“ਮੇਰੇ ਸਹੁਰਿਆਂ ਨੇ ਚੰਗੀ ਵਹੁਟੀ ਲਿਆਉਣ ਲਈ ਉਹਨੂੰ ਪੈਸੇ ਦਿੱਤੇ ਸਨ। ਇੱਥੇ ਇਹ ਇੱਕ ਆਮ ਪ੍ਰਥਾ ਹੈ।” 20 ਸਾਲਾ ਰੂਮਾ ਖੀਚੜ ਮੇਰੇ ਨਾਲ ਆਪਣੀ ਕਹਾਣੀ ਸਾਂਝੀ ਕਰਦੀ ਹਨ। “ਕਿਤੋਂ ਦੂਰੋਂ ਆ ਕੇ ਇੱਥੇ [ਰਾਜਸਥਾਨ] ਵੱਸਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਮੇਰੀ ਜੇਠਾਣੀ.....”
“ਪਚਾਸ ਹਜ਼ਾਰ ਲਗਾ ਕੇ ਉਸ ਕੋ ਲਾਏ ਥੇ! ਫ਼ਿਰ ਭੀ ਸਾਤ ਸਾਲ ਕੀ ਬੱਚੀ ਛੋੜ ਕੇ ਭਾਗ ਗਈ ਵੋ” 67 ਸਾਲਾ ਯਸ਼ੋਧਾ ਖੀਚੜ(ਬਦਲਿਆ ਨਾਮ) ਆਪਣੀ ਨੂੰਹ ਦੀ ਗੱਲ ਕੱਟਦੀ ਹੋਈ ਆਪਣਾ ਪੱਖ ਪੇਸ਼ ਕਰਦਿਆਂ ਕਹਿੰਦੀ ਹਨ।
ਪੰਜਾਬ ਤੋਂ ਲਿਆਂਦੀ ਆਪਣੀ ਵੱਡੀ ਨੂੰਹ, ਜੋ ਕਿ ਭੱਜ ਗਈ ਸੀ, ਬਾਰੇ ਗੱਲ ਕਰਦਿਆਂ ਯਸ਼ੋਧਾ ਦਾ ਗੁੱਸਾ ਅੱਜ ਵੀ ਬਰਕਰਾਰ ਹੈ ਤੇ ਉਹ ਕਹਿੰਦੀ ਹਨ,“ਉਹ ਔਰਤ! ਉਹ ਤਿੰਨ ਸਾਲ ਰਹੀ। ਉਸ ਨੂੰ ਹਮੇਸ਼ਾ ਹੀ ਭਾਸ਼ਾ ਦੀ ਸਮੱਸਿਆ ਰਹਿੰਦੀ ਸੀ। ਉਹਨੇ ਕਦੇ ਵੀ ਸਾਡੀ ਭਾਸ਼ਾ ਨਹੀਂ ਸਿੱਖੀ। ਰੱਖੜੀ ਦੇ ਦਿਨ, ਉਸ ਨੇ ਕਿਹਾ ਕਿ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਭਾਈ ਅਤੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਹੈ। ਅਸੀਂ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਉਹ ਕਦੇ ਮੁੜ ਕੇ ਹੀ ਨਹੀਂ ਆਈ। ਸੱਤ ਸਾਲ ਹੋ ਚੁੱਕੇ ਹਨ।”
ਯਸ਼ੋਧਾ ਦੀ ਦੂਜੀ ਨੂੰਹ, ਰੂਮਾ ਕਿਸੇ ਹੋਰ ਦਲਾਲ ਜ਼ਰੀਏ ਜੁਨਜੁਨੂ (ਜਿਸ ਨੂੰ ਜੁਨਜੁਨੂੰ ਵੀ ਕਿਹਾ ਜਾਂਦਾ ਹੈ) ਲਿਆਂਦਾ ਗਿਆ ਸੀ।
ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਉਹਨਾਂ ਦਾ ਵਿਆਹ ਕਿਹੜੀ ਉਮਰ ਵਿੱਚ ਹੋਇਆ ਸੀ। “ਮੈਂ ਕਦੇ ਸਕੂਲ ਨਹੀਂ ਗਈ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਨਹੀਂ ਦੱਸ ਸਕਦੀ ਕਿ ਮੇਰਾ ਜਨਮ ਕਿਹੜੇ ਵਰ੍ਹੇ ਹੋਇਆ ਸੀ,” ਆਪਣੀ ਸਲੇਟੀ ਅਲਮਾਰੀ ਵਿੱਚ ਆਪਣਾ ਅਧਾਰ ਕਾਰਡ ਲੱਭਦੀ ਹੋਈ ਉਹ ਕਹਿੰਦੀ ਹਨ।
ਮੈਂ ਉਹਨਾਂ ਦੀ ਪੰਜ ਸਾਲ ਦੀ ਬੇਟੀ ਨੂੰ ਕਮਰੇ ਵਿੱਚ ਮੰਜੇ ’ਤੇ ਖੇਡਦੀ ਹੋਈ ਦੇਖਦੀ ਹਾਂ।
“ਸ਼ਾਇਦ ਮੇਰਾ ਆਧਾਰ ਮੇਰੇ ਪਤੀ ਦੇ ਪਰਸ ਵਿੱਚ ਹੈ। ਮੇਰਾ ਅਦਾਜ਼ਾ ਹੈ ਮੈਂ ਹੁਣ 22 ਵਰ੍ਹਿਆਂ ਦੀ ਹੈ,” ਰੂਮਾ ਦਾ ਕਹਿਣਾ ਹੈ।










