ਬਬੀਤਾ ਆਪਣੇ ਪਰਿਵਾਰ ਦੇ ਡਾਵਾਂਡੋਲ ਬਜਟ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਦੇ ਹਨ,"ਮੇਰਾ ਹੱਥ ਤੰਗ ਹੀ ਰਹਿੰਦਾ ਹੈ। ਮੈਂ ਖਾਣ-ਪੀਣ ਲਈ ਪੈਸੇ ਅੱਡ ਰੱਖਦੀ ਹਾਂ, ਪਰ ਅਕਸਰ ਇਹ ਪੈਸਾ ਦਵਾਈਆਂ 'ਤੇ ਖਰਚ ਹੋ ਜਾਂਦਾ ਹੈ। ਮੈਨੂੰ ਆਪਣੇ ਪੁੱਤਰਾਂ ਦੀ ਟਿਊਸ਼ਨ ਲਈ ਰੱਖੇ ਪੈਸੇ ਨਾਲ਼ ਹੀ ਰਾਸ਼ਨ ਪਾਉਣਾ ਪੈਂਦਾ ਹੈ ਅਤੇ ਹਰ ਮਹੀਨੇ ਮੈਨੂੰ ਮਾਲਕਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ..."
37 ਸਾਲਾ ਇਹ ਘਰੇਲੂ ਸਹਾਇਕਾ ਕੋਲਕਾਤਾ ਦੇ ਕਾਲੀਕਾਪੁਰ ਇਲਾਕੇ ਵਿੱਚ ਦੋ ਘਰਾਂ ਦਾ ਕੰਮ ਕਰਕੇ ਸਾਲ ਵਿੱਚ ਬਾਮੁਸ਼ਕਿਲ 1 ਲੱਖ ਰੁਪਏ ਕਮਾਉਂਦੇ ਹਨ। ਉਹ ਸਿਰਫ਼ 10 ਸਾਲ ਦੀ ਉਮਰੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਆਸਨਨਗਰ ਤੋਂ ਕੋਲਕਾਤਾ ਆ ਗਏ ਸਨ। "ਮੇਰੇ ਮਾਪੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕੇ। ਇਸ ਲਈ, ਮੈਨੂੰ ਇੱਕ ਪਰਿਵਾਰ ਦੇ ਘਰ ਕੰਮ ਕਰਨ ਲਈ ਕੋਲਕਾਤਾ ਭੇਜਿਆ ਗਿਆ, ਜੋ ਮੂਲ਼ ਰੂਪ ਵਿੱਚ ਸਾਡੇ ਪਿੰਡ ਤੋਂ ਹੀ ਸੀ।''
ਉਦੋਂ ਤੋਂ, ਬਬੀਤਾ ਕਈ ਘਰਾਂ ਵਿੱਚ ਘਰੇਲੂ ਸਹਾਇਕਾ ਵਜੋਂ ਕੰਮ ਕਰ ਰਹੇ ਹਨ। ਉਹ ਪਿਛਲੇ 27 ਸਾਲਾਂ ਤੋਂ ਕੋਲਕਾਤਾ ਵਿੱਚ ਹਨ ਅਤੇ ਇਸ ਸਮੇਂ ਦੌਰਾਨ, ਪੇਸ਼ ਕੀਤੇ ਗਏ ਕਿਸੇ ਵੀ ਬਜਟ ਵਿੱਚ ਉਨ੍ਹਾਂ ਲਈ ਜਾਂ ਭਾਰਤ ਵਿੱਚ 42 ਲੱਖ ਤੋਂ ਵੱਧ (ਅਧਿਕਾਰਤ ਰੂਪ ਵਿੱਚ) ਘਰੇਲੂ ਸਹਾਇਕਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਸੁਤੰਤਰ ਅਨੁਮਾਨਾਂ ਅਨੁਸਾਰ, ਉਨ੍ਹਾਂ ਦੀ ਗਿਣਤੀ 5 ਕਰੋੜ ਤੋਂ ਵੱਧ ਹੈ।
ਸਾਲ 2017 'ਚ ਬਬੀਤਾ ਦਾ ਵਿਆਹ ਦੱਖਣੀ 24 ਪਰਗਨਾ ਦੀ ਉਚੇਪੋਤਾ ਪੰਚਾਇਤ ਦੇ ਭਗਵਾਨਪੁਰ ਇਲਾਕੇ 'ਚ ਰਹਿਣ ਵਾਲ਼ੇ ਅਮਲ ਮਿੱਤਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ, ਬਬੀਤਾ ਦੀਆਂ ਜ਼ਿੰਮੇਵਾਰੀਆਂ ਕਈ ਗੁਣਾ ਵਧ ਗਈਆਂ, ਕਿਉਂਕਿ ਉਨ੍ਹਾਂ ਦੇ ਪਤੀ, ਜੋ ਇੱਕ ਫੈਕਟਰੀ ਵਿੱਚ ਦਿਹਾੜੀ ਮਜ਼ਦੂਰ ਸਨ, ਘਰ ਦੇ ਖਰਚਿਆਂ ਵਿੱਚ ਬਹੁਤ ਹੀ ਘੱਟ ਯੋਗਦਾਨ ਪਾ ਪਾਉਂਦੇ। ਆਮ ਤੌਰ 'ਤੇ, ਬਬੀਤਾ ਦੀ ਕਮਾਈ ਸਿਰ ਹੀ ਉਨ੍ਹਾਂ ਦੇ ਛੇ ਮੈਂਬਰੀ ਪਰਿਵਾਰ ਦੇ ਖਰਚੇ ਚੱਲ ਪਾਉਂਦੇ, ਜਿਸ ਵਿੱਚ ਬਬੀਤਾ ਤੇ ਅਮਲ ਤੋਂ ਇਲਾਵਾ ਉਨ੍ਹਾਂ ਦੇ 5 ਅਤੇ 6 ਸਾਲ ਦੇ ਦੋ ਬੇਟੇ, ਬਬੀਤਾ ਦੀ ਸੱਸ ਅਤੇ 20-25 ਸਾਲ ਦੀ ਇੱਕ ਮਤਰੇਈ ਧੀ ਵੀ ਸ਼ਾਮਲ ਹੈ।
ਬਬੀਤਾ, ਜਿਨ੍ਹਾਂ ਨੇ ਚੌਥੀ ਜਮਾਤ ਵਿੱਚ ਸਕੂਲ ਛੱਡ ਦਿੱਤਾ ਸੀ, ਨੂੰ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵਿੱਚ ਲਾਗੂ ਕੀਤੇ ਗਏ 'ਜੈਂਡਰ ਬਜਟ' ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਸੰਕਲਪ ਤੋਂ ਵੀ ਜਾਣੂ ਨਹੀਂ ਹੈ, ਜਿਸ ਵਿੱਚ 2025-26 ਦੇ ਕੇਂਦਰੀ ਬਜਟ ਵਿੱਚ ਔਰਤਾਂ ਦੀ ਅਗਵਾਈ ਵਿੱਚ ਆਰਥਿਕ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ। ਹਾਲਾਂਕਿ, ਬਬੀਤਾ ਰੋਜ਼ਮੱਰਾ ਦਰਪੇਸ਼ ਤਲਖ਼ ਹਕੀਕਤਾਂ ਤੋਂ ਜਾਣੂ ਜ਼ਰੂਰ ਹਨ, ਇਸ ਲਈ ਉਨ੍ਹਾਂ ਦੇ ਜਵਾਬ ਵਿੱਚ ਇਹ ਸਮਝਦਾਰੀ ਜ਼ਾਹਰਾ ਤੌਰ 'ਤੇ ਸਪੱਸ਼ਟ ਹੋਈ, "ਇਸ ਬਜਟ ਦਾ ਕੀ ਫਾਇਦਾ ਹੈ ਜੋ ਔਰਤਾਂ ਲਈ ਬਹੁਤ ਕੁਝ ਕਰਨ ਦਾ ਦਾਅਵਾ ਤਾਂ ਕਰਦਾ ਹੋਵੇ, ਪਰ ਜਦੋਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਕੋਈ ਉਨ੍ਹਾਂ ਦੀ ਬਾਂਹ ਫੜ੍ਹਨ ਵਾਲ਼ਾ ਨਹੀਂ ਹੁੰਦਾ?" ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ।
![](/media/images/02a-IMG20250203132847-SK-Sarkar_makes_such.max-1400x1120.jpg)
![](/media/images/02b-IMG20250203133738-SK-Sarkar_makes_such.max-1400x1120.jpg)
ਬਬੀਤਾ ਦੀਆਂ ਅੱਖਾਂ ਨਮ ਹੋ ਗਈਆਂ ਜਿਓਂ ਹੀ ਉਨ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਦਰਪੇਸ਼ ਮੁਸ਼ਕਲਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਗਰਭ ਅਵਸਥਾ ਦੇ ਆਖਰੀ ਤਿੰਨ ਮਹੀਨਿਆਂ ਵਿੱਚ ਸਰਕਾਰ ਤੋਂ ਸਹਾਇਤਾ ਦੀ ਘਾਟ ਅਤੇ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਤਹਿਤ ਮਿਲ਼ਣ ਵਾਲ਼ੇ ਪੋਸ਼ਣ ਅਤੇ ਪ੍ਰੋਟੀਨ ਪੂਰਕਾਂ ਦੀ ਅਣਹੋਂਦ ਕਾਰਨ, ਉਨ੍ਹਾਂ ਵਿੱਚ ਵਿਟਾਮਿਨ ਦੀ ਕਮੀ ਹੋ ਗਈ, ਜਿਸ ਦੇ ਲੱਛਣ ਅਜੇ ਵੀ ਉਨ੍ਹਾਂ ਦੇ ਸਰੀਰ 'ਤੇ ਦਿਖਾਈ ਦਿੰਦੇ ਹਨ
![](/media/images/03a-IMG20250203132920-SK-Sarkar_makes_such.max-1400x1120.jpg)
![](/media/images/03c-IMG20250203132155-SK-Sarkar_makes_such.max-1400x1120.jpg)
ਦੋ ਛੋਟੇ ਸਕੂਲੀ ਬੱਚਿਆਂ ਦੀ ਮਾਂ ਬਬੀਤਾ ਕੋਲਕਾਤਾ ਦੇ ਦੋ ਘਰਾਂ ਦਾ ਕੰਮ ਕਰਕੇ ਮੁਸ਼ਕਿਲ ਨਾਲ਼ ਆਪਣਾ ਘਰ ਚਲਾਉਂਦੇ ਹਨ। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬਜਟ ਨੂੰ ਮਹਿਲਾ-ਕੇਂਦਰਿਤ ਬਜਟ ਆਖ-ਆਖ ਕੇ ਜਿੰਨਾ ਪ੍ਰਚਾਰਿਆ ਜਾ ਰਿਹਾ ਹੈ ਉਹਦਾ ਓਨਾ ਕੋਈ ਫਾਇਦਾ ਵੀ ਹੋਵੇਗਾ, ਕਿਉਂਕਿ ਮੁਸ਼ਕਲ ਹਾਲਾਤਾਂ ਵਿੱਚ ਉਨ੍ਹਾਂ ਵਰਗੀਆਂ ਔਰਤਾਂ ਦੀ ਸਹਾਇਤਾ ਕਰਨ ਵਾਲ਼ਾ ਕੋਈ ਨਹੀਂ ਹੁੰਦਾ
"ਓਟਾ ਅਮਾਰ ਜੀਬਨੇਰ ਸਬਚੇਯੇ ਖਰਾਪ ਸਮਯ। ਪੇਟੇ ਤਖਨ ਦਵੀਤਿਯੋ ਸੰਤਾਨ, ਪ੍ਰਥਮ ਜੋਨ ਤਖਨੋ ਆਮਾਰ ਦੂਧ ਖਾਯ... ਸ਼ਰੀਰ ਕੀਨੋ ਜੋਰ ਛਿਲੋ ਨਾ। (ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਸੀ। ਮੇਰੀ ਕੁੱਖ ਵਿੱਚ ਮੇਰਾ ਦੂਜਾ ਬੱਚਾ ਪਲ਼ ਰਿਹਾ ਸੀ ਅਤੇ ਮੈਂ ਆਪਣੇ ਪਹਿਲੇ ਬੱਚੇ ਨੂੰ ਦੁੱਧ ਪਿਆ ਰਹੀ ਸੀ। ਮੇਰੇ ਸਰੀਰ ਵਿੱਚ ਮਾਸਾ ਤਾਕਤ ਨਾ ਬਚੀ।'' ਅੱਜ ਵੀ ਉਹ ਵੇਲ਼ਾ ਚੇਤਾ ਕਰਦਿਆਂ ਉਨ੍ਹਾਂ ਦਾ ਗਲ਼ਾ ਭਰ ਆਉਂਦਾ ਹੈ,"ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਬਚ ਗਈ।''
"ਆਪਣੀ ਗਰਭ ਅਵਸਥਾ ਦੇ ਆਖਰੀ ਮਹੀਨਿਆਂ ਵਿੱਚ, ਮੈਨੂੰ ਇੰਨਾ ਵੱਡਾ ਢਿੱਲ ਲੈ ਕੇ ਮੀਲਾਂ-ਬੱਧੀ ਪੈਦਲ ਤੁਰਦੇ ਰਹਿਣਾ ਪਿਆ ਅਤੇ ਚੈਰਿਟੀ ਸੰਸਥਾਵਾਂ ਅਤੇ ਕੁਝ ਭਲ਼ੇ ਲੋਕਾਂ ਦੁਆਰਾ ਵੰਡਿਆ ਜਾ ਰਿਹਾ ਰਾਸ਼ਨ ਪ੍ਰਾਪਤ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ," ਉਹ ਦੱਸਦੇ ਹਨ।
"ਸਰਕਾਰ ਨੇ (ਪੀਡੀਐੱਸ ਤਹਿਤ) ਸਿਰਫ਼ 5 ਕਿਲੋ ਮੁਫ਼ਤ ਚੌਲ਼ ਦੇ ਕੇ ਆਪਣਾ ਪੱਲਾ ਝਾੜ ਲਿਆ। ਮੈਨੂੰ ਗਰਭਵਤੀ ਔਰਤਾਂ ਲਈ ਤਜਵੀਜ਼ ਕੀਤੀਆਂ ਦਵਾਈਆਂ ਅਤੇ ਭੋਜਨ [ਪੋਸ਼ਣ ਅਤੇ ਪ੍ਰੋਟੀਨ ਪੂਰਕ] ਵੀ ਨਹੀਂ ਮਿਲ਼ਿਆ," ਉਹ ਕਹਿੰਦੇ ਹਨ। ਮਹਾਂਮਾਰੀ ਦੌਰਾਨ ਕੁਪੋਸ਼ਣ ਕਾਰਨ ਅਨੀਮੀਆ ਅਤੇ ਕੈਲਸ਼ੀਅਮ ਦੀ ਘਾਟ ਦੇ ਲੱਛਣ ਅਜੇ ਵੀ ਉਨ੍ਹਾ ਦੇ ਹੱਥਾਂ ਅਤੇ ਪੈਰਾਂ 'ਤੇ ਦਿਖਾਈ ਦਿੰਦੇ ਹਨ।
"ਇੱਕ ਗ਼ਰੀਬ ਔਰਤ, ਜਿਹਨੂੰ ਨਾ ਆਪਣੇ ਮਾਪਿਆਂ ਦਾ ਸਾਥ ਮਿਲ਼ਿਆ ਨਾ ਹੀ ਪਤੀ ਦੇ ਪਰਿਵਾਰ ਤੋਂ ਕੋਈ ਸਹਾਇਤਾ ਹੀ ਮਿਲ਼ੀ, ਉਹਦੀ ਦੇਖਭਾਲ਼ ਦੀ ਜ਼ਿੰਮੇਦਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ।'' ਬਬੀਤਾ 12 ਲੱਖ ਦੀ ਸਲਾਨਾ ਆਮਦਨੀ 'ਤੇ ਦਿੱਤੀ ਜਾਣ ਵਾਲ਼ੀ ਟੈਕਸ ਛੋਟ ਨੂੰ ਸੁਣ ਕੇ ਖੱਟਾ ਹਾਸਾ ਹੱਸਦਿਆਂ ਕਹਿੰਦੇ ਹਨ,''ਅਸੀਂ ਕਿੱਥੇ ਹਾਂ? ਅਸੀਂ ਜੋ ਕੁਝ ਵੀ ਖਰੀਦਦੇ ਹਾਂ ਉਸ 'ਤੇ ਟੈਕਸ ਨਹੀਂ ਦਿੰਦੇ? ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ, ਪਰ ਸਾਰਾ ਪੈਸਾ ਸਾਡੇ ਵੱਲੋਂ ਦਿੱਤੇ ਜਾਂਦੇ ਟੈਕਸ ਤੋਂ ਹੀ ਤਾਂ ਆਉਂਦਾ ਏ।'' ਗੱਲ ਕਰਦੇ-ਕਰਦੇ ਬਬੀਤਾ ਯਕਦਮ ਰੁੱਕ ਜਾਂਦੇ ਹਨ ਤੇ ਮਾਲਕ ਦੇ ਘਰ ਦੀ ਬਾਲਕਨੀ ਵਿੱਚ ਸੁੱਕਣੇ ਪਏ ਕੱਪੜੇ ਉਤਾਰਨ ਲੱਗ ਜਾਂਦੇ ਹਨ।
ਫਿਰ ਗੱਲ ਮੁਕਾਉਣ ਦੇ ਲਹਿਜੇ ਵਿੱਚ ਦੋ-ਟੂਕ ਕਹਿੰਦੇ ਹੋਏ:'ਪੈਸਾ ਸਾਡਾ...ਯੋਗਦਾਨ ਸਾਡਾ... ਫਿਰ ਇੰਨਾ ਰੌਲ਼ਾ ਕਿਸ ਗੱਲ ਦਾ!"
ਤਰਜਮਾ: ਕਮਲਜੀਤ ਕੌਰ