ਸੁਖਰਾਣੀ ਸਿੰਘ ਨੂੰ ਅਜਿਹਾ ਕੋਈ ਇੱਕ ਸਾਲ ਵੀ ਚੇਤਾ ਨਹੀਂ ਜਦੋਂ ਉਨ੍ਹਾਂ ਨੇ ਜੰਗਲ ਵਿੱਚੋਂ ਮਹੂਏ ਦੇ ਫੁੱਲ ਚੁਗੇ ਨਾ ਹੋਣ। ''ਜਦੋਂ ਮੈਂ ਛੋਟੀ ਸਾਂ ਉਦੋਂ ਵੀ ਮੈਂ ਆਪਣੀ ਮਾਂ ਦੇ ਨਾਲ਼ ਜੰਗਲ ਜਾਇਆ ਕਰਦੀ ਸਾਂ। ਹੁਣ ਮੈਂ ਆਪਣੇ ਬੱਚਿਆਂ ਨੂੰ ਨਾਲ਼ ਲਿਜਾਂਦੀ ਹਾਂ,'' 45 ਸਾਲਾ ਸੁਖਰਾਣੀ ਕਹਿੰਦੀ ਹਨ। ਉਹ ਸਵੇਰੇ 5 ਵਜੇ ਹੀ ਘਰੋਂ ਨਿਕਲ਼ ਜਾਂਦੀ ਹਨ ਤਾਂ ਕਿ ਮਹੂਏ ਦੇ ਫੁੱਲ ਚੁਗ ਸਕੇ। ਮਹੂਆ ਸਵੇਰੇ-ਸਾਝਰੇ ਹੀ ਬੂਟਿਆਂ ਤੋਂ ਕਿਰਦੇ ਹਨ। ਉਹ ਦੁਪਹਿਰ ਤੱਕ ਉੱਥੇ ਹੀ ਰਹਿੰਦੀ ਸਨ ਅਤੇ ਵੱਧਦੀ ਤਪਸ਼ ਹੇਠ ਕਿਰੇ ਫੁੱਲਾਂ ਨੂੰ ਇਕੱਠਿਆਂ ਕਰਦੀ ਰਹਿੰਦੀ ਹਨ। ਘਰ ਮੁੜਨ 'ਤੇ ਉਹ ਉਨ੍ਹਾਂ ਨੂੰ ਧੁੱਪੇ ਸੁਕਾਉਣ ਵਾਸਤੇ ਭੁੰਜੇ ਖਲਾਰ ਦਿੰਦੀ ਹਨ।
ਮੱਧ ਪ੍ਰਦੇਸ਼ ਦੇ ਉਮਰੀਆ ਜਿਲ੍ਹੇ ਵਿੱਚ ਬਾਂਧਵਗੜ੍ਹ ਟਾਈਗਰ ਦੇ ਬੇਹੱਦ ਨੇੜੇ ਰਹਿਣ ਵਾਲ਼ੇ ਛੋਟੇ ਕਿਸਾਨਾਂ ਜਿਵੇਂ ਸੁਖਰਾਣੀ ਵਾਸਤੇ, ਮਹੂਆ ਦੇ ਫੁੱਲ ਹੀ ਆਮਦਨੀ ਦਾ ਇੱਕ ਪੱਕਾ ਜ਼ਰੀਆ ਹਨ। ਮਾਨਪੁਰ ਬਲਾਕ ਸਥਿਤ ਉਨ੍ਹਾਂ ਦੇ ਪਿੰਡ ਪਰਾਸੀ ਤੋਂ ਤਕਰੀਬਨ 30 ਕਿਲੋਮੀਟਰ ਦੂਰ ਸਥਿਤ ਉਮਰੀਆ ਬਜ਼ਾਰ ਵਿੱਚ ਇੱਕ ਕਿੱਲੋ ਸੁੱਕਾ ਮਹੂਆ ਵੇਚਣ ਨਾਲ਼ ਸੁਖਰਾਣੀ ਦੀ 40 ਰੁਪਏ ਦੀ ਕਮਾਈ ਹੁੰਦੀ ਹੈ। ਇੱਕ ਸੀਜ਼ਨ ਵਿੱਚ ਉਹ ਲਗਭਗ 200 ਕਿੱਲੋ ਤੱਕ ਮਹੂਆ ਇਕੱਠਾ ਕਰ ਲੈਂਦੀ ਹਨ। ਮਹੂਆ ਦਾ ਇਹ ਸੀਜ਼ਨ ਅਪ੍ਰੈਲ ਮਹੀਨਿਆਂ ਵਿੱਚ 2-3 ਹਫਤਿਆਂ ਲਈ ਹੁੰਦਾ ਹੈ। ਸੁਖਰਾਣੀ ਕਹਿੰਦੀ ਹਨ,''ਮਹੂਆ ਦੇ ਰੁੱਖ ਸਾਡੇ ਲਈ ਬੇਸ਼ਕੀਮਤੀ ਹਨ।'' ਮਹੂਏ ਦੇ ਫੁੱਲਾਂ ਤੋਂ ਇਲਾਵਾ ਇਹਦੇ ਫਲ ਅਤੇ ਰੁੱਖ ਦੀਆਂ ਛਿੱਲੜਾਂ ਵੀ ਪੋਸ਼ਕ ਤੱਤਾਂ ਅਤੇ ਦਵਾ ਦਾ ਖਜ਼ਾਨਾ ਹੁੰਦੀਆਂ ਹਨ।
ਮਹੂਏ ਦੇ ਸੀਜ਼ਨ ਵਿੱਚ ਸੁਖਰਾਣੀ ਦੁਪਹਿਰ ਵੇਲ਼ੇ 1 ਵਜੇ ਦੇ ਆਸਪਾਸ ਘਰ ਮੁੜਦੀ ਹਨ ਅਤੇ ਖਾਣਾ ਪਕਾਉਂਦੀ ਹਨ, ਜਿਸ ਨਾਲ਼ ਉਨ੍ਹਾਂ ਦੇ ਪਤੀ ਸਣੇ ਉਨ੍ਹਾਂ ਦੇ 5 ਬੱਚਿਆਂ ਦਾ ਢਿੱਡ ਪਲ਼ਦਾ ਹੈ। ਫਿਰ 3 ਵਜੇ ਦੇ ਕਰੀਬ ਉਹ ਆਪਣੇ ਪਤੀ ਦੇ ਨਾਲ਼ ਕਣਕ ਦੀ ਵਾਢੀ ਕਰਨ ਅਤੇ ਭਰੀਆ ਬੰਨ੍ਹਣ ਜਾਂਦੀ ਹਨ। ਸੁਖਰਾਣੀ ਅਤੇ ਉਨ੍ਹਾਂ ਦੇ ਪਤੀ, ਜੋ ਗੋਂਡ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਦੇ ਨਾਮ 'ਤੇ ਚਾਰ ਵਿਘਾ (ਕਰੀਬ ਇੱਕ ਏਕੜ) ਜ਼ਮੀਨ ਹੈ, ਜਿੱਥੇ ਉਹ ਮੀਂਹ ਦੇ ਪਾਣੀ ਦੇ ਆਸਰੇ ਕਣਕ ਦੀ ਕਾਸ਼ਤ ਕਰਦੇ ਹਨ, ਦਰਅਸਲ ਇਹ ਅਨਾਜ ਆਪਣੇ ਹੀ ਗੁਜ਼ਾਰੇ ਲਾਇਕ ਹੁੰਦਾ ਹੈ।
ਪਰਾਸੀ ਪਿੰਡ ਦੇ ਵਸਨੀਕ ਘੁਮਿਆਰ ਸੁਰਜਨ ਪ੍ਰਜਾਪਤੀ ਵੀ ਜੰਗਲ ਵਿੱਚ ਜਾ ਕੇ ਮਹੂਆ ਇਕੱਠਾ ਕਰਦੇ ਹਨ। 60 ਸਾਲਾ ਸੁਰਜਨ ਜੋ ਘੁਮਿਆਰ ਜਾਤੀ (ਉਮਰੀਆ ਵਿੱਚ ਓਬੀਸੀ ਕੈਟੇਗਰੀ ਵਿੱਚ ਦਰਜ਼) ਨਾਲ਼ ਤਾਅਲੁੱਕ ਰੱਖਦੇ ਹਨ, ਕਹਿੰਦੇ ਹਨ,''ਇੱਕ ਵਪਾਰੀ ਪਿੰਡ ਆ ਕੇ ਮੇਰੇ ਤੋਂ ਮਹੂਆ ਖਰੀਦ ਕੇ ਲੈ ਜਾਂਦਾ ਹੈ ਅਤੇ ਕਦੇ-ਕਦਾਈਂ ਮੈਂ ਇਹਨੂੰ ਹਾਟ (ਸਥਾਨਕ ਹਫ਼ਤਾਵਰੀ ਬਜਾਰ) ਵਿੱਚ ਵੇਚ ਆਉਂਦਾ ਹੈ। ''ਮਹੂਆ ਬੇਹੱਦ ਲਾਹੇਵੰਦਾ ਹੈ। ਮਿੱਟੀ ਦੇ ਭਾਂਡੇ ਵੇਚ ਕੇ ਵੱਟੇ ਪੈਸਿਆਂ ਨਾਲ਼ ਜ਼ਿੰਦਗੀ ਨਹੀਂ ਲੰਘ ਸਕਦੀ। ਜਦੋਂ ਮੈਂ ਦੁਪਹਿਰੇ ਘਰ ਪਰਤਦਾ ਹਾਂ ਤਾਂ ਫਿਰ ਮਿਹਨਤ-ਮਜ਼ਦੂਰੀ ਦੀ ਭਾਲ਼ ਵਿੱਚ ਬਾਹਰ ਜਾਂਦਾ ਹਾਂ।'' ਜਦੋਂ ਉਨ੍ਹਾਂ ਦੇ ਘਰ ਵਿੱਚ ਲੂਣ ਜਾਂ ਤੇਲ ਮੁੱਕ ਜਾਂਦਾ ਹੈ ਤਾਂ ਘਾਟ ਨੂੰ ਪੂਰਾ ਕਰਨ ਲਈ ਇਹ ਕੁਝ ਕੁ ਕਿੱਲੋ ਸੁੱਕਾ ਮਹੂਆ ਵੇਚ ਦਿੰਦੇ ਹਨ।
ਉਮਰੀਆ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲ ਦੀ ਕਟਾਈ ਦੌਰਾਨ ਵੀ ਮਹੂਏ ਦਾ ਰੁੱਖ ਅਖੀਰਲਾ ਰੁੱਖ ਹੋਵੇਗਾ ਜੋ ਕਦੇ ਕੱਟਿਆ ਜਾਵੇਗਾ। ਜ਼ਿਲ੍ਹੇ ਦੇ ਆਦਿਵਾਸੀ ਭਾਈਚਾਰੇ, ਜਿਹਦੇ ਲਈ ਰੁੱਖ ਇੰਨੇ ਅਜੀਜ਼ ਹੁੰਦੇ ਹਨ ਕਿ ਉਨ੍ਹਾਂ ਦੀ ਇਹ ਮਾਨਤਾ ਹੈ ਕਿ ਇਨ੍ਹਾਂ ਦੇ ਰਹਿੰਦਿਆਂ ਕੋਈ ਵੀ ਭੁੱਖਾ ਨਹੀਂ ਮਰੇਗਾ। ਰੁੱਖ ਦੇ ਫਲ ਅਤੇ ਫੁੱਲ ਖਾਣ ਯੋਗ ਹੁੰਦੇ ਹਨ ਅਤੇ ਸੁੱਕੇ ਮਹੂਏ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਹੈ ਅਤੇ ਇਹਦਾ ਇਸਤੇਮਾਲ ਅਲਕੋਹਲ ਬਣਾਉਣ ਲਈ ਵੀ ਹੁੰਦਾ ਹੈ।
ਮੱਧ ਪ੍ਰਦੇਸ਼, ਓੜੀਸਾ, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਵਿੱਚ ਬਹੁਲਤਾ ਵਿੱਚ ਪਾਏ ਜਾਣ ਵਾਲ਼ੇ ਮਹੂਏ ਦੇ ਰੁੱਖ ( ਮਧੂਕਾ ਲੌਂਗੀਫੋਲਿਆ ) ਇਨ੍ਹਾਂ ਰਾਜਾਂ ਦੀ ਮਹੱਤਵਪੂਰਨ ਲਘੂ ਜੰਗਲੀ ਪੈਦਾਵਾਰ (ਐੱਮਐੱਫਪੀ) ਹਨ। ਆਦਿਵਾਸੀ ਸਹਿਕਾਰੀ ਮਾਰਕੀਟਿੰਗ ਵਿਕਾਸ ਫੈਡਰੇਸ਼ਨ ਆਫ਼ ਇੰਡੀਆ (TRIFED) ਦੇ ਮੁਤਾਬਕ ਮੱਧ ਪ੍ਰਦੇਸ਼, ਓੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਤਕਰੀਬਨ 75% ਤੋਂ ਵੱਧ ਆਦਿਵਾਸੀ ਪਰਿਵਾਰਾਂ ਵਿੱਚ ਮਹੂਏ ਦਾ ਫੁੱਲ ਇਕੱਠਾ ਕਰਨ ਦਾ ਕੰਮ ਹੁੰਦਾ ਹੈ ਅਤੇ ਇਸ ਤੋਂ ਉਨ੍ਹਾਂ ਨੂੰ 5000 ਰੁਪਏ ਦੀ ਸਲਾਨਾ ਕਮਾਈ ਹੁੰਦੀ ਹੈ।
ਮਹੂਏ ਦੇ ਫੁੱਲ ਇਕੱਠੇ ਕਰਨ ਲਈ ਸਮੁਦਾਵਾਂ/ਭਾਈਚਾਰਿਆਂ ਨੂੰ ਜੰਗਲ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਹੈ। ਸ਼ੁਰਆਤੀ ਅਪ੍ਰੈਲ ਮਹੀਨੇ ਤੋਂ ਇਨ੍ਹਾਂ ਮਹੂਏ ਦੇ ਰੁੱਖਾਂ ਤੋਂ ਫੁੱਲਾਂ ਦਾ ਕਿਰਨਾ ਸ਼ੁਰੂ ਹੁੰਦਾ ਹੈ
1,537 ਵਰਗ ਕਿਲੋਮੀਟਰ ਵਿੱਚ ਫੈਲੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਦੀ ਘੇਰੇ-ਘੇਰੇ ਰਹਿਣ ਵਾਲ਼ੇ ਭਾਈਚਾਰਿਆਂ ਨੂੰ ਹੋਲੀ ਤੋਂ ਠੀਕ ਬਾਅਦ ਸ਼ੁਰੂਆਤੀ ਅਪ੍ਰੈਲ ਵਿੱਚ ਰੁੱਖਾਂ ਤੋਂ ਕਿਰਦੇ ਮਹੂਏ ਚੁਗਣ ਲਈ ਜੰਗਲ ਵਿੱਚ ਜਾਣ ਦੀ ਆਗਿਆ ਦਿੱਤੀ ਗਈ ਹੈ। ਬਹੁਤੇਰੇ ਬਾਲਗ਼ ਲੋਕ ਬੱਚਿਆਂ ਦੇ ਨਾਲ਼ ਜੰਗਲ ਵਿੱਚ ਜਾਂਦੇ ਹਨ ਕਿਉਂਕਿ ਉਹ ਮਹੂਆ ਚੁਗਣ ਅਤੇ ਟੋਕਰੀ ਵਿੱਚ ਰੱਖਦੇ ਜਾਣ ਵਿੱਚ ਮੁਕਾਬਲਤਨ ਵੱਧ ਤੇਜ਼ ਅਤੇ ਫੁਰਤੀਲੇ ਹੁੰਦੇ ਹਨ।
ਜੰਗਲ ਵਿੱਚ ਹਰ 100-200 ਮੀਟਰ ਦੀ ਦੂਰੀ 'ਤੇ ਰੁੱਖ ਦੇਖੇ ਜਾ ਸਕਦੇ ਹਨ। ਜਦੋਂ ਫੁੱਲ ਆਉਣ ਦਾ ਸੀਜ਼ਨ ਆਉਂਦਾ ਹੈ ਤਾਂ ਹਰ ਰੁੱਖ ਦੀਆਂ ਹੇਠਲੀਆਂ ਟਾਹਣੀਆਂ 'ਤੇ ਲੀਰਾਂ ਟੰਗ ਕੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਸੁਰਜਨ ਦੱਸਦੇ ਹਨ,''ਪਿੰਡ ਦੇ ਹਰ ਪਰਿਵਾਰ ਨੂੰ ਕੁਝ ਰੁੱਖ ਵੰਡ ਦਿੱਤੇ ਜਾਂਦੇ ਹਨ। ਇਹ ਵੰਡਾਂ ਪੀੜ੍ਹੀਆਂ ਪਹਿਲਾਂ ਪਾਈਆਂ ਗਈਆਂ ਸਨ,'' ਸੁਰਜਨ ਅੱਗੇ ਇਹ ਵੀ ਕਹਿੰਦੇ ਹਨ ਕਿ ਮੰਨ ਲਓ ਕਿਸੇ ਪਰਿਵਾਰ ਨੂੰ ਆਪਣੇ ਰੁੱਖ ਤੋਂ ਵਾਧੂ ਆਮਦਨੀ ਹੋ ਜਾਵੇ ਤਾਂ ਉਹ ਇਸ ਆਮਦਨੀ ਨੂੰ ਕੁਝ ਵੱਧ ਲੋੜਵੰਦ ਨੂੰ ਦੇ ਦਿੰਦੇ ਹਨ।
2007 ਵਿੱਚ ਬਾਂਧਵਗੜ੍ਹ ਨੂੰ ਟਾਈਗਰ ਰਿਜ਼ਰਵ ਐਲਾਨਿਆ ਗਿਆ ਸੀ ਅਤੇ ਰਾਸ਼ਟਰੀ ਪਾਰਕ, ਜੋ ਕੋਰ ਜ਼ੋਨ ਹੈ, ਨੂੰ ਕਿਸੇ ਵੀ ਤਰ੍ਹਾਂ ਦੀਆਂ ਮਨੁੱਖੀ ਸਰਗਰਮੀਆਂ ਤੋਂ ਵਰਜਿਤ ਕਰ ਦਿੱਤਾ ਗਿਆ ਸੀ। ਇਹਦੇ ਆਲ਼ੇ-ਦੁਆਲ਼ੇ ਲੋਕਾਂ ਦੇ ਪ੍ਰਵੇਸ਼ ਨੂੰ ਸੀਮਾ ਕਰਦਿਆਂ ਵਰਜਿਤ ਇਲਾਕਾ ਬਣਾਇਆ ਗਿਆ ਸੀ। ਸੁਖਰਾਣੀ ਦਾ ਟੱਬਰ ਉਨ੍ਹਾਂ ਆਦਿਵਾਸੀ ਕਿਸਾਨ-ਪਰਿਵਾਰਾਂ ਵਿੱਚੋਂ ਹਨ ਜਿਨ੍ਹਾਂ ਦੀ ਜ਼ਮੀਨ ਨੈਸ਼ਨਲ ਪਾਰਕ ਦੇ ਐਨ ਨਾਲ਼ ਲੱਗਦੀ ਸੀ ਜੋ ਬਾਅਦ ਵਿੱਚ ਵਰਜਿਤ ਇਲਾਕਾ ਹੇਠ ਆ ਗਈ। ਉਹ ਕਹਿੰਦੀ ਹਨ ਕਿ ਪਿਛਲੇ ਦਹਾਕੇ ਵਿੱਚ ਉਸ ਜ਼ਮੀਨ ਨੂੰ ਅਣਵਰਤੀਂਦੀ ਛੱਡ ਦਿੱਤਾ ਗਿਆ ਹੈ। ਉਹ ਦੱਸਦੀ ਹਨ,''ਜੰਗਲ ਵਿੱਚ ਕੋਈ ਫ਼ਸਲ ਬਚੀ ਨਹੀਂ ਰਹਿੰਦੀ। ਅਸੀਂ ਜੰਗਲ ਵਿੱਚ ਕੋਈ ਵੀ ਕਾਸ਼ਤ ਕਰਨੀ ਇਸ ਲਈ ਵੀ ਛੱਡ ਦਿੱਤੀ ਕਿਉਂਕਿ ਫ਼ਸਲ ਦੀ ਰਾਖੀ ਲਈ ਉੱਥੇ ਰਹਿ ਸਕਣਾ ਮੁਸ਼ਕਲ ਸੀ। ਚਨਾ ਅਤੇ ਅਰਹਰ ਦਾਲ ਨੂੰ ਤਾਂ ਬਾਂਦਰ ਹੀ ਨਬੇੜ ਦਿੰਦੇ।''
ਜਦੋਂ ਬਾਂਧਵਗੜ੍ਹ ਸਿਰਫ਼ ਰਾਸ਼ਟਰੀ ਪਾਰਕ ਹੀ ਸੀ, ਤਦ ਆਦਿਵਾਸੀ ਕਿਸਾਨ ਫ਼ਸਲਾਂ ਦੇ ਮੌਸਮ ਵਿੱਚ ਆਪਣੇ ਖੇਤਾਂ ਨੂੰ ਜੰਗਲੀ ਜਾਨਵਰਾਂ ਹੱਥੋਂ ਬਚਾਉਣ ਖਾਤਰ ਆਰਜ਼ੀ ਬਸੇਰਾ ਬਣਾ ਕੇ ਰਹਿੰਦੇ, ਪਰ ਹੁਣ ਇਹਦੀ ਆਗਿਆ ਨਹੀਂ ਰਹੀ। ਹੁਣ ਉਹ ਸਿਰਫ਼ ਮਹੂਏ ਵਰਗੇ ਲਘੂ ਜੰਗਲੀ ਪੈਦਾਵਾਰ (MFP ) ਨੂੰ ਚੁਗਣ ਖਾਤਰ ਹੀ ਵਰਜਿਤ ਇਲਾਕੇ ਤੱਕ ਜਾਂਦੇ ਹਨ। ਸੁਖਰਾਣੀ ਦੱਸਦੀ ਹਨ,''ਅਸੀਂ ਸਰਘੀ ਵੇਲ਼ੇ ਹੀ ਘਰੋਂ ਨਿਕਲ਼ ਜਾਂਦੇ ਹਾਂ, ਇਸਲਈ ਅਸੀਂ ਸਾਰੇ ਇਕੱਠੇ ਹੀ ਜਾਂਦੇ ਹਾਂ, ਕਿਉਂਕਿ ਇਕੱਲੇ ਸਾਨੂੰ ਰਸਤੇ ਵਿੱਚ ਸ਼ੇਰ ਮਿਲ਼ ਜਾਣ ਦਾ ਖ਼ਦਸ਼ਾ ਸਤਾਉਂਦਾ ਹੈ।'' ਭਾਵੇਂ ਕਿ ਉਨ੍ਹਾਂ ਦਾ ਕਦੇ ਵੀ ਸ਼ੇਰ ਨਾਲ਼ ਆਹਮਣਾ-ਸਾਹਮਣਾ ਨਹੀਂ ਹੋਇਆ ਪਰ ਫਿਰ ਵੀ ਉਨ੍ਹਾਂ ਨੂੰ ਉਹਦੇ ਆਸ-ਪਾਸ ਹੋਣ ਦਾ ਡਰ ਸਤਾਉਂਦਾ ਹੈ।
ਸਵੇਰੇ 5:30 ਵਜੇ ਦੇ ਕਰੀਬ ਜਦੋਂ ਜੰਗਲ ਵਿੱਚ ਸੂਰਜ ਦੀ ਰੌਸ਼ਨੀ ਵੀ ਨਹੀਂ ਪਹੁੰਚੀ ਹੁੰਦੀ, ਅਸੀਂ ਮਹੂਆ ਚੁਗਣ ਵਾਸਤੇ ਰੁੱਖਾਂ ਦੇ ਸੁੱਕੇ ਪੱਤੇ ਹੂੰਝਣੇ ਸ਼ੁਰੂ ਕਰ ਚੁੱਕੇ ਹੁੰਦੇ ਹਾਂ। ਸੁਖਰਾਣੀ ਦੀ 18 ਸਾਲਾ ਧੀ ਰੌਸ਼ਨੀ ਸਿੰਘ ਖੁੱਲ੍ਹ ਕੇ ਦੱਸਦੀ ਹਨ,''ਮਹੂਏ ਦੇ ਫੁੱਲ ਵੱਧ ਭਾਰੇ ਹੁੰਦੇ ਹਨ ਇਸਲਈ ਜਦੋਂ ਅਸੀਂ ਪੱਤੇ ਹੂੰਝਦੇ ਹਾਂ ਤਾਂ ਉਹ ਹੇਠਾਂ ਪਏ ਹੀ ਰਹਿੰਦੇ ਹਨ।'' ਰੌਸ਼ਨੀ ਨੇ ਆਪਣੀ ਪੜ੍ਹਾਈ (ਸਕੂਲੀ ਦੀ) 2020 ਵਿੱਚ ਪੂਰੀ ਕੀਤੀ ਅਤੇ ਉਹ ਕਾਲਜ ਵਿੱਚ ਦਾਖਲੇ ਦੀ ਉਮੀਦ ਵਿੱਚ ਸਨ, ਪਰ ਕੋਵਿਡ-19 ਸੰਕਰਮਣ ਫੈਲਣ ਕਾਰਨ ਉਨ੍ਹਾਂ ਨੂੰ ਆਪਣੀ ਯੋਜਨਾ ਮੁਲਤਵੀ ਕਰਨੀ ਪਈ। 1,400 ਦੀ ਅਬਾਦੀ ਵਾਲ਼ੇ ਪਰਾਸੀ ਵਿੱਚ 23 ਫੀਸਦ ਅਬਾਦੀ ਆਦਿਵਾਸੀ ਭਾਈਚਾਰੇ ਦੀ ਹੈ ਅਤੇ 2011 ਵਿੱਚ ਮਰਦਮਸ਼ੁਮਾਰੀ ਮੁਤਾਬਕ ਇੱਥੋਂ ਦੀ ਸਾਖਰਤਾ ਦਰ 50 ਫੀਸਦ ਤੋਂ ਘੱਟ ਹੈ। ਪਰ ਰੌਸ਼ਨੀ, ਪਹਿਲੀ ਪੀੜ੍ਹੀ ਦੀ ਪੜ੍ਹਾਕੂ, ਪਰਿਵਾਰ ਵਿੱਚ ਕਾਲਜ ਜਾਣ ਵਾਲ਼ੀ ਪਹਿਲੀ ਬੱਚੀ ਆਪਣੇ ਇਰਾਦੇ 'ਤੇ ਦ੍ਰਿੜ-ਸੰਕਲਪ ਹਨ।
ਸਵੇਰੇ ਵੇਲ਼ੇ ਦੀ ਰੁਮਕਦੀ ਹਵਾ ਮਹੂਆ ਚੁਗਣ ਲਈ ਮਦਦ ਨਹੀਂ ਕਰਦੀ। ''ਜਦੋਂ ਸਾਡੇ ਹੱਥ ਠਰੇ ਹੁੰਦੇ ਹਨ ਤਾਂ ਜੰਗਲ ਵਿੱਚ ਭੁੰਜਿਓਂ ਮਹੂਏ ਦੇ ਛੋਟੇ ਜਿਹੇ ਫੁੱਲਾਂ ਨੂੰ ਚੁਗਣ ਮੁਸ਼ਕਲ ਹੁੰਦਾ ਹੈ,'' ਸੁਖਰਾਣੀ ਦੇ ਨਾਲ਼ ਆਈ ਉਨ੍ਹਾਂ ਦੀ 17 ਸਾਲਾ ਭਤੀਜੀ ਦੁਰਗਾ ਕਹਿਦੀ ਹਨ। ਅੱਜ ਐਤਵਾਰ ਹੈ ਅਤੇ ਸਕੂਲੋਂ ਛੁੱਟੀ ਹੈ, ਇਸਲਈ ਮੈਂ ਆਪਣੀ ਤਾਈ ਦੀ ਮਦਦ ਕਰਨ ਆਈ ਹਾਂ।'' ਪਰਾਸੀ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਰਕਾਰੀ ਹਾਈਸਕੂਲ ਵਿੱਚ 11ਵੀਂ ਦੀ ਵਿਦਿਆਰਥਣ ਦੁਰਗਾ ਇਤਿਹਾਸ, ਅਰਥ-ਸਾਸ਼ਤਰ, ਹਿੰਦੀ ਅਤੇ ਕਲਾ ਜਿਹੇ ਵਿਸ਼ੇ ਪੜ੍ਹਦੀ ਹਨ। ਪਿਛਲੇ ਸਾਲ ਤਾਲਾਬੰਦੀ ਕਾਰਨ ਬੰਦ ਪਿਆ ਉਨ੍ਹਾਂ ਦਾ ਸਕੂਲ ਇਸ ਸਾਲ ਜਨਵਰੀ ਵਿੱਚ ਦੋਬਾਰਾ ਖੁੱਲ੍ਹਿਆ ਹੈ।
ਮਹੂਏ ਦੇ ਉੱਚੇ ਰੁੱਖਾਂ ਵੱਲ ਸਿਰ ਚੁੱਕ ਕੇ ਦੇਖਦੀ ਹੋਈ ਸੁਖਰਾਣੀ ਆਪਣਾ ਸਿਰ ਹਿਲਾਉਂਦਿਆਂ ਕਹਿੰਦੀ ਹਨ,''ਇਸ ਸਾਲ ਸਾਨੂੰ ਬਹੁਤਾ ਝਾੜ ਨਹੀਂ ਮਿਲ਼ਣਾ, ਉਹਦਾ ਅੱਧਾ ਵੀ ਨਹੀਂ ਜਿੰਨਾ ਕਿ ਆਮ ਤੌਰ 'ਤੇ ਅਸੀਂ ਚੁਗਦੇ ਹੁੰਦੇ ਸਾਂ। ਉਨ੍ਹਾਂ ਦੇ ਇਸ ਅੰਦਾਜ਼ੇ ਵਿੱਚ ਸੁਰਜਨ ਦੀ ਵੀ ਹਾਂ ਸੀ, ਜੋ ਕਹਿੰਦੇ ਹਨ,''ਇਸ ਸਾਲ ਫੁੱਲ ਮੁਸ਼ਕਲ ਹੀ ਕਿਰ ਰਹੇ ਹਨ।'' ਉਹ ਦੋਵੇਂ ਘੱਟ ਰਹੇ ਝਾੜ ਵਾਸਤੇ 2020 ਵਿੱਚ ਘੱਟ ਪਏ ਮੀਹਾਂ ਨੂੰ ਦੋਸ਼ ਦਿੰਦੇ ਹਨ। ਪਰ, ਸੁਰਜਨ ਜੋ ਕਈ ਸੀਜ਼ਨ ਤੋਂ ਮਹੂਆ ਚੁਗਣ ਦਾ ਕੰਮ ਕਰ ਰਹੇ ਹਨ, ਇਹਨੂੰ ਓਨੀ ਵੱਡੀ ਸਮੱਸਿਆ ਨਾ ਮੰਨਦਿਆਂ ਸਿਰਫ਼ ਇੱਕ ਹੋਰ ਮਾੜਾ ਸਾਲ ਕਰਾਰ ਦਿੰਦਿਆਂ ਕਹਿੰਦੇ ਹਨ,''ਕਦੇ ਝਾੜ ਉਮੀਦ ਨਾਲੋਂ ਘੱਟ ਅਤੇ ਕਦੇ ਵੱਧ ਵੀ ਹੋ ਜਾਂਦਾ ਹੈ। ਇਹ ਸਦਾ ਇੱਕੋ ਜਿਹਾ ਨਹੀਂ ਹੋ ਸਕਦਾ।''
ਪਰਾਸੀ ਤੋਂ ਕਰੀਬ ਛੇ ਕਿਲੋਮੀਟਰ ਦੂਰ ਅਤੇ ਟਾਈਗਰ ਰਿਜ਼ਰਵ ਦੇ ਦੂਸਰੇ ਪਾਸੇ ਸਥਿਤ ਮਰਦਾਰੀ ਪਿੰਡ ਵਿੱਚ ਮਨੀ ਸਿੰਘ ਦੇ ਘਰ ਦੇ ਵਿਹੜੇ ਵਿੱਚ ਮਹੂਏ ਦੇ ਫੁੱਲ ਸੁੱਕ ਰਹੇ ਹਨ। ਹਰੇ-ਪੀਲੇ ਰੰਗ ਦੇ ਫੁੱਲ ਧੁੱਪ ਵਿੱਚ ਸੁੱਕ ਕੇ ਸੰਤਰੀ (ਜੰਗਾਲ਼ ਰੰਗੇ) ਰੰਗ ਦੇ ਹੋ ਜਾਂਦੇ ਹਨ। ਮਨੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੋਵਾਂ ਦੀ ਉਮਰ 50 ਤੋਂ ਪਾਰ ਹੈ। ਦੋਵਾਂ ਨੇ ਹੀ ਸਵੇਰ ਦਾ ਵੇਲ਼ਾ ਜੰਗਲ ਵਿੱਚ ਆਪਣੇ ਪੰਜ ਰੁੱਖਾਂ ਤੋਂ ਕਿਰ ਰਹੇ ਫੁੱਲ ਚੁਗਣ ਵਿੱਚ ਬਿਤਾਇਆ ਹੈ। ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਹਨ ਅਤੇ ਕਿਤੇ ਹੋਰ ਰਹਿੰਦੇ ਹਨ, ਇਸਲਈ ਇਸ ਕੰਮ ਲਈ ਸਿਰਫ਼ ਉਹੀ ਦੋਵੇਂ ਜਾਂਦੇ ਹਨ। ਉਹ ਕਹਿੰਦੇ ਹਨ,''ਇਸ ਸਾਲ ਓਨੇ ਫੁੱਲ ਨਹੀਂ ਸਨ। ਸਾਨੂੰ ਚੁਗਣ ਵੇਲ਼ੇ ਫੁੱਲ ਲੱਭਣੇ ਪੈ ਰਹੇ ਸਨ। ਪਿਛਲੇ ਸਾਲ ਅਸੀਂ 100 ਕਿੱਲੋ ਦੇ ਆਸਪਾਸ ਮਹੂਆ ਇਕੱਠੇ ਕੀਤੇ, ਪਰ ਇਸ ਸਾਲ ਮੈਨੂੰ ਨਹੀਂ ਲੱਗਦਾ ਕਿ ਉਹਦਾ ਅੱਧਾ ਵੀ ਝਾੜ ਹੋਵੇਗਾ।''
ਮਨੀ, ਮਹੂਆ ਦੇ ਆਟੇ ਨੂੰ ਚਾਰੇ ਦੇ ਨਾਲ਼ ਰਲ਼ਾ ਕੇ ਆਪਣੇ ਦੋਹਾਂ ਬਲਦਾਂ ਨੂੰ ਖੁਆਉਂਦੇ ਹਨ, ਜੋ ਉਨ੍ਹਾਂ ਦੀ ਇੱਕ ਏਕੜ ਦੀ ਜ਼ਮੀਨ ਦੀ ਵਾਹੀ ਕਰਦੇ ਹਨ। ਉਹ ਦੱਸਦੇ ਹਨ,''ਇਸ ਨਾਲ਼ ਉਹ ਹੋਰ ਤਾਕਤਵਰ ਹੋ ਜਾਂਦੇ ਹਨ।''
ਮਰਦਾਰੀ 133 ਪਰਿਵਾਰਾਂ ਦਾ ਛੋਟਾ-ਜਿਹਾ ਪਿੰਡ ਹੈ ਅਤੇ ਲਗਭਗ ਹਰ ਘਰ ਵਿੱਚ ਧੁੱਪ ਵਿੱਚ ਮਹੂਆ ਸੁੱਕਣੇ ਪਾਇਆ ਜਾਂਦਾ ਹੈ ਜਿਹਨੂੰ ਬਾਅਦ ਵਿੱਚ ਬੋਰੇ ਵਿੱਚ ਭਰ ਕੇ ਰੱਖ ਦਿੰਦੇ ਹਨ। ਚੰਦਾਬਾਈ ਬੈਗਾ ਦੁਪਹਿਰ ਦੇ ਬਾਅਦ ਬੱਚਿਆਂ ਦੇ ਇੱਕ ਝੁੰਡ ਦੇ ਨਾਲ਼ ਘਰ ਪਰਤਦੀ ਹਨ, ਜਿਸ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੱਚੇ ਵੀ ਸ਼ਾਮਲ ਹਨ। ਹਰ ਕਿਸੇ ਦੇ ਹੱਥ ਵਿੱਚ ਚੁਗੇ ਹੋਏ ਮਹੂਏ ਦੀ ਭਰੀ ਹੋਈ ਟੋਕਰੀ ਹੈ। ਉਹ ਉਨ੍ਹਾਂ ਨੂੰ ਦੁਪਹਿਰ ਦੇ ਭੋਜਨ ਦੇ ਲਈ ਹੱਥ-ਮੂੰਹ ਧੋਣ ਲਈ ਕਹਿੰਦਿਆਂ ਗੱਲਬਾਤ ਲਈ ਬੈਠਦੀ ਹਨ।
ਚੰਦਾਬਾਈ ਅਤੇ ਉਨ੍ਹਾਂ ਦੇ ਪਤੀ ਵਿਸ਼ਵਨਾਥ ਬੈਗ ਦੀ ਉਮਰ ਚਾਲ੍ਹੀ ਤੋਂ ਵੱਧ ਹੈ ਅਤੇ ਉਹ ਬੈਗਾ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। 2.5 ਏਕੜ ਦੀ ਆਪਣੀ ਜ਼ਮੀਨ 'ਤੇ ਉਹ ਜ਼ਿਆਦਾਤਰ ਚਾਵਲ ਅਤੇ ਅਹਰਰ ਦੀ ਖੇਤੀ ਕਰਦੇ ਹਨ, ਪਰ ਉਨ੍ਹਾਂ ਨੂੰ ਜੇਕਰ ਕੰਮ ਮਿਲ਼ਦਾ ਹੈ ਤਾਂ ਉਹ ਮਨਰੇਗਾ ਦੇ ਤਹਿਤ ਮਿਲ਼ਣ ਵਾਲਾ ਕੰਮ ਵੀ ਕਰਦੇ ਹਨ।
''ਇਸ ਵਾਰ ਅਸੀਂ ਬਹੁਤਾ ਮਹੂਆ ਇਕੱਠਾ ਨਹੀਂ ਕਰ ਪਾਵਾਂਗੇ। ਲੋੜ ਤੋਂ ਘੱਟ ਮੀਂਹ ਪਏ ਹੋਣ ਕਾਰਨ ਇਸ ਵਾਰ ਫੁੱਲ ਘੱਟ ਆਏ ਹਨ,'' ਸਵੇਰ ਦੀ ਮਿਹਨਤ ਨਾਲ਼ ਥੱਕੀ ਹੋਈ ਚੰਦਾਬਾਈ ਕਹਿੰਦੀ ਹਨ। ਘੱਟ ਹੁੰਦੇ ਝਾੜ ਦੇ ਕਾਰਨ ਤੋਂ ਚਿੰਤਤ ਹੁੰਦੇ ਹੋਏ ਉਹ ਹਿਰਨਾਂ ਦੀ ਵੱਧਦੀ ਅਬਾਦੀ ਨੂੰ ਵੀ ਦੋਸ਼ ਦਿੰਦੇ ਹਨ। ''ਹਿਰਨ ਉਹ ਸਾਰਾ ਕੁਝ ਖਾ ਜਾਂਦੇ ਹਨ ਜੋ ਕੁਝ ਵੀ ਰਾਤ ਵੇਲ਼ੇ ਰੁੱਖਾਂ ਤੋਂ ਕਿਰਦਾ ਹੈ, ਇਸਲਈ ਸਾਨੂੰ ਇੰਨੀ ਸਾਜਰੇ ਜਾਣਾ ਪੈਂਦਾ ਹੈ। ਇੰਝ ਸਿਰਫ਼ ਮੇਰੇ ਨਾਲ਼ ਹੀ ਨਹੀਂ ਹੁੰਦਾ, ਇਹ ਹਰ ਕਿਸੇ ਦੀ ਕਹਾਣੀ ਹੈ।''
ਲਗਭਗ ਇੱਕ ਮਹੀਨੇ ਬਾਅਦ, ਮਈ ਦੇ ਮਹੀਨੇ ਵਿੱਚ ਮਰਦਾਰੀ ਪਿੰਡ ਤੋਂ ਫੋਨ 'ਤੇ ਪੁਸ਼ਟੀ ਕਰਦਿਆਂ ਚੰਦਾਬਾਈ ਆਪਣੇ ਖਦਸ਼ੇ ਨੂੰ ਸਹੀ ਸਾਬਤ ਹੋਣ ਦੀ ਪੁਸ਼ਟੀ ਕਰਦੀ ਕਰਦੀ ਹਨ। ਉਹ ਦੱਸਦੀ ਹਨ,''ਇਸ ਸਾਲ 15 ਦਿਨਾਂ ਦੇ ਅੰਦਰ ਮਹੂਏ ਚੁਗਣ ਦਾ ਕੰਮ ਖਤਮ ਹੋ ਗਿਆ। ਅਸੀਂ ਇਸ ਵਾਰ ਸਿਰਫ਼ ਦੋ ਕੁਇੰਟਲ (200 ਕਿਲੋ) ਹੀ ਜਮ੍ਹਾ ਕਰ ਪਾਏ, ਜਦੋਂਕਿ ਪਿਛਲੇ ਸਾਲ ਇਹ ਤਿੰਨ ਕੁਇੰਟਲ ਤੋਂ ਵੀ ਵੱਧ ਸੀ। ਪਰ ਉਨ੍ਹਾਂ ਨੂੰ ਘੱਟ ਸਪਲਾਈ ਕਰਕੇ ਕੀਮਤਾਂ ਵਿੱਚ ਆਏ ਉਛਾਲ਼ ਤੋਂ ਥੋੜ੍ਹਾ ਰਾਹਤ ਜ਼ਰੂਰ ਮਿਲ਼ਦੀ ਹੈ। ਇਸ ਸਾਲ ਪ੍ਰਤੀ ਕਿੱਲੋ ਮਹੂਏ ਦੀ ਕੀਮਤ 35-40 ਰੁਪਏ ਤੋਂ ਵੱਧ ਕੇ 50 ਰੁਪਏ ਹੋ ਗਈ ਹੈ।
ਸੁਖਰਾਣੀ ਅਤੇ ਸੁਰਜਨ ਦੇ ਅਨੁਮਾਨ ਮੁਤਾਬਕ, ਪਰਾਸੀ ਪਿੰਡ ਵਿੱਚ ਵੀ ਇਸ ਵਾਰ ਝਾੜ ਘੱਟ ਹੀ ਰਿਹਾ। ਸੁਰਜਨ ਨੇ ਦਾਰਸ਼ਨਿਕ ਲਹਿਜੇ ਨਾਲ਼ ਸਮਝਾਉਂਦਿਆਂ ਕਿਹਾ ਸੀ,''ਕਦੇ-ਕਦੇ ਇਨਸਾਨ ਨੂੰ ਰਜਵਾਂ ਭੋਜਨ ਮਿਲ਼ਦਾ ਹੈ ਅਤੇ ਕਦੇ-ਕਦਾਈਂ ਤਰਸਾ ਕੇ ਮਿਲ਼ਦਾ ਹੈ, ਠੀਕ ਕਿਹਾ ਨਾ ਮੈਂ? ਇਹ ਗੱਲ ਵੀ ਕੁਝ ਅਜਿਹੀ ਹੀ ਹੈ।
ਸਟੋਰੀ ਦੇ ਲੇਖਕ ਵੱਲੋਂ ਦਿਲੀਪ ਅਸ਼ੋਕਾ ਨੂੰ ਸਟੋਰੀ ਰਿਪੋਰਟ ਕਰਨ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਦੇਣ ਲਈ ਸ਼ੁਕਰੀਆ।
ਤਰਜਮਾ: ਕਮਲਜੀਤ ਕੌਰ