''ਸਾਲ ਵਿੱਚ ਕਦੇ-ਕਦਾਈਂ ਹੀ ਐਸਾ ਦਿਨ ਆਉਂਦਾ ਹੈ।''
ਸਵਾਪਨਾਲੀ ਦੱਤਾਤ੍ਰੇਆ ਜਾਧਵ 31 ਦਸੰਬਰ 2022 ਦੇ ਸੰਦਰਭ ਵਿੱਚ ਕਹਿ ਰਹੀ ਹੈ। ਮਰਾਠੀ ਭਾਸ਼ੀ ਵੇਦ ਫ਼ਿਲਮ ਹੁਣੇ-ਹੁਣੇ ਰਿਲੀਜ਼ ਹੋਈ ਸੀ, ਜਾਣੇ-ਪਛਾਣੇ ਚਿਹਰਿਆਂ ਵਾਲ਼ੀ ਇੱਕ ਰੋਮਾਂਟਿਕ ਫ਼ਿਲਮ, ਜੋ ਰਾਸ਼ਟਰੀ ਪੱਧਰ ‘ਤੇ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੀ। ਘਰਾਂ ਦਾ ਕੰਮ ਕਰਨ ਵਾਲ਼ੀ ਸਵਾਪਨਾਲੀ ਦੀ ਉਸ ਦਿਨ ਛੁੱਟੀ ਸੀ ਤੇ ਉਨ੍ਹਾਂ ਨੇ ਇਹ ਫ਼ਿਲਮ ਦੇਖਣੀ ਚੁਣੀ। ਉਨ੍ਹਾਂ ਨੂੰ ਪੂਰੇ ਸਾਲ ਵਿੱਚ ਸਿਰਫ਼ ਦੋ ਵਾਰ ਛੁੱਟੀ ਮਿਲ਼ਦੀ ਹੈ।
''ਨਵੇਂ ਸਾਲ ਦਾ ਮੌਕਾ ਸੀ। ਇਸੇ ਕਰਕੇ ਅਸੀਂ ਬਾਹਰ ਹੀ ਖਾਣਾ ਖਾਧਾ, ਗੋਰੇਗਾਓਂ ਦੇ ਕਿਸੇ ਹੋਟਲ ਵਿੱਚ'' 23 ਸਾਲਾ ਔਰਤ ਆਪਣੀ ਛੁੱਟੀ ਦੇ ਦਿਨ ਨੂੰ ਚੇਤੇ ਕਰਦਿਆਂ ਕਹਿੰਦੀ ਹੈ।
ਸਾਲ ਦੇ ਬਾਕੀ ਦਿਨੀਂ, ਸਵਾਪਨਾਲੀ ਦੀ ਹਰ ਦਿਹਾੜੀ ਲੰਬੀ ਤੇ ਥਕਾ ਸੁੱਟਣ ਵਾਲ਼ੀ ਹੁੰਦੀ ਹੈ। ਉਹਦੀ ਦਿਹਾੜੀ ਦੇ ਛੇ ਘੰਟੇ ਮੁੰਬਈ ਦੇ ਘਰਾਂ ਵਿੱਚ ਭਾਂਡੇ ਮਾਂਜਣ, ਕੱਪੜੇ ਧੋਣ ਤੇ ਹੋਰ ਘਰੇਲੂ ਕੰਮ ਕਰਨ ਵਿੱਚ ਬੀਤ ਜਾਂਦੇ ਹਨ। ਇੱਕ ਘਰ ਤੋਂ ਦੂਜੇ ਘਰ ਜਾਣ ਵੇਲ਼ੇ ਜੋ 10-15 ਦੀ 'ਰਾਹਤ' ਮਿਲ਼ਦੀ ਹੈ-ਸਵਾਪਨਾਲੀ ਓਨੇ ਸਮੇਂ ਵਿੱਚ ਆਪਣੇ ਫ਼ੋਨ 'ਤੇ ਮਰਾਠੀ ਗਾਣੇ ਸੁਣ ਲੈਂਦੀ ਹੈ। ਰੁਝੇਵੇਂ ਭਰੀ ਦਿਹਾੜੀ ਵਿੱਚੋਂ ਇੰਝ ਥੋੜ੍ਹੇ ਜਿਹੇ ਮਿਲ਼ੇ ਪਲਾਂ ਦੀ ਖ਼ੁਸ਼ੀ ਬਿਆਨ ਕਰਦਿਆਂ ਉਹ ਕਹਿੰਦੀ ਹੈ,''ਗਾਣੇ ਸੁਣਨ ਲਈ ਮੈਂ ਥੋੜ੍ਹਾ-ਬਹੁਤ ਸਮਾਂ ਕੱਢ ਹੀ ਲੈਂਦੀ ਹਾਂ।''























