ਆਪਣੇ ਕਮਰੇ ਦੀ ਖਿੜਕੀ ਤੋਂ ਬਾਹਰ ਉਨ੍ਹਾਂ ਜਿੱਧਰ ਵੀ ਦੇਖਿਆ ਸਿਰਫ਼ ਪਾਣੀ ਹੀ ਪਾਣੀ ਨਜ਼ਰ ਆਇਆ। ਹੜ੍ਹ ਦਾ ਪਾਣੀ ਲੱਥਣ ਦਾ ਨਾਮ ਨਹੀਂ ਸੀ ਲੈ ਰਿਹਾ। ਰੁਪਾਲੀ ਬਾਗੂ ਦਾ ਘਰ ਸੁਬਨਸ਼੍ਰੀ ਨਦੀ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਨਦੀ ਬ੍ਰਹਮਪੁੱਤਰ ਨਦੀ ਦੀ ਮੁੱਖ ਸਹਾਇਕ ਨਦੀਆਂ ਵਿੱਚੋਂ ਇੱਕ ਹੈ ਅਤੇ ਇਹਦੇ ਵਿੱਚ ਹਰ ਸਾਲ ਹੜ੍ਹ ਆਉਂਦੇ ਹਨ।

ਤੁਸੀਂ ਜਿੱਧਰ ਵੀ ਦੇਖੋ, ਪਾਣੀ ਹੀ ਪਾਣੀ ਦਿੱਸੇਗਾ, ਪਰ ਪੀਣ ਲਈ ਇੱਕ ਬੂੰਦ ਵੀ ਨਹੀਂ। ਉਨ੍ਹਾਂ ਦਾ ਘਰ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਬੋਰਦੁਬੀ ਮਾਲੂਵਾਲ ਪਿੰਡ ਵਿੱਚ ਹੈ। ਇੱਥੇ ਪੀਣ ਵਾਲ਼ਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੈ। "ਸਾਡੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਦੇ ਹੈਂਡ ਪੰਪ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ," ਰੁਪਾਲੀ ਦੱਸਦੀ ਹਨ।

ਉਹ ਸੜਕ ਦੇ ਨੇੜੇ ਇੱਕ ਹੈਂਡ ਪੰਪ ਤੋਂ ਪਾਣੀ ਲਿਆਉਣ ਲਈ ਇੱਕ ਛੋਟੀ ਕਿਸ਼ਤੀ ਦਾ ਸਹਾਰਾ ਲੈਂਦੇ ਹਨ। ਇਸ ਵਿੱਚ ਉਹ ਪਾਣੀ ਦੇ ਤਿੰਨ ਭਾਂਡੇ ਰੱਖੀ ਸੜਕ ਤੱਕ ਪਹੁੰਚਦੇ ਤੇ ਫਿਰ ਜਿਵੇਂ-ਕਿਵੇਂ ਵਾਪਸੀ ਕਰਦੇ ਹਨ, ਸੜਕ ਜੋ ਅੱਧੀ ਕੁ ਪਾਣੀ ਵਿੱਚ ਡੁੱਬੀ ਹੋਈ ਸੀ। ਕਿਸ਼ਤੀ ਤੋਰਨ ਲਈ ਉਹ ਲੰਬੇ ਬਾਂਸ ਨੂੰ ਚੱਪੂ ਬਣਾ ਲੈਂਦੇ ਹਨ। "ਮੋਨੀ, ਮੇਰੇ ਨਾਲ਼ ਆਓ!" ਉਨ੍ਹਾਂ ਆਪਣੇ ਗੁਆਂਢੀ ਨੂੰ ਬੁਲਾਇਆ। ਆਮ ਤੌਰ 'ਤੇ ਦੋਵੇਂ ਇਕੱਠੀਆਂ ਪਾਣੀ ਭਰਨ ਜਾਂਦੀਆਂ ਤੇ ਇੱਕ ਦੂਜੇ ਦੀ ਮਦਦ ਕਰਦੀਆਂ ਹਨ।

PHOTO • Ashwini Kumar Shukla
PHOTO • Ashwini Kumar Shukla

ਖੱਬੇ : ਰੁਪਾਲੀ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ। ਇੱਥੇ ਹਰ ਸਾਲ ਹੜ੍ਹ ਕਈ ਸਮੱਸਿਆਵਾਂ ਪੈਦਾ ਕਰਦੇ ਹਨ। ਸੱਜੇ : ਇੱਥੋਂ ਦੇ ਹੋਰਨਾਂ ਲੋਕਾਂ ਵਾਂਗ , ਉਹ ਵੀ ਸਾਂਗਘਰ ਵਿੱਚ ਰਹਿੰਦੇ ਹਨ - ਬਾਂਸ ਨਾਲ਼ ਬਣਾਇਆ ਉੱਚਾ ਜਿਹਾ ਢਾਂਚਾ ਹੜ੍ਹਾਂ ਤੋਂ ਬਚਾਉਂਦਾ ਹੈ

PHOTO • Ashwini Kumar Shukla
PHOTO • Ashwini Kumar Shukla

ਖੱਬੇ : ਰੁਪਾਲੀ ਬਾਗੂ ਦਾ ਘਰ ਸੁਬਨਸ਼੍ਰੀ ਨਦੀ ਤੋਂ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ' ਤੇ ਹੈ। ਇਹ ਨਦੀ ਬ੍ਰਹਮਪੁੱਤਰ ਨਦੀ ਦੀ ਮੁੱਖ ਸਹਾਇਕ ਨਦੀਆਂ ਵਿੱਚੋਂ ਇੱਕ ਹੈ। ਜਦੋਂ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਹੈ ਤਾਂ ਉਹ ਘੁੰਮਣ ਲਈ ਇੱਕ ਛੋਟੀ ਕਿਸ਼ਤੀ ਦੀ ਵਰਤੋਂ ਕਰਦੇ ਹਨ

ਕੁਝ ਦੇਰ ਹੈਂਡ ਪੰਪ ਚਲਾਉਣ ਤੋਂ ਬਾਅਦ, ਅਖੀਰ ਸਾਫ਼ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। "ਤਿੰਨ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ, ਇਸ ਲਈ ਅਸੀਂ ਪਾਣੀ ਲਿਆਉਣ ਯੋਗ ਹੋ ਗਏ," ਉਨ੍ਹਾਂ ਨੇ ਹੱਸਦਿਆਂ ਰਾਹਤ ਭਰੀ ਆਵਾਜ਼ ਵਿੱਚ ਕਿਹਾ। ਕਿਉਂਕਿ ਪਾਣੀ ਲਿਆਉਣਾ ਔਰਤਾਂ ਦਾ ਕੰਮ ਮੰਨਿਆ ਜਾਂਦਾ ਹੈ, ਇਸ ਲਈ ਪਾਣੀ ਭਰਨ ਦੀ ਸਮੱਸਿਆ ਵੀ ਉਨ੍ਹਾਂ ਦੀ ਹੀ ਹੈ।

"ਜਦੋਂ ਹੈਂਡ ਪੰਪ ਸੁੱਕ ਜਾਂਦੇ ਹਨ ਤਾਂ ਅਸੀਂ ਪਾਣੀ ਉਬਾਲ਼ਦੇ ਤੇ ਪੀਂਦੇ ਹਾਂ," 36 ਸਾਲਾ ਰੁਪਾਲੀ ਆਪਣੇ ਘਰ ਦੇ ਆਲੇ-ਦੁਆਲੇ ਖੜ੍ਹੇ ਗੰਦੇ ਪਾਣੀ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ।

ਇੱਥੋਂ ਦੇ ਕਈ ਹੋਰ ਘਰਾਂ ਵਾਂਗ, ਰੁਪਾਲੀ ਦਾ ਘਰ ਵੀ ਹੜ੍ਹਾਂ ਦਾ ਸਾਹਮਣਾ ਕਰਨ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ। ਸਥਾਨਕ ਤੌਰ 'ਤੇ ਅਜਿਹੇ ਘਰਾਂ ਨੂੰ ਸੰਗਘਰ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਹੜ੍ਹ ਦੇ ਪਾਣੀ ਨੂੰ ਅੰਦਰ ਵੜ੍ਹਨ ਤੋਂ ਰੋਕਣ ਲਈ ਇਹ ਘਰ ਬਾਂਸ ਦੇ ਉੱਚੇ ਪਲੇਟਫਾਰਮ 'ਤੇ ਬਣਾਏ ਜਾਂਦੇ ਹਨ। ਬਤਖਾਂ ਨੇ ਘਰ ਦੇ ਵਰਾਂਡੇ ਨੂੰ ਹੀ ਆਪਣਾ ਘਰ ਬਣਾ ਲਿਆ ਸੀ। ਉਨ੍ਹਾਂ ਦੀਆਂ ਚੀਕਾਂ ਨੇ ਖ਼ਾਮੋਸ਼ੀ ਤੋੜ ਦਿੱਤੀ।

ਰੁਪਾਲੀ ਦੀ ਛੋਟੀ ਕਿਸ਼ਤੀ ਹੀ ਉਨ੍ਹਾਂ ਨੂੰ ਪਖਾਨੇ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਪਹਿਲਾਂ ਉਨ੍ਹਾਂ ਦੇ ਘਰ  ਬਾਥਰੂਮ ਹੁੰਦਾ ਸੀ, ਪਰ ਹੁਣ ਉਹ ਵੀ ਡੁੱਬ ਗਿਆ ਹੈ। "ਸਾਨੂੰ ਨਦੀ ਵੱਲ ਬਹੁਤ ਦੂਰ ਜਾਣਾ ਪੈਂਦਾ ਹੈ," ਰੁਪਾਲੀ ਕਹਿੰਦੇ ਹਨ। ਉਨ੍ਹਾਂ ਨੂੰ ਜਾਣ ਲਈ ਹਨ੍ਹੇਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ।

PHOTO • Ashwini Kumar Shukla
PHOTO • Ashwini Kumar Shukla

ਖੱਬੇ ਅਤੇ ਸੱਜੇ : ਤੁਸੀਂ ਜਿੱਧਰ ਵੀ ਦੇਖੋ , ਪਾਣੀ ਹੀ ਪਾਣੀ ਦਿੱਸੇਗਾ, ਪਰ ਤ੍ਰਾਸਦੀ ਇਹ ਹੈ ਕਿ ਪੀਣ ਲਈ ਇੱਕ ਬੂੰਦ ਵੀ ਨਹੀਂ

ਹੜ੍ਹਾਂ ਨੇ ਨਾ ਸਿਰਫ਼ ਇੱਥੋਂ ਦੇ ਲੋਕਾਂ (ਜ਼ਿਆਦਾਤਰ ਮਿਸਿੰਗ ਭਾਈਚਾਰੇ ਦੇ) ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਬਲਕਿ ਉਨ੍ਹਾਂ ਦੇ ਜੀਵਨ ਢੰਗ ਨੂੰ ਵੀ ਪ੍ਰਭਾਵਿਤ ਕੀਤਾ ਹੈ। "ਸਾਡੇ ਕੋਲ਼ 12 ਵਿਘੇ ਖੇਤ ਸੀ ਜਿੱਥੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਸੀ। ਪਰ ਇਸ ਸਾਲ ਜੋ ਕੁਝ ਵੀ ਅਸੀਂ ਉਗਾਇਆ ਪਾਣੀ ਵਿੱਚ ਡੁੱਬ ਗਿਆ, ਸਾਡਾ ਸਾਰਾ ਕੁਝ ਰੁੜ੍ਹ ਗਿਆ," ਰੁਪਾਲੀ ਕਹਿੰਦੇ ਹਨ। ਨਦੀ ਪਹਿਲਾਂ ਹੀ ਉਨ੍ਹਾਂ ਦੀ ਜ਼ਮੀਨ ਦਾ ਇੱਕ ਹਿੱਸਾ ਨਿਗਲ਼ ਚੁੱਕੀ ਹੈ। "ਹੜ੍ਹਾਂ ਦਾ ਪਾਣੀ ਲੱਥਣ ਤੋਂ ਬਾਅਦ ਹੀ ਅਸੀਂ ਜਾਣ ਸਕਾਂਗੇ ਇਸ ਸਾਲ ਨਦੀ ਨੇ ਸਾਡਾ ਕੀ ਕੁਝ ਨਿਗਲ਼ ਲਿਆ," ਉਹ ਕਹਿੰਦੇ ਹਨ।

ਖੇਤੀਬਾੜੀ ਮਿਸਿੰਗ ਭਾਈਚਾਰੇ ਦਾ ਰਵਾਇਤੀ ਕਿੱਤਾ ਹੈ (ਉਹ ਇਸ ਰਾਜ ਵਿੱਚ ਅਨੁਸੂਚਿਤ ਕਬੀਲਿਆਂ ਦੇ ਅਧੀਨ ਸੂਚੀਬੱਧ ਹਨ)। ਕਈਆਂ ਨੇ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਖੇਤੀ ਕਰਨ ਦੇ ਯੋਗ ਰਹਿ ਹੀ ਨਹੀਂ ਗਏ। 2020 ਦੇ ਇਸ ਅਧਿਐਨ ਅਨੁਸਾਰ, ਲਖੀਮਪੁਰ ਤੋਂ ਬਾਹਰ ਜਾਣ ਵਾਲ਼ੀ ਆਬਾਦੀ ਜ਼ਿਲ੍ਹੇ ਦਾ 29 ਪ੍ਰਤੀਸ਼ਤ ਹਿੱਸਾ ਹੈ। ਇਹ ਰਾਸ਼ਟਰੀ ਔਸਤ ਤੋਂ ਤਿੰਨ ਗੁਣਾ ਹੈ। ਰੁਪਾਲੀ ਦੇ ਪਤੀ, ਮਾਨਸ ਹੁਣ ਹੈਦਰਾਬਾਦ ਸ਼ਹਿਰ ਵਿੱਚ ਚੌਕੀਦਾਰ ਵਜੋਂ ਕੰਮ ਕਰਦੇ ਹਨ। ਘਰ ਅਤੇ ਬੱਚਿਆਂ (ਧੀ ਤੇ ਪੁੱਤਰ) ਦੀ ਜ਼ਿੰਮੇਵਾਰੀ ਹੁਣ ਰੁਪਾਲੀ ਸਿਰ ਹੈ। ਮਾਨਸ, ਜੋ ਮਹੀਨੇ ਵਿੱਚ 15,000 ਰੁਪਏ ਕਮਾਉਂਦੇ ਹਨ, ਇਸ ਵਿੱਚੋਂ 8,000-10,000 ਰੁਪਏ ਘਰ ਭੇਜਦੇ ਹਨ।

ਰੁਪਾਲੀ ਦਾ ਕਹਿਣਾ ਹੈ ਕਿ ਸਾਲ ਦੇ ਛੇ ਮਹੀਨੇ ਉਨ੍ਹਾਂ ਦੇ ਘਰ ਪਾਣੀ ਵਿੱਚ ਡੁੱਬੇ ਰਹਿੰਦੇ ਹਨ। ਇਸ ਲਈ ਇੱਥੇ ਕੰਮ ਲੱਭਣਾ ਮੁਸ਼ਕਲ ਹੈ। ''ਪਿਛਲੇ ਸਾਲ, ਸਰਕਾਰ ਤੋਂ ਕੁਝ ਮਦਦ ਮਿਲੀ ਸੀ- ਪੋਲੀਥੀਨ ਸ਼ੀਟਾਂ, ਕਰਿਆਨੇ ਦਾ ਸਾਮਾਨ ਵਗੈਰਾ। ਪਰ ਇਸ ਸਾਲ ਕੁਝ ਵੀ ਨਹੀਂ ਦਿੱਤਾ ਗਿਆ। ਜੇ ਸਾਡੇ ਕੋਲ਼ ਪੈਸੇ ਹੁੰਦੇ, ਤਾਂ ਅਸੀਂ ਇੱਥੋਂ ਚਲੇ ਹੀ ਜਾਂਦੇ," ਉਦਾਸ ਲਹਿਜੇ ਵਿੱਚ ਉਨ੍ਹਾਂ ਕਿਹਾ।

ਤਰਜਮਾ: ਕਮਲਜੀਤ ਕੌਰ

Ashwini Kumar Shukla

Ashwini Kumar Shukla is a freelance journalist based in Jharkhand and a graduate of the Indian Institute of Mass Communication (2018-2019), New Delhi. He is a PARI-MMF fellow for 2023.

Other stories by Ashwini Kumar Shukla
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur