ਸੁਨੀਤਾ ਭੁਰਕੁਟੇ ਦੀ ਮਾਂ-ਬੋਲੀ ਹੈ ਕੋਲਾਮੀ, ਪਰ ਕਪਾਹ ਦੀ ਇਹ ਕਿਸਾਨ ਪੂਰਾ ਦਿਨ ਮਰਾਠੀ ਵਿੱਚ ਹੀ ਗੱਲਬਾਤ ਕਰਦੀ ਹੈ। "ਆਪਣੀ ਕਪਾਹ ਵੇਚਣ ਵਾਸਤੇ ਸਾਨੂੰ ਮੰਡੀ ਦੀ ਭਾਸ਼ਾ ਆਉਣੀ ਚਾਹੀਦੀ ਹੈ," ਉਹ ਕਹਿੰਦੀ ਹਨ।

ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਹੀ ਪਲ਼ਿਆ ਤੇ ਵੱਡਾ ਹੋਇਆ ਉਨ੍ਹਾਂ ਦਾ ਪਰਿਵਾਰ ਘਰੇ ਕੋਲਾਮੀ ਭਾਸ਼ਾ ਵਿੱਚ ਹੀ ਗੱਲ ਕਰਿਆ ਕਰਦਾ। ਸੁਨੀਤਾ ਸੁਰ ਦੇਵੀ ਪੋਡ (ਪਿੰਡ) ਵਿਖੇ ਆਪਣੇ ਮਾਹੇਰ (ਪੇਕੇ) ਬਾਰੇ ਦੱਸਦੀ ਹਨ ਕਿ ਕਿਵੇਂ ਉਨ੍ਹਾਂ ਦੇ ਦਾਦਾ-ਦਾਦੀ ਨੂੰ ਮੁਕਾਮੀ ਭਾਸ਼ਾ, ਮਰਾਠੀ ਬੋਲਣ ਲਈ ਕਿੰਨੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਉਹ ਕਹਿੰਦੀ ਹਨ,"ਉਹ ਕਦੇ ਸਕੂਲ ਦੀਆਂ ਪੌੜੀਆਂ ਵੀ ਨਹੀਂ ਚੜ੍ਹੇ। ਉਨ੍ਹਾਂ ਦੀ ਜ਼ੁਬਾਨ ਫਿਸਲ-ਫਿਸਲ ਜਾਂਦੀ ਤੇ ਉਹ ਟੁੱਟੀ-ਭੱਜੀ ਮਰਾਠੀ ਵਿੱਚ ਗੱਲ ਕਰਿਆ ਕਰਦੇ।"

ਪਰ ਜਿਓਂ-ਜਿਓਂ ਪਰਿਵਾਰ ਦੇ ਬਾਕੀ ਲੋਕ ਵੀ ਕਪਾਹ ਵੇਚਣ ਲਈ ਸਥਾਨਕ ਮੰਡੀਆਂ ਵਿੱਚ ਜਾਣ ਲੱਗੇ ਤਾਂ ਉਨ੍ਹਾਂ ਨੇ ਵੀ ਮਰਾਠੀ ਬੋਲਣੀ ਸਿੱਖ ਲਈ। ਅੱਜ ਭੂਲਗੜ੍ਹ ਪਿੰਡ ਵਿਖੇ ਉਨ੍ਹਾਂ ਦੀ ਬਸਤੀ ਦੇ ਸਾਰੇ ਲੋਕੀਂ, ਜੋ ਕੋਲਾਮ ਆਦਿਵਾਸੀ ਹਨ, ਬਹੁਭਾਸ਼ਾਈ ਹੀ ਹਨ: ਉਹ ਮਰਾਠੀ, ਹਿੰਦੀ ਤੇ ਕੋਲਾਮੀ ਦਾ ਮਿਲ਼ਗੋਭਾ ਬਣਾ ਕੇ ਗੱਲ ਕਰਦੇ ਹਨ।

ਕੋਲਾਮੀ ਇੱਕ ਦ੍ਰਵਿੜ ਭਾਸ਼ਾ ਹੈ, ਜੋ ਮੁੱਖ ਰੂਪ ਨਾਲ਼ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਯੂਨੈਸਕੋ ਦੇ ਐਟਲਸ ਆਫ਼ ਦਿ ਵਰਲਡਸ ਲੈਂਗਵੇਜ਼ ਇਨ ਡੇਂਜਰ ਨੇ ਇਹਨੂੰ 'ਪੱਕੇ ਤੌਰ 'ਤੇ ਅਲੋਪ' ਭਾਸ਼ਾ ਗਰਦਾਨ ਦਿੱਤਾ ਹੈ। ਇੱਕ ਸ਼੍ਰੇਣੀ ਹੈ ਜਿਸ ਵਿੱਚ ਉਨ੍ਹਾਂ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹਨੂੰ ਹੁਣ ਕੋਈ ਬੱਚਾ ਵੀ ਆਪਣੀ ਮਾਂ-ਬੋਲੀ ਵਜੋਂ ਨਹੀਂ ਸਿੱਖ ਰਿਹਾ।

'' ਪਨ ਆਮਚੀ ਭਾਸ਼ਾ ਕਮੀ ਹੋਤ ਨਾਹੀ। (ਪਰ ਸਾਡੀ ਭਾਸ਼ਾ ਮਰ ਨਹੀਂ ਰਹੀ ਅਸੀਂ ਘਰੇ ਇਹਦਾ ਇਸਤੇਮਾਲ ਕਰਦੇ ਹਾਂ।)!'' 40 ਸਾਲਾ ਸੁਨੀਤਾ ਦਲੀਲ ਦਿੰਦੀ ਹਨ।

PHOTO • Ritu Sharma
PHOTO • Ritu Sharma

ਕੋਲਾਮ ਆਦਿਵਾਸੀ ਕਪਾਹ ਕਿਸਾਨ , ਸੁਨੀਤਾ ਭੁਰਕੁਟੇ ( ਖੱਬੇ ), ਜੋ ਕਪਾਹ ਦੀ ਖੇਤੀ ਕਰਦੀ ਹਨ। ਪ੍ਰੇਰਣਾ ਗ੍ਰਾਮ ਵਿਕਾਸ ( ਸੱਜੇ ) ਇੱਕ ਗੈਰ - ਸਰਕਾਰੀ ਸੰਗਠਨ ਹੈ ਜੋ ਮਹਾਰਾਸ਼ਟਰ ਦੇ ਯਵਤਮਾਲ ਦੇ ਪਿੰਡ ਭੂਲਗੜ ਵਿਖੇ ਕੋਲਾਮ ਕਬੀਲੇ ਦੇ ਭਾਈਚਾਰਕ ਰਜਿਸਟਰ ਦੀ ਸਾਂਭ - ਸੰਭਾਲ਼ ਕਰਦਾ ਹੈ

ਮਹਾਰਾਸ਼ਟਰ ਦੇ ਕੋਲਾਮ ਆਦਿਵਾਸੀਆਂ ਦੀ ਅਬਾਦੀ 194,671 ਹੈ (ਸਟੇਟੀਸਿਟਕਲ ਪ੍ਰੋਫਾਇਲ ਆਫ਼ ਸ਼ੈਡਿਊਲਡ ਟ੍ਰਾਇਬਸ ਇਨ ਇੰਡੀਆ, 2013 ), ਪਰ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਅੱਧਿਓਂ ਵੀ ਘੱਟ ਕੋਲਾਮ ਆਦਿਵਾਸੀਆਂ ਨੇ ਕੋਲਾਮੀ ਨੂੰ ਆਪਣੀ ਮਾਂ-ਬੋਲੀ ਵਜੋਂ ਦਰਜ ਕੀਤਾ ਹੈ।

ਸੁਨੀਤਾ ਕਹਿੰਦੀ ਹਨ,''ਜਦੋਂ ਸਾਡੇ ਬੱਚੇ ਸਕੂਲ ਜਾਂਦੇ ਹਨ ਤਾਂ ਉੱਥੇ ਉਹ ਮਰਾਠੀ ਸਿੱਖਦੇ ਨੇ। ਇਹ ਕੋਈ ਔਖੀ ਭਾਸ਼ਾ ਨਹੀਂ ਹੈ, ਪਰ ਕੋਲਾਮੀ ਔਖੀ ਹੈ। ਸਕੂਲ ਵਿੱਚ ਅਜਿਹੇ ਅਧਿਆਪਕ ਨਹੀਂ ਹਨ ਜੋ ਸਾਡੀ ਭਾਸ਼ਾ ਬੋਲ ਸਕਦੇ ਨੇ।'' ਉਨ੍ਹਾਂ ਨੇ ਵੀ ਦੂਜੀ ਜਮਾਤ ਤੱਕ ਮਰਾਠੀ ਵਿੱਚ ਪੜ੍ਹਾਈ ਕੀਤੀ ਹੈ, ਹਾਲਾਂਕਿ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ।

ਜਿਸ ਦਿਨ ਪਾਰੀ ਦੀ ਸੁਨੀਤਾ ਨਾਲ਼ ਮੁਲਾਕਾਤ ਹੋਈ ਉਸ ਦਿਨ ਉਹ ਆਪਣੇ ਤਿੰਨ ਏਕੜ ਦੇ ਖੇਤ ਵਿੱਚ ਕਪਾਹ ਚੁਗਣ ਲੱਗੀ ਹੋਈ ਸਨ। ਉਨ੍ਹਾਂ ਨੇ ਸਾਨੂੰ ਦੱਸਿਆ,''ਸੀਜ਼ਨ ਮੁੱਕਣ ਤੋਂ ਪਹਿਲਾਂ ਮੈਨੂੰ ਇਹਦੀ ਚੁਗਾਈ/ਕਟਾਈ ਦਾ ਕੰਮ ਪੂਰਾ ਕਰਨਾ ਪੈਣਾ ਹੈ।'' ਚਿੱਟੀਆਂ-ਚਿੱਟੀਆਂ ਗੇਂਦਾਂ ਨੂੰ ਚੁਗਦਿਆਂ ਉਨ੍ਹਾਂ ਦੇ ਹੱਥ ਜਿਓਂ ਕਿਸੇ ਲੈਅ ਦਾ ਪਿੱਛਾ ਕਰਦੇ ਜਾਪਦੇ। ਬੱਸ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਔਡੀ ਅੱਧੀ ਭਰ ਗਈ।

ਸੁਨੀਤਾ ਕਹਿੰਦੀ ਹਨ,''ਇਹ ਕਾਪਸ (ਕਪਾਹ ਲਈ ਮਰਾਠੀ ਸ਼ਬਦ) ਦੀਆਂ ਅੰਤਮ ਬਚੀਆਂ ਤਾਸ (ਮਰਾਠੀ ਤੇ ਕੋਲਾਮੀ ਵਿੱਚ ਕਤਾਰ ਲਈ ਵਰਤਿਆ ਜਾਂਦਾ ਸ਼ਬਦ) ਹੈ।'' ਉਨ੍ਹਾਂ ਨੇ ਆਪਣੇ ਕੱਪੜਿਆਂ ਦੇ ਉੱਤੋਂ ਦੀ ਇੱਕ ਸ਼ਰਟ ਪਾਈ ਹੋਈ ਹੈ, ਕਿਉਂਕਿ ''ਸੁੱਕੇ ਰੇਕਾ (ਫੁੱਲ ਦੀ ਡੰਡੀ ਜਾਂ ਕੈਲੀਕਸ ਲਈ ਕੋਲਾਮੀ ਸ਼ਬਦ) ਤੇ ਗੱਡੀ (ਕੋਲਾਮੀ ਵਿੱਚ ਨਦੀਨਾਂ ਲਈ ਸ਼ਬਦ) ਅਕਸਰ ਮੇਰੀ ਸਾੜੀ ਨਾਲ਼ ਚਿਪਕ ਜਾਂਦੇ ਨੇ ਤੇ ਪਾੜ ਵੀ ਦਿੰਦੇ ਨੇ।'' ਕੈਲੀਕਸ ਕਪਾਹ ਦਾ ਸਭ ਤੋਂ ਬਾਹਰੀ ਹਿੱਸਾ ਹੁੰਦਾ ਹੈ, ਜੋ ਫੁੱਲ ਨੂੰ ਸਹਾਰਾ ਦੇ ਕੇ ਰੱਖਦਾ ਹੈ ਤੇ ਗੱਡੀ ਕਪਾਹ ਦੇ ਖੇਤ ਵਿੱਚ ਉੱਗਣ ਵਾਲ਼ਾ ਨਦੀਨ ਹੁੰਦਾ ਹੈ।

ਜਿਓਂ ਹੀ ਦੁਪਹਿਰ ਦਾ ਸੂਰਜ ਲੂਹਣ ਲੱਗਦਾ ਹੈ, ਉਹ ਇੱਕ ਸੇਲੰਗਾ ਕੱਢ ਕੇ ਸਿਰ 'ਤੇ ਪਰਨਾ ਜਿਹਾ ਵਲ਼ ਲੈਂਦੀ ਹਨ। ਪਰ ਖੇਤਾਂ ਵਿੱਚ ਵਰਤੀਂਦੇ ਕੱਪੜਿਆਂ ਵਿੱਚ ਔਡੀ ਸਭ ਤੋਂ ਅਹਿਮ ਹੈ, ਜੋ ਕਿ ਇੱਕ ਲੰਬਾ ਜਿਹਾ ਕੱਪੜਾ ਹੁੰਦਾ ਹੈ। ਔਡੀ ਲਈ ਉਹ ਇੱਕ ਸੂਤੀ ਸਾੜੀ ਨੂੰ ਮੋਢਿਆਂ ਤੋਂ ਲੈ ਕੇ ਲੱਕ ਦੁਆਲ਼ੇ ਕੁਝ ਇੰਝ ਬੰਨ੍ਹਦੀ ਹਨ ਕਿ ਇੱਕ ਝੱਲੀ ਜਿਹੀ ਬਣ ਜਾਵੇ ਜਿਸ ਵਿੱਚ ਉਹ ਕਪਾਹ ਦੀਆਂ ਗੇਂਦਾਂ ਇਕੱਠੀਆਂ ਕਰਦੀ ਹਨ। ਉਹ ਪੂਰਾ ਦਿਨ ਨਰਮਾ ਚੁੱਗਦੀ ਹੋਈ ਲਗਾਤਾਰ ਸੱਤ ਘੰਟਿਆਂ ਤੱਕ ਇਸੇ ਕੰਮ ਵਿੱਚ ਮਸ਼ਰੂਫ਼ ਰਹਿੰਦੀ ਹਨ। ਅੱਧੀ ਛੁੱਟੀ ਵੀ ਬੱਸ ਥੋੜ੍ਹੇ ਜਿਹੇ ਸਮੇਂ ਲਈ ਹੀ ਲੈਂਦੀ ਹਨ। ਕਦੇ-ਕਦੇ ਈਰ (ਕੋਲਾਮੀ ਵਿੱਚ ਪਾਣੀ ਲਈ ਸ਼ਬਦ) ਪੀਣ ਲਈ ਨੇੜਲੇ ਖੂਹ ਤੱਕ ਚਲੀ ਜਾਂਦੀ ਹਨ।

PHOTO • Ritu Sharma
PHOTO • Ritu Sharma

ਸੁਨੀਤਾ ਤਿੰਨ ਏਕੜ ਜ਼ਮੀਨ ' ਤੇ ਕਪਾਹ ਉਗਾਉਂਦੀ ਹਨ। ' ਸੀਜ਼ਨ ਖਤਮ ਹੋਣ ਤੋਂ ਪਹਿਲਾਂ ਸਾਨੂੰ ਫ਼ਸਲ ਦੀ ਚੁਗਾਈ ਕਰਨੀ ਪੈਂਦੀ ਹੈ। ' ਉਹ ਸਾਰਾ-ਸਾਰਾ ਦਿਨ ਕਪਾਹ ਚੁਗਦੀ ਹਨ , ਕਈ ਵਾਰੀਂ ਕੁਝ ਈਰ (ਕੋਲਾਮੀ ਵਿੱਚ ਪਾਣੀ ਲਈ ਸ਼ਬਦ) ਪੀਣ ਲਈ ਨੇੜਲੇ ਖੂਹ ਤੱਕ ਚਲੀ ਜਾਂਦੀ ਹਨ

PHOTO • Ritu Sharma
PHOTO • Ritu Sharma

ਪੌਦਿਆਂ ਨਾਲ਼ ਫਸ ਕੇ ਆਪਣੇ ਕੱਪੜਿਆਂ ਨੂੰ ਫਟਣ ਤੋਂ ਬਚਾਉਣ ਲਈ ਸੁਨੀਤਾ ਉੱਪਰ ਤੋਂ ਇੱਕ ਸ਼ਰਟ ਪਾ ਲੈਂਦੀ ਹਨ। ਜਦੋਂ ਦੁਪਹਿਰ ਦਾ ਤਾਪਮਾਨ ਵੱਧਦਾ ਹੈ ਤਾਂ ਉਹ ਸੇਲੰਗਾ ਕੱਢ ਕੇ ਸਿਰ ' ਤੇ ਉਸਦਾ ਇੱਕ ਪਰਨਾ ਜਿਹਾ ਵਲ਼ ਲੈਂਦੀ ਹਨ। ਕਪਾਹ ਦੀਆਂ ਗੇਂਦਾਂ ਇਕੱਠੀਆਂ ਕਰਨ ਲਈ ਮੋਢੇ ਤੋਂ ਲੱਕ ਤੱਕ ਔਡੀ (ਝੱਲੀ) ਜਿਹੀ ਬੰਨ੍ਹ ਲੈਂਦੀ ਹਨ

ਅਕਤੂਬਰ 2023 ਤੋਂ ਸ਼ੁਰੂ ਕਰਕੇ ਸੀਜ਼ਨ (ਜਨਵਰੀ 2024) ਖ਼ਤਮ ਹੋਣ ਤੱਕ ਸੁਨੀਤਾ ਦੇ ਹੱਥ 1,500 ਕਿਲੋ ਕਪਾਹ ਦਾ ਝਾੜ ਲੱਗਿਆ। ''ਕਪਾਹ ਦੀ ਚੁਗਾਈ ਮੇਰੇ ਲਈ ਕਦੇ ਵੀ ਚੁਣੌਤੀ ਨਹੀਂ ਰਿਹਾ। ਮੈਂ ਕਿਸਾਨ ਪਰਿਵਾਰ ਤੋਂ ਆਉਂਦੀ ਹਾਂ।''

20 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਪਰ ਵਿਆਹ ਤੋਂ 15 ਸਾਲ ਬਾਅਦ 2015 ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ''ਉਹਨੂੰ ਤਿੰਨ ਦਿਨ ਬੁਖਾਰ ਚੜ੍ਹਿਆ।'' ਜਦੋਂ ਉਨ੍ਹਾਂ ਦੀ ਸਿਹਤ ਹੋਰ ਜਿਆਦਾ ਵਿਗੜ ਗਈ ਤਾਂ ਸੁਨੀਤਾ ਉਨ੍ਹਾਂ ਨੂੰ ਯਵਤਮਾਲ ਦੇ ਇੱਕ ਜ਼ਿਲ੍ਹਾ ਹਸਪਤਾਲ ਲੈ ਗਈ। ''ਸਾਰਾ ਕੁਝ ਐਨੀ ਅਚਾਨਕ ਹੋਇਆ ਕਿ ਅੱਜ ਤੱਕ ਮੈਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਹੀ ਸਮਝ ਨਹੀਂ ਆਇਆ।''

ਆਪਣੇ ਪਤੀ ਦੀ ਮੌਤ ਤੋਂ ਬਾਅਦ, ਸੁਨੀਤਾ ਸਿਰ ਦੋ ਬੱਚਿਆਂ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਸੀ। "ਅਰਪਿਤਾ ਅਤੇ ਆਕਾਸ਼ ਮਹਿਜ਼ 10 ਸਾਲ ਦੇ ਸਨ ਜਦੋਂ ਮਾਨੁਸ (ਪਤੀ) ਦੀ ਮੌਤ ਹੋ ਗਈ। ਕਈ ਵਾਰ, ਮੈਂ ਇਕੱਲੇ ਖੇਤ ਜਾਣ ਤੋਂ ਡਰਦੀ।" ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਰਾਠੀ ਭਾਸ਼ਾ ਵਿੱਚ ਕੁਸ਼ਲ ਹੋਣ ਕਾਰਨ ਉਨ੍ਹਾਂ ਨੂੰ ਨੇੜੇ-ਤੇੜੇ ਦੇ ਕਿਸਾਨ ਦੋਸਤਾਂ ਦਾ ਵਿਸ਼ਵਾਸ ਜਿੱਤਣ ਵਿੱਚ ਮਦਦ ਮਿਲ਼ੀ ਹੈ। ਉਹ ਪੁੱਛਦੀ ਹਨ,"ਜਦੋਂ ਅਸੀਂ ਖੇਤ ਜਾਂ ਮੰਡੀ ਵਿੱਚ ਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਪੈਂਦੀ ਹੈ, ਹੈ ਨਾ? ਕੀ ਉਹ ਸਾਡੀ ਭਾਸ਼ਾ ਸਮਝਣਗੇ?"

ਹਾਲਾਂਕਿ ਉਨ੍ਹਾਂ ਨੇ ਖੇਤੀ ਜਾਰੀ ਰੱਖੀ ਹੈ, ਪਰ ਉਹ ਕਹਿੰਦੀ ਹਨ ਕਿ ਬਹੁਤ ਸਾਰੇ ਲੋਕ ਉਨ੍ਹਾਂ ਦੇ ਮੰਡੀ ਜਾਣ ਦੇ ਖ਼ਿਲਾਫ਼ ਸਨ, ਕਿਉਂਕਿ ਕਪਾਹ ਦੀ ਮੰਡੀ ਵਿੱਚ ਜ਼ਿਆਦਾਤਰ ਮਰਦਾਂ ਦਾ ਦਬਦਬਾ ਰਹਿੰਦਾ ਹੈ ਅਤੇ ਇਸ ਲਈ ਉਹ ਇਸ ਤੋਂ ਦੂਰ ਹੀ ਰਹਿੰਦੀ ਰਹੀ। "ਮੈਂ ਸਿਰਫ਼ ਫ਼ਸਲ ਚੁਗਦੀ ਹਾਂ, ਆਕਾਸ਼ [ਪੁੱਤਰ] ਇਸ ਨੂੰ ਵੇਚਦਾ ਹੈ।''

ਕਪਾਹ ਚੁਗਦਿਆਂ ਵੀ ਸੁਨੀਤਾ ਭੁਰਕੁਟੇ ਆਪਣੀ ਗੱਲ ਜਾਰੀ ਰੱਖਦੀ ਹਨ

ਸੁਨੀਤਾ ਭੁਰਕੁਟੇ ਦੀ ਮਾਂ ਬੋਲੀ ਕੋਲਾਮੀ ਹੈ, ਪਰ ਉਹ ਆਪਣਾ ਜ਼ਿਆਦਾਤਰ ਸਮਾਂ ਮਰਾਠੀ ਵਿੱਚ ਬੋਲਣ ਵਿੱਚ ਬਿਤਾਉਂਦੀ ਹਨ। 'ਆਪਣੀ ਕਪਾਹ ਵੇਚਣ ਲਈ, ਸਾਨੂੰ ਮੰਡੀ ਦੀ ਭਾਸ਼ਾ ਸਿੱਖਣੀ ਪੈਂਦੀ ਹੈ', ਉਹ ਕਹਿੰਦੀ ਹਨ

*****

ਕੋਲਾਮ ਆਦਿਵਾਸੀ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀ.ਵੀ.ਟੀ.ਜੀ.) ਵਜੋਂ ਸੂਚੀਬੱਧ ਕੀਤਾ ਗਿਆ ਹੈ, ਜੋ ਮਹਾਰਾਸ਼ਟਰ ਦੇ ਤਿੰਨ ਸਭ ਤੋਂ ਪੱਛੜੇ ਕਬਾਇਲੀ ਭਾਈਚਾਰਿਆਂ ਵਿੱਚੋਂ ਇੱਕ ਹੈ। ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵੀ ਕੋਲਾਮ ਕਬੀਲੇ ਦਾ ਘਰ ਹਨ।

ਮਹਾਰਾਸ਼ਟਰ ਵਿੱਚ, ਕੋਲਾਮ ਕਬੀਲਾ ਆਪਣੇ ਆਪ ਨੂੰ 'ਕੋਲਾਵਰ' ਜਾਂ 'ਕੋਲਾ' ਕਹਿੰਦਾ ਹੈ, ਮੋਟੇ ਤੌਰ 'ਤੇ ਜਿਸਦਾ ਮਤਲਬ ਹੈ ਬਾਂਸ ਜਾਂ ਲੱਕੜ ਦੀ ਡੰਡੀ। ਉਨ੍ਹਾਂ ਦਾ ਰਵਾਇਤੀ ਕਿੱਤਾ ਬਾਂਸ ਤੋਂ ਟੋਕਰੀ, ਮੈਟ, ਵਾੜ ਅਤੇ ਪੱਖੇ ਬਣਾਉਣਾ ਸੀ।

"ਜਦੋਂ ਮੈਂ ਛੋਟੀ ਸੀ, ਤਦ ਮੈਂ ਆਪਣੇ ਦਾਦਾ-ਦਾਦੀ ਨੂੰ ਵੇਦੁਰ [ਬਾਂਸ] ਨਾਲ਼ ਆਪਣੀ ਵਰਤੋਂ ਲਈ ਵੰਨ-ਸੁਵੰਨੀਆਂ ਚੀਜਾਂ ਬਣਾਉਂਦੇ ਦੇਖਿਆ ਸੀ," ਸੁਨੀਤਾ ਯਾਦ ਕਰਦੀ ਹਨ। ਸਮਾਂ ਪਾ ਕੇ ਜਿਓਂ-ਜਿਓਂ ਉਹ ਜੰਗਲਾਂ ਤੋਂ ਮੈਦਾਨਾਂ ਵੱਲ ਪ੍ਰਵਾਸ ਕਰਨ ਲੱਗੇ, ਜੰਗਲ ਅਤੇ ਘਰ ਦੇ ਵਿਚਕਾਰ ਦੀ ਦੂਰੀ ਵਧਣੀ ਸ਼ੁਰੂ ਹੋ ਗਈ ਅਤੇ "ਇਹੀ ਕਾਰਨ ਹੈ ਕਿ ਮੇਰੇ ਮਾਪੇ ਇਹ ਹੁਨਰ ਨਹੀਂ ਸਿੱਖ ਸਕੇ" ਅਤੇ ਨਾ ਹੀ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਹੀ ਮਿਲ਼ਿਆ।

ਖੇਤੀਬਾੜੀ ਉਨ੍ਹਾਂ ਦੀ ਰੋਜ਼ੀ-ਰੋਟੀ ਹੈ। "ਭਾਵੇਂ ਮੇਰਾ ਆਪਣਾ ਖੇਤ ਹੈ, ਪਰ ਅੱਜ ਵੀ, ਜੇ ਫ਼ਸਲ ਖਰਾਬ ਹੋ ਜਾਂਦੀ ਹੈ, ਤਾਂ ਮੈਨੂੰ ਕੰਮ ਲਈ ਕਿਸੇ ਹੋਰ ਦੇ ਖੇਤ ਜਾਣਾ ਪੈਂਦਾ ਹੈ," ਉਹ ਕਹਿੰਦੀ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ, ਖੇਤੀ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣ ਅਤੇ ਉਨ੍ਹਾਂ ਦੇ ਸਿਰ 'ਤੇ ਪਏ ਹੋਰ ਸਾਰੇ ਕਰਜ਼ੇ ਚੁਕਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਜੂਨ ਵਿੱਚ ਬਿਜਾਈ ਦੇ ਸੀਜ਼ਨ ਦੌਰਾਨ 40,000 ਰੁਪਏ ਦਾ ਕਰਜ਼ਾ ਲਿਆ ਸੀ।

ਉਹ ਕਹਿੰਦੀ ਹਨ, "ਕਪਾਹ ਵੇਚਣ ਤੋਂ ਬਾਅਦ, ਜੂਨ ਤੱਕ ਕੋਈ ਕੰਮ ਨਹੀਂ ਹੁੰਦਾ। ਮਈ ਸਭ ਤੋਂ ਮੁਸ਼ਕਲ ਮਹੀਨਾ ਹੁੰਦਾ ਹੈ।" ਉਨ੍ਹਾਂ ਨੇ ਲਗਭਗ 1,500 ਕਿਲੋ ਕਪਾਹ ਦੀ ਚੁਗਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਇੱਕ ਕਿੱਲੋ ਮਗਰ 62-65 ਰੁਪਏ ਮਿਲ਼ਦੇ ਹਨ। "ਕੁੱਲ ਮਿਲ਼ਾ ਕੇ ਦੇਖੀਏ ਤਾਂ ਇਹ ਲਗਭਗ 93,000 ਰੁਪਏ ਬਣੇ। ਸ਼ਾਹੂਕਾਰ ਦਾ ਕਰਜ਼ਾ ਚੁਕਾਉਣ ਤੋਂ ਬਾਅਦ (ਜਿਸ ਵਿੱਚ 20,000 ਰੁਪਏ ਦਾ ਵਿਆਜ ਵੀ ਸ਼ਾਮਲ ਹੈ), "ਮੇਰੇ ਕੋਲ਼ ਪੂਰੇ ਸਾਲ ਲਈ ਮੁਸ਼ਕਿਲ ਨਾਲ਼ 35,000 ਰੁਪਏ ਬਚਦੇ ਹਨ।''

PHOTO • Ritu Sharma
PHOTO • Ritu Sharma

ਜੇ ਫ਼ਸਲ ਖਰਾਬ ਹੋ ਜਾਂਦੀ ਹੈ, ਤਾਂ ਕੋਲਾਮ ਆਦਿਵਾਸੀਆਂ (ਇੱਕ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ) ਵਾਂਗ, 'ਮੈਨੂੰ ਵੀ ਕੰਮ ਲਈ ਕਿਸੇ ਹੋਰ ਦੇ ਖੇਤ ਜਾਣਾ ਪੈਂਦਾ ਹੈ,' ਸੁਨੀਤਾ ਕਹਿੰਦੀ ਹਨ। ਕਾਫੀ ਸਾਰੇ ਕੋਲਾਮ ਆਦਿਵਾਸੀ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ ਤੇ ਆਪਣੇ ਖੇਤੀ ਲੋਨ ਦੀ ਅਦਾਇਗੀ ਕਰਨ ਤੇ ਕਰਜਾ ਚੁਕਾਉਣ ਲਈ ਸੰਘਰਸ਼ ਕਰ ਰਹੇ ਹਨ

PHOTO • Ritu Sharma
PHOTO • Ritu Sharma

ਖੱਬੇ: ਘੁਬੜਹੇਟੀ ਪਿੰਡ ਦੀਆਂ ਮਹਿਲਾ ਕਿਸਾਨ ਮਕਰ ਸੰਕ੍ਰਾਂਤੀ (ਫ਼ਸਲੀ ਤਿਉਹਾਰ) ਮਨਾਉਂਦੀਆਂ ਹੋਈਆਂ। ਸੱਜੇ: ਭਾਈਚਾਰਕ ਬੈਂਕ ਵਿੱਚ ਬੀਜਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ

ਸਥਾਨਕ ਵਿਕਰੇਤਾ ਉਨ੍ਹਾਂ ਨੂੰ ਥੋੜ੍ਹੀ ਜਿਹੀ ਰਕਮ ਉਧਾਰ ਦਿੰਦੇ ਹਨ, ਪਰ ਹਰ ਸਾਲ ਮਾਨਸੂਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਭੁਗਤਾਨ ਕਰਨਾ ਪੈਂਦਾ ਹੈ। "ਇਸਕਾ 500 ਦੋ , ਉਸਕਾ 500 ਦੋ। ਯੇ ਸਭ ਕਰਤੇ ਕਰਤੇ ਸਭ ਖ਼ਤਮ ! ਕੁਝ ਬੀ ਨਹੀਂ ਮਿਲਤਾ... ਸਾਰਾ ਦਿਨ ਕਾਮ ਕਰੋ ਔਰ ਮਰੋ !'' ਘਾਬਰੀ ਮੁਸਕਾਨ ਸੁੱਟਦਿਆਂ  ਉਹ ਮੂੰਹ ਘੁਮਾ ਲੈਂਦੀ ਹਨ।

ਤਿੰਨ ਸਾਲ ਪਹਿਲਾਂ, ਸੁਨੀਤਾ ਨੇ ਰਸਾਇਣਕ ਖੇਤੀ ਛੱਡ ਕੇ ਜੈਵਿਕ ਖੇਤੀ ਵੱਲ ਰੁਖ ਕੀਤਾ। "ਮੈਂ ਮਿਸ਼ਰਾ ਪੀਕ ਸ਼ੇਟੀ (ਮਿਸ਼ਰਤ ਫਸਲਾਂ ਦੀ ਕਾਸ਼ਤ) ਸ਼ੁਰੂ ਕੀਤੀ," ਉਹ ਕਹਿੰਦੀ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੀਆਂ ਔਰਤਾਂ ਦੁਆਰਾ ਸਥਾਪਤ ਬੀਜ ਬੈਂਕ ਤੋਂ ਮੂੰਗ, ਉੜਦ, ਜਵਾਰ, ਬਾਜਰਾ, ਤਿਲ, ਮਿੱਠੀ ਮੱਕੀ ਅਤੇ ਅਰਹਰ ਦੇ ਬੀਜ ਮਿਲੇ। ਦਰਅਸਲ, ਅਰਹਰ ਅਤੇ ਮੂੰਗ ਦੀ ਕਾਸ਼ਤ ਕਰਕੇ, ਉਨ੍ਹਾਂ ਨੇ ਪਿਛਲੇ ਸਾਲ ਮਈ ਅਤੇ ਜੂਨ ਦੇ ਮਹੀਨਿਆਂ ਦਾ ਸਮਾਂ ਕੱਢਿਆ, ਉਹ ਵੇਲ਼ਾ ਜਦੋਂ ਉਨ੍ਹਾਂ ਕੋਲ਼ ਕਰਨ ਨੂੰ ਕੋਈ ਕੰਮ ਨਹੀਂ ਹੁੰਦਾ।

ਪਰ ਜਿਓਂ ਹੀ ਇੱਕ ਸਮੱਸਿਆ ਹੱਲ ਹੁੰਦੀ ਹੈ, ਦੂਜੀ ਆਣ ਖੜ੍ਹੋਂਦੀ ਹੈ। ਹਾਲਾਂਕਿ ਅਰਹਰ ਦੀ ਫ਼ਸਲ ਤਾਂ ਚੰਗੀ ਹੋਈ, ਪਰ ਬਾਕੀ ਫ਼ਸਲਾਂ ਬੇਕਾਰ ਰਹੀਆਂ। "ਜੰਗਲੀ ਸੂਰਾਂ ਨੇ ਸਾਰੀ ਫ਼ਸਲ ਤਬਾਹ ਕਰ ਦਿੱਤੀ," ਸੁਨੀਤਾ ਕਹਿੰਦੀ ਹਨ।

*****

ਜਿਓਂ ਹੀ ਸੂਰਜ ਡੁੱਬਣ ਲੱਗਦਾ ਹੈ, ਸੁਨੀਤਾ ਚੁਗੀ ਕਪਾਹ ਨੂੰ ਇੱਕ ਮੁਡੀ (ਗੋਲ਼ ਪੰਡ) ਵਿੱਚ ਲਪੇਟਣਾ ਸ਼ੁਰੂ ਕਰ ਦਿੰਦੀ ਹਨ। ਉਨ੍ਹਾਂ ਨੇ ਦਿਹਾੜੀ ਦਾ ਕੰਮ ਮੁਕਾ ਲਿਆ ਹੈ। ਬਾਕੀ ਰਹਿੰਦੀਆਂ ਕਤਾਰਾਂ ਵਿੱਚੋਂ, ਉਨ੍ਹਾਂ ਨੇ ਲਗਭਗ ਛੇ ਕਿਲੋ ਕਪਾਹ ਇਕੱਠੀ ਕੀਤੀ ਹੈ।

ਪਰ ਉਨ੍ਹਾਂ ਨੇ ਕੱਲ੍ਹ ਦੇ ਕੰਮ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਹੈ। ਕੱਲ੍ਹ ਉਹ ਸਟੋਰ ਕੀਤੀ ਕਪਾਹ ਤੋਂ ਕੇਸਰਾ (ਕੋਲਾਮੀ ਵਿੱਚ ਰਹਿੰਦ-ਖੂੰਹਦ ਲਈ ਇੱਕ ਸ਼ਬਦ) ਅਤੇ ਸੁੱਕੇ ਰੇਕਾ ਕੱਢਣ ਦਾ ਕੰਮ ਕਰੇਗੀ ਅਤੇ ਫਿਰ ਅਗਲੇ ਦਿਨ ਉਪਜ ਨੂੰ ਮੰਡੀ ਲਿਜਾਣ ਲਈ ਤਿਆਰ ਕਰੇਗੀ।

PHOTO • Ritu Sharma
PHOTO • Ritu Sharma

ਘਰ ਵਿੱਚ ਸਾਂਭਣ ਲਈ, ਕਪਾਹ ਨੂੰ ਮੁਡੀ (ਗੋਲ਼ ਪੰਡ) ਬੰਨ੍ਹ ਕੇ ਰੱਖਿਆ ਜਾਂਦਾ ਹੈ

ਕੋਲਾਮੀ ਭਾਸ਼ਾ 'ਤੇ ਮੰਡਰਾ ਰਹੇ ਖ਼ਤਰੇ ਬਾਬਤ ਉਹ ਕਹਿੰਦੀ ਹਨ,"ਸਾਡੇ ਕੋਲ਼ [ਖੇਤੀ ਤੋਂ ਇਲਾਵਾ] ਕਿਸੇ ਹੋਰ ਚੀਜ਼ ਬਾਰੇ ਸੋਚਣ ਦਾ ਸਮਾਂ ਨਹੀਂ ਹੈ।" ਜਦੋਂ ਸੁਨੀਤਾ ਅਤੇ ਉਨ੍ਹਾਂ ਦਾ ਭਾਈਚਾਰਾ ਚੰਗੀ ਤਰ੍ਹਾਂ ਮਰਾਠੀ ਨਹੀਂ ਬੋਲ ਪਾਉਂਦਾ ਸੀ, "ਹਰ ਕੋਈ ਕਹਿੰਦਾ ਸੀ, 'ਮਰਾਠੀ ਵਿੱਚ ਬੋਲੋ! ਮਰਾਠੀ ਵਿੱਚ ਬੋਲੋ'!"ਹੱਸਦਿਆਂ ਉਹ ਕਹਿੰਦੀ ਹਨ ਅਤੇ ਹੁਣ ਜਦੋਂ ਉਨ੍ਹਾਂ ਦੀ ਭਾਸ਼ਾ ਖ਼ਤਰੇ ਵਿੱਚ ਪੈ ਗਈ ਹੈ ਤਾਂ "ਹਰ ਕੋਈ ਚਾਹੁੰਦਾ ਕਿ ਅਸੀਂ ਕੋਲਾਮੀ ਵਿੱਚ ਗੱਲ ਕਰੀਏ।''

"ਅਸੀਂ ਆਪਣੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਾਂ," ਉਹ ਜ਼ੋਰ ਦੇ ਕੇ ਕਹਿੰਦੀ ਹਨ। ''ਇੱਥੋਂ ਤੱਕ ਕਿ ਸਾਡੇ ਬੱਚੇ ਵੀ। ਅਸੀਂ ਮਰਾਠੀ ਵਿੱਚ ਉਦੋਂ ਹੀ ਗੱਲ ਕਰਦੇ ਹਾਂ ਜਦੋਂ ਅਸੀਂ ਬਾਹਰ ਜਾਂਦੇ ਹਾਂ। ਜਦੋਂ ਅਸੀਂ ਘਰੇ ਵਾਪਸ ਆਉਂਦੇ ਹਾਂ  ਤਾਂ ਅਸੀਂ ਆਪਣੀ ਭਾਸ਼ਾ ਬੋਲਦੇ ਹਾਂ।''

" ਆਪਲੀ ਭਾਸ਼ਾ ਆਪਲੀਚ ਰਹਿਲੀ ਪਾਹਿਜੇ (ਸਾਡੀ ਭਾਸ਼ਾ 'ਤੇ ਸਾਡਾ ਹੀ ਅਧਿਕਾਰ ਰਹਿਣਾ ਚਾਹੀਦਾ ਹੈ)। ਕੋਲਾਮੀ ਨੂੰ ਕੋਲਾਮੀ ਰਹਿਣਾ ਚਾਹੀਦਾ ਹੈ ਅਤੇ ਮਰਾਠੀ ਨੂੰ ਮਰਾਠੀ। ਇਹ ਗੱਲ ਮਾਇਨੇ ਰੱਖਦੀ ਹੈ।''

ਪੱਤਰਕਾਰ ਪ੍ਰੇਰਣਾ ਗ੍ਰਾਮ ਵਿਕਾਸ ਸੰਸਥਾ, ਮਾਧੁਰੀ ਖੜਸੇ ਅਤੇ ਆਸ਼ਾ ਕਰੇਵਾ ਦਾ ਧੰਨਵਾਦ ਕਰਨਾ ਚਾਹੁੰਦੀ ਹਨ।

ਪਾਰੀ ਦੇ ' ਖ਼ਤਰੇ ਵਿੱਚ ਪਈ ਭਾਸ਼ਾ ਪ੍ਰੋਜੈਕਟ ' ਦਾ ਉਦੇਸ਼ ਭਾਰਤ ਦੀਆਂ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਰਾਹੀਂ ਦਸਤਾਵੇਜ਼ ਬਣਾਉਣਾ ਹੈ।

ਤਰਜਮਾ: ਕਮਲਜੀਤ ਕੌਰ

Ritu Sharma

Ritu Sharma is Content Editor, Endangered Languages at PARI. She holds an MA in Linguistics and wants to work towards preserving and revitalising the spoken languages of India.

Other stories by Ritu Sharma
Editor : Sanviti Iyer

Sanviti Iyer is Assistant Editor at the People's Archive of Rural India. She also works with students to help them document and report issues on rural India.

Other stories by Sanviti Iyer
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur