ਬੁਧੂਰਾਮ ਚਿੰਦਾ ਸਹਿਮ ਨਾਲ਼ ਕੰਬ ਰਹੇ ਸਨ। ਉਨ੍ਹਾਂ ਤੋਂ ਕੁਝ ਕੁ ਗਜ਼ਾਂ ਦੀ ਦੂਰੀ 'ਤੇ ਵੱਡ-ਅਕਾਰੀ ਕਾਲ਼ੇ ਪਰਛਾਵੇਂ ਚੰਨ ਦੀ ਰੌਸ਼ਨੀ ਵਿੱਚ ਦੈਂਤ ਜਿਹੇ ਪ੍ਰਤੀਤ ਹੋ ਰਹੇ ਸਨ। 60 ਸਾਲਾ ਇਹ ਭੁੰਜੀਆ ਆਦਿਵਾਸੀ ਕਿਸਾਨ ਕਥਾਫਾਰ ਪਿੰਡ ਵਿਖੇ ਪੈਂਦੇ ਆਪਣੇ ਘਰ ਦੇ ਬੂਹੇ ਦੀ ਝੀਤ ਵਿੱਚੋਂ ਦੀ ਉਨ੍ਹਾਂ ਪਰਛਾਵਿਆਂ ਨੂੰ ਦੇਖ ਰਹੇ ਸਨ।
ਓੜੀਸ਼ਾ ਦੀ ਸੁਨਾਬੇੜਾ ਵਾਈਲਡ ਲਾਈਫ ਸੈਂਚੂਰੀ ਦੇ ਮੁੱਖ ਅਤੇ ਬਫਰ ਖੇਤਰਾਂ ਵਿਖੇ ਪੈਂਦੀਆਂ 52 ਮਨੁੱਖੀ ਬਸਤੀਆਂ ਵਿੱਚੋਂ ਇੱਕ ਵਿੱਚ ਰਹਿਣ ਵਾਲ਼ੇ ਇਸ ਕਿਸਾਨ ਲਈ ਦੈਂਤਕਾਰੀ ਥਣਧਾਰੀ ਜੀਵਾਂ ਨੂੰ ਇੰਝ ਦੇਖਣਾ ਕੋਈ ਅਸਧਾਰਨ ਗੱਲ ਨਹੀਂ ਸੀ।
ਜੋ ਵੀ ਹੋਵੇ, ਉਨ੍ਹਾਂ ਕਿਹਾ,''ਮੈਂ ਇਹ ਸੋਚ-ਸੋਚ ਕੇ ਕੰਬਣ ਲੱਗਿਆ ਕਿ ਇਨ੍ਹਾਂ ਦੀ ਟੋਲੀ ਕਿਤੇ ਅੱਖ ਦੇ ਫਰੱਕੇ ਨਾਲ਼ ਮੈਨੂੰ ਤੇ ਮੇਰੇ ਕੱਚੇ ਘਰ ਨੂੰ ਮਲ਼ੀਆਮੇਟ ਨਾ ਕਰ ਦੇਵੇ।'' ਕੁਝ ਚਿਰਾਂ ਬਾਅਦ ਉਹ ਘਰ ਦੇ ਮਗਰਲੇ ਵਿਹੜੇ ਵਿੱਚ ਗਏ ਤੇ ਤੁਲਸੀ ਦੇ ਬੂਟੇ ਕੋਲ਼ ਖੜ੍ਹੇ ਹੋ ਗਏ: ''ਮੈਂ ਮਾਂ ਲਕਸ਼ਮੀ ਅੱਗੇ ਉਨ੍ਹਾਂ ਦੈਂਤਕਾਰੀ ਥਣਧਾਰੀਆਂ ਤੋਂ ਬਚਾਉਣ ਦੀ ਪ੍ਰਾਰਥਨਾ ਕੀਤੀ। ਹੋਵੇ ਨਾ ਹੋਵੇ ਉਸ ਝੁੰਡ ਨੇ ਮੈਨੂੰ ਦੇਖ ਲਿਆ ਸੀ।''
ਬੁਧੂਰਾਮ ਦੀ ਪਤਨੀ, 55 ਸਾਲਾ ਸੁਲਕਸ਼ਮੀ ਚਿੰਦਾ ਨੇ ਵੀ ਹਾਥੀਆਂ ਦੇ ਚੀਕਣ ਦੀ ਅਵਾਜ਼ ਸੁਣੀ। ਉਸ ਵੇਲ਼ੇ ਉਹ ਇੱਕ ਕਿਲੋਮੀਟਰ ਦੂਰ ਪੈਂਦੇ ਪਿੰਡ ਵਿਖੇ ਆਪਣੇ ਘਰ ਵਿੱਚ ਸਨ। ਜਿੱਥੇ ਉਹ ਆਪਣੇ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ਼ ਰਹਿੰਦੀ ਹਨ।
ਕਰੀਬ ਇੱਕ ਘੰਟੇ ਬਾਅਦ ਕਿਤੇ ਜਾ ਕੇ ਹਾਥੀਆਂ ਨੇ ਇਲਾਕਾ ਛੱਡਿਆ।
ਅੱਜ ਵੀ ਦਸੰਬਰ 2020 ਦੀ ਉਸ ਘਟਨਾ ਨੂੰ ਚੇਤੇ ਕਰਦਿਆਂ ਕਿਸਾਨ ਨੂੰ ਇਹੀ ਮਹਿਸੂਸ ਹੁੰਦਾ ਜਿਵੇਂ ਉਹਦੇ ਵੱਲੋਂ ਕੀਤੀ ਪ੍ਰਾਰਥਨਾ ਰੰਗ ਲਿਆਈ।
ਇਸਲਈ, ਦਸੰਬਰ 2022 ਨੂੰ ਜਦੋਂ ਹਾਥੀਆਂ ਦੇ ਝੁੰਡ ਨੇ ਆਪਣਾ ਰਾਹ ਬਦਲਿਆ ਤਾਂ ਨਾ ਸਿਰਫ਼ ਬੁਧੂਰਾਮ ਨੇ ਹੀ, ਸਗੋਂ ਨੁਆਪਾੜਾ ਜ਼ਿਲ੍ਹੇ ਦੇ 30 ਆਦਿਵਾਸੀ ਪਿੰਡਾਂ ਦੇ ਬਾਸ਼ਿੰਦਿਆਂ ਨੇ ਸੁੱਖ ਦਾ ਸਾਹ ਲਿਆ।











