ਸੁਨੀਤਾ ਦੇਵੀ ਨੂੰ ਆਪਣੇ ਢਿੱਡ ਅੰਦਰ ਵੱਧਦੀ ਜਾਂਦੀ ਗੰਢ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ। ਉਹ ਚੰਗੀ ਤਰ੍ਹਾਂ ਖਾ-ਪੀ ਵੀ ਨਹੀਂ ਪਾ ਰਹੀ ਸਨ ਅਤੇ ਸਦਾ ਅਫ਼ਰੇਵਾਂ ਬਣਿਆ ਰਹਿੰਦਾ। ਦੋ ਮਹੀਨਿਆਂ ਤੀਕਰ ਆਪਣੀ ਸਮੱਸਿਆਂ ਨੂੰ ਟਾਲ਼ਣ ਤੋਂ ਬਾਅਦ ਅਖੀਰ ਉਹ ਆਪਣੇ ਘਰ ਦੇ ਨੇੜੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਕੋਲ਼ ਪੁੱਜੀ। ਫਿਰ ਡਾਕਟਰ ਨੇ ਜੋ ਕਿਹਾ ਉਹ ਸੁਣ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਤਿਲ਼ਕ ਗਈ: “ਆਪਕੋ ਬੱਚਾ ਠਹਰ ਗਯਾ ਹੈ। ”
ਉਹ ਸਮਝ ਹੀ ਨਹੀਂ ਪਾ ਰਹੀ ਸਨ ਕਿ ਇਹ ਸੰਭਵ ਕਿਵੇਂ ਹੋਇਆ-ਅਜੇ ਤਾਂ ਮਸਾਂ ਛੇ ਮਹੀਨੇ ਪਹਿਲਾਂ ਹੀ ਤਾਂ ਉਨ੍ਹਾਂ ਨੇ ਗਰਭ ਠਹਿਰਣ ਤੋਂ ਰੋਕਣ ਲਈ ਕਾਪਰ-ਟੀ ਰਖਵਾਈ ਸੀ।
2019 ਦੀ ਘਟਨਾ ਨੂੰ ਚੇਤੇ ਕਰਦਿਆਂ ਅੱਜ ਉਨ੍ਹਾਂ ਦਾ ਪਤਲਾ ਅਤੇ ਮੁਰਦਾ-ਮੁਰਦਾ ਜਾਪਦਾ ਚਿਹਰਾ ਹੋਰ ਪੀਲ਼ਾ ਫਿਰ ਗਿਆ। ਬੜੇ ਕਰੀਨੇ ਨਾਲ਼ ਵਾਲ਼ਾਂ ਨੂੰ ਪਿਛਾਂਹ ਕਰਕੇ ਜੂੜਾ ਕੀਤੇ ਚਿਹਰੇ ’ਤੇ ਦੋ ਉਦਾਸ, ਥੱਕੀਆਂ ਤੇ ਡੂੰਘੀਆਂ ਅੱਖਾਂ ਬਿਟਰ-ਬਿਟਰ ਝਾਕ ਰਹੀਆਂ ਹਨ। ਉਨ੍ਹਾਂ ਦੇ ਮੁਰਝਾਏ ਚਿਹਰੇ ‘ਤੇ ਸਿਰਫ਼ ਇੱਕੋ ਹੀ ਲਾਲੀ ਹੈ... ਉਹ ਹੈ ਬਿੰਦੀ।
30 ਸਾਲਾ ਸੁਨੀਤਾ (ਅਸਲੀ ਨਾਮ ਨਹੀਂ) ਚਾਰ ਬੱਚਿਆਂ ਦੀ ਮਾਂ ਹਨ। ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਬੇਟੇ ਹਨ, ਜਿਨ੍ਹਾਂ ਦੀ ਉਮਰ 4 ਸਾਲ ਤੋਂ 10 ਸਾਲਾਂ ਵਿਚਾਲੇ ਹੈ। ਮਈ 2019 ਨੂੰ, ਜਦੋਂ ਉਨ੍ਹਾਂ ਦਾ ਛੋਟਾ ਬੱਚਾ 2 ਸਾਲਾਂ ਦਾ ਹੋਇਆ ਤਾਂ ਉਨ੍ਹਾਂ ਨੇ ਹੋਰ ਬੱਚਾ ਪੈਦਾ ਨਾ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੇ ਇਲਾਕੇ ਅੰਦਰ ਆਉਂਦੀ ਆਸ਼ਾ ਵਰਕਰ ਕੋਲ਼ੋਂ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਸੁਣ ਰੱਖਿਆ ਸੀ। ਗਰਭਨਿਰੋਧਕ ਦੇ ਸਾਰੇ ਵਿਕਲਪਾਂ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਅੰਤਰਾ, ਗਰਭਨਿਰੋਧਕ ਟੀਕਾ ਲਵਾਉਣ ਦਾ ਫ਼ੈਸਲਾ ਕੀਤਾ ਜੋ ਤਿੰਨ ਮਹੀਨਿਆਂ ਲਈ ਗਰਭਧਾਰਨ ਨੂੰ ਰੋਕਣ ਦਾ ਦਾਅਵਾ ਕਰਦਾ ਹੈ। “ਮੈਂ ਸੋਚਿਆ ਕਿਉਂ ਨਾ ਟੀਕਾ ਹੀ ਲਵਾ ਕੇ ਦੇਖ ਲਵਾਂ,” ਉਹ ਕਹਿੰਦੀ ਹਨ।
ਅਸੀਂ ਉਨ੍ਹਾਂ ਦੇ 8x10 ਫੁੱਟੇ ਕਮਰੇ ਅੰਦਰ ਵਿਛੀ ਚਟਾਈ ’ਤੇ ਬੈਠੇ ਹੋਏ ਹਾਂ ਅਤੇ ਇਹੋ ਜਿਹੀਆਂ ਕਈ ਹੋਰ ਚਟਾਈਆਂ ਖੂੰਝੇ ਵਿੱਚ ਪਏ ਸਿਲੰਡਰ ਉੱਪਰ ਟਿਕਾਈਆਂ ਹੋਈਆਂ ਹਨ। ਸੁਨੀਤਾ ਦੇ ਦਿਓਰ ਦਾ ਪਰਿਵਾਰ ਨਾਲ਼ ਵਾਲ਼ੇ ਕਮਰੇ ਵਿੱਚ ਰਹਿੰਦਾ ਹੈ ਅਤੇ ਇੱਕ ਤੀਜਾ ਕਮਰਾ ਉਨ੍ਹਾਂ ਦੇ ਦੂਜੇ ਦਿਓਰ ਦਾ ਹੈ। ਇਹ ਘਰ ਦੱਖਣੀ-ਪੱਛਮੀ ਦਿਲੀ ਜ਼ਿਲ੍ਹੇ ਦੇ ਨਜਫਗੜ੍ਹ ਇਲਾਕੇ ਦੇ ਮਹੇਸ਼ ਗਾਰਡਨ ਮੁਹੱਲੇ ਵਿਖੇ ਪੈਂਦਾ ਹੈ।
ਗੋਪਾਲ ਨਗਰ ਦਾ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਸੁਨੀਤਾ ਦੇ ਘਰ ਤੋਂ ਦੋ ਕਿਲੋਮੀਟਰ ਦੂਰ ਪੈਂਦਾ ਹੈ। ਇਹੀ ਉਹ ਥਾਂ ਸੀ ਜਿੱਥੇ ਉਹ ਆਸ਼ਾ ਵਰਕਰ ਦੇ ਨਾਲ਼ ਅੰਤਰਾ ਇੰਜੈਕਸ਼ਨ ਲਵਾਉਣ ਗਈ ਸਨ। ਪਰ ਪੀਐੱਚਸੀ ਦੀ ਡਾਕਟਰ ਨੇ ਹੋਰ ਸਲਾਹ ਦੇ ਮਾਰੀ। “ਡਾਕਟਰ ਨੇ ਇੰਜੈਕਸ਼ਨ ਦੀ ਥਾਵੇਂ ਕਾਪਰ-ਟੀ ਬਾਰੇ ਦੱਸਣਾ ਸ਼ੁਰੂ ਕੀਤਾ। ਡਾਕਟਰ ਨੇ ਮੈਨੂੰ ਕਿਹਾ ਕਿ ਕਾਪਰ-ਟੀ ਅੰਦਰ ਰੱਖਣਾ ਵੱਧ ਸੁਰੱਖਿਅਤ ਰਹਿੰਦਾ ਹੈ,” ਸੁਨੀਤਾ ਕਹਿੰਦੀ ਹਨ। “ਮੈਂ ਕਾਪਰ-ਟੀ ਬਾਰੇ ਹਾਮੀ ਨਾ ਭਰੀ। ਪਰ ਡਾਕਟਰ ਵੀ ਜ਼ੋਰ ਦਿੰਦੀ ਰਹੀ ਕਿ ਇਹ ਵੱਧ ਸੁਰੱਖਿਆ ਰਹੇਗਾ। ‘ਕੀ ਤੂੰ ਹੋਰ ਬੱਚਾ ਜੰਮਣ ਤੋਂ ਰੋਕਣਾ ਨਹੀਂ ਚਾਹੁੰਦੀ?’ ਉਨ੍ਹਾਂ ਨੇ ਮੈਨੂੰ ਦੋ-ਟੂਕ ਸਵਾਲ ਕੀਤਾ।”








