ਪੰਜਵੀਂ ਜਮਾਤ ਤੱਕ ਰਾਮਿਆ ਦਾ ਪਾਲਣ-ਪੋਸ਼ਣ ਇੱਕ ਮੁੰਡੇ ਵਜੋਂ ਹੋਇਆ ਅਤੇ ਬਾਅਦ ਵਿੱਚ ਉਹਦੀ ਪਛਾਣ ਲੜਕੀ ਵਜੋਂ ਉਭਰਣੀ ਸ਼ੁਰੂ ਹੋਈ।
"ਜਦੋਂ ਮੈਂ [ਸੈਕੰਡਰੀ] ਸਕੂਲ ਵਿੱਚ ਸੀ, ਤਾਂ ਮੈਂ ਸ਼ਾਰਟਸ ਪਹਿਨਦੀ ਸੀ ਅਤੇ ਮੇਰੇ ਪੱਟ ਦੱਸਿਆ ਕਰਦੇ। ਇਸ ਗੱਲ ਨੇ ਮੈਨੂੰ ਮੁੰਡਿਆਂ ਵਿੱਚ ਸ਼ਰਮਿੰਦਾ ਮਹਿਸੂਸ ਕਰਾਇਆ," ਉਹ ਕਹਿੰਦੇ ਹਨ, "ਅੱਜ ਤੀਂਹ ਵਰ੍ਹਿਆਂ ਦੀ ਰਾਮਿਆ ਲਾਲ ਸਾੜੀ ਪਹਿਨੀ ਅਤੇ ਲੰਬੇ ਕਾਲ਼ੇ ਵਾਲ਼ਾਂ ਨਾਲ਼ ਨਾਰੀ ਵਜੋਂ ਆਪਣਾ ਜੀਵਨ ਮਾਣ ਰਹੇ ਹਨ।
ਰਾਮਿਆ ਚੇਂਗਲਪੱਟੂ ਜ਼ਿਲ੍ਹੇ ਦੇ ਤਿਰੂਪੋਰੂਰ ਕਸਬੇ ਵਿੱਚ ਇੱਕ ਛੋਟੇ ਜਿਹੇ ਅੰਮਨ (ਦੇਵੀ) ਮੰਦਰ ਦੀ ਦੇਖਭਾਲ਼ ਕਰਦੇ ਹਨ। ਉਨ੍ਹਾਂ ਦੀ ਮਾਂ, ਵੈਂਗਅੰਮਾ ਵੀ ਉਨ੍ਹਾਂ ਦੇ ਨਾਲ਼ ਭੁੰਜੇ ਹੀ ਬੈਠਦੀ ਹੈ। "ਵੱਡੇ ਹੁੰਦਿਆਂ ਹੁੰਦਿਆਂ, ਉਹ [ਰਾਮਿਆ ਵੱਲ ਇਸ਼ਾਰਾ ਕਰਦੇ ਹੋਏ] ਚੂੜੀਦਾਰ (ਔਰਤਾਂ ਦਾ ਲਿਬਾਸ), ਦਾਵਨੀ ਅਤੇ ਕੰਮਲ (ਵਾਲ਼ੀਆਂ) ਪਹਿਨਣਾ ਪਸੰਦ ਕਰਦਾ ਸੀ। ਅਸੀਂ ਉਸ ਨੂੰ ਮੁੰਡੇ ਵਾਂਗ ਵਿਵਹਾਰ ਕਰਨ ਲਈ ਕਹਿੰਦੇ ਰਹਿੰਦੇ। ਪਰ ਉਹ ਆਪਣੇ ਹੀ ਤਰੀਕੇ ਨਾਲ਼ ਰਹਿਣਾ ਚਾਹੁੰਦਾ," ਰਾਮਿਆ ਦੀ 56 ਸਾਲਾ ਮਾਂ ਕਹਿੰਦੀ ਹੈ।
ਕਿਉਂਕਿ ਉਸ ਸਮੇਂ ਕੰਨਿਅੰਮਾ ਮੰਦਰ ਬੰਦ ਸੀ ਜਿਸ ਕਾਰਨ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਪਾਏ। ਇਸ ਮਾਂ-ਧੀ ਦੀ ਜੋੜੀ ਵਾਂਗਰ ਇਰੂਲਰ ਭਾਈਚਾਰੇ ਦੇ ਕਈ ਲੋਕੀਂ ਇਸ ਕੰਨਿਅੰਮਾ ਮੰਦਰ ਦੀ ਪੂਜਾ ਕਰਨ ਲਈ ਆਉਂਦੇ ਹਨ।
ਰਾਮਿਆ ਹੋਰੀਂ ਕੁੱਲ ਚਾਰ ਭੈਣ-ਭਰਾ ਸਨ ਤੇ ਸਾਰੇ ਇਸੇ ਇਰੂਲਰ ਵਾਤਾਵਰਣ ਵਿੱਚ ਵੱਡੇ ਹੋਏ। ਇਰੂਲਰ ਨੂੰ ਤਾਮਿਲਨਾਡੂ ਦੇ ਛੇ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀ.ਵੀ.ਟੀ.ਜੀ.) ਦੇ ਅਧੀਨ ਵੀ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਦੇ ਮਾਪੇ, ਆਪਣੇ ਭਾਈਚਾਰੇ ਦੇ ਹੋਰਨਾਂ ਲੋਕਾਂ ਵਾਂਗ, ਖੇਤਾਂ, ਉਸਾਰੀ ਵਾਲ਼ੀਆਂ ਥਾਵਾਂ ਅਤੇ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ) ਸਾਈਟਾਂ 'ਤੇ ਕੰਮ ਕਰਦੇ ਤੇ 250 ਤੋਂ 300 ਰੁਪਏ ਦਿਹਾੜੀ ਕਮਾਉਂਦੇ।
"ਉਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਥਿਰੂਨੰਗਾਈ (ਟ੍ਰਾਂਸ ਔਰਤਾਂ ਲਈ ਵਰਤਿਆ ਜਾਣ ਵਾਲ਼ਾ ਤਾਮਿਲ ਨਾਮ) ਬਾਰੇ ਪਤਾ ਨਹੀਂ ਸੀ। ਜੇ ਮੈਂ ਘਰੋਂ ਬਾਹਰ ਨਿਕਲ਼ਦੀ ਤਾਂ ਸ਼ਹਿਰ ਦੇ ਲੋਕ ਮੇਰੀ ਪਿੱਠ ਪਿੱਛੇ ਗੱਲਾਂ ਕਰਦੇ ਸਨ," ਰਾਮਿਆ ਕਹਿੰਦੇ ਹਨ, "ਉਹ ਪੁੱਛਿਆ ਕਰਦੇ 'ਉਹਨੇ ਕੱਪੜੇ ਤਾਂ ਮੁੰਡਿਆਂ ਵਾਲ਼ੇ ਪਾਏ ਨੇ ਪਰ ਵਿਵਹਾਰ ਕੁੜੀਆਂ ਵਾਂਗ ਕਰਦਾ ਹੈ, ਇਹ ਮਰਦ ਹੈ ਜਾਂ ਔਰਤ?' ਅਤੇ ਇਹ ਗੱਲ ਮੈਨੂੰ ਬੜੀ ਤਕਲੀਫ਼ ਦਿੰਦੀ।''
ਉਨ੍ਹਾਂ ਨੇ 9ਵੀਂ ਜਮਾਤ ਵਿੱਚ ਸਕੂਲ ਛੱਡ ਦਿੱਤਾ ਅਤੇ ਆਪਣੇ ਮਾਪਿਆਂ ਵਾਂਗ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰਾਮਿਆ ਨੇ ਆਪਣਾ ਨਾਰੀ ਵਿਵਹਾਰ ਦਿਖਾਉਣਾ ਜਾਰੀ ਰੱਖਿਆ। ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਨੂੰ "ਮੁੰਡੇ ਵਾਂਗ ਵਿਵਹਾਰ" ਕਰਨ ਦੇ ਹਾੜੇ ਕੱਢਿਆ ਕਰਦੀ। ਉਹ ਇਸ ਬਾਰੇ ਚਿੰਤਤ ਸਨ ਕਿ ਉਨ੍ਹਾਂ ਦਾ ਬਾਕੀ ਭਾਈਚਾਰਾ ਕੀ ਕਹੇਗਾ।
ਜਦੋਂ ਰਾਮਿਆ 20 ਸਾਲ ਦੇ ਹੋਏ, ਤਾਂ ਉਨ੍ਹਾਂ ਨੂੰ ਘਰ ਛੱਡ ਕੇ ਆਪਣੀ ਇੱਛਾ ਅਨੁਸਾਰ ਰਹਿਣ ਦੀ ਸਲਾਹ ਦਿੱਤੀਆਂ ਜਾਣ ਲੱਗੀਆਂ। ਬੱਸ ਉਹੀ ਉਹ ਘੜੀ ਸੀ ਜਦੋਂ ਉਨ੍ਹਾਂ ਦੀ ਮਾਂ ਅਤੇ ਮਰਹੂਮ ਪਿਤਾ, ਰਾਮਚੰਦਰਨ ਨੇ ਲੋਕਾਂ ਦੀਆਂ ਗੱਲਾਂ ਵੱਲ ਕੰਨ ਧਰਨੇ ਛੱਡ ਦਿੱਤੇ। "ਸਾਡੇ ਚਾਰ ਪੁੱਤਰ ਸਨ। ਸਾਡੀ ਕੋਈ ਧੀ ਨਹੀਂ ਜੇ ਉਹ ਕੁੜੀ ਵਾਂਗ ਰਹਿਣਾ ਚਾਹੇ ਤਾਂ ਰਹੇ," ਵੈਂਗਅੰਮਾ ਕਹਿੰਦੇ ਹਨ, "ਚਾਹੇ ਮੁੰਡਾ ਹੈ ਜਾਂ ਕੁੜੀ, ਇਹ ਸਾਡਾ ਬੱਚਾ ਹੈ ਤੇ ਅਸੀਂ ਉਸਨੂੰ ਸੜਕ 'ਤੇ ਕਿਵੇਂ ਛੱਡ ਦੇਈਏ?"
ਇਸ ਤਰ੍ਹਾਂ ਰਾਮਿਆ ਨੂੰ ਆਪਣੇ ਘਰ ਦੇ ਅੰਦਰ ਔਰਤਾਂ ਦੇ ਕੱਪੜੇ ਪਹਿਨਣ ਦੀ ਛੂਟ ਮਿਲ਼ ਗਈ। ਹਾਲਾਂਕਿ, ਵੈਂਗਅੰਮਾ ਟ੍ਰਾਂਸ ਔਰਤਾਂ ਬਾਰੇ ਆਮ ਰੂੜੀਵਾਦੀ ਵਿਚਾਰਾਂ ਤੋਂ ਡਰਦੇ ਸਨ। ਉਸੇ ਡਰ ਵਿੱਚ, ਉਨ੍ਹਾਂ ਨੇ ਆਪਣੀ ਧੀ ਨੂੰ ਕਿਹਾ ਸੀ ਕਿ "ਨੀ ਕਦਈ ਏਰਾਕੂਦਾਧੂ,'' ਜਿਸਦਾ ਮਤਲਬ ਸੀ ਕਿ ਰਾਮਿਆ ਆਪਣੀ ਰੋਜ਼ੀ-ਰੋਟੀ ਲਈ ਭੀਖ ਮੰਗਣ ਇੱਕ ਦੁਕਾਨ ਤੋਂ ਦੂਜੀ ਦੁਕਾਨ ਨਹੀਂ ਜਾਵੇਗੀ।
"ਹਾਲਾਂਕਿ ਮੈਂ ਅੰਦਰੋਂ ਔਰਤਾ ਸਾਂ, ਪਰ ਬਾਹਰੋਂ ਪੁਰਸ਼ ਵਾਂਗਰ ਦਿੱਸਣਾ ਪੈਂਦਾ ਸੀ। ਮੈਂ ਦਾੜ੍ਹੀ, ਮੁੱਛਾਂ ਵਾਲ਼ੇ ਆਦਮੀ ਵਾਂਗ ਦਿਖਾਈ ਦਿੰਦੀ," ਰਾਮਿਆ ਕਹਿੰਦੇ ਹਨ। ਸਾਲ 2015 'ਚ ਰਾਮਿਆ ਨੇ ਆਪਣੀ ਸਾਰੀ ਬੱਚਤ ਇਕੱਠੀ ਕਰ ਲਈ ਸੀ ਅਤੇ ਲੇਜ਼ਰ ਤਕਨਾਲੋਜੀ ਦੀ ਵਰਤੋਂ ਨਾਲ਼ ਲਿੰਗ ਪੁਸ਼ਟੀ ਸਰਜਰੀ ਅਤੇ ਵਾਲ਼ ਹਟਾਉਣ 'ਤੇ ਇੱਕ ਲੱਖ ਰੁਪਏ ਖਰਚ ਕੀਤੇ।
ਤਿਰੂਪੋਰੂਰ ਤੋਂ 120 ਕਿਲੋਮੀਟਰ ਦੂਰ ਪੁਡੂਚੇਰੀ ਦੇ ਮਹਾਤਮਾ ਗਾਂਧੀ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ 'ਚ ਲਿੰਗ ਬਦਲਣ ਲਈ 50,000 ਰੁਪਏ ਖਰਚਾ ਆਇਆ। ਹਸਪਤਾਲ ਦੂਰ ਸੀ ਭਾਵੇਂ ਇਲਾਜ ਵੀ ਮੁਫ਼ਤ ਨਹੀਂ ਸੀ। ਬੱਸ ਇੱਕ ਕਾਰਨ ਸੀ ਕਿ ਜੋ ਉਨ੍ਹਾਂ ਇਸ ਹਸਪਤਾਲ ਨੂੰ ਤਰਜੀਹ ਦਿੱਤੀ, ਕਾਰਨ ਸੀ ਉਨ੍ਹਾਂ ਦੇ ਇੱਕ ਦੋਸਤ ਨੇ ਰਾਮਿਆ ਦੀ ਇੱਥੇ ਲਿੰਗ ਸੰਭਾਲ਼ ਵਿਭਾਗ ਵਿੱਚ ਜਾਣ-ਪਛਾਣ ਕਰਵਾਈ ਸੀ। ਤਾਮਿਲਨਾਡੂ ਰਾਜ ਭਰ ਦੇ ਕੁਝ ਚੋਣਵੇਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਿੰਗ ਤਬਦੀਲੀ ਸਰਜਰੀ ਸਹੂਲਤ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਚੇਨਈ ਸ਼ਹਿਰ ਦੇ ਇੱਕ ਕਲੀਨਿਕ ਵਿੱਚ ਆਪਣੇ ਚਿਹਰੇ 'ਤੇ ਵਾਲ ਹਟਾਉਣ ਲਈ 30,000 ਰੁਪਏ ਅਲੱਗ ਤੋਂ ਖਰਚ ਕੀਤੇ।
ਉਹ ਇੱਕ ਹੋਰ ਥਿਰੂਨੰਗਾਈ, ਵਲਾਰਮਤੀ ਵੀ ਉਨ੍ਹਾਂ ਨਾਲ਼ ਹਸਪਤਾਲ ਗਏ, ਜੋ ਇਰੂਲਰ ਭਾਈਚਾਰੇ ਨਾਲ਼ ਸਬੰਧਤ ਹਨ। ਜਿਓਂ ਹੀ ਉਹ ਹਸਪਤਾਲ ਦੇ ਬਿਸਤਰੇ 'ਤੇ ਬੈਠੇ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਜੋ ਕਦਮ ਚੁੱਕ ਰਹੇ ਸਨ ਉਹਦਾ ਬੋਝ ਪੈਣ ਲੱਗਿਆ ਸੀ। ਉਨ੍ਹਾਂ ਦੇ ਸਾਥੀਆਂ ਦੇ ਤਜ਼ਰਬੇ ਅਨੁਸਾਰ, ਸਰਜਰੀ ਨੇ ਉਨ੍ਹਾਂ ਨੂੰ ਬਹੁਤ ਚੰਗੇ ਨਤੀਜੇ ਨਹੀਂ ਦਿੱਤੇ। ਉਸਨੇ ਕਿਹਾ, "ਸ਼ਾਇਦ ਉਹ ਹਿੱਸੇ ਪੂਰੀ ਤਰ੍ਹਾਂ ਨਹੀਂ ਹਟਾਏ ਗਏ ਤੇ ਉਨ੍ਹਾਂ ਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ।''
ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। "ਇਓਂ ਜਾਪ ਰਿਹਾ ਸੀ ਜਿਵੇਂ ਮੈਂ ਨਵਾਂ ਜਨਮ ਲੈ ਲਿਆ ਹੋਵੇ" "ਇਹ ਸਰਜਰੀ ਕਰਵਾਉਣ ਤੋਂ ਬਾਅਦ ਹੀ ਮੇਰੇ ਮਾਪਿਆਂ ਨੇ ਮੈਨੂੰ ਰਾਮਿਆ ਕਹਿਣਾ ਸ਼ੁਰੂ ਕੀਤਾ। ਉਦੋਂ ਤੱਕ, ਉਹ ਮੈਨੂੰ ਮੇਰੇ ਪੰਥੀ (ਮਰੇ ਹੋਏ) ਨਾਮ ਨਾਲ਼ ਬੁਲਾਉਂਦੇ ਸਨ।''
ਉਹ ਮਹਿਸੂਸ ਕਰਦੇ ਹਨ ਕਿ ਇਸ ਸਰਜਰੀ ਨੇ ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੀਆਂ ਔਰਤਾਂ ਦਾ ਉਨ੍ਹਾਂ ਨੂੰ ਵੇਖਣ ਦਾ ਨਜ਼ਰੀਆ ਬਦਲ ਦਿੱਤਾ ਹੈ। ਹੁਣ ਔਰਤਾਂ ਉਨ੍ਹਾਂ ਨੂੰ ਆਪਣੇ ਵਿੱਚੋਂ ਹੀ ਇੱਕ ਸਮਝਦੀਆਂ ਹਨ। "ਜੇ ਅਸੀਂ ਬਾਹਰ ਜਾਈਏ ਤਾਂ ਉਹ ਮੇਰੇ ਨਾਲ਼ ਹੀ ਪਖਾਨੇ ਜਾਂਦੀਆਂ ਹਨ," ਉਹ ਹੱਸਦੇ ਹੋਏ ਕਹਿੰਦੇ ਹਨ। ਰਾਮਿਆ ਇਸ ਸਮੇਂ ਕੱਟੂ ਮੱਲੀ ਇਰੂਲਰ ਪੇਂਗਲ ਕੁਲੂ ਨਾਂ ਦੇ ਮਹਿਲਾ ਸਵੈ-ਸਹਾਇਤਾ ਸਮੂਹ ਦੀ ਮੁਖੀ ਹਨ, ਜਿਸ ਦੇ 14 ਮੈਂਬਰ ਹਨ।
ਉਹ ਅਤੇ ਉਨ੍ਹਾਂ ਦਾ ਭਰਾ, ਜੋ ਪੇਸ਼ੇਵਰ (ਲਾਈਸੈਂਸੁਦਾ) ਸੱਪ ਫੜ੍ਹਨ ਦਾ ਕੰਮ ਕਰਦੇ ਹਨ ਤੇ ਸੱਪਾਂ ਨੂੰ ਕਾਊਂਟਰ ਜ਼ਹਿਰ ਬਣਾਉਣ ਲਈ ਇਰੂਲੂਰ ਸੱਪ ਫੜ੍ਹਨ ਵਾਲਿਆਂ ਦੀ ਉਦਯੋਗਿਕ ਸਹਿਕਾਰੀ ਸਭਾ ਨੂੰ ਸਪਲਾਈ ਕਰਦੇ ਹਨ, ਜਿਸ ਰਾਹੀਂ ਉਹ ਸਾਲ ਦੇ ਛੇ ਮਹੀਨਿਆਂ (ਮੀਂਹ ਨਾ ਪੈਣ ਵਾਲ਼ੇ ਮਹੀਨੇ) ਲਈ ਹਰ ਮਹੀਨੇ ਲਗਭਗ 3,000 ਰੁਪਏ ਕਮਾਉਂਦੇ ਹਨ। ਉਹ ਦਿਹਾੜੀਦਾਰ ਮਜ਼ਦੂਰ ਵਜੋਂ ਵੀ ਕੰਮ ਕਰਦੇ ਰਹਿੰਦੇ ਹਨ।
ਪਿਛਲੇ ਸਾਲ, ਉਨ੍ਹਾਂ ਦੇ 56 ਪਰਿਵਾਰਾਂ ਦਾ ਇਰੂਲਰ ਭਾਈਚਾਰਾ ਤਿਰੂਪੋਰੂਰ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰ ਇੱਕ ਨਵੇਂ ਸਰਕਾਰੀ ਰਿਹਾਇਸ਼ੀ ਲੇਆਉਟ, ਸੇਮਬਕਮ ਸੁੰਨੰਬੂ ਕਲਾਵਾਈ ਵਿੱਚ ਤਬਦੀਲ ਹੋ ਗਿਆ ਸੀ। ਇਸ ਮੌਕੇ ਰਾਮਿਆ ਨੇ ਆਪਣੇ ਲੋਕਾਂ ਲਈ ਸਰਕਾਰੀ ਅਧਿਕਾਰੀਆਂ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ ਲੈਣ ਅਤੇ ਪਛਾਣ ਦਸਤਾਵੇਜ਼ਾਂ ਲਈ ਅਰਜ਼ੀ ਦੇਣ ਵਿੱਚ ਮਦਦ ਕੀਤੀ।
ਸਿਵਲ ਅਤੇ ਰਾਜਨੀਤਿਕ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਵਿਸਥਾਰ ਹੋ ਰਿਹਾ ਹੈ। 2022 ਵਿੱਚ ਹੋਈਆਂ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ, ਉਨ੍ਹਾਂ ਨੇ ਆਪਣੇ ਭਾਈਚਾਰੇ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ। ਪਰ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਇਰੂਲਰ ਭਾਈਚਾਰੇ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦਾ ਵਿਰੋਧ ਕੀਤਾ। ਹੁਣ ਮੈਂ ਆਪਣੇ ਪਿੰਡ ਲਈ ਵਿਸ਼ੇਸ਼ ਵਾਰਡ ਦਾ ਦਰਜਾ ਪ੍ਰਾਪਤ ਕਰਨ ਬਾਰੇ ਸੋਚ ਰਿਹਾ ਹਾਂ," ਉਹ ਕਹਿੰਦੇ ਹਨ, ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਇੱਕ ਦਿਨ ਪੰਚਾਇਤੀ ਚੋਣਾਂ ਲੜਨ ਦੀ ਵੀ ਉਮੀਦ ਕਰਦੇ ਹਨ। ਹਰ ਕਿਸੇ ਨੂੰ ਆਪਣੀ ਮਰਜ਼ੀ ਅਨੁਸਾਰ ਜਿਉਣਾ ਚਾਹੀਦਾ ਹੈ। ਮੈਂ ਜ਼ਿੰਦਾ ਹੋਣ ਦਾ ਦਿਖਾਵਾ ਨਹੀਂ ਕਰਨਾ ਚਾਹੁੰਦਾ।''
ਤਾਮਿਲਨਾਡੂ ਵਿੱਚ ਲਗਭਗ ਦੋ ਲੱਖ ਲੋਕ ਇਰੂਲਰ ਭਾਈਚਾਰੇ ਦਾ ਹਿੱਸਾ ਹਨ (ਮਰਦਮਸ਼ੁਮਾਰੀ 2011)। "ਅਸੀਂ ਆਪਣੇ ਬੱਚੇ ਨੂੰ ਸਵੀਕਾਰ ਕਰਦੇ ਹਾਂ ਅਤੇ ਇਸਦੀ ਪਰਵਰਿਸ਼ ਕਰਦੇ ਹਾਂ, ਚਾਹੇ ਉਹ ਮਰਦ, ਔਰਤ ਜਾਂ ਥਿਰੂਨੰਗਾਈ ਹੀ ਕਿਉਂ ਨਾ ਹੋਣ। ਪਰ ਇਹ ਸੋਚ ਪਰਿਵਾਰ ਦੇ ਅਧਾਰ ਤੇ ਵੱਖ-ਵੱਖ ਹੋ ਸਕਦੀ ਹੈ," ਉਹ ਕਹਿੰਦੇ ਹਨ। ਉਨ੍ਹਾਂ ਦੇ ਦੋਸਤ ਸੱਤਿਆਵਾਨੀ ਅਤੇ ਸੁਰੇਸ਼ ਦੋਵੇਂ ਇਰੂਲਰ ਭਾਈਚਾਰੇ ਨਾਲ਼ ਸਬੰਧਤ ਹਨ ਅਤੇ 10 ਸਾਲਾਂ ਤੋਂ ਵਿਆਹੇ ਹੋਏ ਹਨ। 2013 ਤੋਂ, ਉਹ ਤਿਰੂਪੋਰੂਰ ਸ਼ਹਿਰ ਤੋਂ 12 ਕਿਲੋਮੀਟਰ ਦੂਰ, ਕੁੰਨਾਪੱਟੂ ਦੇ ਇਰੂਲਰ ਕੇਰੀ ਵਿੱਚ ਤਰਪਾਲਾਂ ਨਾਲ਼ ਢਕੀ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿ ਰਹੇ ਹਨ।
ਰਾਮਿਆ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਦੋਸਤ ਅਤੇ ਵਲਾਰਮਤੀ ਵਰਗੇ ਭਾਈਚਾਰੇ ਦੇ ਲੋਕ ਹੀ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਜੀਵਨ ਨੂੰ ਸਹਿਣਯੋਗ ਬਣਾਇਆ। ਘਰ ਦੇ ਬਾਹਰ ਬੈਠੇ, ਉਨ੍ਹਾਂ ਦੋਵਾਂ ਨੇ ਆਦੀ ਥਿਰੂਵਿਲਾ ਮਾਮਲਾਪੁਰਮ (ਮਹਾਬਲੀਪੁਰਾ) ਦੇ ਕੰਢੇ ਆਯੋਜਿਤ ਸਾਲਾਨਾ ਮੇਲਾ ਮਾਸੀ ਮਗਮ ਵਰਗੇ ਤਿਉਹਾਰਾਂ ਦੌਰਾਨ ਪੈਦਾ ਹੋਈ ਨੇੜਤਾ ਦੀ ਭਾਵਨਾ ਨੂੰ ਯਾਦ ਕੀਤਾ, ਜੋ ਆਦਿ ਦੇ ਤਾਮਿਲ ਮਹੀਨੇ ਵਿੱਚ ਮਨਾਇਆ ਜਾਂਦਾ ਹੈ।
ਵਲਾਰਮਤੀ ਕਹਿੰਦੇ ਹਨ ਕਿ ਉਹ ਇਨ੍ਹਾਂ ਤਿਉਹਾਰਾਂ ਵਿੱਚ "ਕੁੜੀਆਂ ਵਾਂਗ ਕੱਪੜੇ ਪਹਿਨਣ ਲਈ" ਹਿੱਸਾ ਲੈਂਦੇ ਸਨ। ਉਹ ਆਡੀ ਫੈਸਟੀਵਲ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਜੇ ਉਨ੍ਹਾਂ ਨੂੰ ਹਰ ਰੋਜ਼ ਇਸ ਤਰ੍ਹਾਂ ਦੇ ਕੱਪੜੇ ਪਹਿਨਣ ਦਾ ਮੌਕਾ ਮਿਲ਼ਦਾ ਤਾਂ ਕਿੰਨਾ ਚੰਗਾ ਹੁੰਦਾ।
"ਅਸੀਂ ਬਚਪਨ ਦੇ ਯਾਰ ਹਾਂ ਜਦੋਂ ਅਸੀਂ ਪੈਂਟ-ਸ਼ਰਟ ਪਾਉਂਦੇ ਹੁੰਦੇ ਸਾਂ," ਰਾਮਿਆ ਕਹਿੰਦੇ ਹਨ। ਉਹ ਤੇ ਵਲਾਰਮਤੀ ਛੇਵੀਂ ਜਮਾਤ ਵਿੱਚ ਮਿਲ਼ੇ ਸਨ। ਉਨ੍ਹਾਂ ਦੀ ਮਾਂ ਦੀ ਮੌਤ ਤੋਂ ਬਾਦ ਆਪਣੇ ਪਿਤਾ ਅਤੇ ਦੋ ਭੈਣ-ਭਰਾਵਾਂ ਨਾਲ਼ ਕਾਂਚੀਪੁਰਮ ਕਸਬੇ ਤੋਂ ਤਿਰੂਪੋਰੂਰ ਕਸਬੇ ਦੇ ਨੇੜੇ ਇਰੂਲਰ ਕੇਰੀ ਦੇ ਏਦਯਾਨਕੁੱਪਮ ਰਹਿਣ ਚਲੇ ਗਏ। ਬੱਸ ਇੱਥੇ ਹੀ ਦੋਵਾਂ ਸਹੇਲੀਆਂ ਦਾ ਮੇਲ਼ ਹੋਇਆ। ਉਦੋਂ ਤੋਂ ਹੀ ਦੋਵੇਂ ਇੱਕ-ਦੂਜੇ ਨਾਲ਼ ਆਪਣੀਆਂ ਭਾਵਨਾਵਾਂ ਅਤੇ ਚਿੰਤਾਵਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਅਜਿਹੀਆਂ ਭਾਵਨਾਵਾਂ ਸਨ।
*****
ਪਹਿਲੇ 'ਪੁੱਤਰ' ਵਜੋਂ ਜਨਮੀ ਵਲਾਰਮਤੀ ਇੱਕ ਔਰਤ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਇੱਕ ਔਰਤ ਬਣੇ। ਇਸ ਨਾਲ਼ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਆ ਗਿਆ ਸੀ। ਉਨ੍ਹਾਂ ਨੇ ਆਪਣੀ ਕਿਸ਼ੋਰ ਅਵਸਥਾ ਵਿੱਚ ਸਕੂਲ ਛੱਡ ਦਿੱਤਾ ਅਤੇ ਪਿੰਡ ਤੋਂ ਲਗਭਗ 35 ਕਿਲੋਮੀਟਰ ਦੂਰ ਥਿਰੂਨੰਗਾਈ ਪਰਿਵਾਰ ਵਿੱਚ ਸ਼ਾਮਲ ਹੋਣ ਲਈ ਘਰੋਂ ਭੱਜ ਗਏ। "ਮੈਂ ਉੱਥੇ ਹੋਰ ਥਿਰੂਨੰਗਾਈ ਔਰਤਾਂ ਨਾਲ਼ ਰਹਿੰਦੀ ਸੀ। ਸਾਨੂੰ ਗੁਰੂ ਜਾਂ ਅੰਮਾ ਨਾਂ ਦੀ ਇੱਕ ਬਜ਼ੁਰਗ ਟ੍ਰਾਂਸ ਔਰਤ ਨੇ ਗੋਦ ਲਿਆ ਸੀ।''
ਅਗਲੇ ਤਿੰਨ ਸਾਲਾਂ ਤੱਕ, ਵਲਾਰਮਤੀ ਦੁਕਾਨਾਂ 'ਤੇ ਜਾਂਦੀ, ਉਨ੍ਹਾਂ ਨੂੰ ਆਸ਼ੀਰਵਾਦ ਦਿੰਦੀ ਅਤੇ ਉਨ੍ਹਾਂ ਨੂੰ ਪੈਸੇ ਲਿਆਉਂਦੀ। "ਮੈਂ ਹਰ ਰੋਜ਼ ਜਾਂਦੀ ਸੀ। ਇਹ ਕਿਸੇ ਤਰ੍ਹਾਂ ਦੇ ਸਕੂਲ ਜਾਣ ਵਰਗਾ ਸੀ,'' ਉਹ ਕਹਿੰਦੇ ਹਨ। ਉਨ੍ਹਾਂ ਨੂੰ ਉਹ ਸਾਰਾ ਪੈਸਾ ਆਪਣੇ ਗੁਰੂ ਨੂੰ ਸੌਂਪਣਾ ਪਿਆ ਜੋ ਉਹ ਇਕੱਠਾ ਕਰਕੇ ਲਿਆਉਂਦੇ। ਉਹ ਕਹਿੰਦੇ ਹਨ ਕਿ ਇਹ ਰਕਮ ਕੁਝ ਲੱਖਾਂ ਵਿੱਚ ਸੀ। ਉਸੇ ਸਮੇਂ, ਉਨ੍ਹਾਂ ਨੇ ਆਪਣੇ ਲਿੰਗ ਬਦਲਣ ਦੇ ਇਲਾਜ ਅਤੇ ਸਬੰਧਤ ਜਾਂਚਾਂ 'ਤੇ 1 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਨੇ ਇਹ ਪੈਸਾ ਆਪਣੇ ਗੁਰੂ ਤੋਂ ਵੀ ਉਧਾਰ ਲਿਆ ਸੀ ਅਤੇ ਬਾਅਦ ਵਿੱਚ ਵਾਪਸ ਕਰ ਦਿੱਤਾ ਸੀ।
ਘਰ ਪੈਸੇ ਭੇਜਣ ਤੇ ਮਾਪਿਆਂ ਨੂੰ ਮਿਲ਼ਣ ਦੀ ਆਗਿਆ ਨਾ ਹੋਣ ਦੀ ਸੂਰਤ ਵਿੱਚ, ਵਲਾਰਮਤੀ ਨੇ ਇਹ ਥਾਂ (ਘਰ) ਛੱਡਣ ਲਈ ਕਿਸੇ ਹੋਰ ਗੁਰੂ ਪਾਸੋਂ ਮਦਦ ਮੰਗੀ। ਉਨ੍ਹਾਂ ਨੇ ਗੁਰੂ ਨੂੰ 50,000 ਰੁਪਏ ਬਤੌਰ ਜੁਰਮਾਨਾ ਭਰੇ ਜਿਹਦੇ ਪਰਿਵਾਰ ਨੂੰ ਉਨ੍ਹਾਂ ਨੇ ਚੇਨੱਈ ਦੇ ਕਿਸੇ ਥਿਰੂਨੰਗਾਈ ਪਰਿਵਾਰ ਵਿੱਚ ਜਾਣ ਲਈ ਛੱਡ ਦਿੱਤਾ ਸੀ।
"ਮੈਂ ਆਪਣੇ ਪਿਤਾ ਨਾਲ਼ ਵਾਅਦਾ ਕੀਤਾ ਸੀ ਕਿ ਮੈਂ ਘਰ ਪੈਸੇ ਭੇਜਾਂਗੀ ਅਤੇ ਆਪਣੇ ਭੈਣ-ਭਰਾਵਾਂ ਦੀ ਮਦਦ ਕਰਾਂਗੀ। ਟ੍ਰਾਂਸ ਵਿਅਕਤੀਆਂ ਲਈ ਸੀਮਤ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਉਪਲਬਧ ਹੋਣ ਕਾਰਨ, ਖਾਸ ਕਰਕੇ ਅੱਲ੍ਹੜ ਉਮਰ ਵਿੱਚ, ਉਨ੍ਹਾਂ ਨੇ ਸੈਕਸ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ਼ ਹੀ ਉਹ ਲੋਕਾਂ ਨੂੰ ਆਸ਼ੀਰਵਾਦ ਦੇਣ ਅਤੇ ਬਦਲੇ 'ਚ ਪੈਸੇ ਲੈਣ ਲਈ ਉਪਨਗਰੀ ਰੇਲ ਗੱਡੀਆਂ 'ਚ ਸਫਰ ਕਰਦੇ ਸਨ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਾਕੇਸ਼ ਨਾਲ਼ ਹੋਈ, ਜਿਨ੍ਹਾਂ ਦੀ ਉਮਰ 25 ਸਾਲ ਦੇ ਕਰੀਬ ਸੀ ਅਤੇ ਇੱਕ ਸ਼ਿਪਯਾਰਡ ਵਿੱਚ ਕੰਮ ਕਰ ਰਿਹਾ ਸੀ।
ਜੋੜੇ ਨੂੰ ਪਿਆਰ ਹੋ ਗਿਆ ਅਤੇ ਵਿਆਹ ਕਰਵਾ ਲਿਆ। ਉਨ੍ਹਾਂ ਨੇ 2021 ਵਿੱਚ ਇਕੱਠੇ ਰਹਿਣਾ ਸ਼ੁਰੂ ਕੀਤਾ ਸੀ। ਤਿਰੂਪੋਰੂਰ ਕਸਬੇ ਵਿੱਚ ਕੋਈ ਢੁਕਵਾਂ ਮਕਾਨ ਜਾਂ ਕਿਸੇ ਮਕਾਨ-ਮਾਲਕ ਵੱਲੋਂ ਬਣਦਾ ਸਤਿਕਾਰ ਨਾ ਮਿਲ਼ਣ ਕਾਰਨ ਦੋਵੇਂ ਏਦਯਾਨਕੁੱਪਮ ਵਿਖੇ ਵਲਾਰਮਤੀ ਦੇ ਪਿਤਾ ਨਾਗੱਪਨ ਦੇ ਘਰ ਚਲੇ ਗਏ। ਨਾਗੱਪਨ ਨੇ ਰਹਿਣ ਦੀ ਥਾਂ ਤਾਂ ਦੇ ਦਿੱਤੀ ਪਰ ਰਿਸ਼ਤੇ ਨੂੰ ਦਿਲੋਂ ਨਾ ਕਬੂਲਿਆ। ਆਖਰਕਾਰ, ਉਹ ਦੋਵਾਂ ਨੇ ਇਹ ਘਰ ਵੀ ਛੱਡ ਦਿੱਤਾ ਅਤੇ ਨੇੜੇ ਹੀ ਇੱਕ ਝੌਂਪੜੀ ਕਿਰਾਏ 'ਤੇ ਲੈ ਲਈ।
"ਮੈਂ ਵਸੂਲੀ ਲਈ ਜਾਣਾ ਬੰਦ ਕਰ ਦਿੱਤਾ (ਭੀਖ ਮੰਗਣ ਲਈ ਦੁਕਾਨਾਂ 'ਤੇ ਜਾਣਾ)। ਤਾੜੀਆਂ ਵਜਾਉਣ ਅਤੇ ਕੁਝ ਹਜ਼ਾਰ ਰੁਪਏ ਕਮਾਉਣ ਦਾ ਲਾਲਚ ਤਾਂ ਸੀ ਹੀ ਪਰ ਰਾਕੇਸ਼ ਨੂੰ ਇਹ ਪਸੰਦ ਨਹੀਂ ਸੀ," ਵਲਰਮਤੀ ਕਹਿੰਦੇ ਹਨ। ਬਾਅਦ ਵਿੱਚ, ਉਨ੍ਹਾਂ ਨੇ ਆਪਣੇ ਪਿਤਾ ਨਾਲ਼ ਨੇੜਲੇ ਵੈਡਿੰਗ ਹਾਲ ਵਿਖੇ ਭਾਂਡੇ ਧੋਣ ਤੇ ਅਹਾਤੇ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਕੰਮ ਲਈ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ।
"ਉਸਨੇ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਿਆ। ਮੈਨੂੰ ਉਹਦੀ ਇਹ ਗੱਲ ਬੜੀ ਪਸੰਦ ਹੈ," ਰਾਕੇਸ਼ ਨੇ ਇਸ ਰਿਪੋਰਟਰ ਨੂੰ ਦੱਸਿਆ ਜਦੋਂ ਉਹ ਦਸੰਬਰ 2022 ਵਿੱਚ ਉਨ੍ਹਾਂ ਨੂੰ ਮਿਲੇ ਸਨ। ਵਲਾਰਮਤੀ ਨੇ ਆਪਣੀ ਲਿੰਗ ਤਬਦੀਲੀ ਸਰਜਰੀ ਤੋਂ ਬਾਅਦ ਛਾਤੀ ਦੇ ਵਾਧੇ ਦੀ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ। ਰਾਕੇਸ਼ ਨੇ ਉਸ ਸਮੇਂ ਦੌਰਾਨ ਉਸ ਨੂੰ ਵਿੱਤੀ ਅਤੇ ਭਾਵਨਾਤਮਕ ਸਹਾਇਤਾ ਦਿੱਤੀ। ਸਰਜਰੀ ਅਤੇ ਬਾਅਦ ਵਿੱਚ ਰਿਕਵਰੀ ਦੀ ਕੁੱਲ ਲਾਗਤ ਇੱਕ ਲੱਖ ਰੁਪਏ ਤੋਂ ਵੱਧ ਹੋ ਗਈ। "ਇਨ੍ਹਾਂ ਸਾਰੀਆਂ ਸਰਜਰੀਆਂ ਬਾਰੇ ਸਾਰੇ ਫੈਸਲੇ ਮੈਂ ਹੀ ਲਏ। ਮੈਂ ਇਹ ਸਭ ਕਿਸੇ ਹੋਰ ਕਾਰਨ ਕਰਕੇ ਨਹੀਂ ਕੀਤਾ। ਮੈਂ ਸਿਰਫ਼ ਆਪਣੇ ਬਾਰੇ ਸੋਚਿਆ ਅਤੇ ਉਹ ਬਣ ਗਈ ਜੋ ਮੈਂ ਬਣਨਾ ਚਾਹੁੰਦੀ ਸਾਂ," ਵਲਰਮਤੀ ਕਹਿੰਦੇ ਹਨ।
ਵਿਆਹ ਤੋਂ ਬਾਅਦ ਵਲਾਰਮਤੀ ਦੇ ਪਹਿਲੇ ਜਨਮਦਿਨ ਦੌਰਾਨ ਉਹ ਅਤੇ ਰਾਕੇਸ਼ ਕੇਕ ਖਰੀਦਣ ਗਏ ਸਨ। ਵਲਾਰਮਤੀ ਨੂੰ ਦੇਖ ਕੇ ਦੁਕਾਨਦਾਰ ਨੇ ਵਸੂਲੀ ਵਜੋਂ ਕੁਝ ਪੈਸੇ ਉਨ੍ਹਾਂ ਵੱਲ ਵਧਾਏ। ਪਹਿਲਾਂ ਤਾਂ ਦੋਵੇਂ ਸ਼ਰਮਿੰਦਾ ਹੋ ਗਏ ਤੇ ਫਿਰ ਦੁਕਾਨ 'ਤੇ ਆਉਣ ਦਾ ਆਪਣਾ ਇਰਾਦਾ ਸਮਝਾਇਆ। ਅਖੀਰ ਦੁਕਾਨਦਾਰ ਨੇ ਮੁਆਫੀ ਮੰਗ ਲਈ। ਉਸ ਰਾਤ ਵਲਾਰਮਤੀ ਨੇ ਆਪਣੇ ਪਤੀ ਅਤੇ ਭੈਣਾਂ-ਭਰਾਵਾਂ ਨਾਲ਼ ਇੱਕ ਯਾਦਗਾਰੀ ਜਨਮਦਿਨ ਮਨਾਇਆ। ਉਸ ਦਿਨ ਕੇਕ ਅਤੇ ਹੋਰ ਪਕਵਾਨਾਂ ਨਾਲ਼ ਮਾਹੌਲ ਖੁਸ਼ਗਵਾਰ ਬਣ ਗਿਆ। ਜੋੜੇ ਨੇ ਉਸ ਦਿਨ ਆਪਣੇ ਦਾਦਾ ਨਾਲ਼ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਉਹ ਯਾਦ ਕਰਦੇ ਹਨ ਕਿ ਇੱਕ ਹੋਰ ਵਾਰ, ਦੇਰ ਰਾਤ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਜਦੋਂ ਉਹ ਬਾਈਕ 'ਤੇ ਆ ਰਹੇ ਸਨ। ਉਨ੍ਹਾਂ ਨੇ ਆਪਣੀ ਥਾਲੀ (ਵਿਆਹੇ ਹੋਣ ਲਈ ਪਾਇਆ ਜਾਣ ਵਾਲ਼ਾ ਧਾਗਾ) ਪੁਲਿਸ ਨੂੰ ਦਿਖਾਈ। ਡਰੇ ਹੋਏ ਜੋੜੇ ਪ੍ਰਤੀ ਹੈਰਾਨੀ ਜਾਹਰ ਕਰਦਿਆਂ ਪੁਲਿਸ ਨੇ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜਾਣ ਦਿੱਤਾ।
ਖੱਬੇ: ਵਲਾਰਮਤੀ ਇੱਕ ਦੁਕਾਨ ਵਿੱਚ ਪ੍ਰਾਰਥਨਾ ਕਰ ਰਹੇ ਹਨ। ਸੱਜੇ: ਤਿਰੂਪੋਰੂਰ ਤੋਂ ਲਗਭਗ 25 ਕਿਲੋਮੀਟਰ ਦੂਰ ਗੁਡੂਵਾਂਚੇਰੀ ਕਸਬੇ ਵਿੱਚ ਸਬਜ਼ੀ ਦੀ ਦੁਕਾਨ । ਇਲਾਕੇ ਦੇ ਦੁਕਾਨਦਾਰ ਉਨ੍ਹਾਂ ਦੀ ਮਹੀਨਾਵਾਰ ਫੇਰੀ ਦੀ ਉਡੀਕ ਕਰਦੇ ਰਹੇ। ਉਹ ਮੰਨਦੇ ਹਨ ਕਿ ਥਿਰੂਨੰਗਾਈ ਦੁਆਰਾ ਦਿੱਤੀਆਂ ਗਈਆਂ ਬਰਕਤਾਂ ਬੁਰੀਆਂ ਆਤਮਾਵਾਂ ਨੂੰ ਦੂਰ ਭਜਾਉਂਦੀਆਂ ਹਨ
ਅਗਸਤ 2024 'ਚ ਰਾਕੇਸ਼ ਨੂੰ ਸਰਕਾਰੀ ਨੌਕਰੀ ਮਿਲ ਗਈ। ਇਸ ਤੋਂ ਬਾਅਦ ਉਹ ਚੇਨਈ ਚਲੇ ਗਏ। "ਉਨ੍ਹਾਂ ਮੇਰੀਆਂ ਫ਼ੋਨ ਕਾਲਾਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਤੇ ਕਦੇ ਵਾਪਸ ਨਾ ਮੁੜੇ," ਵਲਾਰਮਤੀ ਕਹਿੰਦੇ ਹਨ, ਜੋ ਆਪਣੇ ਪਿਤਾ ਦੇ ਕਹਿਣ 'ਤੇ ਰਾਕੇਸ਼ ਨੂੰ ਲੱਭਣ ਲਈ ਸ਼ਹਿਰ ਆਏ ਸਨ।
ਪਰ "ਰਾਕੇਸ਼ ਦੇ ਮਾਪਿਆਂ ਨੇ ਨਿਮਰਤਾ ਨਾਲ਼ ਮੈਨੂੰ ਆਪਣੇ ਬੇਟੇ ਨੂੰ ਕਿਸੇ ਹੋਰ ਨਾਲ਼ ਵਿਆਹ ਕਰਨ ਲਈ ਕਿਹਾ ਤਾਂ ਜੋ ਉਹ ਬੱਚੇ ਪੈਦਾ ਕਰ ਸਕੇ। ਜੇ ਮੈਂ ਵਿਆਹ ਰਜਿਸਟਰ ਕਰਵਾਇਆ ਹੁੰਦਾ ਤਾਂ ਇਹ ਹਾਦਸਾ ਨਾ ਹੁੰਦਾ, ਪਰ ਮੈਨੂੰ ਉਹਦੇ ਛੱਡ ਕੇ ਨਾ ਜਾਣ 'ਤੇ ਯਕੀਨ ਸੀ,'' ਉਹ ਕਹਿੰਦੇ ਹਨ। ਵਲਾਰਮਤੀ ਨੇ ਹੁਣ ਰਾਕੇਸ਼ ਦੇ ਪਿੱਛੇ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹ ਹੁਣ ਚੇਨਈ ਸ਼ਹਿਰ ਵਿਖੇ ਆਪਣੀ ਥਿਰੂਨਨਗਈ ਪਰਿਵਾਰ ਵਿੱਚ ਰਹਿਣ ਆ ਗਏ ਹਨ।
ਇਨ੍ਹਾਂ ਝਟਕਿਆਂ ਦੇ ਬਾਵਜੂਦ, ਉਹ ਗ਼ਰੀਬ ਪਿਛੋਕੜ ਤੋਂ ਆਉਣ ਵਾਲ਼ੀਆਂ ਦੋ ਨੌਜਵਾਨ ਟ੍ਰਾਂਸ ਕੁੜੀਆਂ ਨੂੰ ਅਗਲੇਰੇ ਜੀਵਨ ਲਈ ਸਲਾਹ ਦੇਣ ਨੂੰ ਤਿਆਰ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਥਿਰੂਨੰਗਾਈ ਪਰਿਵਾਰ ਵਿਖੇ ਰਹਿੰਦਿਆਂ ਗੋਦ ਲਿਆ ਹੈ। ਉਨ੍ਹਾਂ ਵਿੱਚੋਂ ਇੱਕ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਉਸਨੂੰ ਉਮੀਦ ਹੈ ਕਿ ਵਲਾਰਮਤੀ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਸਦੀ ਮਦਦ ਕਰਨ ਦੇ ਯੋਗ ਹੋਵੇਗੀ।
ਤਰਜਮਾ: ਕਮਲਜੀਤ ਕੌਰ