਼ਾਤ ਪੇਸ਼ ਕਰਨ ਦਾ ਇੱਕ ਪੂਰੇ ਦਾ ਪੂਰਾ ਅਜੀਬ ਤਮਾਸ਼ਾ ਬਣਿਆ ਰਿਹਾ। ਇਹ ਸਬੂਤ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਖ਼ਾਨਾਬਦੋਸ਼ ਆਜੜੀਆਂ ਦੇ ਸਮੂਹਾਂ ਵੱਲੋਂ ਭੇਜੇ ਅਤੇ ਪੇਸ਼ ਕੀਤੇ ਜਾਂਦੇ ਰਹੇ
ਆਪਣੇ ਪਾਲਕਾਂ ਤੋਂ ਅੱਡ ਕਰਕੇ ਊਠਾਂ ਨੂੰ ਗੌਰਕਸ਼ਾ ਕੇਂਦਰ ਵਿਖੇ ਰੱਖਿਆ ਹੋਇਆ ਹੈ। ਜਿੱਥੇ ਗਾਵਾਂ ਦੀ ਦੇਖਭਾਲ਼ ਕਰਨ ਵਾਲ਼ਿਆਂ ਨੂੰ ਨਹੀਂ ਪਤਾ ਕਿ ਊਠਾਂ ਨੂੰ ਕਿਵੇਂ ਸਾਂਭਣਾ ਹੈ। ਭਾਵੇਂਕਿ ਊਠ ਅਤੇ ਗਾਂ ਦੋਵੇਂ ਜੁਗਾਲ਼ੀ ਕਰਨ ਵਾਲ਼ੇ ਪਸ਼ੂ ਹਨ, ਪਰ ਦੋਵਾਂ ਦਾ ਚਾਰਾ ਅਤੇ ਖ਼ੁਰਾਕਾਂ ਕਾਫ਼ੀ ਅੱਡ ਅੱਡ ਹੁੰਦੀਆਂ ਹਨ। ਜੇ ਮਾਮਲਾ ਜ਼ਿਆਦਾ ਖਿੱਚਿਆ ਜਾਂਦਾ ਹੈ ਤਾਂ ਗਾਵਾਂ ਦੇ ਬਸੇਰੇ ਵਿੱਚ ਰੱਖੇ ਇਨ੍ਹਾਂ ਊਠਾਂ ਦੀ ਹਾਲਤ ਮਾੜੀ ਹੋਣ ਦੀ ਪੂਰੀ ਸੰਭਾਵਨਾ ਹੈ।




















