ਨਾਗਰਾਜ ਬੰਦਨ ਨੇ ਆਪਣੇ ਘਰੋਂ ਨਿਕਲ਼ ਕੇ ਹਵਾ ਵਿੱਚ ਤੈਰਨ ਵਾਲ਼ੀ ਰਾਗੀ ਕਲੀ ਦੀ ਖੁਸ਼ਬੂ ਨੂੰ ਯਾਦ ਕੀਤਾ। ਜਦੋਂ ਉਹ ਛੋਟੇ ਬੱਚੇ ਸਨ, ਉਹ ਹਰ ਰੋਜ਼ ਉਸ ਖੁਸ਼ਬੂ ਦੀ ਉਡੀਕ ਕਰਿਆ ਕਰਦੇ ਸਨ।

ਮੌਜੂਦਾ ਰਾਗੀ ਦੀ ਤੁਲਨਾ ਪੰਜ ਦਹਾਕੇ ਪਹਿਲਾਂ ਦੀ ਰਾਗੀ ਕਲੀ (ਰਾਗੀ ਮੁੱਡੇ) ਨਾਲ਼ ਕੀਤੀ ਹੀ ਨਹੀਂ ਜਾ ਸਕਦੀ। "ਹੁਣ ਅਸੀਂ ਜੋ ਰਾਗੀ ਉਗਾਉਂਦੇ ਹਾਂ, ਉਸ ਵਿੱਚ ਪਹਿਲਾਂ ਵਰਗੀ ਗੰਧ ਜਾਂ ਸਵਾਦ ਨਹੀਂ ਰਹਿ ਗਿਆ," ਉਹ ਕਹਿੰਦੇ ਹਨ ਤੇ ਨਾਲ਼ ਹੀ ਦੱਸਦੇ ਹਨ ਕਿ ਹੁਣ ਇੱਥੇ ਘਰਾਂ ਵਿੱਚ ਰਾਗੀ ਕਲੀ ਰੋਜ਼ਾਨਾ ਨਹੀਂ ਪਕਾਈ ਜਾਂਦੀ।

ਨਾਗਰਾਜ ਇਰੂਲਾ (ਤਾਮਿਲ਼ਨਾਡੂ ਵਿੱਚ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ) ਅਤੇ ਨੀਲਗਿਰੀ ਦੀ ਇੱਕ ਬਸਤੀ ਬੋਕਾਪੁਰਮ ਦੇ ਵਸਨੀਕ ਹਨ। ਉਹ ਆਪਣੇ ਮਾਪਿਆਂ ਦੁਆਰਾ ਉਗਾਏ ਗਏ ਰਾਗੀ, ਚੋਲਮ (ਜਵਾਰ), ਕੰਬੂ (ਬਾਜਰਾ) ਅਤੇ ਸਮਾਈ (ਛੋਟਾ ਬਾਜਰਾ) ਵਰਗੇ ਹੋਰ ਬਾਜਰੇ ਦੇਖਦਿਆਂ ਹੀ ਵੱਡੇ ਹੋਏ। ਜੋ ਕੁਝ ਉਗਾਇਆ ਜਾਂਦਾ ਉਸ ਦਾ ਕੁਝ ਹਿੱਸਾ ਘਰ ਵਿੱਚ ਰੱਖਿਆ ਜਾਂਦਾ ਅਤੇ ਬਾਕੀ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।

ਜਿਵੇਂ-ਜਿਵੇਂ ਨਾਗਰਾਜ ਵੱਡੇ ਹੁੰਦੇ ਗਏ, ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿੱਚ ਆ ਗਈ। ਪਰ ਜਿਵੇਂ ਹੀ ਉਨ੍ਹਾਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਓਨੀ ਉਪਜ ਨਹੀਂ ਮਿਲ਼ ਰਹੀ ਜਿੰਨੀ ਪਿਤਾ ਦੇ ਸਮੇਂ ਮਿਲ਼ਿਆ ਕਰਦੀ ਸੀ। "ਹੁਣ ਕਦੇ-ਕਦੇ ਤਾਂ ਸਾਡੇ ਗੁਜ਼ਾਰੇ ਲਈ ਕਾਫ਼ੀ (ਰਾਗੀ) ਮਿਲ਼ ਜਾਂਦੀ ਹੈ ਤੇ ਕਈ ਵਾਰ ਇੰਨੀ ਵੀ ਨਹੀਂ ਮਿਲ਼ਦੀ," ਉਨ੍ਹਾਂ ਨੇ ਪਾਰੀ ਨੂੰ ਦੱਸਿਆ। ਉਹ ਆਪਣੀ ਦੋ ਏਕੜ ਜ਼ਮੀਨ 'ਤੇ ਫਲ਼ੀਆਂ ਅਤੇ ਬੈਂਗਣ ਵਰਗੀਆਂ ਸਬਜ਼ੀਆਂ ਦੇ ਨਾਲ਼-ਨਾਲ਼ ਰਾਗੀ ਵੀ ਉਗਾਉਂਦੇ ਰਹਿੰਦੇ ਹਨ।

ਇਹ ਤਬਦੀਲੀ ਖੇਤਰ ਦੇ ਹੋਰ ਕਿਸਾਨਾਂ ਨੇ ਵੀ ਵੇਖੀ ਹੈ। ਮਾਰੀ (ਛੋਟਾ ਨਾਮ ਹੀ ਉਨ੍ਹਾਂ ਦੀ ਪਛਾਣ ਹੈ) ਦੱਸਦੇ ਹਨ ਕਿ ਜਿੱਥੇ ਉਨ੍ਹਾਂ ਦੇ ਪਿਤਾ ਨੂੰ 10-20 ਬੋਰੀਆਂ ਰਾਗੀ ਦਾ ਝਾੜ ਮਿਲ਼ਦਾ ਸੀ, ਉਨ੍ਹਾਂ ਨੂੰ ਸਿਰਫ਼ 2-3 ਬੋਰੀਆਂ ਰਾਗੀ ਮਿਲ਼ ਰਿਹਾ ਹੈ। 45 ਸਾਲਾ ਇਸ ਕਿਸਾਨ ਕੋਲ਼ ਦੋ ਏਕੜ ਜ਼ਮੀਨ ਹੈ।

ਨਾਗਰਾਜ ਅਤੇ ਮਾਰੀ ਦੇ ਤਜ਼ਰਬੇ ਅਧਿਕਾਰਤ ਅੰਕੜਿਆਂ ਤੋਂ ਝਲਕਦੇ ਹਨ ਜੋ ਦਰਸਾਉਂਦੇ ਹਨ ਕਿ ਨੀਲਗਿਰੀ ਵਿੱਚ ਰਾਗੀ ਦੀ ਕਾਸ਼ਤ 1948-49 ਵਿੱਚ 1,369 ਹੈਕਟੇਅਰ ਤੋਂ ਘੱਟ ਕੇ 1998-99 ਵਿੱਚ 86 ਹੈਕਟੇਅਰ ਰਹਿ ਗਈ ਹੈ।

ਪਿਛਲੀ ਮਰਦਮਸ਼ੁਮਾਰੀ (2011) ਦੇ ਅਨੁਸਾਰ, ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੈਕਟੇਅਰ ਜ਼ਮੀਨ ਵਿੱਚ ਰਾਗੀ ਦੀ ਕਾਸ਼ਤ ਕੀਤੀ ਜਾਂਦੀ ਹੈ।

PHOTO • Sanviti Iyer

ਕਿਸਾਨ ਮਾਰੀ ( ਖੱਬੇ ) , ਸੁਰੇਸ਼ ( ਮੱਧ ) ਅਤੇ ਨਾਗਰਾਜ ( ਸੱਜੇ ) ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਨੀਲਗਿਰੀ ਵਿੱਚ ਰਾਗੀ ਦੀ ਕਾਸ਼ਤ ਵਿੱਚ ਗਿਰਾਵਟ ਆਈ ਹੈ। ਪਿਛਲੀ ਮਰਦਮਸ਼ੁਮਾਰੀ ( 2011) ਦੇ ਅਨੁਸਾਰ , ਜ਼ਿਲ੍ਹੇ ਵਿੱਚ ਸਿਰਫ਼ ਇੱਕ ਹੈਕਟੇਅਰ ਜ਼ਮੀਨ ਵਿੱਚ ਰਾਗੀ ਦੀ ਕਾਸ਼ਤ ਕੀਤੀ ਜਾਂਦੀ ਹੈ

PHOTO • Sanviti Iyer
PHOTO • Sanviti Iyer

ਨਾਗਰਾਜ ਬੰਦਨ ਦਾ ਖੇਤ ( ਖੱਬੇ ) ਅਤੇ ਮਾਰੀ ਦਾ ਖੇਤ ( ਸੱਜੇ ) ਨਾਗਰਾਜ ਕਹਿੰਦੇ ਹਨ , ' ਅੱਜ ਦੀ ਰਾਗੀ ਵਿੱਚ ਪਹਿਲਾਂ ਵਰਗੀ ਗੰਧ ਜਾਂ ਸਵਾਦ ਨਹੀਂ ਰਿਹਾ '

"ਪਿਛਲੇ ਸਾਲ, ਸਾਨੂੰ ਰਾਗੀ ਦਾ ਇੱਕ ਵੀ ਦਾਣਾ ਨਹੀਂ ਮਿਲ਼ਿਆ," ਨਾਗਰਾਜ ਕਹਿੰਦੇ ਹਨ ਜੋ ਉਨ੍ਹਾਂ ਨੇ ਜੂਨ 2023 ਵਿੱਚ ਬੀਜੀ ਸੀ। "ਮੇਰੇ ਰਾਗੀ ਬੀਜਣ ਤੋਂ ਪਹਿਲਾਂ ਮੀਂਹ ਪਿਆ ਪਰ ਬੀਜਣ ਤੋਂ ਮਗਰੋਂ ਨਾ ਪਿਆ, ਸੋ ਬੀਜ ਸੁੱਕ ਗਏ।''

ਇੱਕ ਹੋਰ ਇਰੂਲਾ ਕਿਸਾਨ ਸੁਰੇਸ਼ ਦਾ ਕਹਿਣਾ ਹੈ ਕਿ ਨਵੇਂ ਬੀਜਾਂ ਦੀ ਵਰਤੋਂ ਕਾਰਨ ਰਾਗੀ ਦੇ ਪੌਦੇ ਹੌਲ਼ੀ-ਹੌਲ਼ੀ ਵਧਦੇ ਹਨ। "ਅਸੀਂ ਹੁਣ ਖੇਤੀ 'ਤੇ ਗੁਜ਼ਾਰਾ ਨਹੀਂ ਕਰ ਸਕਦੇ," ਉਹ ਕਹਿੰਦੇ ਹਨ ਅਤੇ ਉਨ੍ਹਾਂ ਦੇ ਦੋ ਬੇਟੇ ਖੇਤੀ ਛੱਡ ਚੁੱਕੇ ਹਨ ਅਤੇ ਕੋਇੰਬਟੂਰ ਵਿਖੇ ਦਿਹਾੜੀ-ਮਜ਼ਦੂਰੀ ਕਰਦੇ ਹਨ।

ਬਾਰਸ਼ ਦੇ ਪੈਟਰਨ ਹੁਣ ਬਹੁਤ ਅਨਿਯਮਿਤ ਹਨ। "ਪਹਿਲਾਂ, ਛੇ ਮਹੀਨੇ (ਮਈ ਦੇ ਅਖੀਰ ਤੋਂ ਅਕਤੂਬਰ ਦੀ ਸ਼ੁਰੂਆਤ ਤੱਕ) ਮੀਂਹ ਪੈਂਦਾ ਸੀ। ਪਰ ਹੁਣ ਇਹ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ ਕਿ ਮੀਂਹ ਕਦੋਂ ਪਵੇਗਾ। ਦਸੰਬਰ ਵਿੱਚ ਵੀ ਮੀਂਹ ਪੈ ਸਕਦਾ ਹੈ," ਨਾਗਰਾਜ ਕਹਿੰਦੇ ਹਨ। ਉਹ ਸ਼ਿਕਾਇਤ ਕਰਦੇ ਹਨ ਕਿ ਮੀਂਹ ਦੀ ਕਮੀ ਮਾਲੀਆ ਕਮੀ ਦਾ ਕਾਰਨ ਬਣ ਰਹੀ ਹੈ। "ਹੁਣ ਮੀਂਹ 'ਤੇ ਜਿਉਣਾ ਮੁਸ਼ਕਲ ਹੈ।''

ਨੀਲਗਿਰੀ ਬਾਇਓਸਫੀਅਰ ਰਿਜ਼ਰਵ ਪੱਛਮੀ ਘਾਟ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ ਅਤੇ ਯੂਨੈਸਕੋ ਦੁਆਰਾ ਇੱਕ ਅਮੀਰ ਜੈਵ ਵਿਭਿੰਨਤਾ ਖੇਤਰ ਵਜੋਂ ਮਾਨਤਾ ਪ੍ਰਾਪਤ ਹੈ। ਪਰ ਪੌਦਿਆਂ ਦੀਆਂ ਗੈਰ-ਦੇਸੀ ਕਿਸਮਾਂ ਦਾ ਬੀਜਿਆ ਜਾਣਾ, ਉੱਚ ਉਚਾਈ ਵਾਲ਼ੀਆਂ ਵੈਟਲੈਂਡਜ਼ ਨੂੰ ਪੌਦੇ ਲਗਾਉਣ ਅਤੇ ਬਸਤੀਵਾਦੀ ਯੁੱਗ ਵਿੱਚ ਚਾਹ ਦੀ ਕਾਸ਼ਤ ਲਈ ਵਰਤੇ ਜਾਣ ਨਾਲ਼ "ਖੇਤਰ ਦੀ ਜੈਵ ਵਿਭਿੰਨਤਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ", ਪੱਛਮੀ ਘਾਟ ਵਾਤਾਵਰਣ ਕਮੇਟੀ ਦੇ 2011 ਦੇ ਇੱਕ ਪੇਪਰ ਵਿੱਚ ਕਿਹਾ ਗਿਆ ਹੈ।

ਨੀਲਗਿਰੀ ਦੇ ਹੋਰ ਜਲ ਸਰੋਤ ਜਿਵੇਂ ਕਿ ਮੋਯਾਰ ਨਦੀ ਇੱਥੋਂ ਬਹੁਤ ਦੂਰ ਹਨ ਅਤੇ ਕਿਉਂਕਿ ਉਨ੍ਹਾਂ ਦੀ ਜ਼ਮੀਨ ਬੋਕਾਪੁਰਮ ਵਿੱਚ ਹੈ, ਜੋ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਬਫ਼ਰ ਜ਼ੋਨ ਹੈ - ਜੰਗਲਾਤ ਅਧਿਕਾਰੀ ਬੋਰਵੈੱਲ ਖੋਦਣ ਦੀ ਆਗਿਆ ਨਹੀਂ ਦਿੰਦੇ। ਬੋਕਾਪੁਰਮ ਦੇ ਇੱਕ ਕਿਸਾਨ ਬੀ ਸਿੱਧਨ ਕਹਿੰਦੇ ਹਨ ਕਿ ਜੰਗਲਾਤ ਅਧਿਕਾਰ ਐਕਟ, 2006 ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। "2006 ਤੋਂ ਪਹਿਲਾਂ, ਅਸੀਂ ਜੰਗਲ ਤੋਂ ਪਾਣੀ ਲੈ ਸਕਦੇ ਹੁੰਦੇ ਸਾਂ ਪਰ ਹੁਣ ਸਾਨੂੰ ਜੰਗਲ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਹੈ," 47 ਸਾਲਾ ਸਿੱਧਨ ਕਹਿੰਦੇ ਹਨ।

"ਇਸ ਤਪਸ਼ ਵਿੱਚ ਦੱਸੋ ਰਾਗੀ ਉੱਗੇਗੀ ਕਿਵੇਂ," ਨਾਗਰਾਜ ਪੁੱਛਦੇ ਹਨ।

ਖੇਤੀਬਾੜੀ ਵਿੱਚ ਪਏ ਘਾਟੇ ਦੀ ਭਰਪਾਈ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਲਈ, ਨਾਗਰਾਜ ਮਸੀਨਾਗੁਡੀ ਅਤੇ ਆਸ ਪਾਸ ਦੀਆਂ ਬਸਤੀਆਂ ਵਿੱਚ ਹੋਰਨਾਂ ਦੇ ਖੇਤਾਂ ਵਿੱਚ ਦਿਹਾੜੀ-ਮਜ਼ਦੂਰੀ ਕਰਦੇ ਹਨ। "ਤੁਸੀਂ 400-500 ਰੁਪਏ ਤੱਕ ਦਿਹਾੜੀ ਬਣਾ ਸਕਦੇ ਹੋ, ਪਰ ਇਹ ਵੀ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਨੂੰ ਕੰਮ ਮਿਲ਼ ਜਾਵੇ," ਉਹ ਕਹਿੰਦੇ ਹਨ। ਉਨ੍ਹਾਂ ਦੀ ਪਤਨੀ ਨਾਗੀ ਵੀ ਦਿਹਾੜੀਦਾਰ ਮਜ਼ਦੂਰ ਹਨ ਅਤੇ ਜ਼ਿਲ੍ਹੇ ਦੀਆਂ ਕਈ ਔਰਤਾਂ ਵਾਂਗ ਨੇੜਲੇ ਚਾਹ-ਬਗਾਨਾਂ ਵਿੱਚ ਕੰਮ ਕਰਕੇ 300 ਰੁਪਏ ਦਿਹਾੜੀ ਕਮਾਉਂਦੀ ਹਨ।

PHOTO • Sanviti Iyer
PHOTO • Sanviti Iyer

ਸੁਰੇਸ਼ ਕਹਿੰਦੇ ਹਨ ਕਿ ਰਾਗੀ ਦੇ ਪੌਦੇ ਹੁਣ ਹੌਲ਼ੀ-ਹੌਲ਼ੀ ਵਧਦੇ ਹਨ ਕਿਉਂਕਿ ਉਹ ਨਵੇਂ ਬੀਜਾਂ ( ਖੱਬੇ ਪਾਸੇ ਉਨ੍ਹਾਂ ਦਾ ਖੇਤ ) ਦੀ ਵਰਤੋਂ ਕਰ ਰਹੇ ਹਨ। ਬੀ. ਸਿੱਧਨ ( ਸੱਜੇ ) ਕਹਿੰਦੇ ਹਨ : '2006 ਤੋਂ ਪਹਿਲਾਂ ਅਸੀਂ ਜੰਗਲ ਤੋਂ ਪਾਣੀ ਲੈ ਸਕਦੇ ਸੀ ਪਰ ਹੁਣ ਸਾਨੂੰ ਜੰਗਲ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਹੈ '

*****

ਉਹ ਮਜ਼ਾਕ ਕਰਦੇ ਹਨ ਕਿ ਹਾਥੀਆਂ ਨੂੰ ਵੀ ਸਾਡੇ ਵਾਂਗ ਰਾਗੀ ਪਸੰਦ ਆਉਂਦੀ ਹੈ। "ਰਾਗੀ ਦੀ ਖੁਸ਼ਬੂ ਉਨ੍ਹਾਂ (ਹਾਥੀਆਂ) ਨੂੰ ਸਾਡੇ ਖੇਤਾਂ ਵੱਲ ਖਿੱਚਦੀ ਹੈ," ਸੁਰੇਸ਼ ਕਹਿੰਦੇ ਹਨ। ਬੋਕਾਪੁਰਮ ਬਸਤੀ ਸਿਗੁਰ ਹਾਥੀ ਗਲਿਆਰੇ ਦੇ ਅਧੀਨ ਆਉਂਦੀ ਹੈ - ਜੋ ਪੱਛਮੀ ਅਤੇ ਪੂਰਬੀ ਘਾਟਾਂ ਵਿਚਕਾਰ ਹਾਥੀਆਂ ਦੀ ਆਵਾਜਾਈ ਨੂੰ ਇੱਕ ਦੂਜੇ ਨਾਲ਼ ਜੋੜਦਾ ਹੈ।

ਉਨ੍ਹਾਂ ਨੂੰ ਬਚਪਨ ਦਾ ਚੇਤਾ ਨਹੀਂ ਕਿ ਕਦੋਂ ਹਾਥੀ ਆਉਂਦੇ ਹੁੰਦੇ ਸਨ। "ਅਸੀਂ ਹਾਥੀਆਂ ਨੂੰ ਦੋਸ਼ ਨਹੀਂ ਦਿੰਦੇ। ਮੀਂਹ ਤੋਂ ਬਿਨਾਂ ਜੰਗਲ ਸੁੱਕ ਰਹੇ ਹਨ। ਦੱਸੋ ਹਾਥੀ ਵੀ ਕੀ ਖਾਣਗੇ? ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਜੰਗਲ ਤੋਂ ਬਾਹਰ ਆਉਣਾ ਹੀ ਪਵੇਗਾ," ਸੁਰੇਸ਼ ਕਹਿੰਦੇ ਹਨ। ਗਲੋਬਲ ਫਾਰੈਸਟ ਵਾਚ ਦੇ ਅਨੁਸਾਰ, 2002 ਅਤੇ 2022 ਦੇ ਵਿਚਕਾਰ ਨੀਲਗਿਰੀ ਜ਼ਿਲ੍ਹੇ ਦੀ 511 ਹੈਕਟੇਅਰ ਜੰਗਲੀ ਜ਼ਮੀਨ ਖ਼ਤਮ ਹੋ ਗਈ।

ਰੰਗਯਾ ਦਾ ਖੇਤ ਬੋਕਾਪੁਰਮ ਤੋਂ ਕੁਝ ਕਿਲੋਮੀਟਰ ਦੂਰ, ਮੇਲ ਭੂਥਾਨਾਥਮ ਨਾਮਕ ਇੱਕ ਬਸਤੀ ਵਿੱਚ ਹੈ, ਪਰ ਉਹ ਸੁਰੇਸ਼ ਦੀ ਗੱਲ ਨਾਲ਼ ਸਹਿਮਤ ਹਨ। ਪੰਜਾਹ ਸਾਲ ਦੀ ਉਮਰ ਵਿੱਚ, ਉਹ ਇੱਕ ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ ਪਰ ਉਨ੍ਹਾਂ ਕੋਲ਼ ਉਸ ਜ਼ਮੀਨ ਦਾ ਪਟਾ ਨਹੀਂ ਹੈ। "ਮੇਰੇ ਪਰਿਵਾਰ ਨੇ 1947 ਤੋਂ ਪਹਿਲਾਂ ਵੀ ਇਸ ਜ਼ਮੀਨ 'ਤੇ ਖੇਤੀ ਕੀਤੀ ਸੀ," ਉਹ ਕਹਿੰਦੇ ਹਨ। ਸੋਲੀਗਾ ਆਦਿਵਾਸੀ ਰੰਗਯਾ ਆਪਣੇ ਖੇਤ ਦੇ ਨੇੜੇ ਸੋਲੀਗਾ ਮੰਦਰ ਦਾ ਪ੍ਰਬੰਧਨ ਵੀ ਕਰਦੇ ਹਨ।

ਰੰਗਯਾ ਨੇ ਹਾਥੀਆਂ ਕਾਰਨ ਕੁਝ ਸਾਲਾਂ ਲਈ ਰਾਗੀ ਅਤੇ ਹੋਰ ਬਾਜਰਾ ਉਗਾਉਣਾ ਬੰਦ ਕਰ ਦਿੱਤਾ ਸੀ। "ਉਹ (ਹਾਥੀ) ਆਉਂਦੇ ਅਤੇ ਹਰ ਸ਼ੈਅ ਖਾ ਜਾਂਦੇ," ਉਹ ਕਹਿੰਦੇ ਹਨ,"ਜਦੋਂ ਕੋਈ ਹਾਥੀ ਪਹਿਲੀ ਵਾਰੀਂ ਖੇਤ ਆਉਂਦਾ ਅਤੇ ਰਾਗੀ ਚਖਦਾ ਹੈ ਤਾਂ ਉਹ ਵਾਰ-ਵਾਰ ਆਉਂਦਾ ਹੀ ਰਹਿੰਦਾ ਹੈ।'' ਫਿਰ ਰੰਗਯਾ ਨੇ ਰਾਗੀ ਦੀ ਬਜਾਏ ਗੋਭੀ ਅਤੇ ਬੀਨਜ਼ ਵਰਗੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਕਿਸਾਨਾਂ ਨੂੰ ਸਾਰੀ-ਸਾਰੀ ਰਾਤ ਰਾਖੀ ਬਹਿਣਾ ਪੈਂਦਾ ਹੈ। ਉਹ ਕਹਿੰਦੇ ਹਨ ਕਿ ਜੇ ਗ਼ਲਤੀ ਨਾਲ਼ ਅੱਖ ਲੱਗ ਵੀ ਗਈ ਤਾਂ ਹਾਥੀਆਂ ਦੁਆਰਾ ਤਬਾਹੀ ਮਚਾਉਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। "ਕਿਸਾਨ ਹਾਥੀਆਂ ਦੇ ਡਰੋਂ ਰਾਗੀ ਨਹੀਂ ਬੀਜਦੇ।''

ਇੱਥੋਂ ਦੇ ਕਿਸਾਨਾਂ ਨੇ ਕਦੇ ਵੀ ਰਾਗੀ ਵਰਗੇ ਅਨਾਜ ਬਜਾਰੋਂ ਨਹੀਂ ਖਰੀਦੇ, ਆਪ ਬੀਜਦੇ ਤੇ ਆਪ ਹੀ ਖਾਂਦੇ ਰਹੇ ਹਨ। ਇਸ ਲਈ ਉਨ੍ਹਾਂ ਨੇ ਰਾਗੀ ਉਗਾਉਣਾ ਬੰਦ ਕਰ ਦਿੱਤਾ ਅਤੇ ਇਸਨੂੰ ਖਾਣਾ ਵੀ।

PHOTO • Sanviti Iyer
PHOTO • Sanviti Iyer

ਰੰਗਯਾ , ਜੋ ਸੋਲੀਗਾ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ , ਮੇਲ ਭੂਥਾਨਾਥਮ ਨਾਮਕ ਇੱਕ ਦੂਰ - ਦੁਰਾਡੇ ਦੇ ਪਿੰਡ ਦੇ ਇੱਕ ਕਿਸਾਨ ਹਨ। ਇੱਕ ਸਥਾਨਕ ਐੱਨਜੀਓ ਨੇ ਹਾਥੀਆਂ ਅਤੇ ਹੋਰ ਜਾਨਵਰਾਂ ਤੋਂ ਸੁਰੱਖਿਆ ਲਈ ਉਨ੍ਹਾਂ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਸੋਲਰ ਵਾੜ ਪ੍ਰਦਾਨ ਕੀਤੀ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ਵਿੱਚ ਰਾਗੀ ਉਗਾਉਣਾ ਸ਼ੁਰੂ ਕੀਤਾ। ' ਉਹ ( ਹਾਥੀ ) ਆਉਂਦੇ ਸਨ ਅਤੇ ਸਭ ਕੁਝ ਖਾ ਜਾਂਦੇ , ' ਉਹ ਕਹਿੰਦੇ ਹਨ

PHOTO • Sanviti Iyer
PHOTO • Sanviti Iyer

ਰੰਗਯਾ ਆਪਣੇ ਖੇਤ ਦੇ ਨੇੜੇ ਸੋਲੀਗਾ ਮੰਦਰ ( ਖੱਬੇ ) ਦੀ ਦੇਖਭਾਲ਼ ਵੀ ਕਰਦੇ ਹਨ। ਅਨਈਕੱਟੀ ਪਿੰਡ ਦੀ ਲਲਿਤਾ ਮੂਕਾਸਾਮੀ ( ਸੱਜੇ ) ਇੱਕ ਸਥਾਨਕ ਐੱਨਜੀਓ ਦੀ ਸਿਹਤ ਫੀਲਡ ਕੋਆਰਡੀਨੇਟਰ ਹਨ। ' ਮਿਲਟ ਦੀ ਕਾਸ਼ਤ ਘਟਣ ਤੋਂ ਬਾਅਦ , ਸਾਨੂੰ ਰਾਸ਼ਨ ਦੀਆਂ ਦੁਕਾਨਾਂ ਤੋਂ ਬਾਜਰਾ, ਰਾਗੀ ਖਰੀਦਣੀ ਪਈ - ਜਿਸ ਦੀ ਸਾਨੂੰ ਆਦਤ ਨਹੀਂ ਸੀ , ' ਉਹ ਕਹਿੰਦੀ ਹਨ

ਇੱਕ ਸਥਾਨਕ ਐੱਨਜੀਓ ਨੇ ਉਨ੍ਹਾਂ ਅਤੇ ਹੋਰ ਕਿਸਾਨਾਂ ਨੂੰ ਆਪੋ-ਆਪਣੇ ਖੇਤਾਂ ਵਿੱਚ ਹਾਥੀਆਂ ਅਤੇ ਹੋਰ ਜਾਨਵਰਾਂ ਤੋਂ ਫ਼ਸਲਾਂ ਦੀ ਰੱਖਿਆ ਲਈ ਸੋਲਰ ਵਾੜ ਲਗਾਉਣ ਦੀ ਸਹੂਲਤ ਪ੍ਰਦਾਨ ਕੀਤੀ। ਇਸ ਤੋਂ ਬਾਅਦ ਰੰਗਯਾ ਨੇ ਆਪਣੀ ਜ਼ਮੀਨ ਦੇ ਇੱਕ ਹਿੱਸੇ 'ਤੇ ਦੁਬਾਰਾ ਰਾਗੀ ਉਗਾਉਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ, ਉਨ੍ਹਾਂ ਨੇ ਸਬਜ਼ੀਆਂ ਉਗਾਉਣਾ ਜਾਰੀ ਰੱਖਿਆ। ਪਿਛਲੇ ਸੀਜ਼ਨ ਵਿੱਚ ਉਨ੍ਹਾਂ ਨੇ ਫਲ਼ੀਆਂ ਤੇ ਲਸਣ ਵੇਚ ਕੇ 7,000 ਰੁਪਏ ਵੱਟੇ।

ਬਾਜਰੇ ਦੀ ਕਾਸ਼ਤ ਵਿੱਚ ਗਿਰਾਵਟ ਕਾਰਨ ਖਾਣ-ਪੀਣ ਦੀਆਂ ਆਦਤਾਂ ਵੀ ਬਦਲ ਰਹੀਆਂ ਹਨ। "ਬਾਜਰੇ ਦੀ ਕਾਸ਼ਤ ਘਟਣ ਤੋਂ ਬਾਅਦ, ਸਾਨੂੰ ਰਾਸ਼ਨ ਦੀਆਂ ਦੁਕਾਨਾਂ ਤੋਂ ਬਾਜਰਾ, ਰਾਗੀ ਖਰੀਦਣੀ ਪਈ- ਜਿਸ ਦੀ ਸਾਨੂੰ ਆਦਤ ਨਹੀਂ ਸੀ," ਪਿੰਡ ਦੀ ਵਸਨੀਕ ਅਤੇ ਇੱਕ ਸਥਾਨਕ ਐੱਨਜੀਓ ਦੀ ਸਿਹਤ ਖੇਤਰ ਦੀ ਕੋਆਰਡੀਨੇਟਰ ਲਲਿਤਾ ਮੂਕਾਸਾਮੀ ਕਹਿੰਦੀ ਹਨ। ਉਹ ਇਹ ਵੀ ਦੱਸਦੀ ਹਨਨ ਕਿ ਰਾਸ਼ਨ ਦੀਆਂ ਦੁਕਾਨਾਂ ਜ਼ਿਆਦਾਤਰ ਚਾਵਲ ਅਤੇ ਕਣਕ ਹੀ ਵੇਚਦੀਆਂ ਹਨ।

"ਜਦੋਂ ਮੈਂ ਛੋਟੀ ਸੀ, ਅਸੀਂ ਦਿਨ ਵਿੱਚ ਤਿੰਨ ਵਾਰ ਰਾਗੀ ਕਲੀ ਖਾਂਦੇ ਸੀ, ਪਰ ਹੁਣ ਅਸੀਂ ਇਸ ਨੂੰ ਨਹੀਂ ਖਾ ਰਹੇ ਹਾਂ। ਸਾਡੇ ਕੋਲ਼ ਸਿਰਫ਼ ਅਰਸੀ ਸਪਤ (ਚਾਵਲ ਅਧਾਰਤ ਭੋਜਨ) ਹੈ, ਜੋ ਬਣਾਉਣਾ ਵੀ ਆਸਾਨ ਹੈ," ਲਲਿਤਾ ਕਹਿੰਦੀ ਹਨ। ਉਹ ਖੁਦ ਇਰੂਲਾ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ ਅਤੇ ਅਨਈਕੱਟੀ ਪਿੰਡ ਦੀ ਵਾਸੀ ਹਨ ਅਤੇ ਪਿਛਲੇ 19 ਸਾਲਾਂ ਤੋਂ ਭਾਈਚਾਰੇ ਨਾਲ਼ ਰਲ਼ ਕੇ ਕੰਮ ਕਰ ਰਹੀ ਹਨ। ਉਹ ਕਹਿੰਦੀ ਹੈ ਕਿ ਖਾਣ-ਪੀਣ ਦੀਆਂ ਆਦਤਾਂ ਬਦਲਣ ਕਾਰਨ ਸਿਹਤ ਸਬੰਧੀ ਦਿੱਕਤਾਂ ਵਿੱਚ ਵਾਧਾ ਹੋ ਸਕਦਾ ਹੈ।

ਇੰਡੀਅਨ ਇੰਸਟੀਚਿਊਟ ਆਫ਼ ਮਿਲੇਟ ਰਿਸਰਚ (ਆਈ.ਆਈ.ਐੱਮ.ਆਰ.) ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕੁਝ ਜਾਣੇ-ਪਛਾਣੇ ਪੋਸ਼ਕ ਤੱਤ, ਵਿਟਾਮਿਨ, ਖਣਿਜ, ਜ਼ਰੂਰੀ ਫੈਟੀ ਐਸਿਡ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੋਣ ਵਾਲ਼ੀਆਂ ਬਿਮਾਰੀਆਂ ਨੂੰ ਰੋਕਣ ਦੇ ਨਾਲ਼-ਨਾਲ਼ ਡਿਜਨਰੇਟਿਵ ਬਿਮਾਰੀਆਂ ਨੂੰ ਰੋਕਣ ਦੇ ਮਾਮਲੇ 'ਚ ਲਾਭ ਦਿੰਦੇ ਹਨ। ਤੇਲੰਗਾਨਾ ਸਥਿਤ ਇਹ ਸੰਸਥਾ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦਾ ਹਿੱਸਾ ਹੈ।

"ਰਾਗੀ ਅਤੇ ਤੇਨਾਈ ਮੁੱਖ ਫ਼ਸਲਾਂ ਹੁੰਦੀਆਂ ਸਨ। ਅਸੀਂ ਉਨ੍ਹਾਂ ਨੂੰ ਸਰ੍ਹੋਂ ਦੇ ਪੱਤਿਆਂ ਅਤੇ ਕਟ ਕੀਰਾਈ (ਜੰਗਲੀ ਪਾਲਕ) ਨਾਲ਼ ਰਲ਼ਾ ਕੇ ਖਾਂਦੇ ਸੀ," ਰੰਗਯਾ ਕਹਿੰਦੇ ਹਨ। ਆਖਰੀ ਵਾਰ ਉਨ੍ਹਾਂ ਕਦੋਂ ਖਾਧਾ ਸੀ, ਉਨ੍ਹਾਂ ਨੂੰ ਇੰਨਾ ਵੀ ਚੇਤਾ ਨਹੀਂ: "ਅਸੀਂ ਹੁਣ ਜੰਗਲ ਅੰਦਰ ਨਹੀਂ ਜਾ ਪਾਉਂਦੇ।''

ਇਸ ਲੇਖ ਨੂੰ ਲਿਖਣ ਵਿੱਚ ਆਪਣੀ ਮਦਦ ਦੇਣ ਲਈ ਰਿਪੋਰਟ ਕੀਸਟੋਨ ਫਾਊਂਡੇਸ਼ਨ ਦੇ ਸ਼੍ਰੀਰਾਮ ਪਰਮਾਸਿਵਨ ਦਾ ਧੰਨਵਾਦ ਕਰਨਾ ਚਾਹੁੰਦੀ ਹਨ।

ਤਰਜਮਾ: ਕਮਲਜੀਤ ਕੌਰ

Sanviti Iyer

Sanviti Iyer is Assistant Editor at the People's Archive of Rural India. She also works with students to help them document and report issues on rural India.

Other stories by Sanviti Iyer
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur