ਜਦ ਵੀ ਮੈਂ ਆਪਣੇ ਭਾਈਚਾਰੇ ਵਿੱਚੋਂ ਕਿਸੇ ਦੀ ਮੌਤ ਬਾਰੇ ਲਿਖਣ ਬੈਠਦਾ ਹਾਂ ਤਾਂ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਜਾਂਦਾ ਹੈ ਬਿਲਕੁਲ ਜਿਵੇਂ ਕਿਸੇ ਸਰੀਰ ਵਿੱਚੋਂ ਸਾਹ ਨਿਕਲ ਗਏ ਹੋਣ।

ਦੁਨੀਆਂ ਬਹੁਤ ਤਰੱਕੀ ਕਰ ਗਈ ਹੈ ਪਰ ਸਾਡਾ ਸਮਾਜ ਅੱਜ ਵੀ ਹੱਥੀਂ ਮੈਲ਼ਾ ਢੋਣ ਵਾਲ਼ਿਆਂ ਬਾਰੇ ਬਿਲਕੁਲ ਨਹੀਂ ਸੋਚਦਾ। ਸਰਕਾਰ ਇਹਨਾਂ ਮੌਤਾਂ ਨੂੰ ਨਕਾਰਦੀ ਰਹੀ ਹੈ ਪਰ ਇਸ ਸਾਲ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਰਾਮਦਾਸ ਅਠਾਵਲੇ ਨੇ ਅੰਕੜੇ ਪੇਸ਼ ਕੀਤੇ ਜਿਸ ਅਨੁਸਾਰ 2019-2023 ਦੌਰਾਨ 377 ਮੌਤਾਂ “ਸੀਵਰੇਜ ਅਤੇ ਸੈਪਟਿਕ ਟੈਂਕ ਦੀ ਹਾਨੀਕਾਰਕ ਸਫਾਈ” ਕਾਰਨ ਹੋਈਆਂ ਹਨ।

ਮੈਂ ਆਪ ਪਿਛਲੇ ਸੱਤ ਸਾਲਾਂ ਤੋਂ ਸੀਵਰੇਜ ਸਾਫ ਕਰਨ ਵਾਲ਼ਿਆਂ ਦੀਆਂ ਅਣਗਿਣਤ ਮੌਤਾਂ ਦੇਖੀਆਂ ਹਨ। ਚੇੱਨਈ ਦੇ ਅਵਡੀ ਜਿਲੇ ਦੇ ਵਿੱਚ ਹੀ 2022 ਤੋਂ ਬਾਅਦ 12 ਮੌਤਾਂ ਸੀਵਰੇਜ ਦੀ ਸਫਾਈ ਕਰਨ ਕਾਰਨ ਹੋਈਆਂ ਹਨ।

11 ਅਗਸਤ ਨੂੰ ਅਵਡੀ ਨਿਵਾਸੀ ਅਰੂਨਦਤਿਆਰ ਭਾਈਚਾਰੇ ਨਾਲ਼ ਸਬੰਧ ਰੱਖਦੇ 25 ਸਾਲਾ ਹਰੀ ਜੋ ਕਿ ਠੇਕੇ ਤੇ ਮਜਦੂਰੀ ਦਾ ਕੰਮ ਕਰਦੇ ਸਨ, ਸੀਵਰੇਜ ਡ੍ਰੇਨ ਦੀ ਸਫਾਈ ਕਰਦੇ ਸਮੇਂ ਡੁੱਬ ਗਏ ਸਨ।

ਬਾਰਾਂ ਦਿਨਾਂ ਬਾਅਦ ਮੈਂ ਹਰੀ ਅੰਨਾ ਦੀ ਮੌਤ ਬਾਰੇ ਰਿਪੋਰਟ ਕਰਨ ਗਿਆ ਤਾਂ ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਫਰੀਜ਼ਰ ਵਾਲੇ ਬਕਸੇ ਵਿੱਚ ਪਈ ਸੀ। ਉਹਨਾਂ ਦੀ ਪਤਨੀ ਤਮਿਲ ਸੇਲਵੀ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਹ ਸਾਰੀਆਂ ਰਸਮਾਂ ਨਿਭਾਉਣ ਜਿਨ੍ਹਾਂ ਦੀ ਇਸ ਵੇਲੇ ਇੱਕ ਵਿਧਵਾ ਤੋਂ ਆਸ ਕੀਤੀ ਜਾਂਦੀ ਹੈ। ਉਸਦੇ ਰਿਸ਼ਤੇਦਾਰਾਂ ਨੇ ਉਸਦੇ ਪੂਰੇ ਸਰੀਰ ਤੇ ਹਲਦੀ ਲਾ ਕੇ ਨਹਾਉਣ ਤੋਂ ਬਾਅਦ ਉਸ ਦੀ ਤਾਲੀ [ਵਿਆਹੁਤਾ ਔਰਤ ਦੀ ਨਿਸ਼ਾਨੀ] ਕੱਟ ਦਿੱਤੀ। ਇਹਨਾਂ ਪੂਰੀਆਂ ਰਸਮਾਂ ਦੌਰਾਨ ਉਹ ਗੰਭੀਰ ਅਤੇ ਸ਼ਾਂਤ ਬੈਠੇ ਰਹੇ।

PHOTO • M. Palani Kumar

ਹਰੀ ਦੀ ਮੌਤ ਮੈਲ਼ਾ ਢੋਣ ਦਾ ਕੰਮ ਕਰਦਿਆਂ ਹੋਈ ਸੀ। ਉਹਨਾਂ ਦਾ ਅਤੇ ਉਹਨਾਂ ਦੀ ਪਤਨੀ ਜੋ ਕਿ ਦਿਵਿਆਂਗ ਹਨ ਦਾ ਪ੍ਰੇਮ ਵਿਆਹ ਸੀ। ਤਮਿਲ ਅਤੇ ਉਹਨਾਂ ਦੀ ਬੇਟੀ ਉਹਨਾਂ ਦੀ ਮ੍ਰਿਤਕ ਦੇਹ ਕੋਲ ਰੋਂਦੇ ਹੋਏ

PHOTO • M. Palani Kumar
PHOTO • M. Palani Kumar

ਖੱਬੇ: ਸਵਰਗਵਾਸੀ ਗੋਪੀ ਦੀ ਪਤਨੀ ਦੀਪਾ ਅੱਕਾ। ਉਹਨਾਂ ਨੇ ਆਪਣਾ ਪਿਆਰ ਜ਼ਾਹਿਰ ਕਰਨ ਲਈ ਆਪਣੇ ਪਤੀ ਦਾ ਨਾਮ ਆਪਣੇ ਸੱਜੇ ਹੱਥ ਤੇ ਗੁੰਦਵਾਇਆ ਹੋਇਆ ਹੈ। ਸੱਜੇ: ਗੋਪੀ ਦੇ ਵਿਆਹ ਦੀ ਵਰੇਗੰਢ 20 ਅਗਸਤ ਨੂੰ ਹੁੰਦੀ ਹੈ ਅਤੇ ਉਹਨਾਂ ਦੀ ਬੇਟੀ (ਇੱਥੇ ਦਿਖਾਈ ਦੇ ਰਹੀ) ਦਾ ਜਨਮਦਿਨ 30 ਅਗਸਤ ਨੂੰ ਹੁੰਦਾ ਜਿਸ ਤੋਂ ਕੁਝ ਦਿਨ ਪਹਿਲਾਂ ਹੀ 11 ਅਗਸਤ 2024 ਨੂੰ ਉਹਨਾਂ ਦੀ ਮੌਤ ਹੋ ਗਈ

ਜਦ ਉਹ ਕੱਪੜੇ ਬਦਲਣ ਲਈ ਦੂਸਰੇ ਕਮਰੇ ਵਿੱਚ ਗਏ ਤਾਂ ਪੂਰਾ ਘਰ ਸ਼ਾਂਤੀ ਨਾਲ਼ ਭਰ ਗਿਆ। ਉਹਨਾਂ ਦਾ ਪਲੱਸਤਰ ਤੋਂ ਸੱਖਣਾ ਘਰ ਲਾਲ ਇੱਟਾਂ ਦਾ ਮਹਿਜ ਢਾਂਚ ਹੈ। ਸਮੇਂ ਨਾਲ਼ ਹਰ ਇੱਟ ਭੁਰਨ ਤੇ ਖੁਰਨ ਲੱਗੀ ਹੈ। ਇਹ ਘਰ ਟੱਟਣ ਕਿਨਾਰੇ ਖੜਾ ਜਾਪਦਾ ਹੈ।

ਜਦ ਤਮਿਲ ਸੇਲਵੀ ਅੱਕਾ ਸਾੜੀ ਬਦਲ ਕੇ ਬਾਹਰ ਆਈ ਤਾਂ ਉਹ ਧਾਹਾਂ ਮਾਰਦੀ ਹੋਈ ਫਰੀਜ਼ਰ ਵੱਲ ਨੂੰ ਭੱਜਦੀ ਹੋਈ ਚਿੰਬੜ ਗਈ ਅਤੇ ਉੱਥੇ ਬੈਠ ਕੇ ਰੋਣ ਕੁਰਲਾਉਣ ਲੱਗੀ। ਉਸਦੇ ਕੀਰਨੇ ਭਰੇ ਕਮਰੇ ਨੂੰ ਸ਼ਾਂਤ ਕਰ ਦਿੰਦੇ ਹਨ।

“ਓ ਪਿਆਰੇ! ਉੱਠੋ! ਮੇਰੇ ਵੱਲ ਦੇਖੋ, ਮਾਮਾ [ਪਿਆਰ ਸੂਚਕ ਸ਼ਬਦ]। ਇਹ ਮੈਨੂੰ ਸਾੜੀ ਪਹਿਨਣ ਲਈ ਮਜਬੂਰ ਕਰ ਰਹੇ ਹਨ। ਤੁਹਾਨੂੰ ਪਸੰਦ ਨਹੀਂ ਜਦ ਮੈਂ ਸਾੜੀ ਪਹਿਨਦੀ ਹਾਂ, ਹੈ ਨਾ?ਉੱਠੋ ਤੇ ਇਹਨਾਂ ਨੂੰ ਕਹੋ ਕਿ ਮੈਨੂੰ ਮਜਬੂਰ ਨਾ ਕਰਨ।”

ਇਹ ਸ਼ਬਦ ਮੇਰੇ ਅੰਦਰ ਅੱਜ ਵੀ ਗੂੰਜਦੇ ਹਨ। ਤਮਿਲ ਸੇਲਵੀ ਅੱਕਾ ਇੱਕ ਬਾਂਹ ਨਾ ਹੋਣ ਕਾਰਨ ਦਿਵਿਆਂਗ ਹਨ। ਉਹਨਾਂ ਲਈ ਸਾੜੀ ਦਾ ਪੱਲੂ ਮੋਢੇ ਕੋਲ ਪਿੰਨ ਲਾ ਕੇ ਸੰਭਾਲਣਾ ਮੁਸ਼ਕਿਲ ਹੈ। ਇਸੇ ਲਈ ਉਹ ਸਾੜੀ ਨਹੀਂ ਪਹਿਨਦੇ। ਇਹ ਯਾਦ ਹਮੇਸ਼ਾ ਮੇਰੇ ਜ਼ਹਿਨ ਵਿੱਚ ਰਹਿੰਦੀ ਹੈ ਅਤੇ ਹਰ ਰੋਜ਼ ਮੈਨੂੰ ਪਰੇਸ਼ਾਨ ਕਰਦੀ ਹੈ।

ਅਜਿਹੀ ਹਰ ਇੱਕ ਮੌਤ ਜਿਸ ਨੂੰ ਮੈਂ ਦੇਖਿਆ ਹੈ ਇੰਜ ਲੱਗਦਾ ਹੈ ਜਿਵੇਂ ਉਹ ਮੇਰੇ ਅੰਦਰ ਵੱਸ ਗਈ ਹੈ।

ਮੈਲ਼ਾ ਢੋਣ ਵਾਲ਼ਿਆਂ ਦੀ ਹਰ ਮੌਤ ਪਿੱਛੇ ਕਈ ਕਹਾਣੀਆਂ ਲੁਕੀਆਂ ਹੋਈਆਂ ਹਨ। 22 ਸਾਲਾ ਦੀਪਾ, ਜਿਨ੍ਹਾਂ ਦੇ ਪਤੀ ਗੋਪੀ ਦੀ ਅਵਡੀ ਵਿੱਚ ਹਾਲ ਹੀ ਵਿੱਚ ਸੀਵਰੇਜ ਦੀ ਸਫਾਈ ਕਰਨ ਵਾਲ਼ਿਆਂ ਦੀ ਮੌਤਾਂ ਵਿੱਚੋਂ ਇੱਕ ਸਨ, ਦਾ ਸਵਾਲ ਹੈ ਕਿ ਕੀ 10 ਲੱਖ ਦਾ ਮੁਆਵਜ਼ਾ ਉਹਨਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਦੀ ਭਰਪਾਈ ਕਰ ਸਕਦਾ ਹੈ। “20 ਅਗਸਤ ਨੂੰ ਸਾਡੇ ਵਿਆਹ ਦੀ ਵਰੇਗੰਢ ਹੁੰਦੀ ਹੈ ਅਤੇ 30 ਅਗਸਤ ਨੂੰ ਸਾਡੀ ਬੇਟੀ ਦਾ ਜਨਮਦਿਨ, ਅਤੇ ਉਹ ਵੀ ਸਾਨੂੰ ਇਸੇ ਮਹੀਨੇ ਛੱਡ ਕੇ ਚਲੇ ਗਏ,” ਉਹ ਕਹਿੰਦੇ ਹਨ। ਉਹਨਾਂ ਨੂੰ ਜੋ ਮੁਆਵਜ਼ਾ ਮਿਲਿਆ ਹੈ ਉਸ ਨਾਲ਼ ਉਹਨਾਂ ਦੇ ਵਿੱਤੀ ਮਸਲੇ ਨਹੀਂ ਹੋਣਗੇ।

PHOTO • M. Palani Kumar
PHOTO • M. Palani Kumar

ਖੱਬੇ: ਪਰਿਵਾਰ ਦੇ ਮੈਂਬਰ ਗਲੀ ਵਿੱਚ ਗੋਪੀ ਦੀ ਮ੍ਰਿਤਕ ਦੇਹ ਲਿਆਏ ਜਾਣ ਤੋਂ ਪਹਿਲਾਂ ਸੁੱਕੇ ਪੱਤਿਆਂ ਨਾਲ਼ ਅੱਗ ਬਾਲਦੇ ਹਨ। ਸੱਜੇ: ਇੱਕ ਰਸਮ ਲਈ ਉਹ ਜ਼ਮੀਨ ਤੇ ਫੁੱਲ ਵਿਛਾਉਂਦੇ ਹਨ

PHOTO • M. Palani Kumar

ਗੋਪੀ ਦੀ ਮ੍ਰਿਤਕ ਦੇਹ ਨੂੰ ਬਰਫ਼ ਵਾਲੇ ਬਕਸੇ ਵਿੱਚ ਰੱਖਿਆ ਜਾਂ ਰਿਹਾ ਹੈ। 2013 ਵਿੱਚ ਮੈਲ਼ਾ ਢੋਣ ਤੇ ਪਾਬੰਦੀ ਲਈ ਕਾਨੂੰਨ ਬਣਨ ਦੇ ਬਾਵਜੂਦ ਇਹ ਪ੍ਰਥਾ ਅੱਜ ਵੀ ਜਾਰੀ ਹੈ। ਕਾਮਿਆਂ ਦਾ ਕਹਿਣਾ ਹੈ ਕਿ ਅਧਿਕਾਰੀ ਸਾਨੂੰ ਸੀਵਰੇਜ ਵਿੱਚ ਜਾਂ ਕੇ ਸਫਾਈ ਕਰਨ ਲਈ ਮਜਬੂਰ ਕਰਦੇ ਹਨ ਅਤੇ ਮਨਾਂ ਕਰਨ ਤੇ ਮਜਦੂਰੀ ਨਾ ਦੇਣ ਦੀ ਧਮਕੀ ਦਿੰਦੇ ਹਨ

PHOTO • M. Palani Kumar

ਦੀਪਾ ਅੱਕਾ ਆਪਣੇ ਪਤੀ ਗੋਪੀ ਦੀ ਮ੍ਰਿਤਕ ਦੇਹ ਨੂੰ ਛੱਡਣਾ ਨਹੀਂ ਚਾਹ ਰਹੇ

ਜਿਨ੍ਹਾਂ ਆਦਮੀਆਂ ਦੀ ਮੌਤ ਸੀਵਰੇਜ ਸਾਫ ਕਰਦਿਆਂ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਪੀੜਤ ਨਹੀਂ ਮੰਨਿਆ ਜਾਂਦਾ। ਵਿੱਲੁਪੁਰਮ ਜਿਲੇ ਦੇ ਮਾਡਮਪੱਟੂ ਪਿੰਡ ਦੀ ਅਨੂਸ਼ੀਆ ਅੱਕਾ ਦੇ ਪਤੀ ਮਾਰੀ ਦੀ ਜਦ ਸੀਵਰੇਜ ਵਿੱਚ ਮੌਤ ਹੋਈ ਤਾਂ ਉਹ ਰੋ ਵੀ ਨਹੀਂ ਸਕੀ ਕਿਉਂਕਿ ਉਸ ਵੇਲੇ ਉਹ ਅੱਠ ਮਹੀਨੇ ਗਰਭਵਤੀ ਸੀ। ਇਸ ਜੋੜੇ ਦੀਆਂ ਪਹਿਲਾਂ ਤਿੰਨ ਬੇਟੀਆਂ ਸਨ; ਉਸ ਦੀਆਂ ਵੱਡੀਆਂ ਦੋ ਬੇਟੀਆਂ ਵਿਲਕ ਰਹੀਆਂ ਸਨ ਪਰ ਸਭ ਤੋਂ ਛੋਟੀ ਤੀਜੀ ਬੇਟੀ ਜਿਸ ਨੂੰ ਹਾਲੇ ਕੋਈ ਸਮਝ ਨਹੀਂ ਉਹ ਤਮਿਲਨਾਡੂ ਦੇ ਪੂਰਬੀ ਸਿਰੇ ਤੇ ਬਣੇ ਉਹਨਾਂ ਦੇ ਘਰ ਵਿੱਚ ਦੌੜਦੀ ਫਿਰ ਰਹੀ ਸੀ।

ਸਰਕਾਰੀ ਮੁਆਵਜ਼ੇ ਨੂੰ ਖੂਨ ਦੇ ਪੈਸੇ ਦੀ ਤਰ੍ਹਾਂ ਦੇਖਿਆ ਜਾਂਦਾ ਹੈ। “ਮੈਂ ਆਪਣੇ ਆਪ ਨੂੰ ਇਹ ਪੈਸਾ ਖਰਚਣ ਲਈ ਮਨਾ ਨਹੀਂ ਪਾ ਰਹੀ। ਇਸ ਨੂੰ ਖਰਚਣਾ ਮੇਰੇ ਲਈ ਆਪਣੇ ਪਤੀ ਦਾ ਲਹੂ ਪੀਣ ਦੇ ਸਮਾਨ ਹੈ,” ਅਨੂਸ਼ੀਆ ਅੱਕਾ ਦਾ ਕਹਿਣਾ ਹੈ।

ਤਮਿਲਨਾਡੂ ਦੇ ਕਰੂਰ ਜਿਲੇ ਦੇ ਬਾਲਾਕ੍ਰਿਸ਼ਨਨ ਜਿਨ੍ਹਾਂ ਦੀ ਮੌਤ ਸੀਵਰੇਜ ਸਾਫ ਕਰਦਿਆਂ ਹੋਈ ਸੀ ਦੇ ਪਰਿਵਾਰ ਨੂੰ ਜਦ ਮੈਂ ਮਿਲਣ ਗਿਆ ਤਾਂ ਦੇਖਿਆ ਕਿ ਉਹਨਾਂ ਦੀ ਪਤਨੀ ਡਿਪਰੈਸ਼ਨ ਤੋਂ ਪੀੜਤ ਹਨ। ਉਹਨਾਂ ਨੇ ਦੱਸਿਆ ਕਿ ਕੰਮ ਕਰਦਿਆਂ ਅਕਸਰ ਹੀ ਉਹ ਆਪਣਾ ਆਲਾ ਦੁਆਲਾ ਭੁੱਲ ਜਾਂਦੇ ਹਨ। ਉਹਨਾਂ ਨੂੰ ਆਪਣੇ ਆਪ ਦੀ ਸੋਝੀ ਆਉਣ ਵਿੱਚ ਕਾਫ਼ੀ ਵਕਤ ਲੱਗ ਜਾਂਦਾ ਹੈ।

ਇਹਨਾਂ ਪਰਿਵਾਰਾਂ ਦੀ ਸਾਰੀ ਜ਼ਿੰਦਗੀ ਉੱਥਲ ਪੁੱਥਲ ਹੋ ਜਾਂਦੀ ਹੈ। ਸਾਡੇ ਲਈ ਇਹ ਮੌਤਾਂ ਇੱਕ ਖ਼ਬਰ ਤੋਂ ਇਲਾਵਾ ਕੁਝ ਵੀ ਨਹੀਂ।

PHOTO • M. Palani Kumar

ਵਿੱਲੁਪੁਰਮ ਦੇ ਮਾਡਮਪੱਟੂ ਪਿੰਡ ਦੇ ਮਾਰੀ ਮੈਲ਼ਾ ਢੋਂਦਿਆਂ ਮਾਰੇ ਗਏ ਅਤੇ ਆਪਣੇ ਪਿੱਛੇ ਆਪਣੀ ਅੱਠ ਮਹੀਨੇ ਗਰਭਵਤੀ ਪਤਨੀ ਅਨੂਸ਼ੀਆ ਨੂੰ ਛੱਡ ਗਏ ਹਨ

PHOTO • M. Palani Kumar

ਮਾਰੀ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਤੋਂ ਉਹਨਾਂ ਦੇ ਭਾਈਚਾਰੇ ਲਈ ਨਿਰਧਾਰਿਤ ਸ਼ਮਸ਼ਾਨ ਘਾਟ ਲਿਜਾਇਆ ਜਾਂ ਰਿਹਾ ਹੈ ਜੋ ਬਾਕੀਆਂ ਤੋਂ ਵੱਖਰਾ ਹੈ

11 ਸਤੰਬਰ 2023 ਨੂੰ ਅਵਡੀ ਦੇ ਭੀਮਾ ਨਗਰ ਦੇ ਸਫਾਈ ਕਰਮਚਾਰੀ ਮੋਸੇਸ ਦੀ ਮੌਤ ਹੋ ਗਈ। ਇਕੱਲਾ ਉਹਨਾਂ ਦਾ ਘਰ ਹੀ ਪੱਕੀ ਛੱਤ ਵਾਲ਼ਾ ਹੈ। ਉਹਨਾਂ ਦੀਆਂ ਦੋਨੋਂ ਬੇਟੀਆਂ ਨੂੰ ਹਾਲਾਤ ਦੀ ਪੂਰੀ ਸਮਝ ਹੈ। ਉਹਨਾਂ ਦਾ ਸਰੀਰ ਘਰ ਆਉਣ ਤੋਂ ਇੱਕ ਦਿਨ ਪਹਿਲਾਂ ਮੈਂ ਉਹਨਾਂ ਦੇ ਘਰ ਗਿਆ ਸਾਂ ਅਤੇ ਉਹਨਾਂ ਦੀਆਂ ਬੇਟੀਆਂ ਦੀਆਂ ਟੀ-ਸ਼ਰਟਾਂ ਤੇ ‘ਪਾਪਾ ਮੈਨੂੰ ਪਿਆਰ ਕਰਦੇ ਹਨ’ ਅਤੇ ‘ਪਾਪਾ ਦੀ ਛੋਟੀ ਸ਼ਹਿਜ਼ਾਦੀ’ ਲਿਖਿਆ ਹੋਇਆ ਸੀ। ਪਤਾ ਨਹੀਂ ਇਹ ਸਿਰਫ਼ ਇੱਕ ਇਤਿਫ਼ਾਕ ਸੀ ਜਾਂ ਨਹੀਂ।

ਉਹ ਸਾਰਾ ਦਿਨ ਰੋਂਦੀਆਂ ਕੁਰਲਾਉਂਦੀਆਂ ਰਹੀਆਂ, ਅਤੇ ਸਭ ਦੇ ਚੁੱਪ ਕਰਾਉਣ ਦੇ ਬਾਵਜੂਦ ਵੀ ਉਹਨਾਂ ਦੇ ਹਾਉਂਕੇ ਰੁਕ ਨਹੀਂ ਰਹੇ ਸਨ।

ਚਾਹੇ ਅਸੀਂ ਇਹਨਾਂ ਮੁੱਦਿਆਂ ਨੂੰ ਦਰਜ ਕਰ ਕੇ ਮੁੱਖ ਧਾਰਾ ਵਿੱਚ ਲੈ ਆਈਏ ਪਰ ਸ਼ਾਇਦ ਫਿਰ ਵੀ ਸਾਡੇ ਲਈ ਇਹ ਸਿਰਫ਼ ਇੱਕ ਖ਼ਬਰ ਤੋਂ ਵਧ ਕੇ ਕੁਝ ਨਾ ਹੋਵੇ।

PHOTO • M. Palani Kumar
PHOTO • M. Palani Kumar

ਖੱਬੇ: ਭੀਮਾ ਨਗਰ, ਅਵਡੀ, ਚੇੱਨਈ ਵਿੱਚ ਅੰਤਿਮ ਸੰਸਕਾਰ ਵੇਲੇ ਮੋਸੇਸ ਦਾ ਦੁਖੀ ਪਰਿਵਾਰ ਉਹਨਾਂ ਦੀ ਮ੍ਰਿਤਕ ਦੇਹ ਤੇ ਫੁੱਲ ਰੱਖਦਾ ਹੋਇਆ। ਸੱਜੇ: ਪਰਿਵਾਰ ਉਹਨਾਂ ਦੀ ਦੇਹ ਦੇ ਸਾਮਣੇ ਪ੍ਰਾਰਥਨਾ ਕਰਦਾ ਹੋਇਆ

PHOTO • M. Palani Kumar
PHOTO • M. Palani Kumar

ਖੱਬੇ: ਜਦ ਅਵਡੀ ਦੇ ਮੋਸੇਸ ਦੇ ਸਰੀਰ ਵਿੱਚੋਂ ਬਦਬੋ ਆਉਣ ਲੱਗੀ ਤਾਂ ਭੀੜ ਜਲਦ ਹੀ ਉਹਨਾਂ ਦੇ ਮ੍ਰਿਤਕ ਦੇਹ ਨੂੰ ਉੱਥੋਂ ਲੈ ਗਈ। ਸੱਜੇ: ਅਵਡੀ ਵਿੱਚ ਸਵਰਗਵਾਸੀ ਮੋਸੇਸ ਦਾ ਘਰ

ਦੋ ਸਾਲ ਪਹਿਲਾਂ ਸ਼੍ਰੀਪੇਰੰਬਦੂਰ ਦੀ ਬਸਤੀ ਕਾਂਜੀਪੱਟੂ ਦੇ ਤਿੰਨ ਸਫਾਈ ਕਰਮਚਾਰੀ- 25 ਸਾਲਾ ਨਵੀਨ ਕੁਮਾਰ, 20 ਸਾਲਾ ਥਿਰੂਮਲਾਈ ਅਤੇ 50 ਸਾਲਾ ਰੰਗਨਾਥਨ, ਦੀ ਮੌਤ ਹੋ ਗਈ। ਥਿਰੂਮਲਾਈ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਰੰਗਨਾਥਨ ਦੇ ਦੋ ਬੱਚੇ ਹਨ। ਮਰਨ ਵਾਲ਼ਿਆਂ ਵਿੱਚੋਂ ਕਾਫ਼ੀ ਕਾਮੇ ਨਵ-ਵਿਆਹੇ ਹੁੰਦੇ ਹਨ ਅਤੇ ਉਹਨਾਂ ਦੀਆਂ ਵਿਧਵਾਵਾਂ ਦੀਆਂ ਉਮੀਦਾਂ ਨੂੰ ਖਤਮ ਹੁੰਦੇ ਦੇਖਣਾ ਦਿਲ ਕੰਬਾਊ ਹੁੰਦਾ ਹੈ। ਮੁਥੂਲਕਸ਼ਮੀ ਦੀ ਮੌਤ ਦੇ ਕੁਝ ਮਹੀਨੇ ਬਾਅਦ ਹੀ ਬਾਕੀਆਂ ਨੇ ਉਹਨਾਂ ਦੀ ਗੋਦ ਭਰਾਈ ਦਾ ਆਯੋਜਨ ਕੀਤਾ।

ਮੈਲ਼ਾ ਢੋਣਾ ਸਾਡੇ ਦੇਸ਼ ਵਿੱਚ ਗੈਰ ਕਾਨੂੰਨੀਐਕਟ ਹੈ। ਪਰ ਫਿਰ ਵੀ ਅਸੀਂ ਸੀਵਰੇਜ ਦੀ ਸਫਾਈ ਦੌਰਾਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਘੱਟ ਕਰਨ ਵਿੱਚ ਅਸਫਲ ਰਹੇ ਹਾਂ। ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਮਸਲੇ ਨੂੰ ਅੱਗੇ ਕਿਵੇਂ ਲੈ ਕੇ ਜਾਵਾਂ। ਮੇਰੇ ਲੇਖ ਅਤੇ ਫੋਟੋਆਂ ਹੀ ਮੇਰੇ ਕੋਲ ਇੱਕ ਤਰੀਕਾ ਹੈ ਜਿਸ ਨਾਲ਼ ਮੈਂ ਅੱਤਿਆਚਾਰੀ ਕਾਰਜ ਨੂੰ ਠੱਲ ਪਾਉਣ ਵਿੱਚ ਯੋਗਦਾਨ ਪ ਸਕਦਾ ਹਾਂ।

ਹਰ ਇੱਕ ਮੌਤ ਦਾ ਮੇਰੇ ਜ਼ਹਿਨ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਮੈਂ ਸੋਚਦਾ ਰਹਿੰਦਾ ਹਾਂ ਕਿ ਕਿ ਕੀ ਇਹਨਾਂ ਅੰਤਿਮ ਰਸਮਾਂ ਤੇ ਮੇਰਾ ਰੋਣਾ ਸਹੀ ਹੈ ਜਾਂ ਨਹੀਂ। ਵਿਹਾਰਿਕ ਦੁੱਖ ਵਰਗੀ ਕੋਈ ਚੀਜ਼ ਨਹੀਂ ਹੈ। ਦੁੱਖ ਹਮੇਸ਼ਾ ਨਿੱਜੀ ਹੀ ਹੁੰਦਾ ਹੈ। ਪਰ ਇਹਨਾਂ ਮੌਤਾਂ ਕਾਰਨ ਹੀ ਮੈਂ ਫ਼ੋਟੋਗ੍ਰਾਫ਼ਰ ਬਣਿਆ ਹਾਂ। ਸੀਵਰੇਜ ਦੀ ਸਫਾਈ ਕਰਦਿਆਂ ਹੋਰ ਮੌਤਾਂ ਰੋਕਣ ਲਈ ਮੈਂ ਹੋਰ ਕੀ ਕਰ ਸਕਦਾ ਹਾਂ? ਅਸੀਂ ਸਭ ਕੀ ਕਰ ਸਕਦੇ ਹਾਂ?

PHOTO • M. Palani Kumar

ਚੇੱਨਈ ਦੇ ਪੁਲੀਆਂਥੋਪੂ ਵਿੱਚ 2 ਅਗਸਤ 2019 ਨੂੰ ਸਫਾਈ ਕਰਮਚਾਰੀ ਮੋਸੇਸ ਦੀ ਮੈਲ਼ਾ ਢੋਣ ਦਾ ਕੰਮ ਕਰਦਿਆਂ ਮੌਤ ਹੋ ਗਈ ਸੀ। ਨੀਲੀ ਸਾੜੀ ਵਿੱਚ ਉਹਨਾਂ ਦੀ ਪਤਨੀ ਮੈਰੀ ਹੈ

PHOTO • M. Palani Kumar
PHOTO • M. Palani Kumar

ਖੱਬੇ: ਰੰਗਨਾਥਨ ਦੇ ਘਰ ਵਿਖੇ ਉਹਨਾਂ ਦੇ ਰਿਸ਼ਤੇਦਾਰ ਮੌਤ ਵੇਲੇ ਕਿਤੇ ਜਾਣ ਵਾਲ਼ਿਆਂ ਰਸਮਾਂ ਤਹਿਤ ਚੌਲ ਵੰਡਦੇ ਹੋਏ। ਤਮਿਲਨਾਡੁ ਦੇ ਸ਼੍ਰੀਪੇਰੰਬਦੂਰ ਦੇ ਪਿੰਡ ਕਾਂਜੀਪੱਟੂ ਵਿੱਚ 2022 ਵਿੱਚ ਦੀਵਾਲ਼ੀ ਤੋਂ ਇੱਕ ਹਫ਼ਤਾ ਪਹਿਲਾਂ ਸੈਪਟਿਕ ਟੈਂਕ ਦੀ ਸਫਾਈ ਕਰਦਿਆਂ ਰੰਗਨਾਥਨ ਅਤੇ ਨਵੀਨ ਕੁਮਾਰ ਦੀ ਮੌਤ ਹੋ ਗਈ ਸੀ। ਸੱਜੇ: ਜਦ ਸ਼੍ਰੀਪੇਰੰਬਦੂਰ ਵਿੱਚ ਸੈਪਟਿਕ ਟੈਂਕ ਦੀ ਸਫਾਈ ਕਰਦਿਆਂ ਤਿੰਨ ਆਦਮੀਆਂ ਦੀ ਮੌਤ ਹੋ ਗਈ ਤਾਂ ਸ਼ਮਸ਼ਾਨ ਘਾਟ ਵਿੱਚ ਬਹੁਤ ਭੀੜ ਸੀ

PHOTO • M. Palani Kumar
PHOTO • M. Palani Kumar

ਖੱਬੇ: ਅਕਤੂਬਰ 2024 ਵਿੱਚ ਚੇੱਨਈ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਪੱਕੇ ਹੋਣ ਲਈ ਅਤੇ ਤਨਖਾਹ ਵਧਾਉਣ ਲਈ ਹੜਤਾਲ ਕੀਤੀ ਸੀ। ਇਹਨਾਂ ਦੀ ਨੌਕਰੀ ਦੀਨਦਿਆਲ ਅੰਤੋਦਿਆ ਯੋਜਨਾ- ਰਾਸ਼ਟਰੀ ਸ਼ਹਿਰੀ ਆਜੀਵੀਕਾ ਮਿਸ਼ਨ (ਡੀ ਏ ਵਾਈ- ਐਨ ਯੂ ਐਲ ਐਮ)। ਇਸ ਹੜਤਾਲ ਦੀ ਅਗਵਾਈ ਕਰਦੇ ਖੱਬੇਪੱਖੀ ਵਪਾਰ ਯੂਨੀਅਨ ਸੈਂਟਰ (ਐਲ ਟੀ ਯੂ ਸੀ) ਦੇ ਮੈਂਬਰ ਪੱਕੀ ਨੌਕਰੀ ਅਤੇ ਤਨਖਾਹ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ। ਸੱਜੇ: ਜ਼ੋਨ 5, 6 ਅਤੇ 7 ਵਿੱਚ ਕੰਮ ਕਰਦੇ ਸੈਂਕੜੇ ਸਫਾਈ ਕਰਮਚਾਰੀ ਕੋਵਿਡ ਤੋਂ  ਪਹਿਲਾਂ ਠੋਸ ਕਚਰੇ ਦੇ ਪ੍ਰਬੰਧਨ ਦੇ ਨਿੱਜੀਕਰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਨੇ ਨਜ਼ਰਬੰਦ ਕਰ ਲਿਆ ਸੀ

ਤਰਜਮਾ: ਨਵਨੀਤ ਕੌਰ ਧਾਲੀਵਾਲ

M. Palani Kumar

M. Palani Kumar is Staff Photographer at People's Archive of Rural India. He is interested in documenting the lives of working-class women and marginalised people. Palani has received the Amplify grant in 2021, and Samyak Drishti and Photo South Asia Grant in 2020. He received the first Dayanita Singh-PARI Documentary Photography Award in 2022. Palani was also the cinematographer of ‘Kakoos' (Toilet), a Tamil-language documentary exposing the practice of manual scavenging in Tamil Nadu.

Other stories by M. Palani Kumar
Editor : PARI Desk

PARI Desk is the nerve centre of our editorial work. The team works with reporters, researchers, photographers, filmmakers and translators located across the country. The Desk supports and manages the production and publication of text, video, audio and research reports published by PARI.

Other stories by PARI Desk
Translator : Navneet Kaur Dhaliwal

Navneet Kaur Dhaliwal is an agriculture scientist based in Punjab. She believes in the creation of a humane society, conservation of natural resources and preserving heritage and traditional knowledge.

Other stories by Navneet Kaur Dhaliwal