ਇਜ਼੍ਹਿਲ ਅੰਨਾ ਦੀਆਂ ਯਾਦਾਂ ਦੀ ਗ੍ਰਿਫ਼ਤ ਨੇ ਮੈਨੂੰ ਕੱਸ ਕੇ ਫੜ੍ਹ ਲਿਆ ਹੈ ਅਤੇ ਕਿਸੇ ਜਾਦੂਈ ਤਾਕਤ ਵਾਂਗਰ ਮੈਨੂੰ ਕਿਸੇ ਧਾਰ ਵਿੱਚ ਵਹਾਈ ਲਿਜਾਂਦੀਆਂ ਹਨ। ਯਾਦਾਂ ਦਾ ਇਹ ਵਹਿਣ ਮੈਨੂੰ ਅਤੀਤ ਦੇ ਰੰਗ-ਬਿਰੰਗੇ ਪਰਛਾਵਿਆਂ ਦੇ ਭਰੇ ਜੰਗਲੀਂ ਲੈ ਜਾਂਦਾ ਹੈ ਜਿੱਥੇ ਉਹ ਯਾਦਾਂ ਗੀਤ ਗਾਉਂਦੀਆਂ ਹਨ ਤੇ ਝਿੜੀਆਂ ਨੱਚ ਉੱਠਦੀਆਂ ਹਨ, ਜਿਓਂ ਕਿਸੇ ਰਾਜਿਆਂ ਦੀਆਂ ਕਹਾਣੀਆਂ ਦੋਬਾਰਾ ਜੀ ਉੱਠੀਆਂ ਹੋਣ ਅਤੇ ਮੈਨੂੰ ਪਹਾੜ ਦੀ ਟੀਸੀ ’ਤੇ ਜਾ ਬਿਠਾਉਂਦੀਆਂ ਹਨ। ਉਸ ਬੁਲੰਦੀ ਤੋਂ ਸੰਸਾਰ ਸੁਪਨਮਈ ਜਾਪਦਾ ਹੈ। ਫਿਰ, ਅਚਾਨਕ, ਅੰਨਾ ਮੈਨੂੰ ਤਾਰਿਆਂ ਭਰੀ ਇਸ ਸਰਦੀਲੀ ਰਾਤ ਦੀ ਯਖ ਕਰ ਸੁੱਟਣ ਵਾਲ਼ੀ ਹਵਾ ਵਿੱਚ ਧੱਕਾ ਦੇ ਦਿੰਦੇ ਹਨ। ਉਹ ਮੈਨੂੰ ਜ਼ਮੀਨ ਨਾਲ਼ ਰਗੜਦੇ ਹਨ ਓਦੋਂ ਤੀਕਰ ਜਦੋਂ ਤੀਕਰ ਕਿ ਮੈਂ ਮਿੱਟੀ ਨਹੀਂ ਹੋ ਜਾਂਦਾ।

ਉਹ ਮਿੱਟੀ ਤੋਂ ਬਣੇ ਸਨ। ਉਨ੍ਹਾਂ ਦੀ ਜ਼ਿੰਦਗੀ ਕਿਸੇ ਮਿੱਟੀ ਦੇ ਜਾਏ ਤੋਂ ਘੱਟ ਨਹੀਂ ਸੀ। ਉਹ ਇੱਕੋ ਸਮੇਂ ਇੱਕ ਨੱਕਾਲ (ਭੰਡ), ਇੱਕ ਅਧਿਆਪਕ, ਇੱਕ ਬਾਲ, ਇੱਕ ਅਦਾਕਾਰ ਦੀ ਮਿੱਟੀ ਵਿੱਚ ਢਲ਼ ਜਾਇਆ ਕਰਦੇ। ਇਜ਼ਿਲ ਅੰਨਾ, ਮਿੱਟੀ ਦੇ ਜਾਏ ਹਨ।

ਮੈਂ ਉਨ੍ਹਾਂ ਰਾਜਿਆਂ ਦੀਆਂ ਕਹਾਣੀਆਂ ਦੇ ਇੱਕ ਪਾਤਰ ਵਜੋਂ ਵੱਡਾ ਹੋਇਆਂ ਹਾਂ ਜੋ ਅੰਨਾ ਬੱਚਿਆਂ ਨੂੰ ਸੁਣਾਉਂਦੇ। ਪਰ ਹੁਣ ਵਕਤ ਹੈ ਕਿ ਮੈਂ ਉਨ੍ਹਾਂ ਦੀ ਕਹਾਣੀ ਕਹਾਂ, ਇੱਕ ਵਿਅਕਤੀ ਅਤੇ ਉਹਦੀ ਫ਼ੋਟੋਗਰਾਫ਼ੀ ਮਗਰਲੀ ਦਾਸਤਾਨ। ਉਹ ਕਹਾਣੀ ਜੋ ਮੇਰੇ ਅੰਦਰ ਪਿਛਲੇ ਪੰਜ ਸਾਲਾਂ ਤੋਂ ਪਾਸੇ ਵੱਟਦੀ ਰਹੀ ਹੈ।

*****

ਆਰ. ਇਜ਼੍ਹਿਲਾਰਸਨ ਨੱਕਾਲਾਂ ਦੇ ਬਾਦਸ਼ਾਹ ਹਨ, ਜੋ ਚਾਰੇ ਪਾਸੇ ਟਪੂਸੀਆਂ ਮਾਰਦਾ ਇੱਕ ਚੂਹਾ, ਰੰਗ-ਬਿਰੰਗਾ ਗੁਸੈਲ ਪੰਛੀ, ਇੱਕ ਬਘਿਆੜ ਪਰ ਜੋ ਦੁਸ਼ਟ ਨਹੀਂ, ਮੜਕ ਨਾਲ਼ ਤੁਰਦਾ ਇੱਕ ਸ਼ੇਰ- ਇੱਕੋ ਵੇਲ਼ੇ ਉਹ ਕਈ ਪਾਤਰ ਅਦਾ ਕਰ ਜਾਂਦੇ ਹਨ। ਉਹ ਕਦੋਂ ਕੀ ਬਣਦੇ ਹਨ ਇਹ ਕਹਾਣੀ ‘ਤੇ ਨਿਰਭਰ ਕਰਦਾ ਹੈ। ਕਹਾਣੀਆਂ ਜੋ ਪਿਛਲੇ 30 ਸਾਲਾਂ ਤੋਂ ਉਨ੍ਹਾਂ ਦੇ ਵੱਡੇ ਸਾਰੇ ਹਰੇ ਝੋਲ਼ੇ ਵਿੱਚ ਕੈਦ ਹਨ, ਉਸ ਝੋਲ਼ੇ ਵਿੱਚ ਜਿਹਨੂੰ ਪਿੱਠ ਨਾਲ਼ ਲਮਕਾਈ ਉਹ ਜੰਗਲਾਂ ਦੀ ਪਗਡੰਡੀਆਂ ਅਤੇ ਸ਼ਹਿਰਾਂ ਦੀਆਂ ਸੜਕਾਂ ਥਾਣੀਂ ਹੁੰਦੇ ਹੋਏ ਪੂਰਾ ਤਮਿਲਨਾਡੂ ਘੁੰਮਦੇ ਰਹੇ ਹਨ।

ਗੱਲ 2018 ਦੀ ਹੈ। ਅਸੀਂ ਨਾਗਾਪੱਟੀਨਮ ਦੇ ਸਰਕਾਰੀ ਸਕੂਲ ਵਿੱਚ ਹਾਂ। ਗਾਜਾ ਚੱਕਰਵਾਤ ਵੱਲੋਂ ਮਚਾਈ ਤਬਾਹੀ ਨਾਲ਼ ਜੜ੍ਹੋਂ ਉਖੜੇ ਰੁੱਖਾਂ ਨੂੰ ਵੱਢ-ਵੱਢ ਕੇ ਅਲੱਗ ਕੀਤੇ ਗਏ ਮੋਛੇ ਇੱਧਰ-ਓਧਰ ਖਿੰਡੇ ਪਏ ਹਨ- ਸਕੂਲ ਕਿਸੇ ਅਲੱਗ-ਥਲੱਗ ਆਰੇ ਨਾਲ਼ੋਂ ਘੱਟ ਨਹੀਂ ਜਾਪਦਾ ਪਿਆ। ਪਰ ਤਮਿਲਨਾਡੂ ਦੇ ਇਸ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਦੇ ਇਸ ਸਕੂਲ, ਜਿੱਥੇ ਚੱਕਰਵਾਤ ਤੋਂ ਮੱਚੀ ਤਬਾਹੀ ਕਾਰਨ ਸੁੰਨਸਾਨ ਪਸਰੀ ਹੋਈ ਹੈ, ਦੇ ਇੱਕ ਕੋਨੇ ਵਿੱਚ ਬੱਚਿਆਂ ਦੇ ਹਾਸੇ ਤੇ ਕਿਲਕਾਰੀਆਂ ਹਵਾ ਵਿੱਚ ਤੈਰ ਰਹੀਆਂ ਹਨ।

ਵੰਦਾਨੇ ਦੇਨਾ ਪਾਰੰਗ ਕੱਟਾਯੱਕਾਰਨ ਆਮਾ ਕੱਟਾਯੱਕਾਰਨ। ਵਾਰਾਨੇ ਦੇਨਾ ਪਾਰੰਗ (ਦੇਖੋ, ਦੇਖੋ ਨੱਕਾਲ ਆਇਆ, ਹਾਂ ਸੱਚਿਓ, ਦੇਖੋ, ਨੱਕਾਲ ਆ ਰਿਹਾ ਹੈ)।

PHOTO • M. Palani Kumar

ਇਜ਼੍ਹਿਲ ਅੰਨਾ ਨਾਟਕ ਦੀ ਪੇਸ਼ਕਾਰੀ ਕਰਨ ਤੋਂ ਪਹਿਲਾਂ ਬੱਚਿਆਂ ਦੇ ਨਾਲ਼ ਰਲ਼ ਬਹਿੰਦੇ ਹਨ, ਉਨ੍ਹਾਂ ਕੋਲ਼ੋਂ ਉਨ੍ਹਾਂ ਦੀਆਂ ਰੁਚੀਆਂ ਬਾਬਤ ਸਵਾਲ ਪੁੱਛਦੇ ਹਨ

PHOTO • M. Palani Kumar

ਇਹ ਕੈਂਪ ਨਾਗਾਪੱਟੀਨਮ ਵਿਖੇ 2018 ਤੋਂ ਵਿੱਚ ਆਏ ਚੱਕਰਵਾਤ ਗਾਜਾ ਤੋਂ ਬਾਅਦ ਅਯੋਜਿਤ ਕੀਤਾ ਗਿਆ, ਜਿੱਥੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਗੁਆਚ ਚੁੱਕੇ ਹਾਸਿਆਂ ਨੂੰ ਵਾਪਸ ਮੋੜ ਲਿਆਂਦਾ

ਮੂੰਹ 'ਤੇ ਚਿੱਟਾ ਅਤੇ ਪੀਲ਼ਾ ਰੰਗ ਪੋਤੀ, ਤਿੰਨ ਟਿਮਕਣੇ ਸਜਾਈ- ਇੱਕ ਨੱਕ 'ਤੇ ਅਤੇ ਦੋ ਗੱਲ੍ਹਾਂ 'ਤੇ, ਆਸਮਾਨੀ ਰੰਗੀਂ ਲਿਫ਼ਾਫੇ ਦੀ ਕੰਮ-ਚਲਾਊ ਟੋਪੀ ਸਿਰ 'ਤੇ ਸਜਾਈ, ਹਸਾਉਣਾ ਗਾਣਾ ਗੁਣਗਣਾਉਂਦਾ ਹੋਇਆ, ਕਿਸੇ ਬੇਪਰਵਾਹ ਲੈਅ ਨਾਲ਼ ਝੂਮਦੇ ਅੰਗਾਂ ਵਾਲ਼ਾ ਦੇਖੋ ਦੇਖੋ ਆਇਆ ਜਿਊਂ ਮਸਖ਼ਰਾ-ਠੱਗ ਕੋਈ। ਬੱਚਿਆਂ ਦਾ ਹੋ-ਹੱਲ੍ਹਾ ਸਧਾਰਣ ਗੱਲ ਬਣ ਜਾਂਦੀ ਹੈ। ਬੱਸ ਕੁਝ ਕੁਝ ਇਸੇ ਤਰੀਕੇ ਨਾਲ਼ ਹੀ ਇਜ਼੍ਹਿਲ ਦਾ ਕਲਾਕਾਰੀ ਕੈਂਪ ਸ਼ੁਰੂ ਹੁੰਦਾ ਹੈ-ਫਿਰ ਭਾਵੇਂ ਉਹ ਕੈਂਪ ਜਵਾਧੂ ਪਹਾੜੀਆਂ ਦੇ ਕਿਸੇ ਛੋਟੇ ਜਿਹੇ ਪਬਲਿਕ ਸਕੂਲ ਵਿੱਚ ਹੋਵੇ ਜਾਂ ਫਿਰ ਚੇਨੱਈ ਦੇ ਓਰਾ ਸਵਾਂਕੀ ਨਿੱਜੀ ਸਕੂਲ ਵਿੱਚ ਹੋਵੇ ਜਾਂ ਫਿਰ ਸੱਤਿਆਮੰਗਲਮ ਜੰਗਲਾਂ ਦੇ ਬੀਹੜ ਕਬਾਇਲੀ ਬੱਚਿਆਂ ਲਈ ਹੋਵੇ, ਜਾਂ ਫਿਰ ਵਿਸ਼ੇਸ਼ ਲੋੜਾਂ ਵਾਲ਼ੇ ਬੱਚਿਆਂ ਲਈ ਹੀ ਕਿਉਂ ਨਾ ਹੋਵੇ। ਗੀਤ ਅੰਨਾ ਦੇ ਅੰਦਰੋਂ ਕਿਸੇ ਫ਼ੁਹਾਰੇ ਵਾਂਗਰ ਫੁੱਟਦੇ ਹਨ, ਗੀਤ ਨੂੰ ਇੱਕ ਛੋਟੇ ਜਿਹੇ ਨਾਟਕ ਦਾ ਰੂਪ ਦੇਣਾ ਕੋਈ ਅੰਨਾ ਤੋਂ ਹੀ ਸਿੱਖੇ, ਉਨ੍ਹਾਂ ਨੂੰ ਇੰਝ ਥਿਰਕਦੇ ਦੇਖ ਬੱਚੇ ਆਪਣੀਆਂ ਸੀਮਾਵਾਂ ਨੂੰ ਭੁੱਲ ਕੇ ਸਾਰੀਆਂ ਖੜ੍ਹੋਤਾਂ ਨੂੰ ਤੋੜ ਸੁੱਟਦੇ ਹਨ ਅਤੇ ਭੱਜਦੇ, ਖੇਡਦੇ, ਹੱਸਦੇ, ਟਪੂਸੀਆਂ ਮਾਰਦੇ ਅਤੇ ਸੁਰ ਨਾਲ਼ ਸੁਰ ਮਿਲਾਉਂਦੇ ਹਨ।

ਅੰਨਾ ਜਿਹੇ ਫ਼ਨਕਾਰ ਨੇ ਕਦੇ ਇਹ ਪਰਵਾਹ ਨਹੀਂ ਕੀਤੀ ਹੋਣੀ ਕਿ ਸਕੂਲਾਂ ਵਿੱਚ ਕਿਹੋ ਜਿਹੀਆਂ ਸੁਵਿਧਾਵਾਂ ਮੌਜੂਦ ਹਨ। ਉਨ੍ਹਾਂ ਨੂੰ ਕੁਝ ਵਿਸ਼ੇਸ਼ ਨਹੀਂ ਚਾਹੀਦਾ ਹੁੰਦਾ, ਉਨ੍ਹਾਂ ਦੀ ਕਦੇ ਕੋਈ ਮੰਗ ਨਾ ਹੁੰਦੀ। ਨਾ ਉਨ੍ਹਾਂ ਨੂੰ ਰੁਕਣ ਲਈ ਕੋਈ ਹੋਟਲ ਦਾ ਕਮਰਾ ਚਾਹੀਦਾ ਹੁੰਦਾ ਹੈ ਤੇ ਨਾ ਹੀ ਕੋਈ ਖ਼ਾਸ ਸਾਜ਼ੋ-ਸਮਾਨ। ਉਹ ਤਾਂ ਬਗ਼ੈਰ ਬਿਜਲੀ, ਬਗ਼ੈਰ ਪਾਣੀ ਦੇ ਕੰਮ ਸਾਰ ਲੈਂਦੇ ਹਨ। ਉਨ੍ਹਾਂ ਨੇ ਕਦੇ ਕਿਸੇ ਖ਼ਾਸ ਚਟਕ-ਮਟਕ ਜਿਹੇ ਸਮਾਨ ਦੀ ਇੱਛਾ ਨਹੀਂ ਜਤਾਈ। ਉਨ੍ਹਾਂ ਨੂੰ ਸਿਰਫ਼ ਬੱਚਿਆਂ ਨਾਲ਼ ਮਿਲ਼ਣ, ਉਨ੍ਹਾਂ ਨਾਲ਼ ਗੱਲਾਂ-ਬਾਤਾਂ ਮਾਰਨ ਅਤੇ ਉਨ੍ਹਾਂ ਦੇ ਨਾਲ਼ ਬਹਿ ਕੇ ਕੰਮ ਕਰਨ ਤੱਕ ਮਤਲਬ ਹੁੰਦਾ ਹੈ। ਉਨ੍ਹਾਂ ਦੀ ਤਰਜੀਹ ਬੱਚੇ ਹੁੰਦੇ ਹਨ ਬਾਕੀ ਸਭ ਕੁਝ ਕੋਈ ਮਾਅਨੇ ਨਹੀਂ ਰੱਖਦਾ। ਤੁਸੀਂ ਅੰਨਾ ਦੇ ਜੀਵਨ ਵਿੱਚੋਂ ਬੱਚਿਆਂ ਨੂੰ ਬਾਹਰ ਨਹੀਂ ਖਿੱਚ ਸਕਦੇ। ਉਹ ਅਜਿਹੇ ਇਨਸਾਨ ਹਨ ਕਿ ਬੱਚਿਆਂ ਦੇ ਨੇੜੇ ਆਉਂਦਿਆਂ ਹੀ ਉਨ੍ਹਾਂ ਅੰਦਰ ਮਮਤਾ ਜਾਗ ਜਾਂਦੀ ਹੈ ਤੇ ਉਨ੍ਹਾਂ ਦੇ ਅੰਗ ਥਿਰਕਨ ਲੱਗਦੇ ਹਨ।

ਇੱਕ ਵਾਰੀ ਉਨ੍ਹਾਂ ਨੇ ਸੱਤਿਆਮੰਗਲਮ ਪਿੰਡ ਦੇ ਅਜਿਹੇ ਬੱਚਿਆਂ ਨਾਲ਼ ਰਲ਼ ਕੇ ਕੰਮ ਕੀਤਾ ਜਿਨ੍ਹਾਂ ਨੇ ਰੰਗ ਹੀ ਪਹਿਲੀ ਵਾਰ ਦੇਖੇ ਸਨ। ਫਿਰ ਕੀ ਸੀ ਅੰਨਾ ਨੇ ਉਨ੍ਹਾਂ ਬੱਚਿਆਂ ਨੂੰ ਰੰਗ ਇਸਤੇਮਾਲ ਕਰਨੇ ਸਿਖਾਏ ਅਤੇ ਦੱਸਿਆ ਕਿ ਆਪਣੀ ਕਲਪਨਾ ਨੂੰ ਕਿਵੇਂ ਅਕਾਰ ਦੇਣਾ ਹੈ। ਇਹ ਵਾਕਿਆ ਬੱਚਿਆਂ ਅੰਦਰ ਇੱਕ ਨਵਾਂ ਜੋਸ਼ ਫ਼ੂਕ ਗਿਆ। ਅੰਨਾ ਖ਼ੁਦ ਤਾਂ ਪਿਛਲੇ 22 ਸਾਲਾਂ ਤੋਂ ਬਿਨਾ ਥੱਕੇ ਅਜਿਹੇ ਕਿੰਨੇ ਹੀ ਅਹਿਸਾਸਾਂ ਤੇ ਤਜ਼ਰਬਿਆਂ ਵਿੱਚੋਂ ਦੀ ਲੰਘਦੇ ਆਏ ਤੇ ਉਨ੍ਹਾਂ ਨੂੰ ਸਿਰਜਦੇ ਆਏ ਹਨ। ਉਨ੍ਹਾਂ ਦੀ ਇਸ ਕਲਾ ਦੇ ਸਫ਼ਰ ਦੀ ਸ਼ੁਰੂਆਤ ਕਲੀਮਨ ਵਿਰਲਗਲ (ਮਿੱਟੀ ਦੀਆਂ ਉਂਗਲਾਂ) ਸਕੂਲ ਤੋਂ ਹੋਈ। ਮੈਂ ਕਦੇ ਵੀ ਉਨ੍ਹਾਂ ਨੂੰ ਕਿਸੇ ਬੀਮਾਰੀ ਅੱਗੇ ਗੋਡੇ ਟੇਕਦਿਆਂ ਨਹੀਂ ਦੇਖਿਆ। ਬੱਚਿਆਂ ਨਾਲ਼ ਰਲ਼-ਬਹਿ ਕੇ ਕੰਮ ਕਰਨਾ ਹੀ ਉਨ੍ਹਾਂ ਦੀ ਹਰ ਮਰਜ਼ ਦੀ ਦਵਾ ਹੁੰਦਾ, ਜੋ ਇਨ੍ਹਾਂ ਨੂੰ ਸਦਾ ਤਿਆਰ-ਬਰ-ਤਿਆਰ ਰੱਖਦਾ।

ਅੰਨਾ ਨੇ ਕੋਈ 30 ਸਾਲ ਪਹਿਲਾਂ, ਸਾਲ 1992 ਵਿੱਚ ਚੇਨੱਈ ਫਾਈਨ ਆਰਟਸ ਕਾਲਜ ਤੋਂ ਆਪਣੀ ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਕੀਤੀ। ਉਹ ਚੇਤੇ ਕਰਦੇ ਹਨ,“ਚਿੱਤਰਕਾਰ ਤੀਰੂ ਤਮਿਲਸੇਲਵਨ, ਕਾਸਟਿਊਮ (ਪੁਸ਼ਾਕ) ਡਿਜ਼ਾਇਨਰ, ਸ਼੍ਰੀਮਾਨ ਪ੍ਰਭਾਕਰਨ ਅਤੇ ਚਿੱਤਰਕਾਰ ਸ਼੍ਰੀਮਾਨ ਰਾਜਮੋਹਨ ਮੇਰੇ ਸੀਨੀਅਰ ਸਨ, ਜਿਨ੍ਹਾਂ ਨੇ ਕਾਲਜ ਦੇ ਦਿਨਾਂ ਵਿੱਚ ਮੇਰੀ ਯਕੀਨੋਂ-ਬਾਹਰੀ ਤਰੀਕੇ ਨਾਲ਼ ਮੇਰੀ ਮਦਦ ਕੀਤੀ ਅਤੇ ਮੇਰੀ ਡਿਗਰੀ ਪੂਰੀ ਕਰਵਾਈ। ਟੈਰਾਕੋਟਾ (ਪੱਕੀ ਮਿੱਟੀ) ਮੂਰਤੀਕਲਾ ਵਿੱਚ ਕੋਰਸ ਕਰਨ ਤੋਂ ਬਾਅਦ, ਮੈਂ ਕਲਾਤਮਕ ਰਚਨਾਵਾਂ ਨਾਲ਼ ਪ੍ਰਯੋਗ ਕਰਨ ਲਈ ਚੇਨੱਈ ਦੀ ਲਲਿਤ ਕਲਾ ਅਕਾਦਮੀ ਵਿੱਚ ਸ਼ਾਮਲ ਹੋ ਗਿਆ।” ਉਨ੍ਹਾਂ ਨੇ ਕੁਝ ਸਮੇਂ ਵਾਸਤੇ ਆਪਣੇ ਮੂਰਤੀਕਲਾ ਸਟੂਡਿਓ ਵਿਖੇ ਵੀ ਕੰਮ ਕੀਤਾ।

“ਪਰ ਜਦੋਂ ਮੇਰੇ ਬਣਾਏ ਨਮੂਨੇ ਵਿਕਣੇ ਸ਼ੁਰੂ ਹੋਏ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਉਹ ਸਧਾਰਣ ਲੋਕਾਂ ਤੀਕਰ ਤਾਂ ਪਹੁੰਚ ਹੀ ਨਹੀਂ ਰਹੇ। ਬੱਸ ਇਹੀ ਉਹ ਸਮਾਂ ਸੀ ਜਦੋਂ ਮੈਂ ਲੋਕਾਂ ਨਾਲ਼ ਰਾਬਤਾ ਕਾਇਮ ਕੀਤਾ ਅਤੇ ਕਲਾਤਮਕ ਗਤੀਵਿਧੀਆਂ ਕਰਨੀਆਂ ਸ਼ੁਰੂ ਕੀਤੀਆਂ। ਉਦੋਂ ਮੈਂ ਫ਼ੈਸਲਾ ਕੀਤਾ ਕਿ ਪੇਂਡੂ ਖਿੱਤੇ ਅਤੇ ਤਮਿਲਨਾਡੂ (ਪਹਾੜੀ, ਸਮੁੰਦਰੀ ਕੰਢਿਆਂ, ਮਾਰੂਥਲਾਂ, ਜੰਗਲਾਂ, ਖੇਤਾਂ ਵਿੱਚ ਰਹਿੰਦੇ) ਵਿੱਚ ਅਜਿਹੀਆਂ ਥਾਵਾਂ ਸਨ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ। ਮੈਂ ਆਪਣੇ ਬੱਚਿਆਂ ਦੇ ਨਾਲ਼ ਮਿੱਟੀ ਦੇ ਖਿਡੌਣੇ ਤੇ ਹੱਥੀਂ ਹੋਰ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ,” ਉਹ ਕਹਿੰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਕਾਗ਼ਜ਼ ਦੇ ਮਾਸਕ, ਮਿੱਟੀ ਦੇ ਮਖ਼ੌਟੇ, ਮਿੱਟੀ ਦੇ ਨਮੂਨੇ, ਚਿੱਤਰਕਲਾ, ਪੇਟਿੰਗ, ਗਲਾਸ ਪੇਟਿੰਗ, ਓਰੀਗਾਮੀ (ਕਾਗ਼ਜ਼ ਨੂੰ ਵੰਨ-ਸੁਵੰਨੇ ਤਰੀਕੇ ਨਾਲ਼ ਮੋੜਨ ਦੀ ਕਲਾ) ਵਗੈਰਾ ਬਣਾਉਣਾ ਸਿਖਾਉਣਾ ਸ਼ੁਰੂ ਕੀਤਾ।

PHOTO • M. Palani Kumar
PHOTO • M. Palani Kumar

ਖੱਬੇ : ਸੱਤਿਆਮੰਗਲਮ ਵਿਖੇ, ਬੱਚੇ ਪਹਿਲੀ ਵਾਰੀ ਰੰਗਾਂ ਤੋਂ ਜਾਣੂ ਹੁੰਦੇ ਹੋਏ। ਸੱਜੇ : ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿੱਚ ਸਥਿਤ ਕਾਵੇਰੀਪੱਟੀਨਮ ਵਿਖੇ, ਬੱਚੇ ਗੱਤੇ ਅਤੇ ਅਖ਼ਬਾਰ ਦੀ ਵਰਤੋਂ ਕਰਕੇ ਹਿਰਨਾਂ ਦੀ ਸ਼ਕਲ ਦਾ ਮੁਕਟ ਬਣਾਉਂਦੇ ਹੋਏ

PHOTO • M. Palani Kumar
PHOTO • M. Palani Kumar

ਖੱਬੇ : ਕਾਵੇਰੀਪੱਟੀਨਮ ਵਿਖੇ ਇੱਕ ਕਾਰਜਸ਼ਾਲਾ ਦੇ ਅੰਤਮ ਦਿਨ ਪਰਫ਼ਾਰਮ ਕੀਤੇ ਜਾਣ ਵਾਲ਼ੇ ਨਾਟਲ ਲਈ ਆਪਣੇ ਦੁਆਰਾ ਤਿਆਰ ਕੀਤੇ  ਗਏ ਮੁਕੁਟ ਸਿਰਾਂ ਤੇ ਸਜਾਈ ਬੱਚੇ। ਸੱਜੇ : ਪੇਰੰਬਲੁਰ ਵਿਖੇ ਬੱਚੇ ਖ਼ੁਦ ਵੱਲੋਂ ਬਣਾਏ ਮਿੱਟੀ ਦੇ ਮਖ਼ੌਟੇ ਦਿਖਾ ਰਹੇ ਹਨ ; ਹਰੇਕ ਮਖੌਟੇ ਵਿੱਚ ਇੱਕ ਅਲੱਗ ਭਾਵ

ਜਦੋਂ ਕਦੇ ਵੀ ਅਸੀਂ ਯਾਤਰਾ ਕਰਦੇ, ਸਾਧਨ ਭਾਵੇਂ ਕੋਈ ਵੀ ਹੁੰਦਾ- ਬੱਸ, ਵੈਨ ਜਾਂ ਜੋ ਕੁਝ ਵੀ ਮਿਲ਼ ਜਾਂਦਾ, ਅਸੀਂ ਬਹਿ ਜਾਂਦੇ। ਸਾਡੇ ਸਮਾਨ ਦੀ ਸਭ ਤੋਂ ਵੱਡੀ ਜੋ ਪੰਡ ਹੁੰਦੀ ਉਸ ਵਿੱਚ ਦਰਅਸਲ ਬੱਚਿਆਂ ਦੀਆਂ ਚੀਜ਼ਾਂ ਹੀ ਭਰੀਆਂ ਰਹਿੰਦੀਆਂ। ਇਜ਼੍ਹਿਲ ਦਾ ਵੱਡਾ ਸਾਰਾ ਹਰਾ ਝੋਲ਼ਾ ਹਮੇਸ਼ਾਂ ਡਰਾਇੰਗ ਬੋਰਡਾਂ, ਪੇਂਟ ਬੁਰਸ਼ਾਂ, ਰੰਗਾਂ, ਫੈਵੀਕੋਲ ਟਿਊਬਾਂ, ਭੂਰੇ ਗੱਤਿਆਂ, ਗਲਾਸ ਪੇਂਟਾਂ, ਕਾਗ਼ਜ਼ਾਂ ਅਤੇ ਹੋਰ ਨਿੱਕ-ਸੁੱਕ ਨਾਲ਼ ਤੂਸਰਿਆ ਰਹਿੰਦਾ। ਉਹ ਸਾਨੂੰ ਚੇਨੱਈ ਦੇ ਹਰ (ਸੰਭਵ) ਗੁਆਂਢੀ ਇਲਾਕਿਆਂ ਵਿੱਚ ਲੈ ਜਾਂਦੇ- ਐਲਿਸ ਰੋਡ ਤੋਂ ਪੈਰੀ ਕਾਰਨਰ ਤੱਕ, ਟ੍ਰਿਪਲਿਕੇਨ ਤੋਂ ਐਗਮੋਰ ਤੱਕ- ਹਰ ਉਸ ਥਾਵੇਂ ਜਿੱਥੇ ਕਲਾ ਨਾਲ਼ ਜੁੜੀ ਹਰ ਸਮੱਗਰੀ ਦੀ ਦੁਕਾਨ ਹੁੰਦੀ। ਉਦੋਂ ਤੀਕਰ ਸਾਡੀਆਂ ਲੱਤਾਂ ਦੁਖਣ ਲੱਗਦੀਆਂ। ਸਾਡਾ ਬਿੱਲ ਵੀ ਕੋਈ 6-7 ਹਜ਼ਾਰ ਰੁਪਏ ਦਾ ਬਣ ਜਾਂਦਾ।

ਅੰਨਾ ਕੋਲ਼ ਕਦੇ ਵੀ ਕਾਫ਼ੀ ਪੈਸਾ ਨਾ ਹੁੰਦਾ। ਕਦੇ ਉਹ ਦੋਸਤਾਂ ਕੋਲ਼ੋਂ ਉਧਾਰ ਮੰਗਦੇ ਜਾਂ ਕਦੇ ਆਪਣੀ ਛੋਟੀ ਜਿਹੀ ਨੌਕਰੀ (ਨਿੱਜੀ ਸਕੂਲ ਦੀ) ਤੋਂ ਥੋੜ੍ਹਾ ਬਹੁਤ ਪੈਸਾ ਇਸ ਪਾਸੇ ਲਾ ਲਿਆ ਕਰਦੇ ਤਾਂ ਕਿ ਕਬਾਇਲੀ ਬੱਚਿਆਂ ਜਾਂ ਅਪੰਗ ਬੱਚਿਆਂ ਲਈ ਕਲਾ ਦਾ ਮੁਫ਼ਤ ਕੈਂਪ ਲਾਇਆ ਜਾ ਸਕਦਾ ਹੁੰਦਾ। ਉਨ੍ਹਾਂ ਪੰਜ ਸਾਲਾਂ ਦੌਰਾਨ, ਜਦੋਂ ਮੈਂ ਇਜ਼੍ਹਿਲ ਅੰਨਾ ਨਾਲ਼ ਸਫ਼ਰ ਕਰਿਆ ਕਰਦਾ, ਮੈਂ ਕਦੇ ਵੀ ਉਨ੍ਹਾਂ ਨੂੰ ਜੀਵਨ ਪ੍ਰਤੀ ਆਪਣਾ ਜੋਸ਼ ਗੁਆਉਂਦੇ ਨਹੀਂ ਦੇਖਿਆ। ਉਨ੍ਹਾਂ ਨੇ ਕਦੇ ਵੀ ਮਨ ਵਿੱਚ ਆਪਣੇ-ਆਪ ਵਾਸਤੇ ਪੈਸਾ ਜੋੜਨ ਦਾ ਖ਼ਿਆਲ ਨਾ ਆਉਣ ਦਿੱਤਾ ਅਤੇ ਨਾ ਹੀ ਕਦੇ ਬੱਚਤ ਕਰਨ ਜੋਗਾ ਕੁਝ ਬਚਿਆ ਹੀ ਹੋਣਾ। ਉਹ ਜੋ ਕੁਝ ਵੀ ਕਮਾਉਂਦੇ, ਮੇਰੇ ਜਿਹੇ ਆਪਣੇ ਹੋਰਨਾਂ ਸਹਿ-ਕਲਾਕਾਰਾਂ ਦੀਆਂ ਲੋੜਾਂ ‘ਤੇ ਖਰਚ ਲਿਆ ਕਰਦੇ।

ਕਦੇ-ਕਦੇ ਸਮਾਨ ਖਰੀਦਣ ਦੀ ਬਜਾਇ, ਅੰਨਾ ਬੱਚਿਆਂ ਨੂੰ ਉਹ ਸਭ ਕੁਝ ਸਿਖਾਉਣ ਲਈ ਸਮੱਗਰੀ ਖੋਜ ਲੱਭਦੇ ਸਨ, ਜੋ ਉਨ੍ਹਾਂ ਮੁਤਾਬਕ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਸਿਖਾਉਣ ਵਿੱਚ ਨਾਕਾਮ ਰਹੀ ਸੀ। ਉਹ ਬੱਚਿਆਂ ਨੂੰ ਕਲਾਕਾਰੀ ਵਾਸਤੇ ਸਥਾਨਕ ਵਸਤਾਂ ਦੀ ਵਰਤੋਂ ਕਰਨ ਲਈ ਵੀ ਕਹਿ ਦਿਆ ਕਰਦੇ। ਕਲੇਅ (ਮਿੱਟੀ) ਤਾਂ ਆਮ ਹੀ ਮਿਲ਼ ਜਾਂਦੀ ਹੈ, ਬੱਸ ਉਹ ਉਹੀ ਵਰਤ ਲੈਂਦੇ। ਪਰ ਇਸ ਮਿੱਟੀ ਨੂੰ ਉਹ ਖ਼ੁਦ ਸਾਫ਼ ਕਰਦੇ, ਛਾਣ ਕੇ ਰੋੜੇ-ਰੱਪੇ ਕੱਢਦੇ, ਢੇਲ਼ਿਆਂ ਨੂੰ ਫੇਂਹਦੇ, ਪਾਣੀ ਨਾਲ਼ ਘੋਲ਼ ਕੇ ਛਾਣ ਲੈਂਦੇ। ਜਦੋਂ ਮਿੱਟੀ ਆਠਰ ਜਾਂਦੀ ਤਾਂ ਕੰਮ ਬਣ ਜਾਂਦਾ। ਮਿੱਟੀ ਹੀ ਮੈਨੂੰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਜੀਵਨ ਦੀ ਯਾਦ ਦਵਾਉਂਦੀ ਹੈ। ਬੱਚਿਆਂ ਦੇ ਨਾਲ਼ ਰਲ਼ ਕੇ ਗੁੰਨੀ ਜਾਣ ਵਾਲ਼ੀ ਮਿੱਟੀ ਜਿਹੇ ਅੰਨਾ ਕਿਸੇ ਵੀ ਅਕਾਰ ਵਿੱਚ ਢਲ਼ ਜਾਂਦੇ ਹਨ। ਉਨ੍ਹਾਂ ਨੂੰ ਬੱਚਿਆਂ ਨੂੰ ਮਖੌਟਾ ਬਣਾਉਣਾ ਸਿਖਾਉਂਦੇ ਹੋਏ ਦੇਖਣਾ ਬਹੁਤ ਹੀ ਰੋਮਾਂਚਕ ਹੈ। ਭਾਵੇਂ ਹਰੇਕ ਮਖ਼ੌਟੇ ਤੋਂ ਅੱਡ-ਅੱਡ ਭਾਵ ਕਿਉਂ ਨਾ ਝਲਕਦਾ ਹੋਵੇ ਪਰ ਬੱਚਿਆਂ ਦੇ ਚਿਹਰਿਆਂ ਦੀ ਸੱਚੀ ਖ਼ੁਸ਼ੀ ਦੇ ਭਾਵ ਇੱਕੋ-ਜਿਹੇ ਹੁੰਦੇ।

ਜਦੋਂ ਇੱਕ ਬੱਚਾ ਗਿੱਲੀ ਮਿੱਟੀ ਨੂੰ ਚੁੱਕ ਕੇ ਮਾਸਕ ਦਾ ਰੂਪ ਦਿੰਦਾ ਹੈ ਤਾਂ ਉਸ ਖ਼ੁਸ਼ੀ ਦਾ ਕੋਈ ਮੁੱਲ ਨਹੀਂ ਜੋ ਉਸ ਬੱਚੇ ਦੇ ਚਿਹਰੇ ‘ਤੇ ਖਿੰਡ ਜਾਂਦੀ ਹੈ। ਇਜ਼੍ਹਿਲ ਅੰਨਾ ਉਨ੍ਹਾਂ ਨੂੰ ਆਪੋ-ਆਪਣੇ ਜੀਵਨ ਨਾਲ਼ ਜੁੜੇ ਵਿਚਾਰਾਂ ਬਾਰੇ ਸੋਚਣ ਲਈ ਪ੍ਰੇਰਿਤ ਕਰਦੇ। ਉਹ ਬੱਚਿਆਂ ਤੋਂ ਉਨ੍ਹਾਂ ਦੀਆਂ ਰੁਚੀਆਂ ਬਾਰੇ ਪੁੱਛਦੇ ਅਤੇ ਉਨ੍ਹਾਂ ਨੂੰ ਆਪੋ-ਆਪਣੀਆਂ ਰੁਚੀਆਂ ਦਾ ਅਨੁਸਰਣ ਕਰਨ ਲਈ ਕਹਿੰਦੇ। ਕੁਝ ਬੱਚੇ ਪਾਣੀ ਦੀਆਂ ਟੈਂਕੀਆਂ ਬਣਾਉਂਦੇ ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਬਹੁਤ ਥੋੜ੍ਹਾ ਜਾਂ ਬਿਲਕੁਲ ਵੀ ਪਾਣੀ ਨਾ ਹੁੰਦਾ। ਦੂਜੇ ਹੋਰ ਬੱਚੇ ਹਾਥੀ ਬਣਾਉਣ ਦੀ ਕੋਸ਼ਿਸ਼ ਕਰਦੇ। ਪਰ ਜੰਗਲਾਂ ਦੇ ਆਸ-ਪਾਸ ਰਹਿਣ ਵਾਲ਼ੇ ਬੱਚੇ ਸੁੰਡ ਚੁੱਕੀ ਹਾਥੀ ਬਣਾਉਂਦੇ, ਉਨ੍ਹਾਂ ਦੀ ਇਹ ਕੋਸ਼ਿਸ਼ ਮਨੁੱਖ ਅਤੇ ਜਾਨਵਰਾਂ ਵਿਚਾਲੇ ਇੱਕ ਖ਼ੂਬਸੂਰਤ ਰਿਸ਼ਤੇ ਵੱਲ ਇਸ਼ਾਰਾ ਕਰਦੀ।

PHOTO • M. Palani Kumar

ਮਿੱਟੀ ਸਦਾ ਹੀ ਮੈਨੂੰ ਇਜ਼੍ਹਿਲ ਅੰਨਾ ਅਤੇ ਉਨ੍ਹਾਂ ਦੇ ਬੀਤੇ ਜੀਵਨ ਦੀ ਯਾਦ ਦਵਾਉਂਦੀ ਹੈ। ਉਹ ਖ਼ੁਦ ਵੀ ਤਾਂ ਮਿੱਟੀ ਵਾਂਗ ਹੀ ਹਨ, ਕਿਸੇ ਵੀ ਅਕਾਰ ਵਿੱਚ ਢਲ਼ ਜਾਣ ਵਾਲ਼ੇ। ਬੱਚਿਆਂ ਨੂੰ ਮਖੌਟਾ ਬਣਾਉਣਾ ਸਿਖਾਉਂਦੇ ਹੋਏ ਉਨ੍ਹਾਂ ਨੂੰ ਦੇਖਣਾ ਬਹੁਤ ਹੀ ਰੋਮਾਂਚਕ ਹੈ, ਜਿਵੇਂ ਕਿ ਇੱਥੇ ਨਾਗਪੱਟੀਨਮ ਦੇ ਇੱਕ ਸਕੂਲ ਵਿਖੇ ਉਹ ਬੱਚਿਆਂ ਨੂੰ ਸਿਖਾ ਰਹੇ ਹਨ

PHOTO • M. Palani Kumar

ਉਹ ਬੱਚਿਆਂ ਨੂੰ ਆਪਣੇ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਵਿੱਚ ਆਪਣੀ ਨੇੜੇ-ਤੇੜੇ ਦੀ ਦੁਨੀਆ ਨੂੰ ਆਪਣੀ ਕਲਪਨਾ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਦੇ ਹਨ ; ਸੱਤਿਆਮੰਗਲਮ ਦੀ ਇੱਕ ਆਦਿਵਾਸੀ ਬਸਤੀ ਦੇ ਇਸ ਬੱਚੇ ਵਾਂਗਰ, ਜਿਹਨੇ ਮਿੱਟੀ ਦੇ ਨਾਲ਼ ਸੁੰਡ ਨੂੰ ਉਤਾਂਹ ਚੁੱਕੀ ਹਾਥੀ ਬਣਾਇਆ ਹੈ, ਕਿਉਂਕਿ ਉਹਨੇ ਇਸੇ ਤਰ੍ਹਾਂ ਨਾਲ਼ ਹਾਥੀ ਨੂੰ ਦੇਖਿਆ ਹੈ

ਕਲਾ ਕੈਂਪਾਂ ਵਿਖੇ ਵਰਤੀਂਦੀ ਸਮੱਗਰੀ ਨੂੰ ਉਹ ਬੜੀ ਹੁਸ਼ਿਆਰੀ ਆਪਣੇ ਵਿਚਾਰਾਂ ਵਿੱਚ ਢਾਲ਼ਦੇ। ਸੰਪੂਰਨਤਾ ਪਾਉਣ ਦੀ ਉਨ੍ਹਾਂ ਦੀ ਇੱਛਾ, ਬੱਚਿਆਂ ਤੀਕਰ ਸਹੀ ਸਮੱਗਰੀ ਪਹੁੰਚਾਉਣ ਦੀ ਇਸੇ ਚਿੰਤਾ ਨੇ ਉਨ੍ਹਾਂ ਨੂੰ ਸਾਡੇ ਸਾਰਿਆਂ ਦਾ ਨਾਇਕ ਬਣਾ ਦਿੱਤਾ। ਕੈਂਪ ਦੀ ਹਰੇਕ ਰਾਤ ਨੂੰ ਇਜ਼੍ਹਿਲ ਅੰਨਾ ਤੇ ਹੋਰ ਲੋਕੀਂ ਅਗਲੀ ਸਵੇਰ ਦੀ ਵਰਤੋਂ ਵਾਸਤੇ ਪ੍ਰੋਪਸ ਅਤੇ ਸਮੱਗਰੀ ਤਿਆਰ ਕਰਕੇ ਸੌਂਦੇ। ਜਦੋਂ ਉਹ ਅੱਖਾਂ ਤੋਂ ਸੱਖਣੇ ਬੱਚਿਆਂ ਲਈ ਕੈਂਪ ਲਾਉਂਦੇ ਤਾਂ ਪਹਿਲਾਂ ਹੀ ਆਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹ ਲੈਂਦੇ ਤਾਂਕਿ ਉਹ ਉਨ੍ਹਾਂ ਬੱਚਿਆਂ ਨਾਲ਼ ਸੰਵਾਦ ਕਰਨ ਦਾ ਸਹੀ ਤਰੀਕਾ ਅਪਣਾ ਸਕਣ। ਬੋਲ਼ੇ ਬੱਚਿਆਂ ਨੂੰ ਸਿਖਲਾਈ ਦੇਣ ਤੋਂ ਪਹਿਲਾਂ ਉਹ ਆਪਣੇ ਕੰਨਾਂ ਨੂੰ ਬੰਦ ਕਰ ਲੈਂਦੇ। ਬੱਚਿਆਂ ਦੇ ਤਜ਼ਰਬਿਆਂ ਤੀਕਰ ਆਪਣੀ ਪਹੁੰਚ ਬਣਾਉਣ ਦੇ ਉਨ੍ਹਾਂ ਦੇ ਤਰੀਕਿਆਂ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਅਤੇ ਮੈਨੂੰ ਫ਼ੋਟੋਆਂ ਦੇ ਆਪਣੇ ਵਿਸ਼ੇ ਨਾਲ਼ ਜੁੜਨ ਲਈ ਪ੍ਰੇਰਿਆ। ਇਹ ਬਹੁਤ ਲਾਜ਼ਮੀ ਹੈ ਕਿ ਫ਼ੋਟੋ ਖਿੱਚਣ ਤੋਂ ਪਹਿਲਾਂ ਤੁਸੀਂ ਉਸ ਫ਼ੋਟੋ ਦੇ ਪਾਤਰਾਂ ਨੂੰ ਆਪਣੇ ਅੰਦਰੋਂ ਹੰਢਾਓ।

ਇਜ਼੍ਹਿਲ ਅੰਨਾ ਗੁਬਾਰਿਆਂ ਦੇ ਜਾਦੂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਗੁਬਾਰਿਆਂ ਨਾਲ਼ ਖੇਡੀ ਜਾਣ ਵਾਲ਼ੀ ਹਰੇਕ ਖੇਡ ਨੇ ਕੁੜੀਆਂ ਤੇ ਮੁੰਡਿਆਂ ਵਿਚਾਲੇ ਇੱਕ ਵਧੀਆ ਰਿਸ਼ਤਾ ਉਸਾਰਨ ਵਿੱਚ ਮਦਦ ਕੀਤੀ। ਆਪਣੇ ਝੋਲ਼ੇ ਵਿੱਚ ਉਹ ਬਹੁਤ ਸਾਰੇ ਗੁਬਾਰੇ ਪੈਕ ਕਰ ਲੈਂਦੇ ਜਿਨ੍ਹਾਂ ਵਿੱਚ ਵੱਡੇ ਗੋਲ਼ ਗੁਬਾਰੇ, ਸੱਪ-ਨੁਮਾ ਲੰਬੇ ਜਿਹੇ, ਮਰੋੜੇ ਗਏ ਗੁਬਾਰੇ, ਅਵਾਜ਼ਾਂ ਕੱਢਣ ਵਾਲ਼ੇ, ਪਾਣੀ ਨਾਲ਼ ਭਰੇ ਗੁਬਾਰੇ ਸ਼ਾਮਲ ਹੁੰਦੇ। ਇੰਝ ਬੱਚਿਆਂ ਅੰਦਰ ਬਹੁਤ ਜ਼ਬਰਦਸਤ ਉਤਸ਼ਾਹ ਭਰ ਜਾਂਦਾ। ਫਿਰ ਵਾਰੀ ਆਉਂਦੀ ਗੀਤ ਗਾਉਣ ਦੀ।

“ਆਪਣੇ ਕੰਮ ਦੌਰਾਨ ਮੈਂ ਇਹ ਵੀ ਮਹਿਸੂਸ ਕੀਤਾ ਕਿ ਬੱਚਿਆਂ ਨੂੰ ਲਗਾਤਾਰ ਗੀਤਾਂ ਅਤੇ ਖੇਡਾਂ ਦੀ ਲੋੜ ਰਹਿੰਦੀ ਹੈ, ਮੈਂ ਉਨ੍ਹਾਂ ਲਈ ਅਜਿਹੇ ਗੀਤ ਅਤੇ ਖੇਡਾਂ ਲੈ ਕੇ ਆਉਂਦਾ ਜਿਨ੍ਹਾਂ ਵਿੱਚ ਸਮਾਜਿਕ ਸੁਨੇਹਾ ਵੀ ਲੁਕਿਆ ਹੁੰਦਾ। ਮੈਂ ਉਨ੍ਹਾਂ ਨੂੰ ਨਾਲ਼-ਨਾਲ਼ ਗਾਉਣ ਲਈ ਤਿਆਰ ਕਰਦਾ,” ਅੰਨਾ ਕਹਿੰਦੇ ਹਨ। ਉਹ ਉਸ ਜਗ੍ਹਾ ਨੂੰ ਰੁਸ਼ਨਾ ਦਿੰਦੇ। ਕਬਾਇਲੀ ਪਿੰਡਾਂ ਦੇ ਬੱਚਿਆਂ ਲਈ ਉਹ ਪਲ ਬੜਾ ਔਖ਼ਾ ਹੁੰਦਾ ਜਦੋਂ ਕੈਂਪ ਮੁਕਣ ਤੋਂ ਬਾਅਦ ਅੰਨਾ ਨੇ ਵਿਦਾਈ ਲੈਣੀ ਹੁੰਦੀ। ਉਹ ਉਨ੍ਹਾਂ (ਅੰਨਾ) ਨੂੰ ਗੀਤ ਗਾਉਣ ਲਈ ਕਹਿੰਦੇ। ਅੰਨਾ ਗਾਉਂਦੇ ਰਹਿੰਦੇ ਤੇ ਉਨ੍ਹਾਂ ਦਾ ਗਲ਼ਾ ਕਦੇ ਵੀ ਨਾ ਥੱਕਦਾ। ਬੱਚੇ ਉਨ੍ਹਾਂ ਨੂੰ ਝੁਰਮਟ ਪਾ ਲੈਂਦੇ ਤੇ ਸੁਰ ਨਾਲ਼ ਸੁਰ ਮਿਲ਼ਾਉਂਦੇ।

ਜਿਹੜੇ ਤਰੀਕੇ ਨਾਲ਼ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੇ ਤਜ਼ਰਬਿਆਂ ਨਾਲ਼ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੇ ਉਸੇ ਜਜ਼ਬੇ ਨੇ ਮੈਨੂੰ ਤਸਵੀਰਾਂ ਖਿੱਚਣ ਦੇ ਵਿਸ਼ੇ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ। ਸ਼ੁਰੂਆਤ ਵਿੱਚ ਜਦੋਂ ਫ਼ੋਟੋਗ੍ਰਾਫ਼ੀ ਬਾਰੇ ਮੈਨੂੰ ਕੁਝ ਖਾਸ ਸਮਝ ਨਹੀਂ ਸੀ, ਮੈਂ ਇਜ਼੍ਹਿਲ ਅੰਨਾ ਨੂੰ ਆਪਣੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੀਆਂ ਤਸਵੀਰਾਂ ਉਨ੍ਹਾਂ ਲੋਕਾਂ ਨੂੰ ਦਿਖਾਵਾਂ ਜੋ ਇਨ੍ਹਾਂ ਤਸਵੀਰਾਂ ਵਿੱਚ ਕੈਦ ਸਨ। ਉਨ੍ਹਾਂ ਨੇ ਕਿਹਾ,“ਉਹ (ਲੋਕ) ਤੁਹਾਨੂੰ ਸਿਖਾਉਣਗੇ ਤੇ ਤੁਹਾਡੇ ਹੁਨਰ ਨੂੰ ਅਲੱਗ ਪੱਧਰ ਤੱਕ ਲੈ ਜਾਣਗੇ।”

PHOTO • M. Palani Kumar

ਅਕਸਰ ਬੱਚੇ ਇਜ਼੍ਹਿਲ ਅੰਨਾ ਨੂੰ ਕੈਂਪ ਤੋਂ ਬਾਅਦ ਜਾਣ ਨਹੀਂ ਦੇਣਾ ਚਾਹੁੰਦੇ। ਬੱਚਿਆਂ ਨੂੰ ਗਾਣਿਆਂ ਅਤੇ ਖੇਡਾਂ ਖੇਡਣ ਦੀ ਲਲਕ ਰਹਿੰਦੀ ਹੈ। ਮੈਂ ਉਨ੍ਹਾਂ ਨੂੰ ਇਕੱਠਿਆਂ ਗਾਉਣ ਨੂੰ ਕਹਿੰਦਾ ਹਾਂ

PHOTO • M. Palani Kumar

ਸੇਲਮ ਵਿਖੇ, ਸੁਣਨ ਅਤੇ ਬੋਲਣ ਵਿੱਚ ਅਸਮਰੱਥ ਬੱਚਿਆਂ ਦੇ ਇੱਕ ਸਕੂਲ ਵਿਖੇ ਗੁਬਾਰਿਆਂ ਦੀ ਖੇਡ ਦੇਖੋ

ਕੈਂਪਾਂ ਵਿਖੇ ਬੱਚੇ ਸਦਾ ਆਪਣੀ ਰਚਨਾਤਮਕਤਾ ਦਿਖਾਉਂਦੇ ਹਨ। ਉਨ੍ਹਾਂ ਵੱਲ਼ੋਂ ਬਣਾਈਆਂ ਪੇਟਿੰਗਾਂ, ਓਰੀਗਾਮੀ ਅਤੇ ਮਿੱਟੀ ਦੇ ਬਾਵਿਆਂ ਦੀ ਪ੍ਰਦਰਸ਼ਨੀ ਲੱਗਦੀ ਸੀ। ਬੱਚੇ ਆਪਣੇ ਮਾਪਿਆਂ ਤੇ ਭੈਣ-ਭਰਾਵਾਂ ਨੂੰ ਨਾਲ਼ ਲਿਆਉਂਦੇ ਅਤੇ ਬੜੇ ਫ਼ਖਰ ਦੇ ਨਾਲ਼ ਆਪਣੀਆਂ ਪ੍ਰਤਿਭਾ ਨਾਲ਼ ਮੇਲ਼ ਕਰਾਉਂਦੇ। ਇਜ਼੍ਹਿਲ ਅੰਨਾ ਉਨ੍ਹਾਂ ਦੇ ਕੈਂਪਾਂ ਨੂੰ ਕਿਸੇ ਜ਼ਸ਼ਨ ਵਿੱਚ ਬਦਲ ਦਿੰਦੇ। ਉਨ੍ਹਾਂ ਨੇ ਲੋਕਾਂ ਨੂੰ ਸੁਪਨੇ ਦੇਖਣੇ ਸਿਖਾਏ। ਮੇਰੀ ਪਹਿਲੀ ਫ਼ੋਟੋਗ੍ਰਾਫ਼ੀ ਪ੍ਰਦਰਸ਼ਨੀ ਅਜਿਹਾ ਹੀ ਇੱਕ ਸੁਪਨਾ ਸੀ ਜਿਹਨੂੰ ਉਨ੍ਹਾਂ ਨੇ ਹੱਥੀਂ ਪਾਲ਼ਿਆ ਸੀ। ਉਨ੍ਹਾਂ ਦੇ ਕੈਂਪਾਂ ਤੋਂ ਹੀ ਮੈਨੂੰ ਫ਼ੋਟੋਗ੍ਰਾਫ਼ੀ ਪ੍ਰਦਰਸ਼ਨ ਅਯੋਜਿਤ ਕਰਨ ਦੀ ਪ੍ਰੇਰਣਾ ਮਿਲ਼ੀ। ਪਰ ਮੇਰੇ ਕੋਲ਼ ਇਹਦੇ ਜੋਗੇ ਪੈਸੇ ਨਹੀਂ ਸਨ।

ਅੰਨਾ ਸਦਾ ਮੈਨੂੰ ਸਲਾਹ ਦਿੰਦੇ ਰਹਿੰਦੇ ਕਿ ਜਦੋਂ ਵੀ ਪੈਸੇ ਹੱਥ ਆਉਣ ਮੈਂ ਇਨ੍ਹਾਂ ਤਸਵੀਰਾਂ ਦੇ ਪ੍ਰਿੰਟ ਕਢਵਾ ਲਿਆ ਕਰਾਂ। ਉਨ੍ਹਾਂ ਮੈਨੂੰ ਕਿਹਾ ਕਿ ਮੈਂ ਜੀਵਨ ਵਿੱਚ ਕਈ ਮੱਲ੍ਹਾਂ ਮਾਰਾਂਗਾ। ਉਹ ਲੋਕਾਂ ਨੂੰ ਮੇਰੇ ਬਾਰੇ ਦੱਸਦੇ, ਮੇਰੇ ਕੰਮ ਬਾਰੇ ਦੱਸਦੇ। ਉਹ ਜਾਪਦਾ ਹੈ ਜਿਉਂ ਇਸ ਤੋਂ ਬਾਅਦ ਹੀ ਚੀਜ਼ਾਂ ਮੇਰੇ ਹਿਸਾਬ ਨਾਲ਼ ਬਦਲਣ ਲੱਗੀਆਂ। ਇਜ਼੍ਹਿਲ ਅੰਨਾ ਦੇ ਸਮੂਹ ਦੀ ਥੀਏਟਰ ਕਲਾਕਾਰ ਅਤੇ ਕਾਰਕੁੰਨਾ ਕਰੁਣਾ ਪ੍ਰਸਾਦ ਨੇ ਮੈਨੂੰ ਪ੍ਰਦਰਸ਼ਨ ਲਾਉਣ ਲਈ 10,000 ਰੁਪਏ (ਸ਼ੁਰੂਆਤੀ ਸਮੇਂ) ਦਿੱਤੇ ਅਤੇ ਮੈਂ ਪਹਿਲੀ ਦਫ਼ਾ ਆਪਣੀਆਂ ਤਸਵੀਰਾਂ ਪ੍ਰਿੰਟ ਕਰਵਾ ਸਕਿਆ। ਅੰਨਾ ਨੇ ਮੈਨੂੰ ਆਪਣੀਆਂ ਤਸਵੀਰਾਂ ਲਈ ਲੱਕੜ ਦਾ ਫ੍ਰੇਮ ਬਣਾਉਣਾ ਸਿਖਾਇਆ। ਮੇਰੀ ਪ੍ਰਦਰਸ਼ਨੀ ਨੂੰ ਲੈ ਕੇ ਉਨ੍ਹਾਂ ਕੋਲ਼ ਇੱਕ ਯੋਜਨਾ ਸੀ ਜਿਹਦੇ ਬਗ਼ੈਰ ਮੇਰੀ ਪਹਿਲੀ ਪ੍ਰਦਰਸ਼ਨੀ ਨਾ ਲੱਗ ਪਾਉਂਦੀ।

ਬਾਅਦ ਵਿੱਚ, ਮੇਰੀਆਂ ਤਸਵੀਰਾਂ ਰਣਜੀਤ ਅੰਨਾ (ਪਾ. ਰਣਜੀਤ) ਅਤੇ ਉਨ੍ਹਾਂ ਦੇ ਨੀਲਮ ਕਲਚਰਲ ਸੈਂਟਰ ਤੱਕ ਪਹੁੰਚੀਆਂ। ਬਾਅਦ ਵਿੱਚ ਉਹ ਦੁਨੀਆ ਦੇ ਕਈ ਕੋਨਿਆਂ ਤੱਕ ਵੀ ਜਾ ਅੱਪੜੀਆਂ, ਪਰ ਜਿੱਥੇ ਇਹ ਵਿਚਾਰ ਪਹਿਲੀ ਵਾਰੀ ਪੁੰਗਰਿਆ ਸੀ ਉਹ ਸੀ ਇਜ਼੍ਹਿਲ ਅੰਨਾ ਦਾ ਕੈਂਪ। ਜਦੋਂ ਮੈਂ ਪਹਿਲੀ ਵਾਰੀ ਉਨ੍ਹਾਂ ਦੇ ਨਾਲ਼ ਯਾਤਰਾ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਸੀ। ਇਨ੍ਹਾਂ ਯਾਤਰਾਵਾਂ ਦੌਰਾਨ ਹੀ ਮੈਂ ਬੜਾ ਕੁਝ ਸਿੱਖਿਆ। ਪਰ, ਅੰਨਾ ਨੇ ਬਹੁਤ ਕੁਝ ਜਾਣਨ ਵਾਲ਼ਿਆਂ ਅਤੇ ਘੱਟ ਜਾਣਨ ਵਾਲ਼ਿਆਂ ਵਿਚਾਲੇ ਕਿਸੇ ਤਰੀਕੇ ਦਾ ਪੱਖਪਾਤ ਨਹੀਂ ਕੀਤਾ। ਉਹ ਸਾਨੂੰ ਸਦਾ ਹੀ ਲੋਕਾਂ ਨੂੰ ਨਾਲ਼ ਲਿਆਉਣ ਲਈ ਪ੍ਰੋਤਸਾਹਤ ਕਰਦੇ, ਇਸ ਗੱਲ਼ ਨਾਲ਼ ਫ਼ਰਕ ਨਾ ਪੈਂਦਾ ਕਿ ਉਹ ਕਿੰਨਾ ਕੁ ਪ੍ਰਤਿਭਾਸ਼ਾਲੀ ਹੈ। ਉਹ ਕਹਿੰਦੇ ਸਨ,“ਅਸੀਂ ਉਨ੍ਹਾਂ ਨੂੰ ਨਵੀਂਆਂ ਚੀਜ਼ਾਂ ਤੋਂ ਜਾਣੂ ਕਰਾਵਾਂਗੇ, ਉਨ੍ਹਾਂ ਦੇ ਨਾਲ਼ ਯਾਤਰਾ ਕਰਾਂਗੇ।” ਉਹ ਕਦੇ ਕਿਸੇ ਵਿਅਕਤੀ ਦੀਆਂ ਕਮੀਆਂ ਨਾ ਗੌਲ਼ਦੇ ਅਤੇ ਇੰਝ ਉਨ੍ਹਾਂ ਨੇ ਕਈ ਕਲਾਕਾਰ ਤਿਆਰ ਕੀਤੇ।

ਉਨ੍ਹਾਂ ਨੇ ਕਾਫ਼ੀ ਸਾਰੇ ਬੱਚਿਆਂ ਨੂੰ ਵੀ ਕਲਾਕਾਰ ਅਤੇ ਅਦਾਕਾਰ ਬਣਾ ਦਿੱਤਾ। ਅੰਨਾ ਕਹਿੰਦੇ ਹਨ,“ਅਸੀਂ ਬੋਲ਼ੇ ਬੱਚਿਆਂ ਨੂੰ ਕਲਾ ਦੇ ਰੂਪਾਂ ਨੂੰ ਮਹਿਸੂਸ ਕਰਨਾ ਸਿਖਾਉਂਦੇ ਹਾਂ-ਅਸੀਂ ਉਨ੍ਹਾਂ ਨੂੰ ਪੇਂਟ ਕਰਨਾ, ਮਿੱਟੀ ਨਾਲ਼ ਜਿਊਂਦੀ ਚੀਜ਼ਾਂ ਬਣਾਉਣੀਆਂ ਸਿਖਾਉਂਦੇ ਹਾਂ। ਅੱਖੋਂ ਸੱਖਣੇ ਬੱਚਿਆਂ ਨੂੰ ਅਸੀਂ ਸੰਗੀਤ ਤੇ ਨਾਟਕ ਕਰਨਾ ਸਿਖਾਉਂਦੇ ਹਾਂ। ਅਸੀਂ ਉਨ੍ਹਾਂ ਨੂੰ ਮਿੱਟੀ ਨਾਲ਼ ਤਿੰਨ-ਅਯਾਮੀ ਮੂਰਤੀਆਂ ਬਣਾਉਣੀਆਂ ਵੀ ਸਿਖਾਉਂਦੇ ਹਾਂ। ਇਸ ਨਾਲ਼, ਅੱਖੋਂ ਸੱਖਣੇ ਬੱਚਿਆਂ ਨੂੰ ਕਲਾ ਨੂੰ ਸਮਝਣ ਵਿੱਚ ਮਦਦ ਮਿਲ਼ਦੀ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਬੱਚੇ ਇਸ ਤਰੀਕੇ ਦੀ ਕਲਾ ਰੂਪਾਂ ਨੂੰ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਨੂੰ ਸਮਝਣ ਦੀ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ ਸਿੱਖਦੇ ਹਨ ਤਾਂ ਉਹ ਵੀ ਅਜ਼ਾਦ ਅਤੇ ਆਤਮਨਿਰਭਰ ਮਹਿਸੂਸ ਕਰਦੇ ਹਨ।”

PHOTO • M. Palani Kumar

ਤੰਜਾਵੁਰ ਵਿਖੇ ਅੱਖੋਂ ਸੱਖਣੇ ਇੱਕ ਸਕੂਲ ਦੇ ਬੱਚੇ, ਇਜ਼੍ਹਿਲ ਅੰਨਾ ਦੇ ਕੈਂਪ ਵਿੱਚ ਮਸਤੀ ਮਾਰਦੇ ਹੋਏ। ਉਹ (ਅੰਨਾ) ਕੈਂਪ ਵਿੱਚ ਜਾਣ ਤੋਂ ਪਹਿਲਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਅਭਿਆਸ ਕਰਦੇ ਹਨ, ਤਾਂਕਿ ਅੱਖੋਂ ਸੱਖਣੇ ਇਨ੍ਹਾਂ ਬੱਚਿਆਂ ਦੇ ਨਾਲ਼ ਸੰਵਾਦ ਕਰਨ ਦਾ ਤਰੀਕਾ ਸਿੱਖ ਸਕਣ। ਬੋਲ਼ੇ ਬੱਚਿਾਂ ਨੂੰ ਸਿਖਲਾਈ ਦੇਣ ਤੋਂ ਪਹਿਲਾਂ ਉਹ ਆਪਣੇ ਕੰਨ ਬੰਦ ਕਰ ਲੈਂਦੇ ਹਨ

PHOTO • M. Palani Kumar

ਕਾਵੇਰੀਪੱਟੀਨਮ ਵਿਖੇ ਅਯੋਜਿਤ ਅੱਟਮ ਲੋਕ ਨਾਚ ਦਾ ਅਭਿਆਸ ਕਰਦੇ ਬੱਚੇ। ਇਜ਼੍ਹਿਲ ਅੰਨਾ ਨੇ ਬੱਚਿਆਂ ਨੂੰ ਕਈ ਲੋਕ ਕਲਾਵਾਂ ਤੋਂ ਜਾਣੂ ਕਰਵਾਇਆ ਹੈ

ਬੱਚਿਆਂ ਦੇ ਨਾਲ਼ ਕੰਮ ਕਰਦੇ ਵੇਲੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ “ਪਿੰਡਾਂ ਦੇ ਬੱਚਿਆਂ-ਖ਼ਾਸ ਕਰਕੇ ਕੁੜੀਆਂ-ਸਕੂਲ ਵਿੱਚ ਵੀ ਸੰਗਦੀਆਂ ਰਹਿੰਦੀਆਂ ਸਨ। ਉਹ ਅਧਿਆਪਕ ਸਾਹਮਣੇ ਕੋਈ ਸਵਾਲ ਪੁੱਛਣ ਜਾਂ ਆਪਣੇ ਖ਼ਦਸ਼ੇ ਜਾਹਰ ਨਾ ਕਰ ਪਾਉਂਦੇ।” ਅੰਨਾ ਦੱਸਦੇ ਹਨ,“ਮੈਂ ਉਨ੍ਹਾਂ ਨੂੰ ਥੀਏਟਰ ਜ਼ਰੀਏ ਕੁਝ ਲੋਕਾਂ ਸਾਹਮਣੇ ਖੁੱਲ੍ਹ ਕੇ ਬੋਲਣ ਦੀ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਅਤੇ ਇੰਝ ਕਰਨ ਲਈ, ਮੈਂ ਥੀਏਟਰ ਐਕਟੀਵਿਸਟ ਕਰੁਣਾ ਪ੍ਰਸਾਦ ਤੋਂ ਥੀਏਟਰ ਦੀ ਕਲਾਸ ਲਈ। ਕਲਾਕਾਰ ਪੁਰਸ਼ੋਤਮਨ ਦੀ ਰਹਿਨੁਮਾਈ ਦੇ ਨਾਲ਼, ਅਸੀਂ ਬੱਚਿਆਂ ਨੂੰ ਥੀਏਟਰ ਵਿੱਚ ਸਿਖਲਾਈ ਦੇਣਾ ਸ਼ੁਰੂ ਕੀਤਾ।”

ਉਹ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ, ਦੂਸਰੇ ਦੇਸ਼ਾਂ ਦੇ ਕਲਾਕਾਰਾਂ ਤੋਂ ਸਿੱਖੇ ਕਲਾ ਦੇ ਅੱਡ-ਅੱਡ ਰੂਪਾਂ ਦੀ ਮਦਦ ਨਾਲ਼ ਬੱਚਿਆਂ ਨੂੰ ਢਾਲ਼ਣ ਦੀ ਕੋਸ਼ਿਸ਼ ਕਰਦੇ ਹਨ। ਉਹ ਬੱਚਿਆਂ ਨੂੰ ਆਪਣੇ ਨੇੜੇ-ਤੇੜੇ ਦੀ ਦੁਨੀਆ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਜ਼੍ਹਿਲ ਅੰਨਾ ਦੱਸਦੇ ਹਨ,“ਅਸੀਂ ਆਪਣੇ ਕੈਂਪਾਂ ਵਿੱਚ ਵਾਤਾਵਰਣ ਸਬੰਧੀ ਫ਼ਿਲਮਾਂ ਦਿਖਾਉਂਦੇ ਹਾਂ। ਅਸੀਂ ਉਨ੍ਹਾਂ ਨੂੰ ਜੀਵਾਂ ਦੇ ਅੱਡ-ਅੱਡ ਰੂਪਾਂ ਨੂੰ ਸਮਝਣ ਦੀ ਕਲਾ ਸਿਖਾਉਂਦੇ ਹਾਂ- ਭਾਵੇਂ ਉਹ ਕਿੰਨਾ ਵੀ ਛੋਟਾ ਜੀਵ ਕਿਉਂ ਨਾ ਹੋਵੇ, ਪੰਛੀ ਹੋਵੇ ਜਾਂ ਕੀਟ ਹੋਵੇ। ਉਹ ਆਪਣੇ ਆਂਢ-ਗੁਆਂਢ ਵਿੱਚ ਲੱਗੇ ਪੌਦਿਆਂ ਦੀ ਪਛਾਣ ਕਰਨਾ ਸਿੱਖਦੇ ਹਨ, ਉਨ੍ਹਾਂ ਦੇ ਮਹੱਤਵ ਨੂੰ ਸਮਝਦੇ ਹਨ, ਨਾਲ਼ ਹੀ ਨਾਲ਼ ਧਰਤੀ ਦਾ ਸਨਮਾਨ ਕਰਨਾ ਅਤੇ ਸੰਰਖਣ ਕਰਨਾ ਵੀ ਸਿੱਖਦੇ ਹਨ। ਮੈਂ ਅਜਿਹੇ ਨਾਟਕ ਤਿਆਰ ਕਰਦਾ ਹਾਂ ਜੋ ਵਾਤਾਵਰਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਨ। ਇੰਝ, ਬੱਚੇ ਸਾਡੇ ਪੌਦਿਆਂ ਅਤੇ ਜੀਵਾਂ ਦੇ ਇਤਿਹਾਸ ਬਾਰੇ ਜਾਣ ਪਾਉਂਦੇ ਹਨ। ਉਦਾਹਰਣ ਲਈ, ਸੰਗਮ ਸਾਹਿਤ ਵਿੱਚ 99 ਫੁੱਲਾਂ ਦਾ ਜ਼ਿਕਰ ਹੈ। ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਸਕੈਚ ਬਣਾਉਣੇ ਸਿਖਾਉਂਦੇ ਹਾਂ ਅਤੇ ਜਦੋਂ ਉਹ ਸਾਡੇ ਪ੍ਰਾਚੀਨ ਸੰਗੀਤ ਸਾਜ ਵਜਾਉਂਦੇ ਹਨ ਤਾਂ ਬੱਚਿਆਂ ਨੂੰ ਗਾਉਣ ਲਈ ਕਹਿੰਦੇ ਹਨ।” ਉਹ ਨਾਟਕਾਂ ਲਈ ਨਵੇਂ ਗੀਤ ਸਿਰਜਦੇ ਸਨ। ਉਹ ਕੀੜਿਆਂ ਅਤੇ ਜਾਨਵਰਾਂ ਬਾਰੇ ਕਿੱਸੇ ਘੜ੍ਹਦੇ ਹਨ।

ਇਜ਼੍ਹਿਲ ਅੰਨਾ ਨੇ ਜ਼ਿਆਦਾਤਰ ਆਦਿਵਾਸੀ ਅਤੇ ਤਟੀ ਇਲਾਕਿਆਂ ‘ਤੇ ਸਥਿਤ ਬੱਚਿਆਂ ਦੇ ਨਾਲ਼ ਕੰਮ ਕੀਤਾ ਪਰ ਜਦੋਂ ਉਨ੍ਹਾਂ ਨੇ ਸ਼ਹਿਰੀ ਇਲਾਕੇ ਦੇ ਬੱਚਿਆਂ ਦੇ ਨਾਲ਼ ਕੰਮ ਕੀਤਾ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਸ਼ਹਿਰੀ ਬੱਚਿਆਂ ਵਿੱਚ ਲੋਕ ਕਲਾਵਾਂ ਅਤੇ ਰੋਜ਼ੀਰੋਟੀ ਨਾਲ ਜੁੜੇ ਗਿਆਨ ਦੀ ਘਾਟ ਹੈ। ਫਿਰ ਉਨ੍ਹਾਂ ਨੇ ਸ਼ਹਿਰੀ ਕੈਂਪਾਂ ਵਿੱਚ ਲੋਕ ਕਲਾਵਾਂ ਦੀਆਂ ਤਕਨੀਕਾਂ ਦੀ ਜਾਣਕਾਰੀ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ; ਜਿਵੇਂ ਪਰਾਈ ਵਿੱਚ ਢੋਲ਼ ਦੀ ਵਰਤੋਂ ਕੀਤੀ ਜਾਂਦੀ ਹੈ, ਸਿਲੰਬੂ ਵਿਖੇ ਪ੍ਰਦਰਸ਼ਨ ਦੌਰਾਨ ਝਾਂਜਰ ਜਿਹੇ ਗਹਿਣੇ ਦੀ ਵਰਤੋਂ ਕੀਤੀ ਜਾਂਦੀ ਹੈ। ਇਜ਼੍ਹਿਲ ਅੰਨਾ ਕਹਿੰਦੇ ਹਨ,“ਮੈਂ ਇਨ੍ਹਾਂ ਕਲਾ ਰੂਪਾਂ ਨੂੰ ਬੱਚਿਆਂ ਤੀਕਰ ਪਹੁੰਚਾਉਣ ਅਤੇ ਉਨ੍ਹਾਂ ਨੂੰ ਸੰਰਖਣ ਕਰਨ ਵਿੱਚ ਯਕੀਨ ਰੱਖਦਾ ਹਾਂ। ਮੇਰਾ ਮੰਨਣਾ ਹੈ ਕਿ ਇਨ੍ਹਾਂ ਕਲਾ ਰੂਪਾਂ ਵਿੱਚ ਸਾਡੇ ਬੱਚਿਆਂ ਨੂੰ ਖ਼ੁਸ਼ ਅਤੇ ਮੁਕਤ ਰੱਖਣ ਦੀ ਸਮਰੱਥਾ ਹੈ।”

5-6 ਦਿਨ ਚੱਲਣ ਵਾਲ਼ੇ ਇਨ੍ਹਾਂ ਕੈਂਪਾਂ ਲਈ ਟੀਮ ਵਿੱਚ ਹਮੇਸ਼ਾਂ ਇੱਕ ਤੋਂ ਵੱਧ ਕਲਾਕਾਰ ਹੁੰਦੇ ਸਨ। ਇੱਕ ਸਮਾਂ ਸੀ, ਜਦੋਂ ਸਾਡੇ ਸਮੂਹ ਵਿੱਚ ਗਾਇਕ ਤਮਿਲਾਰਸਨ, ਪੇਂਟਰ ਰਕੇਸ਼ ਕੁਮਾਰ, ਮੂਰਤੀਕਾਰ ਇਜ਼੍ਹਿਲ ਅੰਨਾ ਅਤੇ ਲੋਕ ਕਲਾਕਾਰ ਵੇਲਮੁਰੂਗਨ ਅਤੇ ਆਨੰਦ ਸ਼ਾਮਲ ਸਨ। “ਬੇਸ਼ੱਕ, ਸਾਡੀ ਟੀਮ ਵਿੱਚ ਫ਼ੋਟੋਗ੍ਰਾਫ਼ਰ ਵੀ ਹਨ, ਜੋ ਸਾਡੇ ਬੱਚਿਆਂ ਨੂੰ ਤਸਵੀਰਾਂ ਵਿੱਚ ਆਪਣੇ ਜੀਵਨ ਨੂੰ ਦਰਸਾਉਣ ਦੀ ਕਲਾ ਸਿਖਾਉਂਦੇ ਹਨ,” ਅੰਨਾ ਬੜੀ ਹੌਲ਼ੀ ਜਿਹੇ ਮੇਰੀਆਂ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਕਹਿੰਦੇ।

PHOTO • M. Palani Kumar

ਤਿਰੂਚੇਂਗੋਡੂ ਵਿਖੇ ਕੈਂਪ ਦੇ ਅਖ਼ੀਰਲੇ ਦਿਨ, ਪਰਫਾਰਮੈਂਸ ਮੌਕੇ  ਪਰਾਈ ਅੱਟਮ ਵਜੋਂ ਬਣਾਏ ਗਏ ਫ੍ਰੇਮ ਵਿੱਚ ਡਰੱਮ ਵਜਾਉਂਦੇ ਬੱਚੇ

PHOTO • M. Palani Kumar

ਤੰਜਾਵੁਰ ਵਿਖੇ, ਅੱਖੋਂ ਅੰਸ਼ਕ ਸੱਖਣੀਆਂ ਕੁੜੀਆਂ ਤਸਵੀਰਾਂ ਖਿੱਚ ਰਹੀਆਂ ਹਨ

ਉਨ੍ਹਾਂ ਨੂੰ ਖ਼ੂਬਸੂਰਤ ਪਲਾਂ ਦੀ ਰਚਨਾ ਕਰਨੀ ਬਾਖ਼ੂਬੀ ਆਉਂਦੀ ਹੈ। ਅਜਿਹੇ ਪਲਾ ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਮੁਸਕਰਾ ਉੱਠਦੇ ਹਨ। ਉਨ੍ਹਾਂ ਨੇ ਮੈਨੂੰ ਮੇਰੇ ਮਾਪਿਆਂ ਦੇ ਨਾਲ਼ ਅਜਿਹੇ ਪਲਾਂ ਨੂੰ ਦੋਬਾਰਾ ਜਿਊਣ ਵਿੱਚ ਮਦਦ ਕੀਤੀ। ਇੰਜੀਨਅਰਿੰਗ ਦਾ ਕੋਰਸ ਪੂਰਾ ਕਰਨ ਤੋਂ ਬਾਅਦ, ਜਦੋਂ ਮੇਰੇ ਕੋਲ਼ ਕੋਈ ਕੰਮ ਨਹੀਂ ਸੀ ਤਾਂ ਮੇਰਾ ਫ਼ੋਟੋਗ੍ਰਾਫੀ ਵੱਲ ਰੁਝਾਨ ਹੋਣਾ ਸ਼ੁਰੂ ਹੋਇਆ, ਤਾਂ ਇਜ਼੍ਹਿਲ ਅੰਨਾ ਨੇ ਮੈਨੂੰ ਆਪਣੇ ਮਾਪਿਆਂ ਨਾਲ਼ ਸਮਾਂ ਬਿਤਾਉਣ ਲਈ ਕਿਹਾ। ਉਨ੍ਹਾਂ ਨੇ ਆਪਣੀ ਮਾਂ ਦੇ ਨਾਲ਼ ਆਪਣੇ ਸਬੰਧਾਂ ਬਾਰੇ ਕਹਾਣੀਆਂ ਸਾਂਝੀਆਂ ਕੀਤੀਆਂ; ਕਿਵੇਂ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਇਕੱਲਿਆਂ ਹੀ ਉਨ੍ਹਾਂ ਨੂੰ ਤੇ ਚਾਰ ਭੈਣਾਂ ਨੂੰ ਪਾਲ਼ਿਆ ਪੋਸਿਆ ਸੀ। ਉਨ੍ਹਾਂ ਦੀ ਮਾਂ ਦੇ ਸੰਘਰਸ਼ਾਂ ਨਾਲ਼ ਜੁੜੀ ਗੱਲਬਾਤ ਜ਼ਰੀਏ, ਇਜ਼੍ਹਿਲ ਅੰਨਾ ਨੇ ਮੈਨੂੰ ਇਸ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਕਿ ਮੇਰੇ ਆਪਣੇ ਮਾਪਿਆਂ ਨੇ ਮੇਰੇ ਪਾਲਣ-ਪੋਸ਼ਣ ਵਿੱਚ ਕਿੰਨਾ ਸੰਘਰਸ਼ ਕੀਤਾ ਹੋਵੇਗਾ। ਇਸ ਤੋਂ ਬਾਅਦ ਹੀ ਮੈਂ ਆਪਣੀ ਮਾਂ ਦੇ ਹੋਣ ਦੀ ਕੀਮਤ ਨੂੰ ਸਮਝ ਸਕਿਆ, ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਨ੍ਹਾਂ ਬਾਰੇ ਲਿਖਿਆ ਵੀ।

ਜਦੋਂ ਮੈਂ ਇਜ਼੍ਹਿਲ ਅੰਨਾ ਦੇ ਨਾਲ਼ ਯਾਤਰਾਵਾਂ ਸ਼ੁਰੂ ਕੀਤੀਆਂ, ਤਾਂ ਮੈਂ ਨਾਟਕ ਦੀ ਪੇਸ਼ਕਾਰੀ ਨਾਲ਼ ਜੁੜੀਆਂ ਬਾਰੀਕੀਆਂ ਸਿੱਖਣ ਲੱਗਿਆ, ਸਕੈਚ ਬਣਾਉਣਾ ਅਤੇ ਪੇਂਟ ਕਰਨਾ, ਰੰਗ ਬਣਾਉਣੇ ਸਿੱਖਣ ਲੱਗਿਆ। ਇਹਦੇ ਨਾਲ਼ ਹੀ, ਮੈਂ ਬੱਚਿਆਂ ਨੂੰ ਫ਼ੋਟੋਗ੍ਰਾਫ਼ੀ ਸਿਖਾਉਣੀ ਸ਼ੁਰੂ ਕਰ ਦਿੱਤੀ। ਇਸ ਪ੍ਰਕਿਰਿਆ ਨੇ ਬੱਚਿਆਂ ਅਤੇ ਮੇਰੇ ਦਰਮਿਆਨ ਸੰਵਾਦ ਦੀ ਇੱਕ ਦੁਨੀਆ ਖੋਲ੍ਹ ਦਿੱਤੀ। ਮੈਂ ਉਨ੍ਹਾਂ ਦੀਆਂ ਕਹਾਣੀਆਂ ਸੁਣੀਆਂ, ਉਨ੍ਹਾਂ ਦੇ ਜੀਵਨ ਨੂੰ ਤਸਵੀਰਾਂ ਰਾਹੀਂ ਦਰਸਾਉਣਾ ਸ਼ੁਰੂ ਕੀਤਾ। ਜਦੋਂ ਮੈਂ ਉਨ੍ਹਾਂ ਦੇ ਨਾਲ਼ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕੀਤੀਆਂ, ਉਨ੍ਹਾਂ ਨਾਲ਼ ਖੇਡਣ ਲੱਗਿਆ, ਨੱਚਣ ਲੱਗਿਆ ਤੇ ਗਾਣੇ ਦੌਰਾਨ ਤਸਵੀਰਾਂ ਖਿੱਚਣ ਲੱਗਿਆ ਤਾਂ ਮੰਨੋ ਜਿਵੇਂ ਇੱਕ ਉਤਸਵ ਹੀ ਬਣ ਗਿਆ। ਮੈਂ ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਘਰ ਗਿਆ, ਉਨ੍ਹਾਂ ਨਾਲ਼ ਬਹਿ ਕੇ ਖਾਣਾ ਖਾਧਾ, ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਾਂ ਕੀਤੀਆਂ। ਮੈਨੂੰ ਇਹ ਅਹਿਸਾਸ ਹੋਇਆ ਕਿ ਜਦੋਂ ਮੈਂ ਉਨ੍ਹਾਂ ਦੇ ਨਾਲ਼ ਗੱਲਬਾਤ ਕਰਦਾ, ਉਨ੍ਹਾਂ ਦੇ ਨਾਲ਼ ਜੀਵਨ ਸਾਂਝਾ ਕਰਦਾ ਤੇ ਸਮਾਂ ਬਿਤਾਉਣ ਬਾਅਦ ਤਸਵੀਰਾਂ ਖਿੱਚਦਾ ਤਾਂ ਇੱਕ ਜਾਦੂ ਜਿਹਾ ਛਾ ਜਾਂਦਾ।

ਪਿਛਲੇ 22 ਸਾਲਾਂ ਵਿੱਚ, ਜਦੋਂ ਤੋਂ ਇਜ਼੍ਹਿਲ ਅੰਨਾ ਨੇ ਕਲਿਮਨ ਵਿਰਲਗਲ ਦੀ ਸ਼ੁਰੂਆਤ ਕੀਤੀ ਹੈ, ਉਨ੍ਹਾਂ ਦੇ ਸੰਪਰਕ ਵਿੱਚ ਜੋ ਕੋਈ ਵੀ ਆਇਆ ਉਨ੍ਹਾਂ ਸਾਰਿਆਂ ਦਾ ਜੀਵਨ ਜਾਦੂ ਅਤੇ ਪ੍ਰਕਾਸ਼ ਨਾਲ਼ ਭਰ ਗਿਆ। ਉਹ ਕਹਿੰਦੇ ਹਨ,“ਅਸੀਂ ਆਦਿਵਾਸੀ ਬੱਚਿਆਂ ਨੂੰ ਅਕਾਦਮਿਕ ਰਹਿਨੁਮਾਈ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਸਿੱਖਿਆ ਦਾ ਮਹੱਤਵ ਦੱਸਦੇ ਹਾਂ। ਅਸੀਂ ਬੱਚਿਆਂ ਨੂੰ ਆਤਮਰੱਖਿਆ ਵੀ ਸਿਖਾਉਂਦੇ ਹਾਂ। ਅਸੀਂ ਦੇਖਿਆ ਹੈ ਕਿ ਜਦੋਂ ਬੱਚੇ ਨੂੰ ਆਤਮ-ਰੱਖਿਆ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਵੱਧ ਜਾਂਦਾ ਹੈ।” ਆਪਣੇ ਬੱਚਿਆਂ ‘ਤੇ ਯਕੀਨ ਕਰਨਾ, ਉਨ੍ਹਾਂ ਨੂੰ ਤਰਕ ਕਰਨਾ ਸਿਖਾਉਣਾ, ਤਰਕਸੰਗਤ ਸੋਚਣਾ ਸਿਖਾਉਣਾ ਅਤੇ ਵਿਚਾਰਾਂ ਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਵਿਕਸਤ ਕਰਨਾ- ਇਹੀ ਉਨ੍ਹਾਂ ਦਾ ਮੰਨਣਾ ਹੈ।

“ਅਸੀਂ ਮੰਨਦੇ ਹਾਂ ਕਿ ਹਰ ਇਨਸਾਨ ਬਰਾਬਰ ਹੁੰਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਇਹੀ ਸਿਖਾਉਂਦੇ ਹਾਂ। ਉਨ੍ਹਾਂ ਦੀਆਂ ਖ਼ੁਸ਼ੀਆਂ ਵਿੱਚ ਮੈਂ ਆਪਣੀ ਖ਼ੁਸ਼ੀ ਲੱਭਦਾ ਹਾਂ,” ਉਹ ਕਹਿੰਦੇ ਹਨ।

PHOTO • M. Palani Kumar

ਕੋਇੰਬਟੂਰ ਦੇ ਇੱਕ ਸਕੂਲ ਵਿਖੇ ਇਜ਼੍ਹਿਲ ਅੰਨਾ ਇੱਕ ਨਾਟਕ ਆਈਨਾ ਦਾ ਅਭਿਆਸ ਕਰਵਾ ਰਹੇ ਹਨ ਅਤੇ ਪੂਰਾ ਕਮਰਾ ਬੱਚਿਆਂ ਦੀ ਮੁਸਕਾਨ ਨਾਲ਼ ਭਰ ਗਿਆ ਹੈ

PHOTO • M. Palani Kumar

ਨਾਗਪੱਟੀਨਮ ਵਿਖੇ ਇਜ਼੍ਹਿਲ ਅੰਨਾ ਅਤੇ ਉਨ੍ਹਾਂ ਦੀ ਟੀਮ ਪੰਛੀਆਂ ਤੇ ਅਧਾਰਤ ਇੱਕ ਨਾਟਕ ਪੇਸ਼ ਕਰਦੀ ਹੋਈ

PHOTO • M. Palani Kumar

ਤਿਰੂਵੰਨਾਮਲਾਈ ਵਿਖੇ ਮਖੌਟਿਆਂ, ਪੋਸ਼ਾਕਾਂ ਅਤੇ ਰੰਗ ਪੋਤੇ ਚਿਹਰਿਆਂ ਦੇ ਨਾਲ਼, ਨਾਟਕ ਲਾਇਨ ਕਿੰਗ ਕਰਨ ਲਈ ਤਿਆਰ ਖੜ੍ਹੀ ਟੀਮ

PHOTO • M. Palani Kumar

ਸੱਤਿਆਮੰਗਲਮ ਵਿਖੇ ਬੱਚਿਆਂ ਦੇ ਨਾਲ਼ ਇਜ਼੍ਹਿਲ ਅੰਨਾ। ਤੁਸੀਂ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਨਾਲ਼ੋਂ ਅੱਡ ਕਰ ਹੀ ਨਹੀਂ ਸਕਦੇ। ਗੱਲ ਜਦੋਂ ਬੱਚਿਆਂ ਤੇ ਆਵੇ ਤਾਂ ਉਹ ਆਕਰਸ਼ਕ ਅਤੇ ਸਰਗਰਮ ਇਨਸਾਨ ਬਣ ਜਾਂਦੇ ਹਨ

PHOTO • M. Palani Kumar

ਜਵਾਦੂ ਦੀਆਂ ਪਹਾੜੀਆਂ ਵਿਖੇ (ਕੈਂਪ ਦੌਰਾਨ) ਬੱਚੇ ਆਪਣੇ ਵੱਲੋਂ ਬਣਾਏ ਕਾਗ਼ਜ਼ੀ ਮਖੌਟਿਆਂ ਦੇ ਨਾਲ਼

PHOTO • M. Palani Kumar

ਕਾਂਚੀਪੁਰਮ ਵਿਖੇ, ਸੁਣਨ ਅਤੇ ਬੋਲਣ  ਵਿੱਚ ਅਸਮਰੱਥ ਬੱਚਿਆਂ ਦੇ ਇੱਕ ਸਕੂਲ ਵਿੱਚ ਅਯੋਜਿਤ ਓਰੀਗਾਮੀ ਕਾਰਜਸ਼ਾਲਾ ਦੇ ਇੱਕ ਸੈਸ਼ਨ ਦੌਰਾਨ, ਖ਼ੁਦ ਵੱਲੋਂ ਤਿਆਰ ਕਾਗ਼ਜ਼ੀ ਤਿਤਲੀਆਂ ਵਿਚਾਲੇ ਘਿਰੀ ਇੱਕ ਬੱਚੀ

PHOTO • M. Palani Kumar

ਪੇਰੰਬਲੂਰ ਵਿਖੇ, ਮੰਚ ਦੀ ਸਜਾਵਟ ਲਈ ਬੱਚੇ ਆਪਣੇ-ਆਪ ਪੋਸਟਰ ਬਣਾ ਰਹੇ ਹਨ। ਮੰਚ ਨੂੰ ਕਾਗ਼ਜ਼ਾਂ ਅਤੇ ਕੱਪੜਿਆਂ ਨਾਲ਼ ਤਿਆਰ ਕੀਤਾ ਗਿਆ ਸੀ

PHOTO • M. Palani Kumar

ਜਵਾਦੂ ਵਿਖੇ, ਆਪਣੇ ਨੇੜੇ-ਤੇੜੇ ਦੇ ਰੁੱਖਾਂ ਦੀਆਂ ਟਹਿਣੀਆਂ ਦੀ ਵਰਤੋਂ ਕਰਕੇ, ਇਜ਼੍ਹਿਲ ਅੰਨਾ ਤੇ ਬੱਚੇ ਪਸ਼ੂ ਦਾ ਢਾਂਚਾ ਬਣਾਉਂਦੇ ਹੋਏ

PHOTO • M. Palani Kumar

ਨਾਗੀਪੱਟੀਨਮ ਵਿਖੇ ਇੱਕ ਸਕੂਲ ਦੇ ਵਿਹੜੇ ਵਿੱਚ ਬੱਚਿਆਂ ਦੇ ਨਾਲ਼ ਬੈਠੇ ਅੰਨਾ

PHOTO • M. Palani Kumar

ਕਾਂਚੀਪੁਰਮ ਵਿਖੇ, ਬੋਲ਼ੇ ਬੱਚਿਆਂ ਦੇ ਇੱਕ ਸਕੂਲ ਦੇ ਹੋਸਟਲ ਦੇ ਬੱਚੇ ਪੁਰਾਣੀ ਸੀਡੀਆਂ ਦੀ ਵਰਤੋਂ ਕਰਕੇ ਅਲੱਗ-ਅਲੱਗ ਵਸਤਾਂ ਬਣਾਉਂਦੇ ਹੋਏ

PHOTO • M. Palani Kumar

ਸੇਲਮ ਦੇ ਇੱਕ ਸਕੂਲ ਵਿੱਚ ਆਪਣੀਆਂ ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕਰਦੇ ਬੱਚੇ

PHOTO • M. Palani Kumar

ਸੱਤਿਆਮੰਗਲਮ ਦੇ ਇੱਕ ਕੈਂਪ ਵਿੱਚ ਬਣਾਈਆਂ ਗਈਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵਿੱਚ, ਬੱਚਿਆਂ ਦੇ ਨਾਲ਼ ਰਲ਼ ਕੇ ਗ੍ਰਾਮੀਣਾਂ ਦਾ ਸੁਆਗਤ ਕਰਕਦੇ ਇਜ਼੍ਹਿਲ ਅੰਨਾ

PHOTO • M. Palani Kumar

ਕਾਵੇਰੀਪੱਟੀਨਮ ਵਿਖੇ ਪ੍ਰਦਰਸ਼ਨੀ ਵਾਲ਼ੇ ਦਿਨ, ਪੋਇ ਕਾਲ ਕੁਦੁਰਈ ਅੱਟਮ ਨਾਟਕ ਦੇ ਇੱਕ ਲੋਚ ਨਾਚ ਨੂੰ ਸ਼ੁਰੂ ਕਰਵਾਉਂਦੇ ਅੰਨਾ।  ਪੋਇ ਕਾਲ ਕੁਦੁਰਈ ਜਾਂ ਨਕਲੀ ਪੈਰਾਂ ਵਾਲ਼ੇ ਘੋੜੇ ਨੂੰ ਗੱਤਿਆਂ ਅਤੇ ਕੱਪੜਿਆਂ ਨਾਲ਼ ਤਿਆਰ ਕੀਤਾ ਗਿਆ ਹੈ

PHOTO • M. Palani Kumar

ਕਾਵੇਰੀਪੱਟੀਨਮ ਵਿੱਚ ਇੱਕ ਕੈਂਪ ਦੇ ਅਖ਼ੀਰਲੇ ਦਿਨ, ਇਜ਼੍ਹਿਲ ਅੰਨਾ ਦੀ ਟੀਮ ਅਤੇ ਬੱਚੇ ਚੀਕ-ਚੀਕ ਕੇ ਕਹਿੰਦੇ ਹੋਏ ਪਾਪਰੱਪਾ ਬਾਏ ਬਾਏ, ਬਾਏ ਬਾਏ ਪਾਪਰੱਪਾ

ਵੀਡੀਓ ਦੇਖੋ: ਆਰ. ਇਜ਼੍ਹਿਲਾਰਸਨ:  ਨਾਗਪੱਟੀਨਮ ਵਿਖੇ ਬੱਚਿਆਂ ਨੂੰ ਗਾਉਣ ਤੇ ਨੱਚਣ ਲਈ ਤਿਆਰ ਕਰਦੇ ਹੋਏ

ਲੇਖਕ, ਮੂਲ਼ ਰੂਪ ਵਿੱਚ ਤਮਿਲ ਭਾਸ਼ਾ ਵਿੱਚ ਲਿਖੇ ਗਏ ਇਸ ਲੇਖ ਦੇ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲਈ ਕਵਿਤਾ ਮੁਰਲੀਧਰਨ ਦਾ ਧੰਨਵਾਦ ਕਰਦੇ ਹਨ ; ਅਤੇ ਸਟੋਰੀ ਵਿੱਚ ਮਹੱਤਵਪੂਰਨ ਇਨਪੁਟ ਦੇਣ ਵਾਸਤੇ ਅਪਰਨਾ ਕਾਰਤੀਕੇਅਨ ਦਾ ਸ਼ੁਕਰੀਆ ਅਦਾ ਕਰਦੇ ਹਨ।

ਪੋਸਟਸਕ੍ਰਿਪਟ : ਇਹ ਲੇਖ  ਅਜੇ ਪ੍ਰਕਾਸ਼ਨ ਲਈ ਤਿਆਰ ਕੀਤਾ ਹੀ ਜਾ ਰਿਹਾ ਸੀ ਕਿ 23 ਜੁਲਾਈ 2022 ਨੂੰ ਇੱਕ ਜਾਂਚ ਵਿੱਚ ਸਾਹਮਣੇ ਆਇਆ ਕਿ ਆਰ. ਇਜ਼੍ਹਿਲਾਰਸਨ ਜਿਲਿਅਨ ਬੈਰੇ ਸਿੰਡ੍ਰੋਮ ਤੋਂ ਪੀੜਤ ਹਨ। ਇਹ ਇੱਕ ਗੰਭੀਰ ਤੰਤੂ-ਨੁਕਸ ਦੀ ਬੀਮਾਰੀ ਹੈ, ਜਿਸ ਵਿੱਚ ਸਰੀਰ ਦੀ ਰੱਖਿਆ ਪ੍ਰਣਾਲੀ (ਇਮਿਊਨ ਸਿਸਟਮ) ਨਸਾਂ ਤੇ ਹਮਲਾ ਕਰਦੀ ਹੈ। ਇਹ ਬੀਮਾਰੀ ਪੈਰੀਫਿਰਲ ਤੰਤਿਕਾ ਪ੍ਰਣਾਲੀ ਨੂੰ ਪ੍ਰਭਾਵ ਕਰਦੀ ਹੈ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਲਕਵੇ ਦਾ ਕਾਰਨ ਬਣ ਸਕਦੀ ਹੈ।

ਤਰਜਮਾ: ਕਮਲਜੀਤ ਕੌਰ

M. Palani Kumar

M. Palani Kumar is Staff Photographer at People's Archive of Rural India. He is interested in documenting the lives of working-class women and marginalised people. Palani has received the Amplify grant in 2021, and Samyak Drishti and Photo South Asia Grant in 2020. He received the first Dayanita Singh-PARI Documentary Photography Award in 2022. Palani was also the cinematographer of ‘Kakoos' (Toilet), a Tamil-language documentary exposing the practice of manual scavenging in Tamil Nadu.

Other stories by M. Palani Kumar
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur