27 ਮਾਰਚ ਨੂੰ ਸਵੇਰ ਦੇ 1 ਵੱਜੇ ਸਨ ਜਦੋਂ ਹੀਰਾ ਮੁਕਾਨੇ ਆਪਣੇ ਘਰ ਪੁੱਜੀ ਜਿਹੜਾ ਠਾਣੇ ਤਹਿਸੀਲ ਦੀ ਤਾਲੁਕਾ ਸ਼ਾਹਪੁਰ ਦੇ ਪਿੰਡ ਡਾਲਖਾਨ ਦੇ ਬਾਹਰਵਾਰ ਸਥਿਤ ਸੀ। ਹੀਰਾ, ਉਸਦਾ ਪੁੱਤਰ ਮਨੋਜ ਅਤੇ ਨੂੰਹ ਸ਼ਾਲੂ ਨੇ 104 ਕਿਲੋਮੀਟਰ ਦਾ ਪੈਂਡਾ ਬਿਨਾ ਕਿਤੇ ਥੋੜੀ ਦੇਰ ਵਾਸਤੇ ਵੀ ਰੁਕਿਆਂ ਪੈਦਲ ਤੈਅ ਕੀਤਾ ਸੀ। ਉਹ ਤਹਿਸੀਲ ਪਾਲਘਰ ਦੀ ਤਾਲੁਕਾ ਡਹਾਣੂ ਦੇ ਪਿੰਡ ਗੰਜਡ ਦੇ ਨੇੜੇ ਇਕ ਭੱਠੇ ਤੋਂ ਵਾਪਸ ਮੁੜੇ ਸਨ, ਜਿੱਥੇ ਉਹ ਕੰਮ ਕਰਨ ਗਏ ਸਨ।
“ਆਵਾਜਾਈ ਦਾ ਕੋਈ ਵੀ ਸਾਧਨ ਉਪਲਬਧ ਨਹੀਂ ਸੀ, ਇਸ ਲਈ ਅਸੀਂ ਸਾਰਾ ਦਿਨ ਤੁਰਦੇ ਰਹੇ। ਆਮ ਤੌਰ ਤੇ ਐਸ. ਟੀ. (ਸਟੇਟ ਟਰਾਂਸਪੋਰਟ) ਬੱਸ ਗੰਜਡ ਤੋਂ ਸ਼ਾਹਪੁਰ ਜਾਂਦੀ ਹੈ,” 45 ਸਾਲਾ ਹੀਰਾ ਦੱਸਦੀ ਹੈ। 26 ਮਾਰਚ ਤੜਕੇ 4 ਵਜੇ, ਹੀਰਾ ਅਤੇ ਸ਼ਾਲੂ ਆਪਣੇ ਸਿਰਾਂ ਉੱਪਰ ਕੱਪੜਿਆਂ ਦੀ ਪੰਡ ਤੇ ਭਾਂਡਿਆਂ ਦੀ ਬੋਰੀ ਲੱਦ ਨਿਕਲ ਪਏ। ਮਨੋਜ ਨੇ 21 ਘੰਟਿਆਂ ਦਾ ਸਫ਼ਰ ਸਿਰ ਉੱਪਰ 12 ਕਿੱਲੋ ਚੌਲਾਂ ਦੀ ਬੋਰੀ ਅਤੇ ਹੱਥ ਵਿੱਚ 8 ਕਿੱਲੋ ਦੀ ਰਾਗੀ ਦੀ ਬੋਰੀ ਚੁੱਕ ਕੇ ਕੀਤਾ। “ਸਾਡੀਆਂ ਲੱਤਾ ਪੀੜ ਨਹੀਂ ਕਰਦੀਆਂ ਕਿਉਂਕਿ ਐਸ. ਟੀ. ਬੱਸਾਂ ਦੇ ਸਮੇਂ ਸਿਰ ਨਾ ਚੱਲਣ ਕਰਕੇ ਅਸੀਂ ਵੈਸੇ ਵੀ ਲੰਮੇ ਪੈਂਡੇ ਤੈ ਕਰਨ ਦੇ ਆਦੀ ਹਾਂ। ਪਰ ਨਿੱਕਾ ਧੇਲਾ ਵੀ ਨਾ ਕਮਾ ਸਕਣਾ ਕਿਤੇ ਵਧੇਰੇ ਦੁਖਦਾਈ ਹੈ,” ਉਹ ਹੋਰ ਦੱਸਦੀ ਹੈ।
2 ਮਾਰਚ ਨੂੰ ਜਦੋਂ ਹੀਰਾ ਨੇ 27 ਸਾਲਾ ਮਨੋਜ ਅਤੇ 25 ਸਾਲਾ ਸ਼ਾਲੂ ਨਾਲ ਭੱਠੇ 'ਚ ਕੰਮ ਕਰਨ ਲਈ ਘਰ ਛੱਡਿਆ ਸੀ ਤਾਂ ਉਹਨਾਂ ਦਾ ਵਾਪਸੀ ਦਾ ਇਰਾਦਾ ਕੇਵਲ ਇਸ ਸਾਲ ਦੀ ਮਈ ਵਿੱਚ ਹੀ ਸੀ। ਪਰ ਉਹਨਾਂ ਦੀ ਇਹ ਯੋਜਨਾ ਉਦੋਂ ਧਰੀ-ਧਰਾਈ ਰਹਿ ਗਈ ਜਦੋਂ 24 ਮਾਰਚ ਨੂੰ ਦੇਸ਼ ਭਰ ਵਿੱਚ ਲਾਕਡਾਉਨ ਦਾ ਐਲਾਨ ਕਰ ਦਿੱਤਾ ਗਿਆ। “ਅਸੀਂ ਮਾਰਚ ਤੋਂ ਮਈ ਤੀਕਰ ਘੱਟੋ-ਘੱਟ 50,000 ਰੁਪਏ ਤਕ ਕਮਾ ਲੈਣ ਦੀ ਉਮੀਦ ਲਾਈ ਬੈਠੇ ਸਾਂ,” ਹੀਰਾ ਨੇ ਮੈਨੂੰ ਫ਼ੋਨ ਤੇ ਦੱਸਿਆ। “ਮਾਲਕ ਨੇ ਕੰਮ ਬੰਦ ਕਰ ਦਿੱਤਾ ਅਤੇ ਸਾਨੂੰ ਵਾਪਸ ਜਾਣ ਲਈ ਕਿਹਾ। ਉਸਨੇ ਤਿੰਨ ਹਫ਼ਤਿਆਂ ਦੇ ਕੰਮ ਲਈ ਸਿਰਫ਼ 8000 ਰੁਪਏ ਮੁਆਵਜ਼ਾ ਤਾਰਿਆ।”
ਇਸ ਲਈ ਜਦੋਂ ਉਹ ਤਿੰਨੇ ਜਣੇ ਮਾਰਚ ਦੇ ਅਖੀਰ ਵਿੱਚ ਅਚਾਨਕ ਡਾਲਖਾਨ ਵਾਪਸ ਪਰਤੇ ਤਾਂ ਹੀਰਾ ਦਾ 52 ਸਾਲਾ ਘਰਵਾਲ਼ਾ ਵਿਠੱਲ ਅਤੇ 15 ਸਾਲਾ ਧੀ ਸੰਗੀਤਾਂ ਉਹਨਾਂ ਨੂੰ ਵੇਖ ਹੈਰਾਨ ਰਹਿ ਗਏ। ਹੀਰਾ ਉਹਨਾਂ ਨੂੰ ਫ਼ੋਨ 'ਤੇ ਆਪਣੀ ਵਾਪਸੀ ਬਾਰੇ ਸੂਚਿਤ ਨਹੀਂ ਸੀ ਕਰ ਸਕੀ। ਵਿਠੱਲ ਜੋ ਕਿ ਸਿਕੱਲ ਸੈਲ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸਰੀਰਕ ਕੰਮ ਕਰਨ ਤੋਂ ਅਸਮਰਥ ਹੈ, ਸੰਗੀਤਾਂ ਨਾਲ ਪਿੰਡ ਵਿੱਚ ਪਿੱਛੇ ਰਹਿ ਗਿਆ ਸੀ ਜਦੋਂ ਬਾਕੀ ਜਣੇ ਗੰਜਡ ਗਏ ਸਨ।
ਮੈਂ ਹੀਰਾ ਨੂੰ ਡਾਲਖਾਨ ਵਿੱਚ ਜੁਲਾਈ 2018 'ਚ ਉਦੋਂ ਮਿਲੀ ਜਦੋਂ ਉਹ ਆਪਣੇ ਪਰਿਵਾਰ ਵਾਸਤੇ ਰਾਤ ਦਾ ਖਾਣਾ ਬਨਾਉਣ ਲਈ ਪੈਲ਼ੀਆਂ ਵਿੱਚ ਸਬਜ਼ੀਆਂ ਚੁਗ ਰਹੀ ਸੀ। ਉਹ ਕਟਕਰੀ ਕਬੀਲੇ ਤੋਂ ਹੈ, ਜੋ ਇਕ ਐਸੀ ਆਦਿਵਾਸੀ ਬਰਾਦਰੀ ਹੈ ਜਿਹੜੀ ਕਿ ਮਹਾਰਾਸ਼ਟਰ ਵਿੱਚ ਵਿਸ਼ੇਸ਼ ਰੂਪ ਨਾਲ ਕਮਜ਼ੋਰ ਆਦਿਵਾਸੀ ਸਮੂਹ ਦੇ ਤੌਰ ਤੇ ਸੂਚਿਤ ਕੀਤੀ ਗਈ ਹੈ।
ਹੀਰਾ ਅਤੇ ਉਸਦੇ ਪਰਿਵਾਰ ਲਈ ਘਰ ਛੱਡਣ ਦਾ ਅਤੇ ਭੱਠੇ 'ਤੇ ਜਾਕੇ ਕੰਮ ਕਰਨ ਦਾ ਫ਼ੈਸਲਾ ਇਕ ਬਹੁਤ ਵੱਡਾ ਕਦਮ ਸੀ- ਇਹ ਉਹਨਾਂ ਦੀ ਰੁਜ਼ਗਾਰ ਲਈ ਪਹਿਲੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਤਕ ਉਹ ਆਪਣੀ ਰੋਜ਼ੀ-ਰੋਟੀ ਬੇਜ਼ਮੀਨੇ ਕਾਮਿਆਂ ਦੇ ਤੌਰ 'ਤੇ ਕੰਮ ਕਰਕੇ ਕਮਾ ਰਹੇ ਸਨ। ਪਰ ਜਦੋਂ ਡਾਲਖਾਨ ਦੇ ਜ਼ਿਮੀਂਦਾਰਾਂ ਨੇ 2017 ਅਤੇ 2019 ਦੇ ਦੌਰਾਨ ਆਪਣੀਆਂ ਜ਼ਮੀਨਾਂ ਮੁੰਬਈ-ਨਾਗਪੁਰ ਐਕਸਪ੍ਰੈਸਵੇਅ ਲਈ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਦਾ ਉਹਨਾਂ ਦੀ ਕਮਾਈ ਉੱਪਰ ਸਿੱਧਾ ਅਸਰ ਪਿਆ।
“ਲਗਭਗ ਇਕ ਸਾਲ ਤੋਂ ਖੇਤਾਂ ਵਿੱਚ ਕੋਈ ਖਾਸ ਕੰਮ ਨਾ ਮਿਲਣ ਕਾਰਨ ਅਸੀਂ ਭੱਠਿਆਂ ਵਿੱਚ ਜਾਕੇ ਕੰਮ ਕਰਨ ਦਾ ਫ਼ੈਸਲਾ ਕੀਤਾ। ਪਰ ਅਸੀਂ ਬਦਕਿਸਮਤ ਹਾਂ। ਸਾਨੂੰ ਇਸ ਰੋਗ (ਬਿਮਾਰੀ) ਕਰਕੇ ਛੇਤੀ ਵਾਪਸ ਮੁੜਨਾ ਪਿਆ,” ਹੀਰਾ ਦੱਸਦੀ ਹੈ।
ਹੀਰਾ, ਮਨੋਜ ਅਤੇ ਸ਼ਾਲੂ ਦੀ ਖੇਤ ਮਜ਼ਦੂਰੀ ਕਰਕੇ ਕੀਤੀ ਕਮਾਈ ਨਾਲ ਉਹਨਾਂ ਦੀ ਦਾਲ-ਰੋਟੀ ਚਲਦੀ ਹੈ। ਮਹੀਨੇ ਦੇ ਲਗਭਗ 20 ਦਿਨ ਕੰਮ ਕਰਕੇ ਅਤੇ 100 ਰੁਪਏ ਪ੍ਰਤੀ ਦਿਹਾੜੀ ਨਾਲ, ਉਹਨਾਂ ਦੀ ਰਲਵੀਂ-ਮਿਲਵੀਂ ਕਮਾਈ ਤਕਰੀਬਨ 5,000-6,000 ਮਹੀਨਾ ਬਣ ਜਾਂਦੀ ਹੈ। ਵਾਢੀਆਂ ਤੋਂ ਬਾਅਦ, ਮਨੋਜ ਠਾਣੇ, ਕਲਿਆਣ ਜਾਂ ਮੁੰਬਈ ਵਿੱਚ 2 ਮਹੀਨੇ ਉਸਾਰੀ ਅਧੀਨ ਥਾਂਵਾਂ ਤੇ ਕੰਮ ਕਰਕੇ ਲਗਭਗ 6,000 ਰੁਪਏ ਵਧ ਕਮਾ ਲੈੰਦਾ ਹੈ। “ਮੈਂ ਦੋ ਮਹੀਨੇ ਲਈ ਜਾਂਦਾ ਹਾਂ ਅਤੇ ਜੂਨ ਤਕ ਬਿਜਾਈ ਦੇ ਮੌਸਮ ਲਈ ਮੁੜ ਆਉਂਦਾ ਹਾਂ। ਮੈਨੂੰ ਸੀਮੇਂਟ ਨਾਲ ਕੰਮ ਕਰਨ ਦੀ ਬਜਾਏ ਖੇਤਾਂ ਵਿੱਚ ਕੰਮ ਕਰਣਾ ਪਸੰਦ ਹੈ,” ਉਹਨੇ ਮੈਨੂੰ 2018 'ਚ ਦੱਸਿਆ ਸੀ।
ਪਰਿਵਾਰ ਆਪਣੀ ਆਮਦਨੀ ਨਾਲ ਜ਼ਰੂਰੀ ਰਸਦ ਦਾ ਸਮਾਨ ਜਿਵੇਂ ਕਿ ਚੌਲ, ਤੇਲ ਤੇ ਲੂਣ ਖ਼ਰੀਦਣ, ਨਾਲੇ ਵਿਠੱਲ ਦੇ ਇਲਾਜ ਲਈ ਖ਼ਰਚਿਆਂ ਅਤੇ ਆਪਣੇ ਇਕ ਕਮਰੇ ਵਾਲੇ ਮਿੱਟੀ ਗਾਰੇ ਦੇ ਬਣੇ ਛੱਪਰ ਦੀ ਛੱਤ ਵਾਲੇ ਘਰ ਦੇ ਬਿਜਲੀ ਦਾ ਬਿਲ ਦੇਣ ਲਈ ਵਰਤਦੇ ਹਨ। ਵਿਠੱਲ ਨੂੰ ਮਹੀਨੇ ਵਿੱਚ ਦੋ ਵਾਰੀ ਉਪ-ਜ਼ਿਲਾ ਸ਼ਾਹਪੁਰ ਦੇ ਸਰਕਾਰੀ ਹਸਪਤਾਲ ਵਿੱਚ ਖੂਨ ਚੜਵਾਉਣ ਅਤੇ ਚਿਕਿਤਸਾ ਨਿਰੀਖਣ ਲਈ ਜਾਣਾ ਪੈਂਦਾ ਹੈ, ਅਤੇ ਜਦੋਂ ਹਸਪਤਾਲ ਵਿੱਚ ਦਵਾਈ ਖਤਮ ਹੋ ਜਾਂਦੀ ਹੈ ਤਾਂ ਉਸ ਲਈ ਗੋਲੀਆਂ ਖ਼ਰੀਦਣ ਵਾਸਤੇ 300-400 ਰੁਪਏ ਪਲਿਓਂ ਖਰਚਣੇ ਪੈਂਦੇ ਹਨ।
ਜਦੋਂ ਕੋਵਿਡ-19 ਦਾ ਲਾਕਡਾਉਨ ਘੋਸ਼ਿਤ ਕੀਤਾ ਗਿਆ ਅਤੇ ਠਾਣੇ ਤੇ ਪਾਲਘਰ ਦੇ ਭੱਠਿਆਂ 'ਚ ਕੰਮ ਠੱਪ ਹੋ ਗਿਆ, ਤਾਂ 38 ਸਾਲਾ ਸਖੀ ਮੈਤਰਿਆ ਅਤੇ ਉਸਦਾ ਪਰਿਵਾਰ ਵੀ ਤਾਲੁਕ ਡਹਾਣੂ ਦੇ ਪਿੰਡ ਚਿੰਚਲੇ ਦੀ ਪੰਡੋਰੀ ਰੰਡੋਲਪਾੜਾ ਵਾਪਸ ਆ ਗਏ। ਉਹਨਾਂ ਨੇ ਤਹਿਸੀਲ ਠਾਣੇ ਦੀ ਤਾਲੁਕ ਭਿਵੰਡੀ ਦੇ ਪਿੰਡ ਗਨੇਸ਼ਪੁਰੀ ਦੇ ਕੋਲ ਸਥਿਤ ਭੱਠੇ ਤੋਂ, ਜਿੱਥੇ ਉਹ ਫ਼ਰਵਰੀ ਤੋਂ ਕੰਮ ਕਰ ਰਹੇ ਸਨ, ਤਕਰੀਬਨ 70 ਕਿੱਲੋਮੀਟਰ ਦਾ ਪੈਂਡਾ ਪੈਦਲ ਤੈਅ ਕੀਤਾ।
ਚਾਰ ਜੀਆਂ ਦਾ ਪਰਿਵਾਰ- ਸਖੀ ਦੇ ਘਰਵਾਲ਼ੇ 47 ਸਾਲਾ ਰਿਸ਼ਿਆ, 17 ਸਾਲਾ ਧੀ ਸਾਰਿਕਾ ਅਤੇ 14 ਸਾਲਾ ਪੁੱਤਰ ਸੁਰੇਸ਼ ਸਮੇਤ- ਵਰਲੀ ਆਦਿਵਾਸੀ ਕਬੀਲੇ ਦੇ ਉਹਨਾਂ 20 ਪਰਿਵਾਰਾਂ ਚੋਂ ਹੈ ਜੋ ਰੰਡੋਲਪਾੜਾ ਵਿੱਚ ਰਹਿੰਦੇ ਹਨ। ਠਾਣੇ ਅਤੇ ਪਾਲਘਰ ਦੇ ਕਈ ਆਦਿਵਾਸੀ ਪਰਿਵਾਰਾਂ ਵਾਂਙ, ਉਹ ਵੀ ਇੱਟਾਂ ਦੇ ਭਠਿਆਂ 'ਤੇ ਕੰਮ ਕਰਨ ਲਈ ਹਰ ਸਾਲ ਪਰਵਾਸ ਕਰਦੇ ਹਨ।
2014 ਵਿੱਚ ਵਖਰਾ ਜ਼ਿਲਾ ਬਨਣ ਤੋਂ ਪਹਿਲਾਂ, ਜਦੋਂ ਪਾਲਘਰ ਥਾਨਾ ਜ਼ਿਲੇ ਦਾ ਹਿੱਸਾ ਸੀ, ਤਾਂ ਇਕੱਠੇ ਜ਼ਿਲੇ ਦੀ ਅਨੁਸੂਚਿਤ ਜਨਜਾਤੀ ਦੀ ਅਬਾਦੀ 1,542,451- ਯਾਨੀ ਕਿ ਪੂਰੀ ਅਬਾਦੀ ਦਾ 13.95 ਪ੍ਰਤੀਸ਼ਤ ਸੀ (2011 ਦੀ ਮਰਦਮਸ਼ੂਮਾਰੀ ਮੁਤਾਬਕ)। ਮਾਂ ਠਾਕੁਰ, ਕਟਕਰੀ, ਵਰਲੀ, ਮਲਹਾਰ ਕੋਲੀ ਅਤੇ ਹੋਰ ਏਦਾਂ ਦੇ ਕਬੀਲੇ, ਇਹਨਾਂ ਜ਼ਿਲਿਆਂ ਦੇ ਜੰਗਲਾਂ ਵਿੱਚ ਜਾਂ ਆਸ-ਪਾਸ 330,000 ਹੈਕਟੇਅਰ ਦੇ ਖੇਤਰ ਵਿੱਚ ਰਹਿੰਦੇ ਹਨ।
ਜ਼ਿਮੀਂਦਾਰਾਂ ਵੱਲੋਂ ਮਾਨਸੂਨ ਦੇ ਦੌਰਾਨ ਬੀਜੀਆਂ ਗਈਆਂ ਫਸਲਾਂ ਦੀ ਵਾਢੀ ਤੋਂ ਮਗਰੋਂ, ਠਾਣੇ ਅਤੇ ਪਾਲਘਰ ਦੇ ਆਦਿਵਾਸੀ ਖੇਤੀ ਮਜ਼ਦੂਰ ਹਰ ਸਾਲ ਨਵੰਬਰ ਦੇ ਮਹੀਨੇ ਪਰਵਾਸ ਕਰਨਾ ਸ਼ੂਰੁ ਕਰ ਦਿੰਦੇ ਹਨ। ਉਹਨਾਂ ਚੋਂ ਬਹੁਤ ਸਾਰੇ ਅਗਲੀ ਮਾਨਸੂਨ ਦੇ ਆਉਣ ਤਕ ਇੱਟਾਂ ਦੇ ਭੱਠਿਆਂ 'ਚ ਕੰਮ ਕਰਨ ਲਈ ਚਲੇ ਜਾਂਦੇ ਹਨ।
ਭੱਠਿਆਂ ਵਿੱਚ ਇੱਟਾਂ ਬਣਾਕੇ, ਸਖੀ ਦਾ ਪਰਿਵਾਰ ਆਮ ਤੌਰ ਤੇ 60,000-70,000 ਰੁਪਏ ਕਮਾ ਲੈੰਦਾ ਹੈ। “ਪਿਛਲੇ ਸਾਲ ਅਸੀਂ ਨਹੀਂ ਸੀ ਜਾ ਸਕੇ ਕਿਉਂਕਿ ਸਾਨੂੰ ਡਰ ਸੀ ਕਿ ਭੂਚਾਲ ਨਾਲ ਸਾਡੀ ਝੁੱਗੀ ਤਬਾਹ ਹੋ ਜਾਏਗੀ। ਇਸ ਲਈ ਅਸੀਂ ਆਪਣਾ ਘਰ ਬਚਾਉਣ ਖਾਤਰ ਪਿੱਛੇ ਰਹਿ ਗਏ,” ਸਖੀ ਨੇ ਮੈਨੂੰ ਫ਼ੋਨ 'ਤੇ ਦੱਸਿਆ।
ਜਦੋਂ ਮੈਂ ਉਸਨੂੰ 2019 ਵਿੱਚ ਮਿਲੀ ਸੀ ਤਾਂ ਉਸਦੇ ਐਸਬਸਟਾਸ ਦੀ ਛੱਤ ਵਾਲੇ ਘਰ ਦੀਆਂ ਕੰਧਾਂ ਵਿੱਚ ਛੋਟੇ ਭੁਚਾਲ਼ਾਂ ਦੇ ਝਟਕਿਆਂ - 1,000 ਤੋਂ ਵੀ ਵਧ ਭੂਚਾਲ, ਨਾਲ ਤਰੇੜਾਂ ਪੈ ਗਈਆਂ ਸਨ ਜਿਹੜੇ ਕਿ ਪਾਲਘਰ ਦੇ ਡਹਾਣੂ ਅਤੇ ਤਲਾਸਰੀ ਤਾਲੁਕਾਵਾਂ ਵਿੱਚ ਨਵੰਬਰ 2018 ਤੋਂ ਆ ਰਹੇ ਸਨ। ਉਸ ਮਹੀਨੇ ਡਹਾਣੂ ਵਿੱਚ ਉਦੋਂ ਤਕ ਦਾ 4.3 ਦੀ ਤੀਵਰਤਾ ਦਾ ਸਭ ਤੋਂ ਵੱਡਾ ਭੂਚਾਲ ਆਕੇ ਹਟਿਆ ਸੀ। ਇਸ ਕਰਕੇ ਰੰਡੋਲਪਾੜਾ ਦੇ ਵਰਲੀ ਕਬੀਲੇ ਦੇ ਪਰਿਵਾਰ 2019 ਵਿੱਚ ਭੱਠਿਆਂ ਚ ਕੰਮ ਕਰਨ ਨਹੀਂ ਗਏ ਅਤੇ ਆਪਣੇ ਘਰਾਂ ਦੀ ਦੇਖਭਾਲ ਵਾਸਤੇ ਪਿੱਛੇ ਰੁਕ ਗਏ।
ਇਸ ਸਾਲ ਫ਼ਰਵਰੀ ਵਿੱਚ ਸਖੀ ਅਤੇ ਉਸਦਾ ਪਰਿਵਾਰ ਭੱਠਿਆਂ 'ਚ ਕੰਮ ਕਰਨ ਲਈ ਗਏ, ਪਰ ਲਾਕਡਾਉਨ ਦੀ ਘੋਸ਼ਣਾ ਤੋਂ ਬਾਅਦ ਉਹਨਾਂ ਨੂੰ ਦੋ ਮਹੀਨੇ ਤੋਂ ਵੀ ਪਹਿਲਾਂ ਵਾਪਸ ਮੁੜਨਾ ਪੈ ਗਿਆ। 27 ਮਾਰਚ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਨੇ ਸਿਰਾਂ ਉੱਪਰ ਕੱਪੜੇ, ਭਾਂਡੇ ਅਤੇ 10 ਕਿੱਲੋ ਆਟਾ ਚੁੱਕਕੇ ਗਨੇਸ਼ਪੁਰੀ ਤੋਂ ਤੁਰਨਾ ਸ਼ੁਰੂ ਕੀਤਾ। “ਭੱਠੇ ਦੇ ਮਾਲਕ ਨੇ ਭੱਠੀ ਬੰਦ ਕਰ ਦਿੱਤੀ, ਅਤੇ ਸਾਨੂੰ ਸੱਤ ਹਫ਼ਤਿਆਂ ਦਾ, ਜਿੰਨਾ ਚਿਰ ਅਸੀਂ ਕੰਮ ਕੀਤਾ ਸੀ, ਮੁਆਵਜ਼ਾ ਦੇ ਦਿੱਤਾ। ਪਰ ਸਾਨੂੰ ਵਧੇਰੇ ਲੋੜੀਂਦਾ ਸੀ। ਪਿੱਛਲੇ ਸਾਲ ਵੀ ਅਸੀਂ ਕੁਝ ਨਹੀਂ ਸੀ ਕਮਾਇਆ। ਅਸੀਂ 20,000 ਰੁਪਏ 'ਚ ਸਾਰਾ ਸਾਲ ਕਿਵੇਂ ਕੱਢਾਂਗੇ?” ਸਖੀ ਪੁੱਛਦੀ ਹੈ। ਕੀ ਉਸਨੂੰ ਪਤਾ ਹੈ ਕਿ ਮਾਲਕ ਨੇ ਉਹਨਾਂ ਨੂੰ ਭੱਠਾ ਛੱਡਣ ਲਈ ਕਿਉਂ ਕਿਹਾ ਸੀ? “ਕੋਈ ਵਾਇਰਸ, ਉਸਨੇ ਦੱਸਿਆ ਸੀ। ਅਤੇ ਇਹ ਕਿ ਲੋਕਾਂ ਨੂੰ ਆਪਸ 'ਚ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ”
ਹਰ ਸਾਲ, ਠਾਣੇ ਅਤੇ ਪਾਲਘਰ ਦੇ ਆਦਿਵਾਸੀ ਖੇਤੀ ਮਜ਼ਦੂਰ ਹਰ ਸਾਲ ਨਵੰਬਰ ਦੇ ਮਹੀਨੇ ਪਰਵਾਸ ਕਰਨਾ ਸ਼ੂਰੁ ਕਰ ਦਿੰਦੇ ਹਨ। ਉਹਨਾਂ ਚੋਂ ਬਹੁਤ ਸਾਰੇ ਅਗਲੀ ਮਾਨਸੂਨ ਦੇ ਆਉਣ ਤਕ ਇੱਟਾਂ ਦੇ ਭੱਠਿਆਂ ਵਿੱਚ ਕੰਮ ਕਰਨ ਲਈ ਜਾਂਦੇ ਹਨ
ਜ਼ਿਮੀਂਦਾਰਾਂ ਵੱਲੋਂ ਮੌਨਸੂਨ ਦੇ ਦੌਰਾਨ ਬੀਜੀਆਂ ਗਈਆਂ ਫਸਲਾਂ ਦੀ ਵਾਢੀ ਤੋਂ ਮਗਰੋਂ, ਠਾਣੇ ਅਤੇ ਪਾਲਘਰ ਦੇ ਆਦਿਵਾਸੀ ਖੇਤੀ ਮਜ਼ਦੂਰ ਹਰ ਸਾਲ ਨਵੰਬਰ ਦੇ ਮਹੀਨੇ ਪਰਵਾਸ ਕਰਨਾ ਸ਼ੂਰੁ ਕਰ ਦਿੰਦੇ ਹਨ। ਉਹਨਾਂ ਚੋਂ ਬਹੁਤ ਸਾਰੇ ਅਗਲੀ ਮਾਨਸੂਨ ਦੇ ਆਉਣ ਤਕ ਇੱਟਾਂ ਦੇ ਭੱਠਿਆਂ ਵਿੱਚ ਕੰਮ ਕਰਨ ਲਈ ਜਾਂਦੇ ਹਨ।
ਪਾਲਘਰ ਦੀ ਵਿਕਰਮਗੜ ਤਾਲੁਕ ਵਿੱਚ, 48 ਸਾਲਾ ਬਾਲਾ ਵਾਘ ਅਤੇ ਉਸਦੇ ਕਟਕਰੀ ਕਬੀਲੇ ਦੇ ਹੋਰ ਲੋਕ ਆਪਣੇ ਘਰਾਂ ਨੂੰ ਮੁੜ ਸਿਰਜਣ ਲਈ ਆਸਵੰਦ ਸਨ, ਜਿਹੜੇ ਘਰ ਅਗਸਤ 2019 'ਚ ਭਾਰੀ ਮੀਂਹ ਕਾਰਨ ਢਹਿ ਗਏ ਸਨ। ਬੈਤਰਣੀ ਨਦੀ ਦੇ ਉਮੜਾਹ ਨੇ ਪਿੰਡ ਦੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਸੀ। ਹੜ ਤੋਂ ਬਾਅਦ, ਬਾਲਾ ਦੇ ਪਰਿਵਾਰ ਦੇ ਛੇ ਜੀਆਂ ਨੇ, ਜਿੰਨਾ ਵਿੱਚ ਉਸਦੀ ਘਰਵਾਲੀ 36 ਸਾਲਾ ਗੌਰੀ, ਤਿੰਨ ਕਿਸ਼ੋਰ ਧੀਆਂ ਅਤੇ ਨੌਂ ਸਾਲਾ ਪੁੱਤ ਸ਼ਾਮਲ ਸਨ, ਤਬਾਹ ਹੋਏ ਘਰ ਵਿੱਚ ਕੰਮ-ਟਪਾਉ ਤਰਪਾਲ਼ ਦੀ ਛੱਤ ਹੇਠਾਂ ਰਹਿਕੇ ਗੁਜ਼ਾਰਾ ਕੀਤਾ ਸੀ।
ਉਹ ਇਸ ਆਸ ਵਿੱਚ ਸ਼ਾਹਪੁਰ ਤਾਲੁਕ ਦੇ ਪਿੰਡ ਟੇਮਬੜੇ ਨੇੜੇ ਸਥਿਤ ਭੱਠੇ 'ਚ ਕੰਮ ਕਰਨ ਗਏ ਸਨ ਕਿ ਉਹ ਆਪਣੇ ਘਰ ਦੀ ਮੁਰੰਮਤ ਕਰਨ ਜੋਗੀ ਕਮਾਈ ਕਰ ਲੈਣਗੇ। “ਅਸੀਂ ਉੱਥੇ 11 ਮਾਰਚ ਨੂੰ ਗਏ, 25 ਮਾਰਚ ਨੂੰ ਵਾਪਸ ਆ ਗਏ,” ਉਸਨੇ ਮੈਨੂੰ ਫ਼ੋਨ ਤੇ ਦੱਸਿਆ। ਜਦੋਂ ਉਹ 58 ਕਿੱਲੋਮੀਟਰ ਲੰਮਾ ਰਸਤਾ ਤੈਅ ਕਰਕੇ ਵਾਪਸ ਪਰਤੇ ਤਾਂ ਉਹਨਾਂ ਕੋਲ 5000 ਰੁਪਏ ਸਨ ਜਿਹੜੇ ਉਹਨਾਂ ਨੇ ਦੋ ਹਫ਼ਤਿਆਂ 'ਚ ਕਮਾਏ ਸਨ।
“ਹੁਣ ਸਭ ਕੁਝ ਖਤਮ ਹੋ ਚੁੱਕਾ ਹੈ,” ਬਾਲਾ ਨਿਰਾਸ਼ਾ ਅਤੇ ਚਿੰਤਾ ਭਰੀ ਅਵਾਜ਼ 'ਚ ਕਹਿੰਦਾ ਹੈ। "ਆਸ਼ਾ ਤਾਈ (ASHA-ਮਾਨਤਾ ਪ੍ਰਾਪਤ ਸਮਾਜਕ ਸਿਹਤ ਕਾਰਕੁੰਨ) ਨੇ ਆਕੇ ਸਾਨੂੰ ਹਿਦਾਇਤ ਕੀਤੀ ਕਿ ਸਾਨੂੰ ਸਾਬੁਣ ਨਾਲ ਹੱਥ ਧੋਣੇ ਹਨ ਅਤੇ ਆਪਸੀ ਦੂਰੀ ਬਣਾਕੇ ਰੱਖਣੀ ਹੈ। ਪਰ ਇਹ ਕਿਵੇਂ ਮੁਮਕਿਨ ਹੈ ਜਦ ਕਿ ਮੇਰੇ ਕੋਲ ਆਪਣੇ ਪਰਿਵਾਰ ਲਈ ਇਕ ਠੀਕ ਘਰ ਵੀ ਨਹੀਂ ਹੈ? ਫਿਰ ਤੇ ਸਾਡਾ ਮਰ ਜਾਣਾ ਹੀ ਬਿਹਤਰ ਹੈ।”
26 ਜਨਵਰੀ ਨੂੰ ਵਿਤ-ਮੰਤਰੀ ਦੁਆਰਾ ਘੋਸ਼ਿਤ ਕੋਵਿਡ-19 ਰਾਹਤ ਪੈਕੇਜ ਰਾਹੀਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਧੀਨ ‘ਪ੍ਰਤੱਖ ਲਾਭ ਹਸਤਾਂਤਰਣ’ ਦੀ ਖਬਰ ਨਾਲ ਬਾਲਾ ਦੀ ਕੁਝ ਉਮੀਦ ਬਝੀ ਹੈ। “ਸਾਡੇ ਪਿੰਡ 'ਚੋਂ ਕਿਸੇ ਨੇ ਮੈਨੂੰ ਇਸ ਬਾਰੇ ਦੱਸਿਆ ਸੀ,” ਉਹ ਦੱਸਦਾ ਹੈ। "ਪਰ ਕੀ ਮੈਨੂੰ ਕੋਈ ਪੈਸਾ ਮਿਲੇਗਾ? ਮੇਰੇ ਕੋਲ ਬੈਂਕ ਖਾਤਾ ਨਹੀਂ ਹੈ।”
ਤਰਜਮਾ: ਜੀਨਾ ਸਿੰਘ