ਤੁਸੀਂ ਜੰਗਲ ਦੇ ਰਾਜੇ ਨੂੰ ਉਡੀਕ ਨਾ ਕਰਾਇਓ।
ਸ਼ੇਰ ਆ ਰਹੇ ਸਨ। ਉਹ ਵੀ ਗੁਜਰਾਤ ਦੇ ਰਸਤਿਓਂ ਅਤੇ ਉਨ੍ਹਾਂ ਦੇ ਦਾਖ਼ਲੇ ਲਈ ਰਾਹ ਪੱਧਰਾ ਕਰਨ ਵਾਸਤੇ ਹਰ ਕਿਸੇ ਨੇ ਥਾਂ ਛੱਡਣੀ ਸੀ।
ਅਤੇ ਉਹ ਇੱਕ ਚੰਗੀ ਗੱਲ ਵੀ ਜਾਪੀ। ਹਾਲਾਂਕਿ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦੇ ਅੰਦਰਲੇ ਪਿੰਡ ਵਾਸੀਆਂ ਵੱਲੋਂ ਇਹ ਕਿਆਸਾਰੀਆਂ ਲਾਈਆਂ ਗਈਆਂ ਕਿ ਕਿਵੇਂ ਕੀ ਕੁਝ ਹੋਵੇਗਾ।
''ਇਨ੍ਹਾਂ ਮਹਾਨ ਸ਼ੇਰਾਂ ਦੇ ਇੱਥੇ ਆਉਣ ਬਾਅਦ, ਇਹ ਇਲਾਕਾ ਮਸ਼ਹੂਰ ਹੋ ਜਾਵੇਗਾ। ਸਾਨੂੰ ਬਤੌਰ ਗਾਈਡ ਨੌਕਰੀਆਂ ਮਿਲ਼ਣਗੀਆਂ। ਉਸ ਥਾਵੇਂ ਅਸੀਂ ਦੁਕਾਨਾਂ ਅਤੇ ਭੋਜਨਾਲੇ ਖੋਲ੍ਹ ਸਕਾਂਗੇ। ਇੰਝ ਸਾਡੇ ਪਰਿਵਾਰ ਵੀ ਪਲ਼ ਜਾਣਗੇ।'' ਇਹ ਖ਼ਿਆਲ ਕੁਨੋ ਪਾਰਕ ਦੇ ਅੰਦਰਲੇ ਪਿੰਡ, ਅਗਾਰਾ ਦੇ 70 ਸਾਲਾ ਰਾਘੂਲਾਲ ਜਾਟਵ ਦਾ ਹੈ।
''ਬਦਲੇ ਵਿੱਚ ਸਾਨੂੰ ਜਰਖ਼ੇਜ਼ ਭੂਮੀ ਮਿਲ਼ ਜਾਣੀ, ਹਰ ਮੌਸਮ ਵਾਸਤੇ ਸੜਕਾਂ, ਪੂਰੇ ਪਿੰਡ ਲਈ ਬਿਜਲੀ ਦਾ ਪ੍ਰਬੰਧ ਅਤੇ ਸਾਰੀਆਂ ਨਾਗਰਿਕ ਸੁਵਿਧਾਵਾਂ ਮਿਲ਼ ਜਾਣੀਆਂ ਹਨ,'' ਰਘੂਲਾਲ ਕਹਿੰਦੇ ਹਨ।
''ਇਹੀ ਉਹ ਮਿੱਠੀਆਂ ਗੋਲ਼ੀਆਂ ਸਨ ਜੋ ਸਰਕਾਰ ਨੇ ਸਾਨੂੰ ਦਿੱਤੀਆਂ,'' ਉਹ ਕਹਿੰਦੇ ਹਨ।
ਇਸੇ ਲਾਰੇ ਦੇ ਝਾਂਸੇ ਵਿੱਚ ਆ ਕੇ ਪੈਰਾ ਅਤੇ 24 ਪਿੰਡਾਂ ਦੇ ਕੋਈ 1,600 ਲੋਕ ਕੁਨੋ ਨੈਸ਼ਨਲ ਪਾਰਕ ਵਿਖੇ ਪੈਂਦੇ ਆਪਣੇ ਘਰ ਖਾਲੀ ਕਰ ਗਏ। ਉਨ੍ਹਾਂ ਵਿੱਚ ਮੁੱਖ ਤੌਰ 'ਤੇ ਸਹਾਰਿਆ ਆਦਿਵਾਸੀ, ਦਲਿਤ ਅਤੇ ਗ਼ਰੀਬ ਓਬੀਸੀ ਵਰਗ ਦੇ ਲੋਕ ਸਨ। ਉਜਾੜੇ ਦਾ ਉਨ੍ਹਾਂ ਦਾ ਇਹ ਸਫ਼ਰ ਬੜਾ ਭਾਜੜ ਭਰਿਆ ਰਿਹਾ।
ਟਰੈਕਟਰ ਲਿਆਂਦੇ ਗਏ ਅਤੇ ਜੰਗਲ ਵਿੱਚ ਰਹਿਣ ਵਾਲ਼ੇ ਇਨ੍ਹਾਂ ਬਾਸ਼ਿੰਦਿਆਂ ਨੇ ਕਾਹਲੀ ਕਾਹਲੀ ਪੀੜ੍ਹੀਆਂ ਦੇ ਸਾਂਭੇ ਆਪਣੇ ਮਾਲ਼-ਅਸਬਾਬ ਲੱਦੇ ਅਤੇ ਘਰਾਂ ਨੂੰ ਵਿਦਾ ਆਖੀ। ਉਨ੍ਹਾਂ ਨੇ ਆਪਣੇ ਮਗਰ ਨਾ ਸਿਰਫ਼ ਪ੍ਰਾਇਮਰੀ ਸਕੂਲ ਛੱਡੇ, ਸਗੋਂ ਨਲ਼ਕੇ, ਖ਼ੂਹ ਅਤੇ ਪੀੜ੍ਹੀਆਂ ਤੋਂ ਵਾਹੀ ਜਾਂਦੀ ਭੋਇੰ ਵੀ ਛੱਡ ਦਿੱਤੀ। ਇੱਥੋਂ ਤੱਕ ਕਿ ਡੰਗਰ ਵੀ ਛੱਡ ਦਿੱਤੇ। ਕਿਉਂਕਿ ਜੰਗਲ ਦੀਆਂ ਚਰਾਂਦਾਂ ਤੋਂ ਬਿਨਾ ਪਸ਼ੂਆਂ ਨੂੰ ਖੁਆਉਣਾ ਉਨ੍ਹਾਂ ਵਾਸਤੇ ਕਿਸੇ ਬੋਝ ਤੋਂ ਘੱਟ ਨਹੀਂ ਸੀ।
23 ਸਾਲ ਬੀਤ ਗਏ, ਉਹ ਅੱਜ ਵੀ ਸ਼ੇਰਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।


















