ਕੁਝ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ

ਸੁਰਜੀਤ ਪਾਤਰ (1945-2024) ਨੇ ਕਦੇ ਵੀ ਚੁੱਪ ਰਹਿਣਾ ਤੇ ਦੜ ਵੱਟਣੀ ਕਬੂਲ ਨਾ ਕੀਤੀ। ਜੇ ਉਨ੍ਹਾਂ ਦੇ ਜੀਵਨ ਵਿੱਚ ਕਦੇ ਖੜ੍ਹੋਤ ਆਉਣ ਵੀ ਲੱਗੀ ਤਾਂ ਹਿੱਕ ਅੰਦਰ ਜਿਵੇਂ ਮਰ ਰਿਹਾ ਕੋਈ ਗੀਤ ਸੁਪਨੇ ਬਣ ਡਰਾਉਣ ਲੱਗਿਆ। ਸੋ ਉਹ ਕਦੇ ਖੜ੍ਹਾ ਪਾਣੀ ਨਾ ਰਹੇ ਤੇ ਸਦਾ ਵਹਿੰਦੇ ਹੀ ਰਹੇ। ਉਨ੍ਹਾਂ ਦੀ ਕਲਮ 'ਚੋਂ ਨਿਕਲ਼ੇ ਹਰਫ਼ਾਂ ਨਾਲ਼ੋਂ ਵੀ ਕਿਤੇ ਵੱਧ ਤਿੱਖੀਆਂ ਉਨ੍ਹਾਂ ਦੀਆਂ ਸਰਗਰਮੀਆਂ (ਜਿਵੇਂ 2015 ਵਿੱਚ ਦੇਸ਼ ਅੰਦਰ ਵੱਧ ਰਹੇ ਫ਼ਿਰਕੂ ਤਣਾਅ ਵਿਰੁੱਧ ਸਰਕਾਰ ਕੋਲ਼ ਆਪਣਾ ਵਿਰੋਧ ਦਰਜ਼ ਕਰਵਾਉਂਦਿਆਂ ਆਪਣਾ ਪਦਮ ਸ਼੍ਰੀ ਵਾਪਸ ਕਰਨਾ) ਰਹੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਨੇ ਨਾ ਸਿਰਫ਼ ਵੰਡ ਤੋਂ ਬਾਅਦ ਸੰਤਾਪ ਹੰਢਾਉਂਦੇ ਪੰਜਾਬ ਬਾਰੇ ਲਿਖਿਆ ਸਗੋਂ ਵੱਧ ਰਹੇ ਖਾੜਕੂਵਾਦ ਬਾਰੇ ਵੀ ਲਿਖਿਆ, ਪੂੰਜੀਵਾਦੀ ਵਪਾਰੀਕਰਨ ਤੋਂ ਲੈ ਕੇ ਕਿਸਾਨ ਅੰਦੋਲਨਾਂ ਤੱਕ ਪੰਜਾਬ ਦੀਆਂ ਸਮਕਾਲੀ ਅਤੇ ਤਲਖ਼ ਹਕੀਕਤਾਂ ਨੂੰ ਵੀ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿੱਚ ਕੈਦ ਕੀਤਾ।

ਜਲੰਧਰ ਦੇ  ਪਤੜ ਕਲਾਂ ਪੈਦਾ ਹੋਏ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਪੂਰੀ ਕਾਇਨਾਤ ਵਿੱਚ ਤੈਰਨ ਲੱਗੀਆਂ। ਉਨ੍ਹਾਂ ਨੇ ਨਾ ਸਿਰਫ਼ ਵਾਂਝੇ ਭਾਈਚਾਰਿਆਂ, ਪ੍ਰਵਾਸੀਆਂ, ਕਿਰਤੀਆਂ, ਕਿਸਾਨਾਂ ਤੇ ਬਾਲ-ਮਨਾਂ ਦੇ ਦਰਦ ਨੂੰ ਮਹਿਸੂਸ ਕੀਤਾ ਬਲਕਿ ਉਨ੍ਹਾਂ ਦੀਆਂ ਤਕਲੀਫ਼ਾਂ ਤੇ ਹੂਕਾਂ ਦੀ ਅਵਾਜ਼ ਵੀ ਬਣੇ।

ਕੇਂਦਰ ਸਰਕਾਰ ਵੱਲੋਂ ਥੋਪੇ ਤਿੰਨੋਂ ਖੇਤੀ ਕਨੂੰਨਾਂ ਖਿਲਾਫ਼ ਧਰਨਿਆਂ 'ਤੇ ਉੱਤਰੇ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਨੂੰ ਜਾ ਘੇਰਦੇ ਹਨ ਤਾਂ ਉਸ ਵੇਲ਼ੇ ਏਕਤਾ ਤੇ ਸਾਂਝੀਵਾਲ਼ਤਾ ਦੇ ਉਸ ਜਸ਼ਨ ਨੂੰ ਮਨਾਉਂਦਿਆਂ ਤੇ ਹਕੀਕਤ ਬਿਆਨ ਕਰਦਿਆਂ ਜਨਮ ਹੁੰਦਾ ਹੈ ਇੱਕ ਕਵਿਤਾ ਦਾ:

ਜੀਨਾ ਸਿੰਘ ਦੀ ਅਵਾਜ਼ ਵਿੱਚ ਪੰਜਾਬੀ ਕਵਿਤਾ ਪਾਠ ਸੁਣੋ

ਜੋਸ਼ੂਆ ਬੋਧੀਨੇਤ੍ਰਾ ਦੀ ਅਵਾਜ਼ ਵਿੱਚ ਅੰਗਰੇਜ਼ੀ ਕਵਿਤਾ ਪਾਠ ਸੁਣੋ

ਇਹ ਮੇਲਾ ਹੈ

ਕਵਿਤਾ
ਇਹ ਮੇਲਾ ਹੈ
ਹੈ ਜਿੱਥੋਂ ਤੱਕ ਨਜ਼ਰ ਜਾਂਦੀ
ਤੇ ਜਿੱਥੋਂ ਤੱਕ ਨਹੀਂ ਜਾਂਦੀ
ਇਹਦੇ ਵਿਚ ਲੋਕ ਸ਼ਾਮਲ ਨੇ
ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ
ਇਹ ਮੇਲਾ ਹੈ

ਇਹਦੇ ਵਿਚ ਧਰਤ ਸ਼ਾਮਲ, ਬਿਰਖ, ਪਾਣੀ, ਪੌਣ ਸ਼ਾਮਲ ਨੇ
ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ
ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ

ਇਹਦੇ ਵਿਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ
ਇਹਦੇ ਵਿਚ ਲੋਕ—ਮਨ ਦਾ ਸਿਰਜਿਆ ਮਿਥਹਾਸ ਸ਼ਾਮਲ ਹੈ
ਇਹਦੇ ਵਿਚ ਸਿਦਕ ਸਾਡਾ, ਸਬਰ, ਸਾਡੀ ਆਸ ਸ਼ਾਮਲ ਹੈ
ਇਹਦੇ ਵਿਚ ਸ਼ਬਦ, ਸੁਰਤੀ , ਧੁਨ ਅਤੇ ਅਰਦਾਸ ਸ਼ਾਮਲ ਹੈ
ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿੱਚ ਕੌਣ ਸ਼ਾਮਲ ਨੇ

ਜੋ ਵਿਛੜੇ ਸਨ ਬਹੁਤ ਚਿਰਾ ਦੇ
ਤੇ ਸਾਰੇ ਸੋਚਦੇ ਸਨ
ਉਹ ਗਏ ਕਿੱਥੇ
ਉਹ ਸਾਡਾ ਹੌਂਸਲਾ, ਅਪਣੱਤ,
ਉਹ ਜ਼ਿੰਦਾਦਿਲੀ, ਪੌਰਖ, ਗੁਰਾਂ ਦੀ ਓਟ ਦਾ ਵਿਸ਼ਵਾਸ

ਭਲ਼ਾ ਮੋਏ ਤੇ ਵਿਛੜੇ ਕੌਣ ਮੇਲੇ
ਕਰੇ ਰਾਜ਼ੀ ਅਸਾਡਾ ਜੀਅ ਤੇ ਜਾਮਾ

ਗੁਰਾਂ ਦੀ ਮਿਹਰ ਹੋਈ
ਮੋਅਜਜ਼ਾ ਹੋਇਆ
ਉਹ ਸਾਰੇ ਮਿਲ਼ ਪਏ ਆ ਕੇ

ਸੀ ਬਿਰਥਾ ਜਾ ਰਿਹਾ ਜੀਵਨ
ਕਿ ਅੱਜ ਲੱਗਦਾ, ਜਨਮ ਹੋਇਆ ਸੁਹੇਲਾ ਹੈ
ਇਹ ਮੇਲਾ ਹੈ

ਇਹਦੇ ਵਿਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ
ਇਹਦੇ ਵਿਚ ਹਿੰਦੂ ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ
ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਿਲ ਹੈ
ਇਹ ਮੇਲਾ ਹੈ

ਇਹ ਹੈ ਇੱਕ ਲਹਿਰ ਵੀ , ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ
ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ, ਟਸ਼ਨ ਵੀ ਤਾਂ ਹੈ
ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ
ਤੇ ਤੈਨੂੰ ਕੁਝ ਪਤਾ ਹੀ ਨਈ
ਇਹਦੇ ਵਿਚ ਕੌਣ ਸ਼ਾਮਿਲ ਨੇ

ਨਹੀਂ ਇਹ ਭੀੜ ਨਈਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ
ਇਹ ਤੁਰਦੇ ਵਾਕ ਦੇ ਵਿਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ
ਇਹ ਸ਼ੋਭਾ—ਯਾਤਰਾ ਤੋ ਵੱਖਰੀ ਹੈ ਯਾਤਰਾ ਕੋਈ
ਗੁਰਾਂ ਦੀ ਦੀਖਿਆ 'ਤੇ ਚੱਲ ਰਿਹਾ ਹੈ ਕਾਫ਼ਿਲਾ ਕੋਈ
ਇਹ ਮੈਂ ਨੂੰ ਛੋੜ ਆਪਾਂ ਤੇ ਅਸੀ ਵੱਲ ਜਾ ਰਿਹਾ ਕੋਈ

ਇਹਦੇ ਵਿਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ
ਇਹਦੇ ਵਿਚ ਸੂਫ਼ੀਆਂ ਫੱਕਰਾਂ ਦੇ ਚੌਦਾਂ ਤਬਕ ਸ਼ਾਮਲ ਨੇ

ਤੁਹਾਨੂੰ ਗੱਲ ਸੁਣਾਉਨਾਂ ਇਕ, ਬੜੀ ਭੋਲੀ ਤੇ ਮਨਮੋਹਣੀ
ਅਸਾਨੂੰ ਕਹਿਣ ਲੱਗੀ ਕੱਲ੍ਹ ਇਕ ਦਿੱਲੀ ਦੀ ਧੀ ਸੁਹਣੀ
ਤੁਸੀਂ ਜਦ ਮੁੜ ਗਏ ਏਥੋਂ, ਬੜੀ ਬੇਰੌਣਕੀ ਹੋਣੀ

ਬਹੁਤ ਹੋਣੀ ਏ ਟ੍ਰੈਫ਼ਿਕ ਪਰ, ਕੋਈ ਸੰਗਤ ਨਹੀਂ ਹੋਣੀ
ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ
ਘਰਾਂ ਨੂੰ ਦੌੜਦੇ ਲੋਕਾਂ 'ਚ ਇਹ ਰੰਗਤ ਨਹੀਂ ਹੋਣੀ
ਅਸੀਂ ਫਿਰ ਕੀ ਕਰਾਂਗੇ

ਤਾਂ ਸਾਡੇ ਨੈਣ ਨਮ ਹੋ ਗਏ
ਇਹ ਕੈਸਾ ਨਿਹੁੰ ਨਵੇਲਾ ਹੈ
ਇਹ ਮੇਲਾ ਹੈ

ਤੁਸੀਂ ਪਰਤੋ ਘਰੀਂ, ਰਾਜ਼ੀ ਖੁਸ਼ੀ ,ਹੈ ਇਹ ਦੁਆ ਮੇਰੀ
ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ, ਹੈ ਇਹ ਦੁਆ ਮੇਰੀ
ਤੁਸੀ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ
ਨਵੇਂ ਅਹਿਸਾਸ, ਸੱਜਰੀ ਸੋਚ ਤੇ ਤਦਬੀਰ ਹੋ ਕੇ ਹੁਣ
ਮੁਹੱਬਤ, ਸਾਦਗੀ, ਅਪਣੱਤ ਦੀ ਤਾਸੀਰ ਹੋ ਕੇ ਹੁਣ

ਇਹ ਇੱਛਰਾਂ ਮਾਂ
ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ
ਇਹ ਮੇਲਾ ਹੈ

ਹੈ ਜਿੱਥੋਂ ਤੱਕ ਨਜ਼ਰ ਜਾਂਦੀ
ਤੇ ਜਿੱਥੋਂ ਤੱਕ ਨਹੀਂ ਜਾਂਦੀ
ਇਹਦੇ ਵਿਚ ਲੋਕ ਸ਼ਾਮਲ ਨੇ
ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਿਲ ਨੇ
ਇਹ ਮੇਲਾ ਹੈ

ਇਹਦੇ ਵਿਚ ਧਰਤ ਸ਼ਾਮਿਲ, ਬਿਰਖ, ਪਾਣੀ, ਪੌਣ ਸ਼ਾਮਲ ਨੇ
ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ
ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ।

ਅਸੀਂ ਡਾ. ਸੁਰਜੀਤ ਸਿੰਘ ਤੇ ਖ਼ੋਜਾਰਥੀ ਆਮੀਨ ਅਮੀਤੋਜ਼ ਦੇ ਤਹਿਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਯੋਗਦਾਨ ਸਦਕਾ ਸੁਰਜੀਤ ਪਾਤਰ ਜੀ ਦੀ ਲੇਖਣੀ ਦੇ ਇਨ੍ਹਾਂ ਪੱਖਾਂ ਨੂੰ ਪਾਰੀ ਜਾਣ ਤੇ ਸਮਝ ਪਾਈ ਹੈ ਤੇ ਜਿਨ੍ਹਾਂ ਦੀ ਮਦਦ ਤੋਂ ਬਗੈਰ ਇਹ ਲਿਖ ਸਕਣਾ ਸ਼ਾਇਦ ਅਸੰਭਵ ਹੀ ਰਹਿ ਜਾਂਦਾ।

ਤਰਜਮਾ: ਕਮਲਜੀਤ ਕੌਰ

Editor : PARIBhasha Team

PARIBhasha is our unique Indian languages programme that supports reporting in and translation of PARI stories in many Indian languages. Translation plays a pivotal role in the journey of every single story in PARI. Our team of editors, translators and volunteers represent the diverse linguistic and cultural landscape of the country and also ensure that the stories return and belong to the people from whom they come.

Other stories by PARIBhasha Team
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur