''ਮੈਂ ਜਿਹੜੀ ਵੀ ਝੌਂਪੜੀ ਬਣਾਉਂਦਾ ਹਾਂ ਘੱਟੋ-ਘੱਟ 70 ਸਾਲ ਚੱਲਦੀ ਹੈ।''
ਵਿਸ਼ਨੂੰ ਭੌਂਸਲੇ ਦੇ ਹੱਥਾਂ ਵਿੱਚ ਦੁਰਲੱਭ ਕਲਾ ਹੈ। ਕੋਲ੍ਹਾਪੁਰ ਜ਼ਿਲ੍ਹੇ ਦੇ ਜਾਂਭਲੀ ਪਿੰਡ ਦਾ ਇਹ ਵਾਸੀ ਝੌਂਪੜੀ (ਫੂਸ ਦੀਆਂ) ਬਣਾਉਣ ਦਾ ਕੰਮ ਕਰਦਾ ਹੈ।
68 ਸਾਲਾ ਵਿਸ਼ਨੂੰ ਨੇ ਲੱਕੜ ਦੇ ਢਾਂਚੇ ਅਤੇ ਫੂਸ ਦੀ ਝੌਂਪੜੀ ਆਪਣੇ ਮਰਹੂਮ ਪਿਤਾ, ਗੁੰਡੂ ਪਾਸੋਂ ਬਣਾਉਣੀ ਸਿੱਖੀ। ਉਨ੍ਹਾਂ ਨੇ 10 ਦੇ ਕਰੀਬ ਝੌਂਪੜੀਆਂ ਹੱਥੀਂ ਬਣਾਈਆਂ ਹਨ ਤੇ ਇੰਨੀ ਕੁ ਬਣਾਉਣ ਵਿੱਚ ਮਦਦ ਵੀ ਕੀਤੀ ਹੈ। ''ਅਸੀਂ ਅਕਸਰ ਝੌਂਪੜੀਆਂ ਗਰਮੀ ਰੁੱਤੇ ਹੀ ਬਣਾਉਂਦੇ ਹਾਂ ਕਿਉਂਕਿ ਓਦੋਂ ਖੇਤਾਂ ਵਿੱਚ ਬਹੁਤਾ ਕੰਮ ਨਹੀਂ ਰਹਿੰਦਾ,'' ਉਹ ਚੇਤੇ ਕਰਦੇ ਹਨ ਤੇ ਨਾਲ਼ ਹੀ ਗੱਲ ਜੋੜਦੇ ਹਨ,''ਬਣ ਰਹੀ ਝੌਂਪੜੀ ਦੇ ਦੁਆਲ਼ੇ ਉਤਸ਼ਾਹ ਨਾਲ਼ ਭਰੇ ਲੋਕ ਇਕੱਠੇ ਹੋਏ ਰਹਿੰਦੇ।''
ਵਿਸ਼ਨੂੰ ਬਾਪੂ ਨੂੰ ਅਜੇ ਵੀ ਯਾਦ ਹੈ ਕਿ 1960ਵਿਆਂ ਤੱਕ ਜਾਂਭਲੀ ਵਿੱਚ ਸੈਂਕੜੇ ਅਜਿਹੀਆਂ ਝੌਪੜੀਆਂ ਸਨ। ਦੋਸਤ ਇੱਕ ਦੂਜੇ ਦੀ ਮਦਦ ਲਈ ਆਉਂਦੇ ਅਤੇ ਨੇੜੇ-ਤੇੜਿਓਂ ਲੋੜੀਂਦੀ ਸਮੱਗਰੀ ਲਿਆਉਂਦੇ ਅਤੇ ਝੌਂਪੜੀਆਂ ਬਣਾਉਂਦੇ ਸਨ। "ਮੈਂ ਕਦੇ ਵੀ ਝੌਂਪੜੀ ਬਣਾਉਣ ਲਈ ਇੱਕ ਪੈਸਾ ਖਰਚ ਨਹੀਂ ਕੀਤਾ ਹੋਣਾ। ਪੈਸੇ ਹੁੰਦੇ ਹੀ ਕਿਸ ਕੋਲ਼ ਸਨ?" ਉਹ ਕਹਿੰਦੇ ਹਨ, "ਲੋਕ ਤਿੰਨ ਮਹੀਨੇ ਇੰਤਜ਼ਾਰ ਕਰਨ ਲਈ ਤਿਆਰ ਸਨ। ਕੰਮ ਤਦ ਤੱਕ ਸ਼ੁਰੂ ਨਾ ਹੁੰਦਾ ਜਦ ਤੱਕ ਸਾਰੀ ਸਮੱਗਰੀ ਨੂੰ ਆਪਸ ਵਿੱਚ ਜੋੜ ਨਾ ਲਿਆ ਜਾਂਦਾ।"
21ਵੀਂ ਸਦੀ ਦੇ ਅੰਤ ਤੱਕ, 4,936 (ਮਰਦਮਸ਼ੁਮਾਰੀ, 2011) ਆਬਾਦੀ ਵਾਲ਼ੇ ਇਸ ਪਿੰਡ ਅੰਦਰ ਲੱਕੜ ਅਤੇ ਫੂਸ ਦੀਆਂ ਝੌਂਪੜੀਆਂ ਦੀ ਥਾਂ ਹੁਣ ਸੀਮੈਂਟ, ਇੱਟਾਂ ਅਤੇ ਟੀਨ ਨੇ ਲੈ ਲਈ। ਇਸ ਤੋਂ ਪਹਿਲਾਂ, ਝੌਂਪੜੀਆਂ ਦੀਆਂ ਛੱਤਾਂ ਖਾਪਰੀ ਕਾਉਲੂ (ਟਾਈਲਾਂ) ਜਾਂ ਕੁੰਭਰੀ ਕਾਉਲੂ ਨਾਲ਼ ਬਣਾਈਆਂ ਜਾਂਦੀਆਂ ਸਨ, ਜੋ ਪਿੰਡ ਦੇ ਘੁਮਿਆਰਾਂ ਤਿਆਰ ਕਰਦੇ। ਫਿਰ ਮਸ਼ੀਨ ਨਾਲ਼ ਬਣੇ ਬੰਗਲੌਰ ਦੇ ਕਾਉਲੁ ਆਏ ਜੋ ਵਧੇਰੇ ਮਜ਼ਬੂਤ ਅਤੇ ਹੰਢਣਸਾਰ ਸਨ।
ਝੌਂਪੜੀ 'ਤੇ ਫੂਸ ਦੀ ਛੱਤ ਪਾਉਣ ਲਈ ਜਿੰਨੀ ਮਿਹਨਤ ਕਰਨੀ ਪੈਂਦੀ, ਉਸ ਦੇ ਮੁਕਾਬਲੇ ਟਾਈਲਾਂ ਨੂੰ ਸਥਾਪਤ ਕਰਨਾ ਵਧੇਰੇ ਆਸਾਨ ਅਤੇ ਤੇਜ਼ ਸੀ। ਅਖ਼ੀਰ ਫਿਰ ਸੀਮੇਂਟ ਅਤੇ ਇੱਟਾਂ ਵਾਲ਼ੇ ਪੱਕੇ ਮਕਾਨ ਬਣਾਉਣ ਦਾ ਚਲਨ ਵਧਿਆ ਅਤੇ ਝੌਂਪੜੀਆਂ ਬਣਾਉਣ ਦੀ ਕਲਾ ਆਪਣੇ ਪਤਨ ਵੱਲ ਨੂੰ ਮੋੜਾ ਕੱਟਣ ਲੱਗੀ। ਜੰਭਾਲੀ ਦੇ ਲੋਕਾਂ ਨੇ ਵੀ ਝੌਪੜੀਆਂ ਛੱਡ ਨਵੀਆਂ ਕਿਸਮਾਂ ਦੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਅੱਜ ਪਿੰਡ ਵਿੱਚ ਮੁੱਠੀ ਭਰ ਹੀ ਝੁੱਗੀਆਂ ਰਹਿ ਗਈਆਂ ਹਨ।
"ਅੱਜ-ਕੱਲ੍ਹ ਪਿੰਡ ਵਿੱਚ ਝੌਂਪੜੀਆਂ ਲੱਭਣੀਆਂ ਔਖੀਆਂ ਹਨ। ਅਗਲੇ ਕੁਝ ਸਾਲਾਂ ਵਿੱਚ, ਪੁਰਾਣੇ ਜ਼ਮਾਨੇ ਦੀਆਂ ਝੌਂਪੜੀਆਂ ਅਲੋਪ ਹੋ ਜਾਣਗੀਆਂ। ਕੋਈ ਵੀ ਉਸ ਦੀ ਦੇਖਭਾਲ਼ ਨਹੀਂ ਕਰਨਾ ਚਾਹੁੰਦਾ," ਵਿਸ਼ਨੂੰ ਬਾਪੂ ਕਹਿੰਦੇ ਹਨ।





























