ਵੇਨਮੋਨੀ ਪਿੰਡ ਦੇ ਕਿਲਵੇਨਮਨੀ ਬਸਤੀ ਦੇ ਜਾਬਰ ਜ਼ਿਮੀਂਦਾਰਾਂ ਦੇ ਖਿਲਾਫ਼ ਇਕਜੁੱਟ ਕਾਰਕੁੰਨਾਂ ਦੀਆਂ ਹਿੱਕਾਂ ਅੰਦਰ ਬਦਲੇ ਦੀ ਜੋ ਲਾਟ ਮੱਚ ਰਹੀ ਸੀ, ਉਹ ਕਾਫੀ ਸਮੇਂ ਤੋਂ ਮੱਘਦੀ ਆ ਰਹੀ ਸੀ ਅਤੇ ਦਸੰਬਰ 1968 ਵਿੱਚ ਉਸ ਲਾਟ ਨੇ ਲੇਲੀਹਾਨ ਦੇ ਭਾਂਬੜ ਦਾ ਰੂਪ ਧਾਰ ਲਿਆ। ਤਮਿਲਨਾਡੂ ਦੇ ਨਾਗਾਪੱਟਿਨਮ ਜਿਲ੍ਹੇ ਦੇ ਇਸ ਪਿੰਡ ਵਿੱਚ ਦਲਿਤ ਬੇਜ਼ਮੀਨੇ ਕਿਸਾਨ ਵੱਧ ਤਨਖਾਹਾਂ, ਵਾਹੀਯੋਗ ਜ਼ਮੀਨ 'ਤੇ ਕਿਸਾਨਾਂ ਦੇ ਅਧਿਕਾਰ ਅਤੇ ਜਗੀਰੂ ਸ਼ੋਸ਼ਣ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ। ਭਰੇਭੀਤੇ (ਕ੍ਰੋਧਿਤ) ਜ਼ਿਮੀਂਦਾਰਾਂ ਨੇ ਕਿਸਾਨਾਂ ਦੀ ਟੀਮ ਦਾ ਅੰਤ ਕਿਵੇਂ ਕੀਤਾ? ਉਨ੍ਹਾਂ ਨੇ ਉਸ ਚੇਰੀ ਦੇ 44 ਦਲਿਤ ਕਾਰਕੁੰਨਾਂ ਨੂੰ ਜਿਊਂਦੇ ਫੂਕ ਸੁੱਟਿਆ। ਨਵੀਂ ਸਿਆਸੀ ਚੇਤਨਾ ਤੋਂ ਪ੍ਰੇਰਿਤ ਹੋਈ ਇਹ ਪਿਛੜੀ ਜਾਤੀ ਧਨਾਢਾਂ ਅਤੇ ਤਾਕਤਵਰ ਜ਼ਿਮੀਂਦਾਰਾਂ ਲਈ ਆਤੰਕ ਦਾ ਸ੍ਰੋਤ ਬਣ ਗਈ ਇਸਲਈ ਉਨ੍ਹਾਂ ਨੇ ਗੁਆਂਢੀ ਪਿੰਡ ਤੋਂ ਕਾਮਿਆਂ ਨੂੰ ਨਾ ਸਿਰਫ਼ ਕਿਰਾਏ 'ਤੇ ਭਰਤੀ ਕਰਨ ਦਾ ਸਗੋਂ ਦਲਿਤਾਂ ਖਿਲਾਫ਼ ਇੰਤਕਾਮ ਲੈਣ ਦਾ ਫੈਸਲਾ ਵੀ ਕੀਤਾ।

25 ਦਸੰਬਰ ਦੀ ਰਾਤ ਨੂੰ ਜ਼ਿਮੀਂਦਾਰਾਂ ਨੇ ਚੇਰੀ ਨੂੰ ਚੁਫੇਰਿਓਂ ਘੇਰ ਕੇ ਹਮਲਾ ਬੋਲ ਦਿੱਤਾ ਅਤੇ ਬਚ ਨਿਕਲ਼ਣ ਦੇ ਸਾਰੇ ਰਾਹ ਬੰਦ ਕਰ ਦਿੱਤੇ। 44 ਮਜ਼ਦੂਰਾਂ ਦਾ ਇੱਕ ਸਮੂਹ ਆਪਣੀ ਜਾਨ ਬਚਾਉਣ ਲਈ ਇੱਕ ਝੌਂਪੜੀ ਵੱਲ ਨੂੰ ਭੱਜਿਆ ਅਤੇ ਹਮਲਾਕਾਰੀਆਂ ਵੱਲੋਂ ਝੌਂਪੜੀ ਨੂੰ ਅੱਗ ਲਾਏ ਜਾਣ ਦੌਰਾਨ ਅੰਦਰ ਹੀ ਤੜ ਕੇ ਰਹਿ ਗਿਆ। ਉਨ੍ਹਾਂ ਮਾਰੇ ਗਿਆਂ ਵਿੱਚੋਂ 11 ਕੁੜੀਆਂ ਅਤੇ 11 ਮੁੰਡੇ ਅਜਿਹੇ ਸਨ ਜੋ ਅਜੇ 16 ਸਾਲਾਂ ਤੋਂ ਵੀ ਘੱਟ ਉਮਰ ਦੇ ਸਨ। ਦੋ ਵਿਅਕਤੀਆਂ ਦੀ ਉਮਰ 70 ਸਾਲ ਦੇ ਕਰੀਬ ਸੀ। ਕੁੱਲ ਮਿਲ਼ਾ ਕੇ ਮਰਨ ਵਾਲ਼ੇ ਸਾਰਿਆਂ ਵਿੱਚੋਂ 29 ਔਰਤਾਂ ਅਤੇ 15 ਪੁਰਸ਼ ਸਨ। ਸਾਰੇ ਦੇ ਸਾਰੇ ਦਲਿਤ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਮਰਥਕ ਸਨ।

ਮਦਰਾਸ ਹਾਈਕੋਰਟ ਨੇ 1975 ਵਿੱਚ ਹੋਏ ਕਤਲੋਗਾਰਤ ਦੇ 25 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਮੈਥਿਲੀ ਸ਼ਿਵਰਮਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇਸ ਦਹਿਸ਼ਤ ਨੂੰ ਕਲਮਬੱਧ ਕੀਤਾ ਸੀ। ਪਰ ਉਨ੍ਹਾਂ ਨੇ ਇੱਕ ਵਾਰ ਵੀ ਆਪਣੀ ਕਲਮ ਨਹੀਂ ਰੋਕੀ। ਉਨ੍ਹਾਂ ਦੀ ਸ਼ਕਤੀਸ਼ਾਲੀ ਅਤੇ ਵਿਆਪਕ ਲੇਖਣੀ ਨੇ ਨਾ ਸਿਰਫ਼ ਇਸ ਦਿਲ-ਵਲੂੰਧਰੂ ਘਟਨਾ ਬਾਰੇ ਹੀ ਲਿਖਿਆ ਸਗੋਂ ਜਮਾਤ ਅਤੇ ਜਾਤ ਦੇ ਦਾਬੇ ਦੇ ਮਸਲਿਆਂ ਨੂੰ ਵੀ ਚੁੱਕਿਆ। ਅਸੀਂ ਇਹ ਕਵਿਤਾ ਮੈਥਿਲੀ ਸ਼ਿਵਰਾਮਨ ਦੀ ਯਾਦ ਵਿੱਚ ਪ੍ਰਕਾਸ਼ਤ ਰਹੇ ਹਾਂ, ਜੋ ਇੱਕ ਹਫ਼ਤਾ ਪਹਿਲਾਂ ਆਪਣੀ ਉਮਰ ਦੇ 81ਵੇਂ ਸਾਲ ਵਿੱਚ ਕੋਵਿਡ-19 ਦਾ ਸ਼ਿਕਾਰ ਹੋ ਗਏ।

ਸੁਧਨਵਾ ਦੇਸ਼ਪਾਂਡੇ ਦੀ ਅਵਾਜ਼ ਵਿੱਚ ਇਹ ਕਵਿਤਾ ਸੁਣੋ

ਚਤਾਲੀ ਮੁੱਠੀਆਂ ਜੋ ਰਾਖ ਹੋਈਆਂ...

ਝੌਂਪੜੀਆਂ ਬਗੈਰ ਛੱਤੋਂ,
ਝੌਂਪੜੀਆਂ ਬਗੈਰ ਕੰਧੋਂ,
ਫੂਸ ਦੇ ਇਹ ਮੁਨਾਰੇ
ਸੜ ਸੁਆਹ ਹੋਏ।

44 ਮੁੱਠੀਆਂ ਰਾਖ ਹੋਈਆਂ
ਕਤਾਰਬੱਧ ਇਸ ਚੇਰੀ ਅੰਦਰ,
ਇੱਕ ਗੁੱਸੇ ਭਰੀ ਯਾਦ ਜਿਓਂ ,
ਇਤਿਹਾਸਕ ਯੁੱਧ ਦੀ ਚੀਕ ਜਿਓ,
ਹੰਝੂ ਯੱਖ ਹੋਈ ਅੱਗ ਜਿਓਂ,
25 ਦਸੰਬਰ 1968 ਦੀ ਇਸ
ਕਾਲ਼ੀ ਰਾਤ ਦੇ ਇਹ ਗਵਾਹ,
ਜਦ ਕ੍ਰਿਸਮਸ ਸੱਚਮੁੱਚ ਖੁਸ਼ ਨਹੀਂ ਸੀ।

ਉਨ੍ਹਾਂ 44 ਲੋਕਾਂ ਦੀ ਕਹਾਣੀ ਸੁਣੋ;
ਸੁਣੋ, ਸੁਣੋ ਗਹੁ ਨਾਲ਼ ਸੁਣੋ।
ਝੌਂਪੜੀਆਂ ਬਗੈਰ ਛੱਤੋਂ,
ਝੌਂਪੜੀਆਂ ਬਗੈਰ ਕੰਧੋਂ,
ਫੂਸ ਦੇ ਇਹ ਮੁਨਾਰੇ
ਸੜ ਸੁਆਹ ਹੋਏ।

ਚਾਰ ਟੁਕੜੇ ਝੋਨੇ 'ਤੇ ਇਹ ਪਿੱਛਲਝਾਤ।
ਇਹ ਚਾਰ ਟੁਕੜੇ ਨਾਕਾਫੀ ਨੇ, ਨਾਕਾਫੀ ਨੇ,
ਨਾਕਾਫੀ ਨੇ ਬੇਜ਼ਮੀਨਿਆਂ ਅਤੇ ਭੁੱਖਿਆਂ ਦਾ
ਢਿੱਡ ਭਰਨ ਲਈ ਨਾਕਾਫੀ ਨੇ...

ਵਿਲਕਣ ਰੋਟੀ ਲਈ ਭੋਇੰ ਲਈ ਵਿਲਕਣ।
ਵਿਲਕਣ ਬੀਜਾਂ ਲਈ, ਜੜ੍ਹਾਂ ਲਈ ਵਿਲਕਣ,
ਟੁੱਟੀ ਰੀੜ੍ਹ ਨੂੰ ਵਾਪਸ ਪਾਉਣ ਲਈ ਵਿਲਕਣ,
ਵਿਲਕਣ ਆਪਣੀ ਮੁਸ਼ੱਕਤ, ਆਪਣੇ ਮੁੜ੍ਹਕੇ,
ਆਪਣੀ ਮਜ਼ਦੂਰੀ ਲਈ ਵਿਲਕਣ।

ਵਿਲਕਣ ਜ਼ਿਮੀਂਦਾਰਾਂ ਦੀ ਸੱਚ ਦਿਖਾਉਣ
ਦੀ ਭੁੱਖ ਨਾਲ਼ ਵਿਲਖਣ।

ਝੌਂਪੜੀਆਂ ਬਗੈਰ ਛੱਤੋਂ,
ਝੌਂਪੜੀਆਂ ਬਗੈਰ ਕੰਧੋਂ,
ਫੂਸ ਦੇ ਇਹ ਮੁਨਾਰੇ
ਸੜ ਸੁੱਟੇ ਸੁਆਹ ਹੋਏ।

ਕੁਝ ਹੋ ਕੇ ਜੱਥੇਬੰਦ ਲਾਲ ਬਣ ਗਏ
ਦਾਤੀ ਹਥੌੜੇ ਦੇ ਝੰਡੇ ਹੇਠ ਜਾ ਰਲੇ
ਵਿਚਾਰਾਂ ਦੀ ਤਲਵਾਰ ਬਣ ਫੌਲਾਦ
ਸਾਰੇ ਗ਼ਰੀਬ ਸਭ ਭਰੇ-ਭੀਤੇ
ਦਲਿਤ ਪੁਰਸ਼ ਅਤੇ ਔਰਤਾਂ,
ਬਣ ਵਿਦਰੋਹੀ ਕਾਰਕੁੰਨਾਂ ਦੀ ਔਲਾਦ।

ਸਾਡਾ ਨਾਅਰਾ ਅਸੀਂ ਇੱਕਜੁੱਟ, ਅਸੀਂ ਜੱਥੇਬੰਦ,
ਅਸੀਂ ਮਾਲਕ ਦੇ ਖੇਤਾਂ 'ਚ ਵਾਢੀ ਨਹੀਂ ਕਰਨੀ
ਆਪਣਾ ਦਰਦ ਇੰਝ ਹਾਂ ਬਿਆਨਦੇ,
ਕਿਹਦੀ ਫ਼ਸਲ ਸੀ, ਜੋ ਅਸਾਂ ਸੀ ਵੱਢਣੀ।

ਝੌਂਪੜੀਆਂ ਬਗੈਰ ਛੱਤੋਂ,
ਝੌਂਪੜੀਆਂ ਬਗੈਰ ਕੰਧੋਂ,
ਫੂਸ ਦੇ ਇਹ ਮੁਨਾਰੇ
ਸੜ ਸੁੱਟੇ ਸੁਆਹ ਹੋਏ।

ਮਾਲਕ ਸਦਾ ਚਲਾਕ, ਹਿਸਾਬ-ਕਿਤਾਬੀ
ਅਤੇ ਬੇਰਹਿਮ ਨੇ ਹੁੰਦੇ ਆਏ।
ਮਦਦ ਲਈ ਭਾੜੇ ਦੇ ਗੁਆਂਢੀ ਸੱਦ ਲਿਆਏ
ਸਾਨੂੰ ਆਖ਼ਦੇ ਨੇ "ਮੁਆਫੀ ਮੰਗੋ।"

ਡਿੱਗੇ ਮਜ਼ਦੂਰਾਂ ਨੇ ਪੁੱਛਿਆ,"ਕਿਸ ਗੱਲ ਦੀ ਮੁਆਫੀ?"
ਸੁਣ ਲੋਹੇਲਾਖੇ ਜ਼ਿਮੀਂਦਾਰ ਆਪਣੀ ਔਕਾਤ ਦਿਖਾਈ,
44 ਪੁਰਸ਼, ਔਰਤਾਂ, ਬੱਚੇ ਅਤੇ ਬਜ਼ੁਰਗ ਅੰਦਰ ਡੱਕ
ਜਦ ਤੀਲੀ ਲਾਈ,
ਝੌਂਪੜੀ 'ਚੋਂ ਉੱਠਿਆ ਭਾਂਬੜ ਉੱਚਾ ਉੱਚਾ ਹੁੰਦਾ ਜਾਵੇ।

ਅੰਦਰ ਤੜੇ ਸਾਰੇ ਦੇ ਸਾਰੇ,
ਅੱਧੀ ਰਾਤੀਂ ਬਣ ਲਪਟਾਂ ਅਸਮਾਨੀਂ ਜਾ ਰਲੇ।
22 ਬੱਚੇ, 18 ਔਰਤਾਂ ਅਤੇ 4 ਪੁਰਸ਼ਾਂ ਦਾ
ਬੇਰਹਿਮੀ ਨਾਲ਼ ਹੋਏ ਕਤਲ
ਦੇਖੋ ਕਿਲਵੇਨਮਨੀ ਦਾ ਗਵਾਹ ਘੱਲੂਘਾਰਾ।

ਉਹ ਜ਼ਿੰਦਾ ਨੇ ਇਤਿਹਾਸ ਦੀਆਂ ਅਖ਼ਬਾਰਾਂ,
ਨਾਵਲਾਂ ਅਤੇ ਕਹਾਣੀਆਂ ਦੇ ਪੰਨਿਆਂ 'ਚ।

ਝੌਂਪੜੀਆਂ ਬਗੈਰ ਛੱਤੋਂ,
ਝੌਂਪੜੀਆਂ ਬਗੈਰ ਕੰਧੋਂ,
ਫੂਸ ਦੇ ਇਹ ਮੁਨਾਰੇ
ਸੜ ਸੁੱਟੇ ਸੁਆਹ ਹੋਏ।

* ਚੇਰੀ : ਤਮਿਲਨਾਡੂ ਅੰਦਰ ਪਰੰਪਰਾਗਤ ਪਿੰਡ ਜਿਨ੍ਹਾਂ ਨੂੰ ਓਰ (ਬਸਤੀਆਂ) ਵਿੱਚ ਵੰਡ ਦਿੱਤਾ ਗਿਆ, ਜਿੱਥੇ ਪ੍ਰਮੁੱਖ ਜਾਤਾਂ ਰਹਿੰਦੀਆਂ ਹਨ ਅਤੇ ਜਿਸ ਥਾਵੇਂ ਦਲਿਤ ਵਾਸ ਕਰਦੇ ਹਨ ਉਨ੍ਹਾਂ ਨੂੰ ਚੇਰੀ ਕਿਹਾ ਜਾਂਦਾ ਹੈ।

* ਕਵਿਤਾ ਅੰਦਰ ਵਰਤੇਂਦੇ ਹਰਫ਼- ਝੌਂਪੜੀਆਂ ਬਗੈਰ ਛੱਤੋਂ/ਝੌਂਪੜੀਆਂ ਬਗੈਰ ਕੰਧੋਂ/ਫੂਸ ਦੇ ਇਹ ਮੁਨਾਰੇ/ਸੜ ਸੁਆਹ ਹੋਏ- 1968 ਵਿੱਚ ਮੈਥਿਲੀ ਸ਼ਿਵਰਾਮਨ ਦੁਆਰਾ ਲਿਖੇ ਲੇਖ ਦੀਆਂ ਸ਼ੁਰੂਆਤੀ ਸਤਰਾਂ ਹਨ ਜਿਹਦਾ ਸਿਰਲੇਖ Gentlemen Killers of Kilvenmani ਹੈ, ਜੋ Economic and Political Weekl y, May 26, 1973, Vol. 8, No. 23, PP. 926-928. ਵਿੱਚ ਪ੍ਰਕਾਸ਼ਤ ਹੋਇਆ।

ਇਹ ਸਤਰਾਂ ਵੀ ਮਿਥਾਲੀ ਸ਼ਿਵਰਾਮਨ ਦੀ ਕਿਤਾਬ Haunted by Fire: Essays on Caste, Class, Exploitation and Emancipation ਵਿੱਚੋਂ ਲਈਆਂ ਗਈਆਂ ਹਨ, ਲੈਫਟ ਵਰਡ ਬੁੱਕਸ, 2016

ਆਡਿਓ : (ਸੁਧਨਵਾ ਦੇਸ਼ਪਾਂਡੇ ਜਨ ਨਾਟਯ ਮੰਚ ਦੇ ਇੱਕ ਅਭਿਨੇਤਾ, ਨਿਰਦੇਸ਼ਕ ਅਤੇ ਲੈਫਟਵਰਡ ਬੁੱਕਸ ਦੇ ਸੰਪਾਦਕ ਹਨ।)


ਤਰਜਮਾ: ਕਮਲਜੀਤ ਕੌਰ

Poem and Text : Sayani Rakshit

ಸಯಾನಿ ರಕ್ಷಿತ್ ನವದೆಹಲಿಯ ಜಾಮಿಯಾ ಮಿಲಿಯಾ ಇಸ್ಲಾಮಿಯಾ ವಿಶ್ವವಿದ್ಯಾಲಯದಲ್ಲಿ ಮಾಸ್ ಕಮ್ಯುನಿಕೇಷನ್‌ನಲ್ಲಿ ಸ್ನಾತಕೋತ್ತರ ಪದವಿ ಓದುತ್ತಿದ್ದಾರೆ

Other stories by Sayani Rakshit
Painting : Labani Jangi

ಲಬಾನಿ ಜಂಗಿ 2020ರ ಪರಿ ಫೆಲೋ ಆಗಿದ್ದು, ಅವರು ಪಶ್ಚಿಮ ಬಂಗಾಳದ ನಾಡಿಯಾ ಜಿಲ್ಲೆ ಮೂಲದ ಅಭಿಜಾತ ಚಿತ್ರಕಲಾವಿದರು. ಅವರು ಕೋಲ್ಕತ್ತಾದ ಸಾಮಾಜಿಕ ವಿಜ್ಞಾನಗಳ ಅಧ್ಯಯನ ಕೇಂದ್ರದಲ್ಲಿ ಕಾರ್ಮಿಕ ವಲಸೆಯ ಕುರಿತು ಸಂಶೋಧನಾ ಅಧ್ಯಯನ ಮಾಡುತ್ತಿದ್ದಾರೆ.

Other stories by Labani Jangi
Translator : Kamaljit Kaur

ಕಮಲಜಿತ್ ಕೌರ್ ಪಂಜಾಬ್‌ನ ಸ್ವತಂತ್ರ ಅನುವಾದಕರು. ಅವರು ಪಂಜಾಬಿ ಸಾಹಿತ್ಯದಲ್ಲಿ ಎಂಎ ಮಾಡಿದ್ದಾರೆ. ಕಮಲಜಿತ್ ಸಮತೆ ಮತ್ತು ಸಮಾನತೆಯ ಜಗತ್ತಿನಲ್ಲಿ ನಂಬಿಕೆ ಇಟ್ಟಿದ್ದಾರೆ ಮತ್ತು ಅದನ್ನು ಸಾಧ್ಯವಾಗಿಸುವ ನಿಟ್ಟಿನಲ್ಲಿ ಕೆಲಸ ಮಾಡುತ್ತಿದ್ದಾರೆ.

Other stories by Kamaljit Kaur