''ਅਸੀਂ ਜਿੱਥੇ ਕਿਤੇ ਵੀ ਜਾਈਏ, ਇਕੱਠੇ ਹੀ ਜਾਈਦਾ ਹੈ,'' ਆਪਣੇ ਨਾਲ਼ ਖੜ੍ਹੀ ਸਹੇਲੀ ਵੱਲ ਪਿਆਰ ਨਾਲ਼ ਦੇਖਦਿਆਂ ਗੀਤਾ ਕਹਿੰਦੀ ਹਨ।
ਦੋਵੇਂ ਸਹੇਲੀਆਂ ਨੇੜਲੇ ਜੰਗਲ ਵਿੱਚੋਂ ਸਾਲ (ਸ਼ੋਰਿਆ ਰੋਬਸਤਾ) ਪੱਤੇ ਤੋੜਨ ਜਾਂਦੀਆਂ ਹਨ ਜਿਨ੍ਹਾਂ ਨਾਲ਼ ਉਹ ਡੋਨੇ (ਕੌਲ਼ੀਆਂ) ਤੇ ਪੱਤਲ (ਪਲੇਟਾਂ) ਬਣਾਉਂਦੀਆਂ ਹਨ ਤੇ ਪਾਲਾਮਊ ਜ਼ਿਲ੍ਹਾ ਹੈੱਡਕੁਆਰਟਰ ਦੇ ਡਾਲਟਨਗੰਜ ਸ਼ਹਿਰ ਵਿੱਚ ਵੇਚ ਦਿੰਦੀਆਂ ਹਨ।
ਗੀਤਾ ਤੇ ਸਕੁਨੀ ਦੇਵੀ ਪਿਛਲੇ ਤੀਹ ਸਾਲਾਂ ਤੋਂ ਗੁਆਂਢੀ ਹਨ, ਦੋਵੇਂ ਹੀ ਕੋਪੇ ਪਿੰਡ ਵਿਖੇ ਛੋਟੀ ਜਿਹੀ ਬਸਤੀ ਵਿੱਚ ਰਹਿੰਦੀਆਂ ਹਨ। ਝਾਰਖੰਡ ਰਾਜ ਦੇ ਕਈ ਪਿੰਡ ਵਾਸੀਆਂ ਵਾਂਗਰ ਗੀਤਾ ਤੇ ਸਕੁਨੀ ਵੀ ਰੋਜ਼ੀਰੋਟੀ ਕਮਾਉਣ ਵਾਸਤੇ ਜੰਗਲੀ ਉਤਪਾਦਾਂ 'ਤੇ ਨਿਰਭਰ ਕਰਦੀਆਂ ਹਨ।
ਪੱਤੇ ਇਕੱਠੇ ਕਰਦਿਆਂ ਉਹ ਅੱਠ-ਅੱਠ ਘੰਟੇ ਜੰਗਲ ਵਿੱਚ ਬਿਤਾਉਂਦੀਆਂ ਹਨ, ਜਦੋਂ ਡੰਗਰ ਚਰ ਕੇ ਵਾਪਸ ਘਰਾਂ ਨੂੰ ਮੁੜਦੇ ਹਨ ਤਾਂ ਉਹ ਵੀ ਵਾਪਸ ਚਾਲੇ ਪਾ ਲੈਂਦੀਆਂ ਹਨ। ਪੱਤੇ ਤੁੜਾਈ ਦਾ ਸਮਾਂ ਬੜੀ ਤੇਜ਼ੀ ਨਾਲ਼ ਲੰਘਦਾ ਹੈ, ਉਹ ਬਹੁਤ ਥੋੜ੍ਹੇ ਸਮੇਂ ਦੀ ਛੁੱਟੀ ਲੈਂਦੀਆਂ, ਆਪਣੇ ਪਰਿਵਾਰਾਂ ਬਾਰੇ ਗੱਲਾਂ ਕਰਦੀਆਂ ਤੇ ਪਿੰਡ ਦੀਆਂ ਖ਼ਬਰਾਂ ਸਾਂਝੀਆਂ ਕਰਦੀਆਂ ਹਨ।
ਹਰ ਸਵੇਰ, ਗੀਤਾ ਆਪਣੀ ਗੁਆਂਢਣ ਦੇ ਹਾਕ ਮਾਰਨ ਦੀ ਉਡੀਕ ਕਰਦੀ ਹਨ, ਜਦੋਂ ''ਨਿਕਲਿਹੇਅ...'' ਦੀ ਅਵਾਜ਼ ਵੱਜਦਣ ਦੇ ਕੁਝ ਚਿਰਾਂ ਬਾਅਦ ਦੋਵੇਂ ਸੀਮੇਂਟ ਦੀਆਂ ਬੋਰੀਆਂ ਦੇ ਬਣੇ ਝੋਲ਼ੇ ਤੇ ਪਾਣੀ ਦੀਆਂ ਬੋਤਲਾਂ, ਇੱਕ ਛੋਟੀ ਕੁਹਾੜੀ ਤੇ ਕੋਈ ਪੁਰਾਣਾ ਕੱਪੜਾ ਲਈ, ਜੰਗਲ ਦਾ ਰਾਹ ਫੜ੍ਹਦੀਆਂ ਹਨ। ਉਨ੍ਹਾਂ ਦੀ ਮੰਜ਼ਲ ਝਾਰਖੰਡ ਵਿਖੇ ਪਾਲਮਊ ਟਾਈਗਰ ਰਿਜ਼ਰਵ ਦੇ ਇਲਾਕੇ ਵਿੱਚ ਪੈਂਦਾ ਹੇਹੇਗਾੜਾ ਜੰਗਲ ਹੈ।
ਦੋਵੇਂ ਸਹੇਲੀਆਂ ਅੱਡੋ-ਅੱਡ ਭਾਈਚਾਰੇ ਤੋਂ ਆਉਂਦੀਆਂ ਹਨ- ਗੀਤਾ ਭੂਇਆ ਦਲਿਤ ਹਨ ਤੇ ਸਕੁਨੀ ਓਰਾਓਂ ਕਬੀਲੇ 'ਚੋਂ। ਤੁਰਦੇ ਜਾਂਦੇ ਗੀਤਾ ਦੱਸਦੀ ਹਨ,''ਅਸੀਂ ਇੱਥੇ ਇਕੱਲੇ ਨਹੀਂ ਆਉਂਦੀਆਂ, ਕਈ ਵਾਰੀਂ ਜੰਗਲੀ ਜਾਨਵਰ ਵੀ ਨਜ਼ਰੀਂ ਪੈ ਜਾਂਦੇ ਹਨ। ਅਸੀਂ ਇੱਥੇ ਤੇਂਦੂਏ ਦੇਖੇ ਹਨ!'' ਸੱਪ ਤੇ ਬਿੱਛੂ ਤਾਂ ਮਿਲ਼ ਹੀ ਜਾਂਦੇ ਹਨ, ਸਕੁਨੀ ਗੱਲ ਜਾਰੀ ਰੱਖਦੀ ਹਨ,''ਕਈ ਵਾਰੀਂ ਸਾਨੂੰ ਹਾਥੀ ਵੀ ਟੱਕਰ ਜਾਂਦੇ ਹਨ।'' ਪਾਲਾਮਊ ਟਾਈਗਰ ਰਿਜ਼ਰਵ ਵਿੱਚ 73 ਤੇਂਦੂਏ ਤੇ 267 ਦੇ ਕਰੀਬ ਹਾਥੀ ਹਨ (2021 ਜੰਗਲੀ ਜੀਵ ਸੈਂਸਸ ਮੁਤਾਬਕ)।






















