''ਜਦੋਂ ਕਰੋਨਾ ਫੈਲਣਾ ਸ਼ੁਰੂ ਹੋਇਆ ਉਦੋਂ ਤੋਂ ਕੋਚੀਆ (ਆੜ੍ਹਤੀਆਂ) ਨੇ ਸਾਡੇ ਪਿੰਡ ਆਉਣਾ ਬੰਦ ਕਰ ਦਿੱਤਾ, '' ਜਮੁਨਾ ਬਾਈ ਮੰਡਾਵੀ ਕਹਿੰਦੀ ਹਨ। ''ਇਸ ਗੱਲ ਨੂੰ ਤਿੰਨ ਹਫ਼ਤੇ ਲੰਘ ਗਏ ਜਦੋਂ ਉਹ ਪਿਛਲੀ ਵਾਰੀਂ ਟੋਕਰੀਆਂ ਖਰੀਦਣ ਆਏ ਸਨ। ਸੋ ਅਸੀਂ ਕੁਝ ਵੀ ਵੇਚ ਨਹੀਂ ਪਾ ਰਹੇ ਤੇ ਸਾਡੇ ਕੋਲ਼ ਕੁਝ ਵੀ ਖ਼ਰੀਦਣ ਜੋਗੇ ਪੈਸੇ ਨਹੀਂ।''
ਚਾਰਾ ਬੱਚਿਆਂ ਦੀ ਮਾਂ, ਵਿਧਵਾ ਜਮੁਨਾ ਬਾਈ, ਧਮਤਰੀ ਜ਼ਿਲ੍ਹੇ ਦੇ ਨਗਰੀ ਬਲਾਕ ਦੇ ਕੌਹਾਬਹਰਾ ਪਿੰਡ ਵਿੱਚ ਰਹਿੰਦੀ ਹਨ। ਕਰੀਬ 40 ਸਾਲਾ ਜਮੁਨਾ ਕਮਾਰ ਕਬੀਲੇ ਦੀ ਆਦਿਵਾਸੀ ਹਨ, ਜਿਹਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਛੱਤੀਸਗੜ੍ਹ ਦੇ ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਿੱਚ ਸ਼ਾਮਲ ਕੀਤਾ ਗਿਆ ਹੈ। ਪਿੰਡ ਦੇ ਇਸ ਹਿੱਸੇ ਵਿੱਚ ਉਨ੍ਹਾਂ ਜਿਹੇ ਹੋਰ ਵੀ 36 ਕਮਾਰ ਪਰਿਵਾਰ ਰਹਿੰਦੇ ਹਨ। ਉਨ੍ਹਾਂ ਵਾਂਗਰ ਹੀ, ਬਾਕੀ ਸਾਰੇ ਲੋਕੀਂ ਨੇੜਲੇ ਜੰਗਲਾਂ ਤੋਂ ਬਾਂਸ ਇਕੱਠਾ ਕਰਕੇ ਟੋਕਰੀਆਂ ਬੁਣ ਕੇ ਰੋਜ਼ੀਰੋਟੀ ਕਮਾਉਂਦੇ ਹਨ।
ਜਿਹੜੇ 'ਕੋਚੀਆ' ਦੀ ਗੱਲ ਉਹ ਕਰ ਰਹੀ ਹਨ, ਉਹ ਜਮੁਨਾ ਬਾਈ ਤੇ ਟੋਕਰੀਆਂ ਬਣਾਉਣ ਵਾਲ਼ੇ ਬਾਕੀ ਲੋਕਾਂ ਲਈ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ। ਉਹ ਆੜ੍ਹਤੀਏ ਜਾਂ ਵਪਾਰੀਆਂ ਹੀ ਹਨ ਜੋ ਹਰ ਹਫ਼ਤੇ ਇੱਕ ਵਾਰੀਂ ਇਸ ਪਿੰਡ ਟੋਕਰੀਆਂ ਖ਼ਰੀਦਣ ਆਉਂਦੇ ਹਨ, ਜਿਨ੍ਹਾਂ ਨੂੰ ਫਿਰ ਉਹ ਸ਼ਹਿਰ ਦੇ ਬਜ਼ਾਰਾਂ ਜਾਂ ਪਿੰਡਾਂ ਦੇ ਹਾਟਾਂ ਵਿੱਚ ਪ੍ਰਚੂਨ ਭਾਅ 'ਤੇ ਵੇਚਦੇ ਹਨ।
ਛੇਤੀ ਹੀ, ਉਨ੍ਹਾਂ ਨੂੰ ਕੌਹਾਬਹਰੀ ਦਾ ਚੱਕਰ ਲਾਇਆਂ ਮਹੀਨਾ ਬੀਤ ਜਾਣਾ- ਉਨ੍ਹਾਂ ਨੇ ਕੋਵਿਡ-19 ਤਾਲਾਬੰਦੀ ਤੋਂ ਬਾਅਦ ਤੋਂ ਹੀ ਆਉਣਾ ਬੰਦ ਕਰ ਦਿੱਤਾ ਹੈ।
ਜਮੁਨਾ ਦੇ ਚਾਰ ਬੱਚੇ ਹਨ- ਲਾਲੇਸ਼ਵਰੀ (12), ਜਿਹਨੇ 5ਵੀਂ ਤੋਂ ਬਾਅਦ ਹੀ ਸਕੂਲ ਛੱਡ ਦਿੱਤਾ, ਤੁਲੇਸ਼ਵਰੀ (8), ਲੀਲਾ (6) ਤੇ ਲਕਸ਼ਮੀ (4)। ਉਨ੍ਹਾਂ ਦੇ ਪਤੀ ਦੀ ਮੌਤ ਚਾਰ ਸਾਲ ਪਹਿਲਾਂ ਡਾਇਰੀਆ (ਦਸਤ) ਕਾਰਨ ਹੋਈ ਸੀ। ਪਤੀ ਦੀ ਮੌਤ ਵੇਲ਼ੇ ਉਹ ਕਰੀਬ 45 ਸਾਲ ਦੀ ਸਨ ਤੇ ਇਹ ਔਖ਼ੀ ਘੜੀ ਵਿੱਚ ਇਕੱਲੀ ਰਹਿ ਗਈ ਸਨ। ਇਹ ਤਾਲਾਬੰਦੀ ਨਾ ਸਿਰਫ਼ ਟੋਕਰੀਆਂ ਤੋਂ ਹੋਣ ਵਾਲ਼ੀ ਉਨ੍ਹਾਂ ਦੀ ਕਮਾਈ 'ਤੇ ਅਸਰ ਪਾ ਰਹੀ ਹੈ, ਸਗੋਂ ਦੂਜੇ ਵਸੀਲਿਆਂ ਤੋਂ ਹੋਣ ਵਾਲ਼ੀ ਕਮਾਈ ਨੂੰ ਵੀ ਢਾਹ ਲਾ ਰਹੀ ਹੈ।
ਜੰਗਲ ਵਿੱਚ ਇਹ ਮਹੂਏ ਦੇ ਫੁੱਲਾਂ ਦਾ ਮੌਸਮ ਹੈ (ਜਿਸ ਤੋਂ ਸਥਾਨਕ ਸ਼ਰਾਬ ਬਣਦੀ ਹੈ)- ਮੰਦੀ ਵੇਲ਼ੇ ਇੱਥੋਂ ਦੇ ਆਦਿਵਾਸੀਆਂ ਲਈ ਇਹ ਆਮਦਨੀ ਦਾ ਇੱਕ ਜ਼ਰੀਆ ਹੈ।
''ਬਜ਼ਾਰ ਤੇ ਹਫ਼ਤਾਵਰੀ ਮੰਡੀ ਕਰੋਨਾ ਕਾਰਨ ਬੰਦ ਹੈ,'' ਜਮੁਨਾ ਬਾਈ ਕਹਿੰਦੀ ਹਨ। ''ਤਾਂ ਅਸੀਂ ਮਹੂਏ ਦੇ ਜੋ ਫੁੱਲ ਇਕੱਠੇ ਕਰਦੇ ਹਾਂ, ਉਨ੍ਹਾਂ ਨੂੰ ਵੀ (ਸਹੀ ਭਾਅ 'ਤੇ) ਨਹੀਂ ਵੇਚ ਪਾ ਰਹੇ ਹਾਂ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਪੈਸੇ ਦੀ ਕਿੱਲਤ ਕਾਰਨ ਆਪਣੇ ਲਈ ਕੁਝ ਖ਼ਰੀਦ ਵੀ ਨਹੀਂ ਪਾ ਰਹੇ।''
ਜਮੁਨਾ ਬਾਈ ਵਿਧਵਾ ਪੈਨਸ਼ਨ ਦੀ ਹੱਕਦਾਰ ਹਨ- ਛੱਤੀਸਗੜ੍ਹ ਵਿਖੇ 350 ਰੁਪਏ ਮਹੀਨਾ- ਪਰ ਉਨ੍ਹਾਂ ਨੂੰ ਕਦੇ ਵੀ ਇਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ, ਸੋ ਉਨ੍ਹਾਂ ਨੂੰ ਕਦੇ ਨਵਾਂ ਪੈਸਾ ਤੱਕ ਨਹੀਂ ਮਿਲ਼ਿਆ।
ਛੱਤੀਸਗੜ੍ਹ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ, ਪੂਰੇ ਰਾਜ ਅੰਦਰ ਬੀਪੀਐੱਲ (ਗ਼ਰੀਬੀ ਰੇਖਾ ਦੇ ਹੇਠਲੇ) ਪਰਿਵਾਰਾਂ ਨੂੰ ਦੋ ਮਹੀਨਿਆਂ ਦਾ ਚੌਲ਼ (ਮੁਫ਼ਤ ਤੇ ਪੂਰਾ ਰਾਸ਼ਨ ਕੋਟਾ) ਦੇਣ ਦਾ ਗੰਭੀਰ ਯਤਨ ਕੀਤਾ ਹੈ। ਉਨ੍ਹਾਂ ਸਾਰਿਆਂ ਨੂੰ ਮੁਫ਼ਤ ਤੇ ਪਹਿਲਾਂ ਤੋਂ ਹੀ 70 ਕਿਲੋਗ੍ਰਾਮ ਚੌਲ਼ (35 ਕਿਲੋਗ੍ਰਾਮ ਪ੍ਰਤੀ ਮਹੀਨਾ ਦੇ ਹਿਸਾਬ ਨਾਲ਼) ਮਿਲ਼ ਚੁੱਕੇ ਹਨ। ਉਨ੍ਹਾਂ ਨੂੰ ਲੂਣ ਦੇ ਚਾਰ ਪੈਕੇਟ (ਪ੍ਰਤੀ ਮਹੀਨੇ ਦੋ) ਵੀ ਮੁਫ਼ਤ ਹੀ ਦਿੱਤਾ ਗਏ ਹਨ। ਬੀਪੀਐੱਲ ਪਰਿਵਾਰਾਂ ਨੂੰ ਸ਼ੱਕਰ ਜਿਹੀਆਂ ਚੀਜ਼ਾਂ ਵਿੱਤੀ ਸਹਾਇਤਾ ਪ੍ਰਾਪਤ ਦਰਾਂ (17 ਰੁਪਏ ਕਿੱਲੋ) ਦੇ ਹਿਸਾਬ ਨਾਲ਼ ਮਿਲ਼ਦੀਆਂ ਹਨ ਪਰ ਉਨ੍ਹਾਂ ਨੂੰ ਇਸ ਵਾਸਤੇ ਪੈਸੇ ਦੇਣੇ ਪੈਂਦੇ ਹਨ। ਇਨ੍ਹਾਂ ਸਾਰੀਆਂ ਸਹੂਲਤਾਂ ਦੀ ਬਦੌਲਤ ਹੀ ਜਮੁਨਾ ਬਾਈ ਦਾ ਘਰ ਚੱਲ ਰਿਹਾ ਹੈ।
ਪਰ ਆਮਦਨੀ 'ਤੇ ਪੂਰੀ ਤਰ੍ਹਾਂ ਨਾਲ਼ ਰੋਕ ਲੱਗ ਗਈ ਹੈ ਤੇ ਬਾਕੀ ਜ਼ਰੂਰੀ ਸਮਾਨ ਖ਼ਰੀਦਣ ਲਈ ਪੈਸੇ ਨਹੀਂ ਹਨ। ਸਰਕਾਰ ਵੱਲੋਂ ਆਉਣ ਵਾਲ਼ੀਆਂ ਚੀਜ਼ਾਂ ਵਿੱਚ ਸਬਜ਼ੀਆਂ ਸ਼ਾਮਲ ਨਹੀਂ ਹਨ ਤੇ ਕੁਝ ਬਹੁਤ ਹੀ ਜ਼ਿਆਦਾ ਗ਼ਰੀਬ ਪਰਿਵਾਰਾਂ ਕੋਲ਼ ਰਾਸ਼ਨ ਕਾਰਡ ਤੱਕ ਨਹੀਂ ਹੈ। ਤਾਲਾਬੰਦੀ ਦੀ ਮਿਆਦ ਵੱਧ ਜਾਣ ਕਾਰਨ ਇਸ ਵਿਲਗ ਪਿੰਡ ਵਿੱਚ ਰਹਿਣ ਵਾਲ਼ੇ ਕਮਾਰ ਪਰਿਵਾਰਾਂ ਵਾਸਤੇ ਚੀਜ਼ਾਂ ਹੋਰ ਵੀ ਬੀਹੜ ਹੁੰਦੀਆਂ ਜਾਣਗੀਆਂ।
ਜਮੁਨਾ ਬਾਈ ਤੇ ਉਨ੍ਹਾਂ ਦਾ ਪਰਿਵਾਰ ਲੱਕੜ, ਮਿੱਟੀ ਤੇ ਚੀਕਣੀ ਮਿੱਟੀ ਤੋਂ ਬਣੀਆਂ ਖਪਰੈਲਾਂ ਨਾਲ਼ ਬਣੇ ਘਰ ਵਿੱਚ ਆਪਣੇ ਸਹੁਰੇ ਪਰਿਵਾਰ ਨਾਲ਼ ਰਹਿੰਦਾ ਹੈ। ਉਹ ਘਰ ਦੇ ਮਗਰ ਅੱਡ ਬਣੇ ਹਿੱਸੇ (ਉਨ੍ਹਾਂ ਦਾ ਆਪਣਾ ਰਾਸ਼ਨ ਕਾਰਡ ਹੈ) ਵਿੱਚ ਰਹਿੰਦੇ ਹਨ।
''ਅਸੀਂ ਟੋਕਰੀਆਂ ਬਣਾ ਕੇ ਤੇ ਜੰਗਲੀ ਉਤਪਾਦ ਵੇਚ ਕੇ ਆਪਣਾ ਘਰ ਚਲਾਉਂਦੇ ਹਾਂ,'' ਸਮਰੀ ਬਾਈ (ਉਨ੍ਹਾਂ ਦੀ ਸੱਸ) ਕਹਿੰਦੀ ਹਨ। ''ਪਰ ਅਧਿਕਾਰੀਆਂ ਨੇ ਕਰੋਨਾ ਕਾਰਨ ਸਾਨੂੰ ਜੰਗਲ ਵਿੱਚ ਵੜ੍ਹਨ ਤੱਕ ਤੋਂ ਰੋਕ ਛੱਡਿਆ ਹੈ। ਸੋ ਮੈਂ ਤਾਂ ਉੱਥੇ ਨਹੀਂ ਜਾ ਪਾਉਂਦੀ ਪਰ ਮੇਰੇ ਪਤੀ ਕੁਝ ਦਿਨਾਂ ਤੋਂ ਮਹੂਏ ਦੇ ਫੁੱਲ ਤੇ ਬਾਲ਼ਣ ਇਕੱਠਾ ਕਰਨ ਜਾ ਰਹੇ ਹਨ।''
''ਜੇ ਮਹੂਏ ਨੂੰ ਰੋਜ਼ ਦਿਹਾੜੀ ਇਕੱਠਾ ਨਾ ਕੀਤਾ ਜਾਵੇ ਤਾਂ ਉਹਨੂੰ ਜਾਨਵਰ ਖਾ ਜਾਣਗੇ ਜਾਂ ਉਹ ਖ਼ਰਾਬ ਹੋ ਜਾਵੇਗਾ,'' ਸਮਰੀ ਬਾਈ ਕਹਿੰਦੀ ਹਨ। ਮਹੂਏ ਨੂੰ ਇੱਕ ਆਦਿਵਾਸੀ ਨਕਦੀ ਫ਼ਸਲ ਮੰਨਿਆ ਜਾਂਦਾ ਹੈ ਤੇ ਇਹਨੂੰ ਹਫ਼ਤਾਵਰੀ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ। ਇਸ ਭਾਈਚਾਰੇ ਨੂੰ ਟੋਕਰੀਆਂ ਵੇਚਣ ਤੋਂ ਇਲਾਵਾ, ਮਹੂਏ ਦੀ ਵਿਕਰੀ ਤੋਂ ਵੀ ਥੋੜ੍ਹਾ ਬਹੁਤ ਪੈਸਾ ਮਿਲ਼ਦਾ ਹੈ ਤੇ ਇੰਝ ਉਨ੍ਹਾਂ ਦਾ ਆਪਣਾ ਖਰਚਾ-ਪਾਣੀ ਨਿਕਲ਼ ਆਉਂਦਾ ਹੈ।
''ਪਿਛਲੀ ਵਾਰ ਜਦੋਂ ਕੋਚੀਆ ਆਇਆ ਸੀ, ਓਦੋਂ ਮੈਂ ਉਹਨੂੰ ਟੋਕਰੀਆਂ ਵੇਚ ਕੇ 300 ਰੁਪਏ ਕਮਾਏ ਸਨ ਤੇ ਉਨ੍ਹਾਂ ਰੁਪਿਆਂ ਦਾ ਇਸਤੇਮਾਲ ਮੈਂ ਤੇਲ, ਮਸਾਲੇ, ਸਾਬਣ ਤੇ ਹੋਰ ਚੀਜ਼ਾਂ ਖਰੀਰਦਣ ਵਿੱਚ ਕੀਤਾ ਸੀ,'' ਸਮਰੀ ਬਾਈ ਕਹਿੰਦੀ ਹਨ,''ਪਰ ਜਦੋਂ ਤੋਂ ਕਰੋਨਾ ਫ਼ੈਲਿਆ ਹੈ, ਸਾਡੀਆਂ ਲੋੜ ਦੀਆਂ ਚੀਜ਼ਾਂ ਦਾ ਭਾਅ ਦੋਗੁਣਾ ਹੋ ਗਿਆ ਹੈ।''
ਸਮਰੀ ਬਾਈ ਦੇ ਚਾਰੇ ਬੱਚਿਆਂ- ਜਮੁਨਾ ਬਾਈ ਦੇ ਪਤੀ ਸਿਆਰਾਮ ਸਮੇਤ- ਦੀ ਮੌਤ ਹੋ ਚੁੱਕੀ ਹੈ। ਉਹ ਸਾਨੂੰ ਇਹ ਦੱਸਦੇ ਹੋਏ ਬੜਾ ਭਾਵੁਕ ਹੋ ਜਾਂਦੀ ਹਨ। ਉਨ੍ਹਾਂ ਦੀ ਉਮਰ 65 ਸਾਲਾਂ ਤੋਂ ਰਤਾ ਉਤਾਂਹ ਹੀ ਲੱਗਦੀ ਹੈ ਤੇ ਉਨ੍ਹਾਂ ਨੂੰ 350 ਰੁਪਏ ਬੁਢਾਪਾ ਪੈਨਸ਼ਨ ਮਿਲ਼ਣੀ ਚਾਹੀਦੀ ਸੀ- ਪਰ ਇਸ ਯੋਜਨਾ ਵਿੱਚ ਉਨ੍ਹਾਂ ਦਾ ਨਾਮਾਂਕਣ ਨਹੀਂ ਕੀਤਾ ਗਿਆ, ਸੋ ਉਨ੍ਹਾਂ ਨੂੰ ਇਹ ਲਾਭ ਨਹੀਂ ਮਿਲ਼ਦਾ।
2011 ਦੀ ਮਰਦਮਸ਼ੁਮਾਰੀ ਮੁਤਾਬਕ, ਭਾਰਤ ਵਿੱਚ ਕੁੱਲ 26,530 ਹੀ ਕਮਾਰ ਕਬੀਲੇ ਦੇ ਲੋਕ ਹਨ (1025 ਦੇ ਅਨੁਪਾਤ ਵਿੱਚ ਸਿਹਤਮੰਦ ਇਸਤਰੀ-ਪੁਰਸ਼)। ਉਨ੍ਹਾਂ ਵਿੱਚੋਂ ਕਈ ਸਾਰੇ, ਕਰੀਬ 8,000 ਨਾਲ਼ ਦੇ ਰਾਜ ਓੜੀਸਾ ਵਿੱਚ ਵੀ ਰਹਿੰਦੇ ਹਨ। ਪਰ, ਉਸ ਰਾਜ ਵਿੱਚ ਉਨ੍ਹਾਂ ਨੂੰ ਆਦਿਵਾਸੀ ਵੀ ਨਹੀਂ ਮੰਨਿਆ ਜਾਂਦਾ, ਪੀਵੀਟੀਜੀ ਮਾਨਤਾ ਤਾਂ ਦੂਰ ਦੀ ਗੱਲ ਰਹੀ।
ਕੌਹਾਬਹਰਾ ਵਿਖੇ, ਇੱਕ ਹੋਰ ਬਜ਼ੁਰਗ, ਸੁਨਾਰਾਮ ਕੁੰਜਮ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ ਹੈ, ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਬੁਢਾਪਾ ਪੈਨਸ਼ਨ ਨਹੀਂ ਮਿਲ਼ਦੀ। ''ਮੈਂ ਬੁੱਢਾ ਤੇ ਕਮਜ਼ੋਰ ਹਾਂ ਤੇ ਹੁਣ ਕੰਮ ਕਰਨ ਤੋਂ ਅਸਮਰਥ ਹਾਂ। ਮੈਨੂੰ ਆਪਣੇ ਬੇਟੇ ਦੇ ਪਰਿਵਾਰ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ,'' ਉਹ ਆਪਣੇ ਕੱਚੇ ਘਰ ਵਿੱਚ ਬੈਠਿਆਂ ਸਾਨੂੰ ਦੱਸਦੇ ਹਨ। ''ਮੇਰਾ ਬੇਟਾ ਇੱਕ ਖੇਤ ਮਜ਼ਦੂਰ ਹੈ, ਜੋ ਦਿਹਾੜੀਆਂ ਲਾਉਂਦਾ ਹੈ ਪਰ ਇਨ੍ਹੀਂ ਦਿਨੀਂ ਉਹਨੂੰ ਕੋਈ ਕੰਮ ਨਹੀਂ ਮਿਲ਼ ਪਾ ਰਿਹਾ। ਅੱਜ ਉਹ ਤੇ ਮੇਰੀ ਨੂੰਹ ਦੋਵੇਂ ਜੰਗਲ ਵਿੱਚ ਮਹੂਆ ਚੁਗਣ ਗਏ ਹਨ।''
ਇਨ੍ਹਾਂ ਆਦਿਵਾਸੀਆਂ ਨੂੰ ਮਹੂਏ ਬਦਲੇ ਬਹੁਤ ਹੀ ਘੱਟ ਪੈਸੇ ਮਿਲ਼ਦੇ ਹਨ। ''ਹੁਣ ਨੇੜਲੇ ਪਿੰਡਾਂ ਦੇ ਲੋਕਾਂ ਕੋਲ਼ ਸਾਡੀਆਂ ਟੋਕਰੀਆਂ ਖ਼ਰੀਦਣ ਲਈ ਪੈਸੇ ਨਹੀਂ ਹਨ, ਇਸਲਈ ਅਸੀਂ ਉਨ੍ਹਾਂ ਨੂੰ ਬਣਾਉਣਾ ਹੀ ਬੰਦ ਕਰ ਦਿੱਤਾ ਹੈ,'' 35 ਸਾਲਾ ਘਾਸੀਰਾਮ ਨੇਤਮ ਕਹਿੰਦੇ ਹਨ। ''ਮੈਂ ਤੇ ਮੇਰੀ ਪਤਨੀ ਦੋਵੇਂ ਮਹੂਆ ਚੁਗਦੇ ਹਾਂ। ਕਿਉਂਕਿ ਫ਼ਿਲਹਾਲ ਸਾਰੀਆਂ ਮੰਡੀਆਂ ਬੰਦ ਹਨ, ਮੈਂ 23 ਰੁਪਏ ਕਿੱਲੋ ਦੇ ਹਿਸਾਬ ਨਾਲ਼ ਨੇੜਲੀ ਦੁਕਾਨ 'ਤੇ 9 ਕਿੱਲੋ ਮਹੂਆ ਹੀ ਵੇਚਿਆ।'' ਮੰਡੀ ਵੇਚੀਏ ਤਾਂ ਇੱਕ ਕਿੱਲੋ 30 ਰੁਪਏ ਵਿੱਚ ਵਿੱਕ ਜਾਂਦਾ ਸੀ।
ਘਾਸੀਰਾਮ ਦੇ ਪੰਜ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ, ਮਾਇਆਵਤੀ ਨੇ ਪੰਜਵੀਂ ਤੋਂ ਬਾਅਦ ਸਕੂਲ ਛੱਡ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਮਾਇਆਵਤੀ ਪੜ੍ਹਾਈ ਛੱਡੇ। ''ਮੈਂ ਬੜੀ ਕੋਸ਼ਿਸ਼ ਕੀਤੀ, ਪਰ ਮਾਇਆਵਤੀ ਨੂੰ ਕਬਾਇਲੀ ਵਿਦਿਆਰਥੀਆਂ ਦੇ ਕਿਸੇ ਵੀ ਰਹਾਇਸ਼ੀ ਸਕੂਲ ਵਿੱਚ ਦਾਖ਼ਲਾ ਮਿਲ਼ਿਆ ਹੀ ਨਹੀਂ। ਇਸਲਈ ਉਹਨੇ ਅੱਗੇ ਪੜ੍ਹਨਾ ਛੱਡ ਦਿੱਤਾ,'' ਉਹ ਦੱਸਦੇ ਹਨ। ਉਨ੍ਹਾਂ ਜਿਹੇ ਹੋਰ ਵੀ ਬੱਚਿਆਂ ਨੂੰ ਦਾਖ਼ਲਾ ਨਹੀਂ ਮਿਲ਼ਿਆ ਕਿਉਂਕਿ ਉਹ ਲੋਕ ਆਪਣਾ ਜਾਤੀ ਪ੍ਰਮਾਣ ਪੱਤਰ ਨਹੀਂ ਦਿਖਾ ਸਕੇ।
ਇੱਥੋਂ ਦੇ ਲੋਕ- ਪਹਿਲਾਂ ਤੋਂ ਹੀ ਕੁਪੋਸ਼ਣ ਕਾਰਨ ਕਮਜ਼ੋਰ, ਗ਼ਰੀਬੀ ਦੀ ਜਿਲ੍ਹਣ ਵਿੱਚ ਫਸੇ ਹੋਏ, ਕਈ ਸਾਰੀ ਸਮਾਜਿਕ ਸੇਵਾਵਾਂ ਤੇ ਕਲਿਆਣ ਸਾਧਨਾਂ ਤੋਂ ਵਾਂਝੇ- ਇਸ ਮਹਾਂਮਾਰੀ ਦੌਰਾਨ ਖ਼ਾਸ ਰੂਪ ਨਾਲ਼ ਕਮਜ਼ੋਰ ਹਨ। ਇਸ ਤਾਲਾਬੰਦੀ ਨੇ ਉਨ੍ਹਾਂ ਦੀ ਰੋਜ਼ੀਰੋਟੀ ਦਾ ਇੱਕ ਵਸੀਲਾ ਹੀ ਖੋਹ ਲਿਆ, ਹਾਲਾਂਕਿ ਕਈ ਲੋਕ ਉਸ ਵਸੀਲੇ ਨੂੰ ਬਚਾਈ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ- ਉਹ ਲੋਕ ਮਹੂਏ ਦੇ ਫੁੱਲ ਚੁਗਣ ਜੰਗਲ ਜਾ ਰਹੇ ਹਨ।
ਤਰਜਮਾ: ਨਿਰਮਲਜੀਤ ਕੌਰ